Posted in ਚਰਚਾ, ਵਿਚਾਰ, ਸਮਾਜਕ

ਸਾਂਝਾ ਦਰਦ

ਕਈ ਵਾਰੀ ਕਿਸੇ ਦੇ ਦਰਦ ਨੂੰ ਸਮਝਣ ਲਈ, ਸਾਂਝੀਆਂ ਚਿੰਤਾਵਾਂ ਅਤੇ ਦਰਦ ਦੀ ਜੜ੍ਹ ਨੂੰ ਵੇਖਣਾ ਬਹੁਤ ਜ਼ਰੂਰੀ ਹੁੰਦਾ ਹੈ। ਇਹ ਵਿਚਾਰ ਕਿਸੇ ਕਿਸਮ ਦੀ ਵੰਙਾਰ ਨਹੀਂ, ਸਗੋਂ ਸਾਂਝੇ ਤਜਰਬਿਆਂ ਤੋਂ ਇੱਕ ਚੰਗੀ ਸੋਚ ਬਣਾਉਣ ਦਾ ਯਤਨ ਹੈ। ਪਰ ਅਕਸਰ, ਅਸੀਂ ਇਹ ਵੇਖਦੇ ਹਾਂ ਕਿ ਆਓਤਿਆਰੋਆ ਨਿਊਜ਼ੀਲੈਂਡ ਵਿੱਚ ਰਹਿ ਰਹੇ ਕੁਝ ਪਰਵਾਸੀ, ਖ਼ਾਸ ਕਰਕੇ ਪੰਜਾਬੀ ਭਾਈਚਾਰੇ ਦੇ, ਮਾਓਰੀ ਲੋਕਾਂ ਬਾਰੇ ਕਈ ਵਾਰ ਨਕਾਰਾਤਮਕ ਟਿੱਪਣੀਆਂ ਕਰਦੇ ਹਨ। ਇਹ ਚਰਚਾ ਉਹਨਾਂ ਸਾਰਿਆਂ ਲਈ ਹੈ ਜੋ ਅਜਿਹਾ ਕਰਦੇ ਹਨ, ਤਾਂ ਜੋ ਉਹਨਾਂ ਨੂੰ ਦੋ ਵੱਖ-ਵੱਖ ਭਾਈਚਾਰਿਆਂ ਦੀਆਂ ਸਾਂਝੀਆਂ ਚੁਣੌਤੀਆਂ ਬਾਰੇ ਸਤਿਕਾਰਯੋਗ ਨਜ਼ਰੀਏ ਨਾਲ ਵਿਚਾਰ ਕਰਨ ਲਈ ਪ੍ਰੇਰਿਤ ਕੀਤਾ ਜਾ ਸਕੇ।

ਪੰਜਾਬ ਦੇ ਕਿਸਾਨਾਂ ਦਾ ਜ਼ਮੀਨ ਨਾਲ ਸਿਧਾਂਤਕ ਰਿਸ਼ਤਾ

ਪੰਜਾਬ ਦੇ ਕਿਸਾਨਾਂ ਨੇ ਸੰਨ 2020 ਵਿੱਚ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਦਾ ਡਟ ਕੇ ਵਿਰੋਧ ਕੀਤਾ। ਫਿਰ, ਹਾਲ ਹੀ ਵਿੱਚ, ਉਹਨਾਂ ਨੇ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਦਾ ਵੀ ਵਿਰੋਧ ਕੀਤਾ। ਇਹਨਾਂ ਦੋਹਾਂ ਵਿਰੋਧਾਂ ਦੀ ਜੜ੍ਹ ਵਿੱਚ ਇੱਕੋ ਸਿਧਾਂਤ ਹੈ: ਆਪਣੀ ਜ਼ਮੀਨ ਨੂੰ ਕਿਸੇ ਵੀ ਕੀਮਤ ‘ਤੇ ਨਾ ਗਵਾਉਣਾ। ਕਿਸਾਨ ਲਈ ਜ਼ਮੀਨ ਸਿਰਫ਼ ਆਮਦਨੀ ਦਾ ਸਾਧਨ ਨਹੀਂ, ਸਗੋਂ ਉਸਦੀ ਹੋਂਦ, ਉਸਦੀ ਪਛਾਣ ਅਤੇ ਉਸਦੀਆਂ ਅਗਲੀਆਂ ਪੀੜ੍ਹੀਆਂ ਦਾ ਆਧਾਰ ਹੈ। ਜ਼ਮੀਨ ਨਾਲ ਉਸਦਾ ਰਿਸ਼ਤਾ ਸਿਰਫ਼ ਆਰਥਿਕ ਨਹੀਂ, ਸਗੋਂ ਸੱਭਿਆਚਾਰਕ ਅਤੇ ਇਤਿਹਾਸਕ ਹੈ। ਜ਼ਮੀਨ ਉਹਨਾਂ ਦੇ ਵਡੇਰਿਆਂ ਦੀ ਨਿਸ਼ਾਨੀ ਹੈ ਅਤੇ ਉਹਨਾਂ ਦੇ ਭਵਿੱਖ ਦਾ ਰਾਹ ਹੈ। ਇਸ ਲਈ, ਜ਼ਮੀਨ ਖੋਹਣ ਵਾਲੀ ਕੋਈ ਵੀ ਨੀਤੀ ਉਹਨਾਂ ਦੀ ਹੋਂਦ ਉੱਤੇ ਹਮਲਾ ਮੰਨੀ ਜਾਂਦੀ ਹੈ।

