Posted in ਚਰਚਾ, ਮਿਆਰ, ਸਮਾਜਕ

ਅੱਖੀਆਂ

ਬੀਤੇ ਦਿਨ ਮੈਨੂੰ ਫਿਲਮ ਜੱਟ ਐਂਡ ਜੂਲੀਅਟ 2 ਦਾ ਗੀਤ “ਅੱਖੀਆਂ” ਸੁਣਨ ਨੂੰ ਮਿਲਿਆ। ਇਹ ਗਾਣਾ ਸੁਣ ਕਿ ਇੰਞ ਮਹਿਸੂਸ ਹੁੰਦਾ ਰਿਹਾ ਕਿ ਜਿਵੇਂ ਮੈਂ ਪਿਆਰ ਦੀ ਆਬਸ਼ਾਰ ਵਿੱਚ ਭਿੱਜਿਆ ਤੁਰਿਆ ਜਾ ਰਿਹਾ ਹੋਵਾਂ ਤੇ ਰੁਕਣ ਲਈ ਮਨ ਹੀ ਨਾ ਕਰ ਰਿਹਾ ਹੋਵੇ। ਗੀਤ ਨੂੰ ਮੁੜ-ਮੁੜ ਕੇ ਸੁਣਦਾ ਰਿਹਾ ਤੇ ਮੋਹ ਦਾ ਜਾਲ ਹਾਲੇ ਵੀ ਭੰਗ ਨਹੀਂ ਹੋਇਆ। ਅੰਬਰ ਤੋਂ ਇਹ ਵੀ ਆਸ ਹੈ ਕਿ ਉਹ ਪੰਜਾਬ ਦੀ ਗੱਟਰ ਗਾਇਕੀ ਦੇ ਹੜ੍ਹ ਵਿੱਚ ਨਹੀਂ ਰੁੜੇਗਾ ਤੇ ਆਪਣੀ ਜੱਦੋ-ਜਹਿਦ ਜਾਰੀ ਰੱਖੇਗਾ।

ਮੈਂ ਇਸ ਗੱਲ ਤੇ ਮਸੋਸਿਆ ਹੋਇਆ ਹਾਂ ਕਿ ਇਹ ਗਾਣਾ ਮੈਨੂੰ ਏਡੀ ਦੇਰ ਨਾਲ ਕਿਉਂ ਲੱਭਾ? ਪਹਿਲਾਂ ਤਾਂ ਮੈਨੂੰ ਯਕੀਨ ਹੀ ਨਾ ਹੋਇਆ ਕਿ ਇਹ ਗੀਤ ਇਸ ਸੜ੍ਹਕ-ਛਾਪ ਫਿਲਮ ਤੋਂ ਹੋ ਸਕਦਾ ਹੈ। ਅਸਲ ਵਿੱਚ ਸ਼ੁਰੂ ਦੀਆਂ ਹਰਭਜਨ ਮਾਨ ਦੀਆਂ ਕੁਝ ਫਿਲਮਾਂ ਤੋਂ ਬਾਅਦ ਮੈਂ ਪੰਜਾਬੀ ਫਿਲਮਾਂ ਨੂੰ ਹੁਣ ਡਰਦਾ-ਡਰਦਾ ਹੀ ਹੱਥ ਪਾਉਂਦਾ ਹਾਂ।  ਅੱਜ ਦੀਆਂ ਪੰਜਾਬੀ ਫਿਲਮਾਂ ੧੦-੧੨ ਘਟੀਆ ਜਿਹੇ ਚੁਟਕਲੇ ਜੋੜ ਕੇ ਬਣੀਆਂ ਹੁੰਦੀਆਂ ਹਨ। ਉੱਤੋਂ ਕਸਰ ਯੋ-ਯੋ ਵਰਗਿਆਂ ਦੇ ਭੰਡਪੁਣੇ ਨੇ ਕੱਢ ਦਿੱਤੀ ।  ਉਸ ਦੇ ਗੀਤਾਂ ਵਿੱਚ ਔਰਤਾਂ ਲਈ  ਅਜਿਹੇ ਭੱਦੇ ਅਲਫਾਜ਼ ਵਰਤੇ ਗਏ ਹੁੰਦੇ ਹਨ ਕਿ ਲੱਗਦਾ ਹੀ ਨਹੀਂ ਕਿ ਉਹਨੂੰ ਕਿਸੇ ਔਰਤ ਨੇ ਜਨਮ ਦਿੱਤਾ ਹੋਵੇਗਾ।

