Posted in ਚਰਚਾ, ਯਾਦਾਂ

ਇੰਟਰਨੈਟ ਤੋਂ ਆਹਮੋ-ਸਾਹਮਣੀਂ 

ਬੀਤੇ ਦਿਨੀਂ ਮੈਨੂੰ ਦੁਨੀਆਂ ਦੇ ਦੁਆਲੇ ਚੱਕਰ ਕੱਟਣ ਦਾ ਮੌਕਾ ਲੱਗਾ। ਇਸ ਯਾਤਰਾ ਦੌਰਾਨ ਮੈਨੂੰ ਕਨੇਡਾ ਦੇ ਸ਼ਹਿਰ ਟਰਾਂਟੋ, ਇੰਗਲੈਂਡ ਦੇ ਸ਼ਹਿਰ ਲੰਡਨ ਅਤੇ ਫਰਾਂਸ ਦਾ ਸ਼ਹਿਰ ਪੈਰਿਸ ਤੋਂ ਇਲਾਵਾ ਸਵਿਟਜ਼ਰਲੈਂਡ ਦੇ ਸ਼ਹਿਰ ਜ਼ੂਰਿਖ਼ ਅਤੇ ਇਸ ਮੁਲਕ ਦੇ ਅੰਦਰੂਨੀ ਇਲਾਕਿਆਂ ਵਿੱਚ ਘੁੰਮਣ ਦਾ ਮੌਕਾ ਵੀ ਲੱਗਿਆ। 

ਅੱਜ ਇਸ ਬਲੌਗ ਦੇ ਵਿੱਚ ਮੈਂ ਸਫ਼ਰਨਾਮੇ ਬਾਰੇ ਤਾਂ ਕੋਈ ਗੱਲ ਨਹੀਂ ਕਰਾਂਗਾ ਪਰ ਇਨਸਾਨੀ ਰਿਸ਼ਤਿਆਂ ਦੀ ਗੱਲ ਜ਼ਰੂਰ ਕਰਾਂਗਾ। ਸਫ਼ਰ ਦੀਆਂ ਗੱਲਾਂ ਸ਼ਾਇਦ ਅਗਲੇ ਬਲੌਗ ਦੇ ਵਿੱਚ ਕਰਾਂ।  

ਇਹ ਗੱਲ ਤਿੰਨ ਕੁ ਸਾਲ ਪਹਿਲਾਂ ਦੀ ਹੈ ਜਦੋਂ ਕੋਵਿਡ ਕਰਕੇ ਦੁਨੀਆਂ ਵਿੱਚ ਹਰ ਥਾਂ ਲੋਕ ਘਰੋ-ਘਰੀ ਡੱਕੇ ਗਏ ਸਨ। ਉਹਨਾਂ ਦਿਨਾਂ ਦੇ ਵਿੱਚ ਮੈਂ ਪੰਜਾਬੀ ਭਾਸ਼ਾ ਬਾਰੇ ਫ਼ਿਕਰ ਕਰਨ ਵਾਲੇ ਇੰਟਰਨੈਟ ਮੰਚਾਂ ਦੇ ਉੱਤੇ ਕਾਫੀ ਸਰਗਰਮ ਸੀ ਅਤੇ ਅਜਿਹੇ ਹੀ ਇੱਕ ਮੰਚ ਦੇ ਉੱਤੇ ਮੇਰਾ ਮਿਲਾਪ ਸਰਦਾਰ ਅਰਵਿੰਦਰ ਸਿੰਘ ਸਿਰ੍ਹਾ ਦੇ ਨਾਲ ਹੋਇਆ ਜੋ ਕਿ ਇੰਗਲੈਂਡ ਦੇ ਲੀਡਸ ਸ਼ਹਿਰ ਤੋਂ ਸਨ। ਉਹ ਵੀ ਪੰਜਾਬੀ ਭਾਸ਼ਾ ਨੂੰ ਲੈ ਕੇ ਵੱਖ-ਵੱਖ ਮੰਚਾਂ ਦੇ ਉੱਤੇ ਭਾਵੇਂ ਫੇਸਬੁੱਕ ਹੋਵੇ ਜਾਂ ਕੋਈ ਹੋਰ ਕਾਫੀ ਸਰਗਰਮ ਰਹਿੰਦੇ ਹਨ। ਲਿਖਦੇ ਵੀ ਰਹਿੰਦੇ ਹਨ, ਆਪਣੀਆਂ ਟਿੱਪਣੀਆਂ ਵੀ ਕਰਦੇ ਰਹਿੰਦੇ ਹਨ ਅਤੇ ਜੇ ਲੋੜ ਪਵੇ ਤਾਂ ਫੋਨ ਚੁੱਕ ਕੇ ਦੁਨੀਆਂ ਭਰ ਦੇ ਵਿੱਚ ਫੋਨ ਵੀ ਘੁਮਾ ਦਿੰਦੇ ਹਨ। 

ਇਸ ਯਾਤਰਾ ਦੀਆਂ ਜਦੋਂ ਮੈਂ ਟਿਕਟਾਂ ਬੁੱਕ ਕਰਾਈਆਂ ਤਾਂ ਸਬੱਬੀ ਉਹਨਾਂ ਨਾਲ ਵੀ ਗੱਲ ਕੀਤੀ ਕਿ ਮੈਂ ਤੁਹਾਡੇ ਮੁਲਕ ਦੀ ਰਾਜਧਾਨੀ ਲੰਡਨ ਘੁੰਮਣ ਲਈ ਆ ਰਿਹਾ ਹਾਂ। ਉਹਨਾਂ ਨੂੰ ਚਾਅ ਚੜ੍ਹ ਗਿਆ ਅਤੇ ਸਰਦਾਰ ਅਰਵਿੰਦਰ ਸਿੰਘ ਸਿਰ੍ਹਾ ਹੋਰਾਂ ਨੇ ਬੜੀ ਇੱਛਾ ਜਤਾਈ ਕਿ ਉਹ ਜ਼ਰੂਰ ਲੀਡਸ ਤੋਂ ਲੰਡਨ ਆ ਕੇ ਮੈਨੂੰ ਮਿਲਣਗੇ। 