ਮਾਓਰੀ ਲੋਕਾਂ ਦਾ ਜ਼ਮੀਨ ਅਤੇ ਜੀਵਨ ਸ਼ੈਲੀ ਦਾ ਸੰਘਰਸ਼

ਇਸੇ ਤਰ੍ਹਾਂ ਦਾ ਦਰਦ ਮਾਓਰੀ ਲੋਕਾਂ ਨੇ ਬਸਤੀਵਾਦ ਦੇ ਦੌਰਾਨ ਝੱਲਿਆ ਹੈ। ਆਓਤਿਆਰੋਆ ਨਿਊਜ਼ੀਲੈਂਡ ਵਿੱਚ ਵਸਨੀਕੀਕਰਨ ਤੋਂ ਪਹਿਲਾਂ ਮਾਓਰੀਆਂ ਕੋਲ ਬਹੁਤ ਜ਼ਮੀਨ ਸੀ, ਪਰ ਬਸਤੀਵਾਦ ਦੀਆਂ ਨੀਤੀਆਂ ਨੇ ਉਹਨਾਂ ਨੂੰ ਆਪਣੀ ਜ਼ਮੀਨ ਤੋਂ ਦੂਰ ਕਰ ਦਿੱਤਾ।

  • ਸੰਨ 1860 ਵਿੱਚ, ਉੱਤਰੀ ਟਾਪੂ ਦੀ ਲਗਭਗ 80% ਜ਼ਮੀਨ ਮਾਓਰੀਆਂ ਦੀ ਸੀ।
  • ਪਰ ਸੰਨ 2000 ਤੱਕ, ਇਹ ਘੱਟ ਕੇ ਸਿਰਫ਼ 4% ਰਹਿ ਗਈ।
  • ਖੇਤੀ ਕਾਨੂੰਨਾਂ, ਜ਼ਮੀਨ ਦੀ ਜ਼ਬਤੀ (ਖਾਸ ਕਰਕੇ 1860 ਦੇ ਦਹਾਕੇ ਵਿੱਚ ਵਾਇਕਾਤੋ ਖੇਤਰ ਤੋਂ 1.2 ਮਿਲੀਅਨ ਏਕੜ ਤੋਂ ਵੱਧ ਜ਼ਮੀਨ ਜ਼ਬਤ ਕੀਤੀ ਗਈ), ਅਤੇ ਹੋਰ ਨੀਤੀਆਂ ਕਾਰਨ ਉਹਨਾਂ ਨੇ ਆਪਣੀ ਬਹੁਤੀ ਜ਼ਮੀਨ ਗਵਾ ਲਈ।

ਇਸ ਦਰਦ ਦਾ ਅਸਰ ਸਿਰਫ਼ ਜ਼ਮੀਨ ਤੱਕ ਹੀ ਸੀਮਤ ਨਹੀਂ ਸੀ। ਜ਼ਮੀਨ ਗਵਾਉਣ ਤੋਂ ਬਾਅਦ, 1970ਵਿਆਂ ਵਿੱਚ ਬਹੁਤ ਸਾਰੇ ਮਾਓਰੀਆਂ ਨੂੰ ਰਵਾਇਤੀ ਪਿੰਡਾਂ ਤੋਂ ਸ਼ਹਿਰਾਂ ਵਿੱਚ ਲਿਆਂਦਾ ਗਿਆ। ਇਸ ਤਬਦੀਲੀ ਨੇ ਉਹਨਾਂ ਦੀ ਪੂਰੀ ਜੀਵਨ ਸ਼ੈਲੀ ਬਦਲ ਦਿੱਤੀ। ਉਨ੍ਹਾਂ ਦਾ ਦਰ-ਦਰ ਭਟਕਣਾ ਸ਼ੁਰੂ ਹੋ ਗਿਆ ਅਤੇ ਉਹ ਆਪਣੀ ਪਛਾਣ ਤੇ ਸੱਭਿਆਚਾਰਕ ਸੰਪਰਕ ਤੋਂ ਟੁੱਟ ਗਏ।

ਇਸ ਨਾਲ ਉਨ੍ਹਾਂ ਦੀ ਭਾਸ਼ਾ ‘ਤੇ ਵੀ ਬਹੁਤ ਵੱਡਾ ਪ੍ਰਭਾਵ ਪਿਆ। ਤੇ ਰੀਓ ਮਾਓਰੀ, ਜੋ ਕਦੇ ਮੁੱਖ ਭਾਸ਼ਾ ਸੀ, ਬਸਤੀਵਾਦੀ ਨੀਤੀਆਂ ਕਾਰਨ ਘਟਦੀ ਗਈ। 1970 ਦੇ ਦਹਾਕੇ ਤੱਕ, ਸਿਰਫ਼ 20% ਤੋਂ ਵੀ ਘੱਟ ਮਾਓਰੀ ਲੋਕ ਇਸ ਨੂੰ ਚੰਗੀ ਤਰ੍ਹਾਂ ਬੋਲ ਸਕਦੇ ਸਨ।

