ਮੈਨੂੰ ਯਾਦ ਹੈ ਕਿ ਬਚਪਨ ਵਿੱਚ ਮੇਰੇ ਪਿਤਾ ਜੀ ਨੇ ਇੱਕ ਵਾਰ ਮੈਨੂੰ ਬੰਗਾਲੀ ਸਾਹਿਤ ਦੀ ਕਹਾਣੀ ਬਾਰੇ ਦੱਸਿਆ।
ਇਸ ਕਹਾਣੀ ਵਿੱਚ ਇੱਕ ਮੁਸਾਫ਼ਰ ਰੇਲਵੇ ਸਟੇਸ਼ਨ ਦੇ ਸਟਾਲ ਤੋਂ ਪੜ੍ਹਨ ਲਈ ਨਾਵਲ ਕਿਰਾਏ ਤੇ ਲੈਂਦਾ ਹੈ ਜੋ ਕਿ ਉਸਨੇ ਉਸੇ ਸਟੇਸ਼ਨ ਤੇ ਵਾਪਸ ਕਰਨਾ ਸੀ। ਆਪਣੇ ਸਫਰ ਦੇ ਦੌਰਾਨ ਉਹ ਆਦਮੀ ਨਾਵਲ ਪੜ੍ਹਦਾ ਹੈ ਤੇ ਅਖੀਰ ਦੇ ਉੱਤੇ ਜਦੋਂ ਦਿਲਚਸਪ ਮੋੜ ਤੇ ਗੱਲ ਪਹੁੰਚਦੀ ਹੈ ਤਾਂ ਉਹ ਕੀ ਵੇਖਦਾ ਹੈ ਕਿ ਨਾਵਲ ਦਾ ਅਖੀਰਲਾ ਸਫ਼ਾ ਪਾੜਿਆ ਹੋਇਆ ਹੈ।
ਉਸ ਮੁਸਾਫ਼ਰ ਨੂੰ ਡਾਢਾ ਦੁੱਖ ਹੁੰਦਾ ਹੈ ਤੇ ਉਸੇ ਤਰ੍ਹਾਂ ਨਾਵਲ ਬੁੱਕ ਸਟਾਲ ਵਾਲੇ ਨੂੰ ਦੇ ਦਿੰਦਾ ਹੈ। ਪਰ ਉਸ ਦੀ ਜਿਗਿਆਸਾ ਮਰਦੀ ਨਹੀਂ। ਉਹ ਕਿਸੇ ਕਿਤਾਬਾਂ ਵਾਲੀ ਦੁਕਾਨ ਤੇ ਜਾ ਕੇ ਉਹੀ ਨਾਵਲ ਖਰੀਦ ਲੈਂਦਾ ਹੈ ਅਤੇ ਦਿਲਚਸਪੀ ਕਾਇਮ ਰੱਖਣ ਲਈ ਉਹ ਸਾਰਾ ਨਾਵਲ ਦੁਬਾਰਾ ਪੜ੍ਹਦਾ ਹੈ। ਜਦ ਉਹ ਨਾਵਲ ਮੁਕਾ ਲੈਂਦਾ ਹੈ ਤਾਂ ਉਹ ਹੋਰ ਵੀ ਮਾਯੂਸ ਹੋ ਜਾਂਦਾ ਹੈ ਕਿ ਕਿਵੇਂ ਲੇਖਕ ਨੇ ਦਿਲਚਸਪ ਮੋੜ ਤੇ ਲਿਆ ਕੇ ਗੱਲ ਗਵਾ ਦਿੱਤੀ। ਉਸ ਨੂੰ ਲੱਗਿਆ ਕਿ ਜਿਸ ਨੇ ਉਸ ਰੇਲਵੇ ਸਟੇਸ਼ਨ ਦੇ ਸਟਾਲ ਤੋਂ ਨਾਵਲ ਲੈ ਕੇ ਪੜ੍ਹਨ ਤੋਂ ਬਾਅਦ ਉਸ ਦਾ ਆਖਰੀ ਸਫ਼ਾ ਪਾੜ ਦਿੱਤਾ ਹੋਣਾ ਹੈ ਉਸ ਨੇ ਠੀਕ ਹੀ ਕੀਤਾ।