ਲੋੜ ਅਨੁਸਾਰ ਉਹਨਾਂ ਨੇ ਕੰਮ ਤੋਂ ਛੁੱਟੀ ਲਈ ਅਤੇ ਆਪਣੀਆਂ ਲੀਡਸ ਤੋਂ ਲੰਡਨ ਦੀਆਂ ਟਿਕਟਾਂ ਵੀ ਬੁੱਕ ਕਰਵਾ ਲਈਆਂ। ਮਿੱਥੀ ਹੋਈ ਤਾਰੀਖ਼ ਦਿਨ ਸ਼ੁਕਰਵਾਰ 29 ਸਤੰਬਰ 2023 ਨੂੰ ਅਸੀਂ ਲੰਡਨ ਦੇ ਕਿੰਗਸ ਕਰੌਸ ਸਟੇਸ਼ਨ ਤੇ ਮਿਲਣ ਦਾ ਇਕਰਾਰ ਕੀਤਾ।  ਉਹਨਾਂ ਦੀ ਰੇਲ ਗੱਡੀ ਠੀਕ ਇੱਕ ਵਜੇ ਬਾਅਦ ਦੁਪਹਿਰ ਕਿੰਗਸ ਕਰੌਸ ਸਟੇਸ਼ਨ ਪਹੁੰਚ ਗਈ। ਮਿਲਣ ਤੇ ਜੋ ਖੁਸ਼ੀ ਹੋਈ ਅਤੇ ਅਸੀਂ ਜੋ ਗੱਲਾਂ ਕੀਤੀਆਂ ਉਹਦੇ ਨਾਲ ਅਸੀਂ ਡਾਢਾ ਨਿੱਘ ਮਹਿਸੂਸ ਕੀਤਾ ਕਿ ਵੇਖੋ ਇੰਟਰਨੈਟ ਦੇ ਉੱਤੇ ਮਿਲਾਪ ਹੋਣ ਤੋਂ ਬਾਅਦ ਅਸੀਂ ਕਿਵੇਂ ਬਾਅਦ ਵਿੱਚ ਆਪਸ ਚ ਮਿਲਦੇ ਹਾਂ। ਉਹਨਾਂ ਨੇ ਇਸ ਯਾਤਰਾ ਦੇ ਲਈ ਆਪਣੇ ਸਹਿਯੋਗੀ ਮਨਜੀਤ ਸਿੰਘ ਨੂੰ ਵੀ ਲੀਡਸ ਤੋਂ ਲਿਆਂਦਾ ਹੋਇਆ ਸੀ। 

ਅਸੀਂ ਕਾਫੀ ਗੱਲਾਂ ਬਾਤਾਂ ਵੀ ਕਰਦੇ ਰਹੇ, ਵਿਚਾਰ ਚਰਚਾ ਵੀ ਹੋਈ ਅਤੇ ਪਰਿਵਾਰਿਕ ਸੁੱਖ ਸਾਂਦਾਂਵੀ ਪੁੱਛੀਆਂ। ਅਸੀਂ ਤੁਰ ਕੇ ਛੇਤੀ ਹੀ ਲਾਗਲੇ ਬ੍ਰਿਟਿਸ਼ ਮਿਊਜ਼ੀਅਮ ਪਹੁੰਚ ਗਏ। ਇਹ ਅਜਾਇਬ ਘਰ ਬਹੁਤ ਵੱਡਾ ਹੈ। ਇਸ ਲਈ ਅਸੀਂ ਇਕੱਠਿਆਂ ਇਸ ਦਾ ਸਿਰਫ਼ ਦੱਖਣੀ ਏਸ਼ੀਆਈ ਹਿੱਸਾ ਅਤੇ ਖ਼ਾਸ ਕਰ ਕੇ ਪੰਜਾਬ ਬਾਰੇ ਜੋ ਕੁਝ ਵੀ ਨੁਮਾਇਸ਼ ਤੇ ਲੱਗਾ ਹੋਇਆ ਸੀ ਉਹ ਵੇਖਿਆ।  

ਅੱਜ ਇਸ ਬਲੌਗ ਰਾਹੀਂ ਮੈਂ ਸਰਦਾਰ ਅਰਵਿੰਦਰ ਸਿੰਘ ਸਿਰ੍ਹਾ ਦਾ ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਇਸ ਤਰ੍ਹਾਂ ਸਾਡਾ ਇੰਟਰਨੈਟ ਤੋਂ ਲੇ ਕੇ ਆਹਮਣੇ-ਸਾਹਮਣੇ ਹੋ ਕੇ ਮਿਲਣ ਦਾ ਸਬੱਬ ਬਣਿਆ। ਬਾਅਦ ਵਿੱਚ ਅਸੀਂ ਕਾਫ਼ੀ ਦਾ ਪਿਆਲਾ-ਪਿਆਲਾ ਪੀਤਾ, ਨਿਕ-ਸੁਕ ਖਾਧਾ ਅਤੇ ਵਿਦਾ ਲਈ।