Photo by Jan Kroon on Pexels.com

ਸਾਂਝੀ ਸਮਝ ਅਤੇ ਸਤਿਕਾਰਯੋਗ ਨਜ਼ਰੀਆ

ਸਮਾਜਕ ਸਮੱਸਿਆਵਾਂ ਨੂੰ ਸਮਾਜਕ ਹੱਲਾਂ ਦੀ ਲੋੜ ਹੁੰਦੀ ਹੈ, ਨਾ ਕਿ ਇੱਕ ਦੂਜੇ ਨੂੰ ਮਾੜਾ ਕਹਿਣ ਦੀ। ਜਦੋਂ ਅਸੀਂ ਦੂਜੇ ਲੋਕਾਂ ਦੇ ਸੰਘਰਸ਼ਾਂ ਨੂੰ ਸਮਝਦੇ ਹਾਂ, ਖਾਸ ਕਰਕੇ ਜ਼ਮੀਨ, ਪਛਾਣ ਅਤੇ ਰਹਿਣ-ਸਹਿਣ ਨਾਲ ਜੁੜੇ ਸੰਘਰਸ਼ਾਂ ਨੂੰ, ਤਾਂ ਸਾਡੀ ਆਪਣੀ ਸੋਚ ਪੀਡੀ ਹੁੰਦੀ ਹੈ। ਇਹ ਸਾਂਝੀਆਂ ਗੱਲਾਂ ਸਾਨੂੰ ਇੱਕ ਦੂਜੇ ਦਾ ਸਤਿਕਾਰ ਕਰਨ ਅਤੇ ਆਪਣਾ ਰਵੱਈਆ ਬਦਲਣ ਵਿੱਚ ਮਦਦ ਕਰ ਸਕਦੀਆਂ ਹਨ। ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਕਿਸੇ ਵੀ ਭਾਈਚਾਰੇ ਨੂੰ ਉਹਨਾਂ ਦੀ ਜ਼ਮੀਨ ਅਤੇ ਵਿਰਾਸਤ ਤੋਂ ਵੱਖ ਕਰਨਾ ਉਹਨਾਂ ਨੂੰ ਕਈ ਪੱਧਰਾਂ ‘ਤੇ ਕਮਜ਼ੋਰ ਕਰਦਾ ਹੈ। ਜਦੋਂ ਅਸੀਂ ਮਾਓਰੀਆਂ ਦੇ ਦਰਦ ਨੂੰ ਸਮਝਦੇ ਹਾਂ, ਤਾਂ ਇਹ ਪਤਾ ਲੱਗਦਾ ਹੈ ਕਿ ਉਨ੍ਹਾਂ ਦੀਆਂ ਮੌਜੂਦਾ ਚੁਣੌਤੀਆਂ ਅਤੀਤ ਵਿੱਚ ਹੋਈਆਂ ਬੇਇਨਸਾਫ਼ੀਆਂ ਦਾ ਹੀ ਨਤੀਜਾ ਹਨ। ਇਸ ਲਈ, ਉਨ੍ਹਾਂ ਦੀ ਜੀਵਨ ਸ਼ੈਲੀ ਅਤੇ ਭਾਸ਼ਾ ਦੇ ਸੰਘਰਸ਼ ਨੂੰ ਨਿੰਦਾ ਨਾਲ ਨਹੀਂ, ਸਗੋਂ ਹਮਦਰਦੀ ਅਤੇ ਸਾਂਝੀ ਮਨੁੱਖਤਾ ਦੇ ਨਜ਼ਰੀਏ ਨਾਲ ਵੇਖਣਾ ਚਾਹੀਦਾ ਹੈ। ਪਰਵਾਸੀ ਤੋਂ ਨਾਗਰਿਕ ਬਣੇ ਹੋਣ ਦੇ ਨਾਤੇ, ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਇਸ ਨਵੀਂ ਧਰਤੀ ਦੇ ਮੂਲ ਨਿਵਾਸੀਆਂ ਦੇ ਦਰਦ ਨੂੰ ਸਮਝੀਏ ਅਤੇ ਉਨ੍ਹਾਂ ਦਾ ਸਤਿਕਾਰ ਕਰੀਏ। ਅਜਿਹਾ ਕਰਨਾ ਹੀ ਅਸਲ ਮਾਨਵਤਾ ਅਤੇ ਸਹਿ-ਹੋਂਦ ਦਾ ਸਬੂਤ ਹੋਵੇਗਾ।