ਇਸੇ ਸਿਲਸਿਲੇ ਦੇ ਵਿੱਚ ਮੈਂ ਇੱਕ ਹੱਡ ਬੀਤੀ ਸਾਂਝੀ ਕਰਨਾ ਚਾਹਵਾਂਗਾ। 23 ਕੁ ਸਾਲ ਪਹਿਲਾਂ ਜਦੋਂ ਮੈਂ ਨਿਊਜ਼ੀਲੈਂਡ ਦਾ ਵਸਨੀਕ ਬਣਿਆ ਤਾਂ ਉਦੋਂ ਮੈਂ ਆਪਣਾ ਕਾਰ ਦਾ ਵਾਹਨ ਲਸੰਸ ਤਾਂ ਪਲਟਾ ਲਿਆ ਪਰ ਮੋਟਰ ਸਾਈਕਲ ਦਾ ਇਹ ਸੋਚ ਕੇ ਨਹੀਂ ਪਲਟਵਾਇਆ ਕਿ ਚਲੋ ਇਥੇ ਕਿਹੜਾ ਕਦੀ ਮੋਟਰ ਸਾਈਕਲ ਚਲਾਉਣਾ ਹੈ।

ਪਰ ਬੀਤੇ ਸਾਲ ਦਿਲ ਦੇ ਵਿੱਚ ਚਾਅ ਜਿਹਾ ਉਠਿਆ ਕਿ ਕਿਉਂ ਨਾ ਮੋਟਰ ਸਾਈਕਲ ਲੈ ਕੇ ਤੇ ਉਹਦਾ ਲਸੰਸ ਵੀ ਬਣਵਾਇਆ ਜਾਵੇ। ਪਿਛਲਾ ਪੂਰਾ ਸਾਲ ਇਥੋਂ ਦੀ ਪ੍ਰਣਾਲੀ ਮੁਤਾਬਕ ਨਵੇਂ ਸਿਰਿਓਂ ਲਸੰਸ ਦੀ ਕਾਰਵਾਈ ਪੂਰੀ ਕੀਤੀ। ਪਹਿਲਾਂ ਸਿਖਾਂਦਰੂ ਫਿਰ ਸੀਮਤ ਤੇ ਫਿਰ ਪੱਕਾ ਲਸੰਸ। ਪਰ ਇਹ ਸਭ ਕੁਝ ਹਾਸਲ ਕਰਕੇ ਹੁਣ ਇਹ ਮਹਿਸੂਸ ਕਰ ਰਿਹਾ ਹਾਂ ਕਿ ਆਪਣੇ ਕਾਲਜ-ਯੂਨੀਵਰਸਿਟੀ ਦੇ ਦਿਨਾਂ ਵਾਂਙ ਖੁੱਲੀਆਂ ਹਵਾਵਾਂ ਮਾਣਦੇ ਹੋਏ ਜਿਸ ਤਰ੍ਹਾਂ ਮੋਟਰ ਸਾਈਕਲ ਦੀ ਸਵਾਰੀ ਦੇ ਮਜ਼ੇ ਲਏ ਸੀ ਕੀ ਉਹ ਮਜ਼ੇ ਅੱਜ ਵੀ ਉਸੇ ਤਰ੍ਹਾਂ ਆਉਂਦੇ ਹਨ? ਖ਼ਾਸ ਕਰਕੇ ਜਦ ਇਥੋਂ ਦੇ ਮੋਟਰ ਸਾਈਕਲ ਵਾਲੇ ਕਪੜੇ ਪਾਉਣ-ਲਾਹੁਣ ਲਈ ਅੱਧਾ ਘੰਟਾ ਲੱਗਦਾ ਹੈ ਤੇ ਰਸਤੇ ਵਿੱਚ ਜਦ ਕਿਤੇ ਪਿਸ਼ਾਬ ਕਰਨਾ ਪਵੇ ਤਾਂ ਖੱਜਲ-ਖੁਆਰੀ ਵੱਖਰੀ।
ਤੁਹਾਡਾ ਕੀ ਵਿਚਾਰ ਹੈ?