Posted in ਚਰਚਾ, ਯਾਤਰਾ

ਆਓਰਾਕੀ ਮਾਊਂਟ ਕੁੱਕ ਦੀ ਸੈਰ

ਆਓਤਿਆਰੋਆ ਨਿਊਜ਼ੀਲੈਂਡ ਦੇ ਦੱਖਣੀ ਟਾਪੂ ਦੀ ਧੁੰਨੀ ਦੇ ਵਿੱਚ ਇੱਕ ਬਹੁਤ ਹੀ ਰਮਨੀਕ ਪਿੰਡ ਆਓਰਾਕੀ ਮਾਊਂਟ ਕੁੱਕ ਵੱਸਿਆ ਹੋਇਆ ਹੈ। ਇਸ ਸਾਲ ਦੀ ਚੜ੍ਹਦੀ ਜੂਨ ਦੇ ਵਿੱਚ ਮੈਨੂੰ ਆਪਣੀ ਜੀਵਨ ਸਾਥਣ ਦੇ ਨਾਲ ਇਸ ਪਿੰਡ ਦੀ ਯਾਤਰਾ ਕਰਨ ਦਾ ਮੌਕਾ ਲੱਗਾ। ਇਸ ਸਾਰੇ ਖਿੱਤੇ ਵਿੱਚ ਐਲਪਸ ਪਹਾੜ ਹਨ ਜੋ ਕੁਦਰਤ ਦੇ ਪ੍ਰੇਮੀਆਂ ਅਤੇ ਜਾਂਬਾਜ਼ ਮੁਸਾਫਰਾਂ ਲਈ ਚੁੰਬਕੀ ਖਿੱਚ ਰੱਖਦੇ ਹਨ। ਅਸੀਂ ਇਸ ਸ਼ਾਨਦਾਰ ਪਿੰਡ ਦੀ ਯਾਤਰਾ ਕੀਤੀ ਅਤੇ ਆਲੇ ਦੁਆਲੇ ਦੇ ਬਰਫ਼ਾਨੀ ਦਰਿਆ ਅਤੇ ਤੋਦਿਆਂ ਦੀ ਸੁੰਦਰਤਾ ਦੇ ਨਜ਼ਾਰੇ ਵੇਖੇ। 

ਜਿਵੇਂ ਹੀ ਅਸੀਂ ਆਓਰਾਕੀ ਮਾਊਂਟ ਕੁੱਕ ਪਿੰਡ ਵਿੱਚ ਪਹੁੰਚੇ ਤਾਂ ਬੱਦਲਵਾਈਆ ਮੌਸਮ ਬਣਿਆ ਹੋਇਆ ਸੀ। ਪਰ  ਪਿੰਡ ਦੇ ਆਲੇ-ਦੁਆਲੇ ਦਾ ਸ਼ਾਂਤ ਮਾਹੌਲ ਅਤੇ ਦਿਲ ਨੂੰ ਛੂਹ ਲੈਣ ਵਾਲੀ ਕੁਦਰਤੀ ਸੁੰਦਰਤਾ ਬਹੁਤ ਸਕੂਨ ਦੇ ਰਹੀ ਸੀ। ਹੋਟਲ ਵੱਲ ਜਾਣ ਤੋਂ ਪਹਿਲਾਂ ਅਸੀਂ ਟੈਸਮਨ ਗਲੇਸ਼ੀਅਰ ਵੱਲ ਗੱਡੀ ਮੋੜ ਲਈ। ਗੱਡੀ ਲਾਉਣ ਵਾਲ਼ੀ ਥਾਂ ਤੋਂ ਥੋੜ੍ਹੀ ਪਹਾੜੀ ਚੜ੍ਹਣੀ ਪੈਂਦੀ ਹੈ। ਜਿਵੇਂ ਹੀ ਅਸੀਂ ਉਪਰਲੇ ਚੌਂਤਰੇ ਤੇ ਪਹੁੰਚੇ ਤਾਂ ਟੈਸਮਨ ਗਲੇਸ਼ੀਅਰ ਦੇ ਨਜ਼ਾਰੇ ਨੇ ਸਾਡੇ ਦਿਲ ਦੀਆਂ ਧੜਕਣਾਂ ਵਧਾ ਦਿੱਤੀਆਂ। ਬਰਫ਼ ਦੀਆਂ ਚਮਕਦਾਰ ਨੀਲੀਆਂ ਹਰੀਆਂ ਝਲਕਾਰਾਂ ਜਿਵੇਂ ਅੱਖਾਂ ਨੂੰ ਠੰਢਕ ਦੇ ਰਹੀਆਂ ਸਨ ਪਰ ਇਹ ਨਜ਼ਾਰੇ ਵੇਖ-ਵੇਖ ਸਾਡੀਆਂ ਅੱਖਾਂ ਰੱਜ ਹੀ ਨਹੀਂ ਸਨ ਰਹੀਆਂ। ਇਹ ਤਜਰਬਾ ਸਾਨੂੰ ਜ਼ਿੰਦਗੀ ਭਰ ਲਈ ਯਾਦ ਰਹੇਗਾ।