Posted in ਚਰਚਾ, ਵਿਚਾਰ

ਮੁੜ ਸੁਰਜੀਤ ਹੁੰਦੀਆਂ ਭਾਸ਼ਾਵਾਂ

ਦਸੰਬਰ 2024 ਦੀਆਂ ਛੁੱਟੀਆਂ ਵਿੱਚ ਮੈਂ ਪੰਜਾਬ ਗਿਆ। ਉੱਥੇ ਮੈਨੂੰ ਇੱਕ ਬਹੁਤ ਹੀ ਦਿਲਚਸਪ ਗੱਲ ਵੇਖਣ ਨੂੰ ਮਿਲੀ। ਲੱਗਭਗ ਹਰ ਕੋਈ ਨਿਊਜ਼ੀਲੈਂਡ ਦੀ ਐਮ ਪੀ ਹਾਨਾ ਰਾਫ਼ੀਤੀ ਮੇਪੀ-ਕਲਾਰਕ ਬਾਰੇ ਗੱਲ ਕਰ ਰਿਹਾ ਸੀ, ਜਿਸਨੇ ਨਿਊਜ਼ੀਲੈਂਡ ਦੀ ਪਾਰਲੀਮੈਂਟ ਵਿੱਚ ਤਰੀਤੀ ਬਿੱਲ ਪਾੜ ਕੇ ਹਾਕਾ ਕੀਤਾ ਸੀ। ਇਹ ਵੇਖ ਕੇ ਮੈਨੂੰ ਬਹੁਤ ਹੈਰਾਨੀ ਹੋਈ ਕਿ ਲੋਕਾਂ ਵਿੱਚ ਇਸ ਘਟਨਾ ਨੂੰ ਲੈ ਕੇ ਇੰਨੀ ਚਰਚਾ ਕਿਉਂ ਹੈ। ਖੌਰੇ ਉਨ੍ਹਾਂ ਨੂੰ ਇਹ ਇਕ ਤਮਾਸ਼ਾ ਹੀ ਜਾਪ ਰਿਹਾ ਸੀ – ਪਰ ਹਾਂ ਪੱਖੀ।  

ਮੈਂ ਉਨ੍ਹਾਂ ਨੂੰ ਦੱਸਿਆ ਕਿ ਆਓਤਿਆਰੋਆ ਨਿਊਜ਼ੀਲੈਂਡ ਵਿੱਚ ਕੋਹਾਂਗਾ ਰਿਓ ਦੀ ਇੱਕ ਮਜ਼ਬੂਤ ਨੀਂਹ ਹੈ, ਅਤੇ ਇਹ ਸਿਰਫ਼ ਇੱਕ ਵਖਾਵਾ ਨਹੀਂ ਹੈ। ਕੋਹਾਂਗਾ ਰਿਓ ਮਾਓਰੀ ਭਾਸ਼ਾ ਅਤੇ ਸੱਭਿਆਚਾਰ ਨੂੰ ਮੁੜ ਸੁਰਜੀਤ ਕਰਨ ਦੀ ਲਹਿਰ ਹੈ, ਜਿਸ ਵਿੱਚ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਮਾਓਰੀ ਭਾਸ਼ਾ ਅਤੇ ਸੱਭਿਆਚਾਰ ਦੀ ਸਿੱਖਿਆ ਦਿੱਤੀ ਜਾਂਦੀ ਹੈ। ਹਾਨਾ ਰਾਫ਼ੀਤੀ ਮੇਪੀ-ਕਲਾਰਕ ਨੇ ਆਪਣੀ ਪਹਿਲੇ ਪਾਰਲੀਮੈਂਟ ਭਾਸ਼ਣ ਵਿੱਚ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਸੀ, ਕਿ ਕਦੇ ਵੀ ਰਲਣ ਦੀ ਕੋਸ਼ਿਸ਼ ਨਾ ਕਰੋ। ਤੁਸੀਂ ਸੰਪੂਰਨ ਹੋ। ਸਾਡੇ ਤਾਮਾਰਿਕੀ (ਬੱਚਿਆਂ) ਲਈ, ਸਾਡੀ ਰਿਓ (ਭਾਸ਼ਾ) ਸਾਡੇ ਲਈ ਗੁਨਗੁਨਾ ਰਹੀ ਹੈ। ਉਨ੍ਹਾਂ ਤਾਮਾਰਿਕੀ ਮਾਓਰੀ ਲਈ – ਜੋ ਆਪਣੀ ਸਾਰੀ ਜ਼ਿੰਦਗੀ ਜਮਾਤ ਦੇ ਪਿੱਛੇ ਬੈਠੇ ਰਹੇ ਹਨ, ਸ਼ਰਮਿੰਦੇ ਪਰ ਆਪਣੀ ਮੂਲ ਭਾਸ਼ਾ ਸਿੱਖਣ ਦੀ ਤਾਂਘ ਰੱਖਦੇ ਹਨ।  ਉਨ੍ਹਾਂ ਤਾਮਾਰਿਕੀ ਲਈ ਜੋ ਅਜੇ ਤੱਕ ਆਪਣੇ ਪੇਪੇਹਾ (ਪਰਿਵਾਰਕ ਬੰਸਾਵਲੀ) ਵਿੱਚ ਨਹੀਂ ਗਏ ਹਨ, ਕੋਹਾਂਗਾ ਰਿਓ ਉਨ੍ਹਾਂ ਨੂੰ ਨਵੀਆਂ ਪੁਲਾਂਘਾਂ ਪੁੱਟਣ ਦੇ ਸਮਰੱਥ ਬਣਾਉਂਦਾ ਹੈ।  