ਇਕ ਚੰਗੀ ਗੱਲ ਇਹ ਵੀ ਲੱਗੀ ਕਿ ਦਿਲਜੀਤ ਦੁਸਾਂਝ ਨੇ ਜਦ ਇਹ ਗਾਣਾ ਸੁਣਿਆ ਤਾਂ ਉਸ ਨੇ ਖੁੱਲਦਿਲੀ ਦਾ ਸਬੂਤ ਦਿੰਦਿਆਂ ਹੋਇਆਂ ਅੰਬਰ ਵਸ਼ਿਸ਼ਟ ਨੂੰ ਹੀ ਫਿਲਮ ਜੱਟ ਐਂਡ ਜੂਲੀਅਟ 2 ਲਈ “ਅੱਖੀਆਂ” ਗੀਤ ਗਾਉਣ ਦਾ ਮੌਕਾ ਦਿੱਤਾ। ਦਿਲਜੀਤ ਸੁਰੀਲੀ ਆਵਾਜ਼ ਦਾ ਮਾਲਕ ਹੈ ਪਰ ਉਸ ਨੇ ਹਾਲੇ ਤੱਕ ਬਹੁਤੇ ਸੜ੍ਹਕ-ਛਾਪ ਗਾਣੇ ਗਾ ਕੇ ਆਪਣੀ ਸੁਰੀਲੀ ਆਵਾਜ਼ ਨਾਲ ਬੇਇਨਸਾਫ਼ੀ ਹੀ ਕੀਤੀ ਹੈ।  ਆਸ ਕਰਦਾ ਹਾਂ ਕਿ ੨੦੧੪ ਵਿੱਚ ਦਿਲਜੀਤ ਦੀ ਆਵਾਜ਼ ਵਿੱਚ ਉੱਚੇ ਮਿਆਰ ਦੇ ਕੁਝ ਨਿਰੋਲ ਪੰਜਾਬੀ ਗੀਤ ਸੁਣਨ ਨੂੰ ਮਿਲਣਗੇ।

Posted in ਚਰਚਾ, ਮਿਆਰ

ਪੰਜਾਬੀ ਅਤੇ ਸਮਾਰਟ-ਫੋਨ

ਕੁਝ ਦਿਨ ਹੋਏ, ਮੈਂ ਫੋਨ ਤੇ ਪੰਜਾਬੀ ਯੂਨੀਵਰਸਿਟੀ ਦੇ ਪ੍ਰੋ: ਜੋਗਾ ਸਿੰਘ ਵਿਰਕ ਨਾਲ ਪੰਜਾਬੀ ਬੋਲੀ ਤੇ ਤਕਨਾਲੋਜੀ ਦੇ ਬਾਰੇ ਗੱਲ ਕਰ ਰਿਹਾ ਸੀ। ਚਰਚਾ ਅੱਜ ਦੇ ਸਮਾਰਟ-ਫੋਨ ਉੱਤੇ ਪੰਜਾਬੀ ਦੇ ਫੌਂਟ ਤੇ ਕੋਸ਼ ਆਦਿ ਮੁਹੱਈਆ ਕਰਵਾਉਣ ਬਾਰੇ ਹੋ ਰਹੀ ਸੀ। ਗੱਲਾਂ-ਗੱਲਾਂ ਵਿੱਚ ਪ੍ਰੋ: ਜੋਗਾ ਸਿੰਘ ਨੇ ਕਿਹਾ ਕਿ ਮਸਲਾ ਇਹ ਵੀ ਤਾਂ ਹੈ ਕਿ ਸਮਾਰਟ-ਫੋਨ ਰੱਖਣ ਵਾਲੇ ਪੰਜਾਬੀ ਦੀ ਵਰਤੋਂ ਨਹੀਂ ਕਰਦੇ। ਉਨ੍ਹਾਂ ਦਾ ਵਿਚਾਰ ਸੀ ਕਿ ਸਹੂਲਤ ਦੇਣੀ ਤਾਂ ਬਣਦੀ ਹੈ ਜੇਕਰ ਮੰਗ ਹੋਵੇ। ਗੱਲ ਠੀਕ ਵੀ ਹੈ ਪਰ ਇਹ ਵੀ ਤਾਂ ਹੋ ਸਕਦਾ ਹੈ ਕਿ ਜੇਕਰ ਸਹੂਲਤ ਦੇ ਦਿੱਤੀ ਜਾਵੇ ਤਾਂ ਮੰਗ ਵੀ ਵੱਧ ਜਾਵੇ। ਆਖਰ ਸਮਾਰਟ-ਫੋਨ ਕਿਸੇ ਮੰਗ ਕਰਕੇ ਤਾਂ ਹੋਂਦ ਵਿੱਚ ਨਹੀਂ ਆਏ। ਕਿਸੇ ਨੇ ਸੋਚਿਆ ਤੇ ਕਾਢ ਕੱਢ ਦਿੱਤੀ ਤੇ ਮੰਗ ਤਾਂ ਪਿੱਛੇ-ਪਿੱਛੇ ਆਪੇ ਹੀ ਪੈਦਾ ਹੋ ਗਈ।