ਮੈਂ ਅੱਗੇ ਇਹ ਵੀ ਦੱਸਦਾ ਕਿ ਪਿਛਲੀ ਸਦੀ ਵਿੱਚ ਉਹ ਵੀ ਵੇਲ਼ਾ ਸੀ ਜਦ ਸਕੂਲਾਂ ਵਿੱਚ ਬੱਚੇ ਆਪਸ ਵਿੱਚ ਮਾਓਰੀ ਭਾਸ਼ਾ ਵੀ ਨਹੀਂ ਸਨ ਬੋਲ ਸਕਦੇ। ਮੇਰੀ ਇਹ ਗੱਲ ਸੁਣ ਕੇ ਲੋਕ ਹੈਰਾਨ ਹੁੰਦੇ ਸਨ। 

ਹੁਣ ਗੱਲ ਕਰਦੇ ਹਾਂ ਫਰਵਰੀ 2025 ਦੀ, ਜਦੋਂ ਅਸੀਂ ਡੇਮ ਇਰੀਤਾਨਾ ਤਿ ਰੰਗੀ ਤਾਫ਼ੀਫ਼ੀਰੰਗੀ ਨੂੰ ਗੁਆ ਦਿੱਤਾ। ਉਹ 1 ਫਰਵਰੀ 2025 ਨੂੰ ਪੂਰੇ ਹੋਏ। ਉਨ੍ਹਾਂ ਨੇ 1982 ਵਿੱਚ ਕੋਹਾਂਗਾ ਰਿਓ ਸ਼ੁਰੂ ਕਰਕੇ ਬਹੁਤ ਮਹੱਤਵਪੂਰਨ ਕੰਮ ਕੀਤਾ। ਉਨ੍ਹਾਂ ਨੇ ਮਾਓਰੀ ਭਾਸ਼ਾ ਅਤੇ ਸੱਭਿਆਚਾਰ ਨੂੰ ਮੁੜ ਸੁਰਜੀਤ ਕਰਨ ਲਈ ਆਪਣਾ ਸਾਰਾ ਜੀਵਨ ਸਮਰਪਿਤ ਕਰ ਦਿੱਤਾ। ਉਨ੍ਹਾਂ ਦੇ ਕੰਮ ਕਾਰਨ ਹੀ ਅੱਜ ਬਹੁਤ ਸਾਰੇ ਮਾਓਰੀ ਬੱਚੇ ਆਪਣੀ ਭਾਸ਼ਾ ਅਤੇ ਸੱਭਿਆਚਾਰ ਨਾਲ ਜੁੜੇ ਹੋਏ ਹਨ। ਉਨ੍ਹਾਂ ਦਾ ਯੋਗਦਾਨ ਬਹੁਤ ਵੱਡਾ ਹੈ, ਜਿਸਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਮੁਸ਼ਕਿਲ ਹੈ।

ਡੇਮ ਇਰੀਤਾਨਾ ਤਿ ਰੰਗੀ ਤਾਫ਼ੀਫ਼ੀਰੰਗੀ ਅਤੇ ਪੰਚਾ ਨਾਰਾਇਨਨ ਵਿਚਾਰ ਸਾਂਝੇ ਕਰਦੇ ਹੋਏ। ਸੰਨ 2022 ਦੀ ਤਸਵੀਰ।

ਮੈਨੂੰ 5 ਫਰਵਰੀ ਨੂੰ ਗਿਸਬਰਨ ਸ਼ਹਿਰ ਵਿਖੇ ਤਿ ਪੋਹੋ ਓ ਰਾਵਰੀ ਮਰਾਏ ਵਿੱਚ ਉਨ੍ਹਾਂ ਦੇ ਤੰਗੀਹੰਗਾ (ਅੰਤਿਮ ਸੰਸਕਾਰ) ਵਿੱਚ ਸ਼ਾਮਲ ਹੋਣ ਦਾ ਸੁਭਾਗ ਪ੍ਰਾਪਤ ਹੋਇਆ। ਮੈਂ ਆਓਤਿਆਰੋਆ ਨਿਊਜ਼ੀਲੈਂਡ ਦੇ ਸਾਬਕਾ ਗਵਰਨਰ ਜਨਰਲ ਸਰ ਆਨੰਦ ਸਤਿਆਨੰਦ ਦੇ ਨਾਲ ਵੈਲਿੰਗਟਨ ਤੋਂ ਗਿਆ ਸੀ। ਮੋਤੂ (ਦੇਸ) ਭਰ ਦੇ ਨੌਜਵਾਨ ਇਵੀ (ਕਬਾਇਲੀ) ਆਗੂ ਸ਼ਰਧਾਂਜਲੀ ਭੇਟ ਕਰਨ ਲਈ ਉੱਥੇ ਮੌਜੂਦ ਸਨ। ਉਹ ਸਾਰੇ ਮਾਓਰੀ ਵਿੱਚ ਸ਼ਰਧਾਂਜਲੀ ਭੇਟ ਕਰ ਰਹੇ ਸਨ ਅਤੇ ਦੱਸ ਰਹੇ ਸਨ ਕਿ ਕੋਹਾਂਗਾ ਰਿਓ ਲਹਿਰ ਦੇ ਨਤੀਜੇ ਵਜੋਂ ਉਨ੍ਹਾਂ ਦੀਆਂ ਜ਼ਿੰਦਗੀਆਂ ਕਿਵੇਂ ਬਦਲ ਗਈਆਂ। ਪੂਰਾ ਮਾਹੌਲ ਬਹੁਤ ਹੀ ਭਾਵੁਕ ਸੀ।

ਤੰਗੀਹੰਗਾ ਵਿੱਚ ਮਾਓਰੀ ਰਾਣੀ ਨਙਾ ਵਾਈ ਹੋਨੋ ਈ ਤੇ ਪੋ ਵੀ ਸ਼ਾਮਲ ਹੋਏ। ਉਹ ਹਾਲ ਵਿੱਚ ਹੀ ਰਾਣੀ ਬਣੇ ਹਨ ਅਤੇ ਉਨ੍ਹਾਂ ਦੀ ਉਮਰ 28 ਸਾਲਾਂ ਦੀ ਹੈ। ਮਾਓਰੀ ਉਨ੍ਹਾਂ ਦੀ ਪਹਿਲੀ ਭਾਸ਼ਾ ਹੈ। ਉਸਨੇ ਤੀਕਾਂਗਾ ਮਾਓਰੀ ਵਿੱਚ ਮਾਸਟਰਜ਼ ਡਿਗਰੀ ਕੀਤੀ ਹੈ ਅਤੇ ਕਾਪਾ ਹਾਕਾ ਵੀ ਜਾਣਦੇ ਹਨ। ਮਾਓਰੀ ਰਾਣੀ ਨਙਾ ਵਾਈ ਹੋਨੋ ਈ ਤੇ ਪੋ ਨੇ ਲਗਾਤਾਰ ਦੋ ਸਾਲ ਡੇਮ ਇਰੀਤਾਨਾ ਤਿ ਰੰਗੀ ਤਾਫ਼ੀਫ਼ੀਰੰਗੀ ਦੀ ਸਰਪ੍ਰਸਤੀ ਹੇਠ ਕੋਹਾਂਗਾ ਰਿਓ ਦੇ ਪ੍ਰਬੰਧ ਦਾ ਕੰਮ ਸਿੱਖਿਆ ਸੀ ਅਤੇ ਉਨ੍ਹਾਂ ਦੋਹਾਂ ਵਿੱਚ ਬਹੁਤ ਨੇੜਤਾ ਸੀ। 

ਅੰਤ ਵਿੱਚ, ਮੈਨੂੰ ਮਾਓਰੀ ਰਾਣੀ ਨਙਾ ਵਾਈ ਹੋਨੋ ਈ ਤੇ ਪੋ ਅਤੇ ਸਰ ਆਨੰਦ ਸਤਿਆਨੰਦ ਦੇ ਨਾਲ ਇੱਕ ਹੀ ਮੇਜ਼ ‘ਤੇ ਬੈਠ ਕੇ ਖਾਣਾ ਖਾਣ ਦਾ ਮੌਕਾ ਮਿਲਿਆ। ਇਹ ਮੇਰੇ ਲਈ ਇੱਕ ਬਹੁਤ ਹੀ ਖ਼ਾਸ ਤੰਗੀਹੰਗਾ ਤਜਰਬਾ ਸੀ, ਜਿਸਨੂੰ ਮੈਂ ਕਦੇ ਨਹੀਂ ਭੁੱਲਾਂਗਾ। ਇਹ ਸਫ਼ਰ ਮੇਰੇ ਲਈ ਬਹੁਤ ਹੀ ਗਿਆਨ ਭਰਪੂਰ ਰਿਹਾ ਅਤੇ ਮੈਂ ਬਹੁਤ ਕੁਝ ਸਿੱਖਿਆ।

Posted in ਚਰਚਾ, ਵਿਚਾਰ

ਮਾਂ ਬੋਲੀ ਦੀ ਸੇਵਾ

ਨਿਊਜ਼ੀਲੈਂਡ ਦੇ ਵਿਚ ਅੱਜ ਕੱਲ੍ਹ ਮਾਓਰੀ ਭਾਸ਼ਾ ਹਫ਼ਤਾ ਚੱਲ ਰਿਹਾ ਹੈ। ਇਹ ਉਹ ਹਫ਼ਤਾ ਹੈ ਜਿਸ ਦੇ ਦੌਰਾਨ ਮਾਓਰੀ ਭਾਸ਼ਾ ਨੂੰ ਪਰਫੁੱਲਤ ਕਰਨ ਦੇ ਲਈ ਕਈ ਉੱਦਮ ਕੀਤੇ ਜਾਣਗੇ।   