ਫੋਨ ਤੇ ਗੱਲ ਖਤਮ ਹੋਣ ਤੋਂ ਬਾਅਦ ਮੈਨੂੰ ਇਕ ਹੱਡ-ਬੀਤੀ ਯਾਦ ਆ ਗਈ। ਦੋ ਕੁ ਸਾਲ ਪਹਿਲਾਂ ਮੈਂ ਕੈਨੇਡਾ ਘੁੰਮਣ ਗਿਆ। ਵੈਨਕੂਵਰ ਹਵਾਈ-ਅੱਡੇ ਤੋਂ ਚੁੱਕ ਕੇ ਮੇਰਾ ਦੋਸਤ ਜਸਦੀਪ ਵਾਹਲਾ ਮੈਨੂੰ ਸਿੱਧਾ ਆਪਣੇ ਕੰਮ ਵਾਲੀ ਥਾਂ ਓਮਨੀ ਟੀਵੀ ਤੇ ਲੈ ਗਿਆ। ਚਾਹ-ਪਾਣੀ ਤੋਂ ਬਾਅਦ ਉਸਨੇ ਕਿਹਾ ਕਿ ਜਦ ਤੱਕ ਮੈਂ ਕੰਮ ਤੋਂ ਵਿਹਲਾਂ ਹੁੰਦਾ ਵਾਂ ਤੁਸੀਂ ਸ਼ਹਿਰ ਦੀ ਗੇੜੀ ਕੱਢ ਲਓ।

ਓਮਨੀ ਟੀਵੀ ਦੇ ਲਾਗੇ ਹੀ ਸਕਾਈ ਟ੍ਰੇਨ ਦਾ ਸਟੇਸ਼ਨ ਸੀ। ਮੈਂ ਸੋਚਿਆ ਕਿ ਆਲੇ ਦੁਆਲੇ ਪੈਦਲ ਘੁੰਮਣ ਨਾਲੋਂ ਸਕਾਈ ਟ੍ਰੇਨ ਤੇ ਪੂਰੇ ਸ਼ਹਿਰ ਦਾ ਚੱਕਰ ਹੀ ਕਿਉਂ ਨਾ ਕੱਢ ਲਿਆ ਜਾਵੇ। ਟਿਕਟ ਮਸ਼ੀਨ ਤੇ ਪੰਜਾਬੀ ਦੀ ਸਹੂਲਤ ਸੀ ਤੇ ਮੈਂ ਪੰਜਾਬੀ ਵਾਲਾ ਬੀੜਾ ਨੱਪ ਦਿੱਤਾ। ਵੇਖਦੇ-ਵੇਖਦੇ ਸਾਰੇ ਖਾਕੇ ਤੇ ਪੰਜਾਬੀ ਉੱਭਰ ਆਈ। ਟਿਕਟ ਖਰੀਦ ਕੇ ਜਦ ਮੈਂ ਕਾਰਡ ਖਿੱਚਿਆ ਤਾਂ ਮੇਰੀਆਂ ਅੱਖਾਂ ਨਮ ਹੋ ਗਈਆਂ। ਜ਼ਿੰਦਗੀ ‘ਚ ਪਹਿਲੀ ਵਾਰ ਪੰਜਾਬੀ ਵਰਤ ਕੇ ਮਸ਼ੀਨ ਤੋਂ ਟਿਕਟ ਖਰੀਦੀ ਤੇ ਉਹ ਵੀ ਪੰਜਾਬ ਤੋਂ ਸੱਤ-ਸਮੁੰਦਰ ਦੂਰ। ਪੰਜਾਬ ਦੇ ਰੇਲਵੇ ਸਟੇਸ਼ਨਾਂ ਤੇ ਤਾਂ ਵੇਖ ਕੇ ਲੱਗਦਾ ਹੈ ਜਿਵੇਂ ਪੰਜਾਬੀ ਤੇ ਕੋਈ ਪਾਬੰਧੀ ਲੱਗੀ ਹੋਵੇ। ਜੇਕਰ ਕੈਨੇਡਾ ਵਿੱਚ ਮਸ਼ੀਨਾਂ ਪੰਜਾਬੀ ਵਿੱਚ ਟਿਕਟਾਂ ਵੇਚ ਸਕਦੀਆਂ ਹਨ ਤਾਂ ਪੰਜਾਬ ਵਿੱਚ ਕਿਉਂ ਨਹੀ?

ਸੋ ਵਕਤ ਦੀ ਲੋੜ ਇਹ ਹੀ ਹੈ ਕਿ ਪੰਜਾਬੀ ਯੂਨੀਵਰਸਿਟੀ ਪਹਿਲਾਂ ਸਹੂਲਤ ਦੇਵੇ ਤਾਂ ਜੋ ਮੰਗ ਵੀ ਵੱਧ ਸਕੇ।