ਮਾਓਰੀ ਭਾਸ਼ਾ ਨਿਊਜ਼ੀਲੈਂਡ ਦੇ ਮੂਲ ਨਿਵਾਸੀਆਂ ਦੀ ਭਾਸ਼ਾ ਹੈ। ਮਾਓਰੀ ਭਾਸ਼ਾ ਵਿੱਚ ਨਿਊਜ਼ੀਲੈਂਡ ਨੂੰ ਆਓਤਿਆਰੋਆ ਕਿਹਾ ਜਾਂਦਾ ਹੈ। ਆਓਤਿਆਰੋਆ ਦੀ 50 ਲੱਖ ਅਬਾਦੀ ਵਿੱਚ ਮਾਓਰੀ ਭਾਸ਼ਾ ਬੋਲਣ ਵਾਲੀ ਅਬਾਦੀ ਕੋਈ ਡੇਢ ਕੁ ਲੱਖ ਹੀ ਹੈ।  

1960ਵਿਆਂ ਦੀ ਗੱਲ ਹੈ ਜਦੋਂ ਮਾਓਰੀ ਲੋਕਾਂ ਨੂੰ ਇਥੇ ਪਿੰਡਾਂ ਵਿੱਚੋਂ ਕੱਢ ਕੇ ਆਓਤਿਆਰੋਆ ਦੇ ਸ਼ਹਿਰਾਂ ਦੇ ਵਿੱਚ ਵਸਾਉਣ ਦਾ ਸਿਲਸਿਲਾ ਸ਼ੁਰੂ ਹੋਇਆ। ਉਦੋਂ ਮਾਓਰੀ ਭਾਸ਼ਾ ਤੇ ਇਹੋ ਜਿਹਾ ਕਹਿਰ ਵਰ੍ਹਿਆ ਕਿ ਉਸ ਵੇਲ਼ੇ ਮਾਓਰੀ ਭਾਸ਼ਾ ਬੋਲਣ ਦੇ ਉੱਤੇ ਉੱਕੀ ਪਾਬੰਦੀ  ਲਾ ਦਿੱਤੀ ਗਈ ਸੀ। 

ਕਹਾਵਤ ਹੈ ਕਿ ਇੱਕ ਪੀੜੀ ਭਾਸ਼ਾ ਗਵਾਉਂਦੀ ਹੈ ਪਰ ਭਾਸ਼ਾ ਨੂੰ ਮੁੜ ਸੁਰਜੀਤ ਕਰਨ ਲਈ ਤਿੰਨ ਪੀੜੀਆਂ ਨੂੰ ਅਥਕ ਮਿਹਨਤ ਕਰਨੀ ਪੈਂਦੀ ਹੈ। ਜੁਗ ਪਲਟਿਆ, ਨੀਤੀਆਂ ਬਦਲੀਆਂ ਅਤੇ ਮਾਓਰੀ ਭਾਸ਼ਾ ਮੁੜ ਸੁਰਜੀਤ ਹੋਣੀ ਸ਼ੁਰੂ ਹੋ ਗਈ। ਇਹ ਬੜੀ ਖ਼ੁਸ਼ੀ ਦੀ ਗੱਲ ਹੈ ਕਿ ਅੱਜ ਆਓਤਿਆਰੋਆ ਵਿੱਚ ਵੱਸਦੇ ਸਾਰੇ ਸਭਿਆਚਾਰ ਰਲ-ਮਿਲ ਕੇ ਚਾਈਂ-ਚਾਈਂ ਮਾਓਰੀ ਭਾਸ਼ਾ ਹਫ਼ਤਾ ਮਨਾਉਂਦੇ ਹਨ। 

ਅੱਜ ਦਾ ਇਹ ਬਲਾਗ ਲਿਖਣ ਦਾ ਸਬੱਬ ਇਸ ਕਰਕੇ ਬਣਿਆ ਕਿ ਬੀਤੇ ਦਿਨੀਂ ਮੈਨੂੰ ਮਾਓਰੀ ਭਾਸ਼ਾ ਦੇ ਪ੍ਰੋਫੈਸਰ ਸਕੌਟੀ ਮੌਰੀਸਨ ਦੀ ਕਿਤਾਬ ਦੀ ਅਗਲੀ ਛਾਪ ਆਉਣ ਦੀ ਖ਼ਬਰ ਪੜ੍ਹਨ ਨੂੰ ਮਿਲੀ। ਪ੍ਰੋਫੈਸਰ ਮੌਰੀਸਨ ਦਾ ਮਾਓਰੀ ਭਾਸ਼ਾ ਦੇ ਨਾਲ ਜਿਹੜੀ ਕਿ ਉਨ੍ਹਾਂ ਦੀ ਮਾਂ ਬੋਲੀ ਹੈ, ਬਹੁਤ ਪ੍ਰੇਮ ਪਿਆਰ ਹੈ ਤੇ ਉਨ੍ਹਾਂ ਬੋਲ ਚਾਲ ਦੀ ਮਾਓਰੀ ਭਾਸ਼ਾ ਦੇ ਉੱਤੇ ਆਧਾਰਤ ਆਪਣੀ ਕਿਤਾਬ ਕੋਈ ਦਸ ਸਾਲ ਪਹਿਲਾਂ ਲਿਖੀ ਸੀ।   

ਹੁਣ ਜਿਹੜੀ ਇਸ ਕਿਤਾਬ ਦੀ ਨਵੀਂ ਛਾਪ ਆਈ ਹੈ ਉਸ ਵਿੱਚ ਉਨ੍ਹਾਂ ਨੇ ਮਾਓਰੀ ਭਾਸ਼ਾ ਵਿਚ ਕਈ ਨਵੇਂ ਸ਼ਬਦ ਵੀ ਸ਼ਾਮਲ ਕੀਤੇ ਹਨ ਖਾਸ ਤੌਰ ਤੇ ਕਰੋਨਾ ਦੇ ਚੱਲਦੇ। ਇਹ ਤਾਂ ਤੁਸੀਂ ਸਾਰਿਆਂ ਨੇ ਵੇਖ ਹੀ ਲਿਆ ਹੋਵੇਗਾ ਕਿ ਕਰੋਨਾ ਕਰਕੇ ਸਾਡੀ ਬੋਲ ਚਾਲ ਵਿੱਚ ਕਈ ਨਵੇਂ ਸ਼ਬਦ ਜੁੜ ਗਏ ਹਨ। ਪ੍ਰੋਫੈਸਰ ਮੌਰੀਸਨ ਨੇ ਇਸ ਨਵੀਂ ਸ਼ਬਦਾਵਲੀ ਲਈ ਮਾਓਰੀ ਸ਼ਬਦ ਘੜ੍ਹੇ ਹਨ।

ਪੰਜਾਬ ਦੀ ਸਭਿਆਚਾਰਕ ਬੋਲਚਾਲ ਦੀ ਭਾਸ਼ਾ ਵਿੱਚ ਕਹਿੰਦੇ ਹਨ ਕਿ ਕਈ ਵਾਰ ਇਕੱਲਾ ਹੀ ਸਵਾ ਲੱਖ ਦੇ ਬਰਾਬਰ ਹੁੰਦਾ ਹੈ। ਇਸ ਸਿਲਸਿਲੇ ਵਿਚ ਮਾਓਰੀ ਭਾਸ਼ਾ ਨੂੰ ਮੁੜ ਸੁਰਜੀਤ ਕਰਨ ਲਈ ਪ੍ਰੋਫੈਸਰ ਮੌਰੀਸਨ ਇਕੱਲਿਆਂ ਹੀ ਸਵਾ ਲੱਖ ਬਰਾਬਰ ਹੋ ਨਿਬੜਿਆ ਹੈ।  

ਇਸਦੇ ਮੁਕਾਬਲੇ ਦੇ ਪੰਜਾਬੀ ਯੂਨੀਵਰਸਿਟੀ ਦੇ ਵਿਚਲੀ ਪੰਜਾਬੀ ਪ੍ਰੋਫੈਸਰਾਂ ਦੀ ਫ਼ੌਜ ਰਲ ਕੇ ਜੇ ਪ੍ਰੋਫੈਸਰ ਮੌਰੀਸਨ ਤੋਂ ਪ੍ਰੇਰਨਾ ਲੈ ਲਵੇ ਤਾਂ ਪੰਜਾਬੀ ਭਾਸ਼ਾ ਨੂੰ ਅੱਜ ਤਕਨਾਲੋਜੀ ਦੇ ਜੁਗ ਵਿੱਚ ਸਮਰੱਥ ਹੋਣ ਤੋਂ ਕੋਈ ਨਹੀਂ ਰੋਕ ਸਕਦਾ। ਕੀ ਅਸੀਂ ਪੰਜਾਬੀ ਦੇ ਨਾਂ ਦੇ ਉੱਤੇ ਸਿਰਫ਼ ਖੱਟੀ ਹੀ ਖਾਂਦੇ ਹਾਂ ਜਾਂ ਫਿਰ ਮਾਂ ਬੋਲੀ ਦੀ ਸੇਵਾ ਦਾ ਫ਼ਰਜ਼ ਵੀ ਅਦਾ ਕਰਦੇ ਹਾਂ ਜਿਵੇਂ ਕਿ ਪ੍ਰੋਫੈਸਰ ਮੌਰੀਸਨ ਕਰ ਰਹੇ ਹਨ।

Scotty Morrison – modern phrases in te reo | RNZ

Te reo Maori advocate and teacher, Professor Scotty Morrison shares some modern Maori phrases. It’s been 10 years since his first Raupo Phrasebook of Modern Maori hit the shelves.

Processing…
Success! You're on the list.