ਖ਼ੈਰ, ਤਸਵੀਰਾਂ ਖਿੱਚਣ ਤੋਂ ਬਾਅਦ ਵਿਹਲੇ ਹੋ ਕੇ ਅਸੀਂ ਹੇਠਾਂ ਨੂੰ ਚਾਲੇ ਪਾ ਲਏ ਅਤੇ ਥੱਲੇ ਪਹੁੰਚ ਕੇ ਗੱਡੀ ਹਰਮੀਟੇਜ ਹੋਟਲ ਲਿਆ ਖੜ੍ਹੀ ਕੀਤੀ ਅਤੇ ਆਓਰਾਕੀ ਵਿੰਗ ਵਿੱਚ ਮਿਲੇ ਕਮਰੇ ਵਿੱਚ ਜਾ ਸਮਾਨ ਟਿਕਾਇਆ। ਹੋਟਲ ਦੇ ਮੁਲਾਜ਼ਮ ਨੇ ਸਾਨੂੰ ਦੱਸ ਦਿੱਤਾ ਸੀ ਕਿ ਸਾਡੇ ਕਮਰੇ ਦੀ ਖਿੜਕੀ ਵਿੱਚੋਂ ਆਓਰਾਕੀ ਮਾਊਂਟ ਕੁੱਕ ਵਿਖੇਗਾ। ਬੱਦਲਵਾਈ ਅਤੇ ਮੀਂਹ ਪੈਂਦਾ ਹੋਣ ਕਰਕੇ ਕੋਈ ਨਜ਼ਾਰਾ ਨਹੀਂ ਸੀ ਬੱਝ ਰਿਹਾ। ਇਹ ਸਾਡੀ ਚੰਗੀ ਕਿਸਮਤ ਸੀ ਜਦ ਅਸੀਂ ਟੈਸਮਨ ਗਲੇਸ਼ੀਅਰ ਵਾਲੇ ਪਾਸੇ ਗਏ ਸੀ ਤਾਂ ਓਧਰ ਕੁਝ ਦੇਰ ਲਈ ਬੱਦਲ ਖਿੰਡ ਗਏ ਸਨ।  

ਅਗਲੇ ਦਿਨ, ਅਸੀਂ ਇੱਕ ਸ਼ਾਨਦਾਰ ਟ੍ਰੈਕ ‘ਤੇ ਯਾਤਰਾ ਸ਼ੁਰੂ ਕੀਤੀ। ਇਸ ਮਨਮੋਹਕ ਟ੍ਰੈਕ ਦੇ ਨਜ਼ਾਰੇ ਸੱਚਮੁੱਚ ਸਾਨੂੰ ਸਾਹ ਲੈਣਾ ਵੀ ਭੁਲਾ ਰਹੇ ਸਨ। ਇਹ ਸੀਲੀ ਟਾਰਨਜ਼ ਵੱਲ ਚੜ੍ਹਾਈ ਸੀ। ਹਾਲਾਂਕਿ ਚੜ੍ਹਾਈ ਚੁਣੌਤੀ ਪੂਰਨ ਸੀ, ਪਰ ਜਦੋਂ ਅਸੀਂ ਸਿਖਰ ‘ਤੇ ਪਹੁੰਚੇ ਤਾਂ ਹਰ ਪਾਸੇ ਨਜ਼ਾਰੇ ਹੀ ਨਜ਼ਾਰੇ ਸਨ। ਹੁੱਕਰ ਵੈਲੀ, ਮੂਏਲਰ ਝੀਲ, ਅਤੇ ਆਲੇ ਦੁਆਲੇ ਦੀਆਂ ਚੋਟੀਆਂ ਦੇ 360-ਡਿਗਰੀ ਨਜ਼ਾਰੇ ਬਸ ਵੇਖਦੇ ਹੀ ਬਣਦੇ ਸਨ। ਕਈ ਤਰ੍ਹਾਂ ਦੇ ਝਰਨੇ ਪਹਾੜਾਂ ਦੀਆਂ ਸ਼ਾਨਦਾਰ ਝਲਕਾਂ ਪੇਸ਼ ਕਰਦੇ ਪਏ ਸਨ। ਵਾਪਸੀ ਤੇ ਸਾਨੂੰ ਚੰਗੀ ਥਕਾਵਟ ਮਹਿਸੂਸ ਹੋ ਰਹੀ ਸੀ। 

ਸਾਰਾ ਦਿਨ ਮੌਸਮ ਪੱਖੋਂ ਸਾਫ਼ ਸੀ ਤੇ ਜਿਵੇਂ ਹੀ ਰਾਤ ਢਲੀ, ਜਾਪ ਰਿਹਾ ਸੀ ਜਿਵੇਂ ਅਸੀਂ ਤਾਰਿਆਂ ਦੀ ਇੱਕ ਸ਼ਾਨਦਾਰ ਛੱਤ ਦੇ ਹੇਠਾਂ ਸੀ। ਮਾਊਂਟ ਕੁੱਕ ਪਿੰਡ ਪ੍ਰਦੂਸ਼ਣ ਤੋਂ ਮੁਕਤ, ਅਸਮਾਨ ਬੇਅੰਤ ਚਮਕਦਾਰ ਤਾਰਿਆਂ ਨਾਲ ਜਗਮਗਾ ਰਿਹਾ ਸੀ। ਮੈਂ ਆਕਾਸ਼ਗੰਗਾ ਦੀ ਸੁੰਦਰਤਾ ‘ਤੇ ਹੈਰਾਨ ਹੁੰਦਾ ਰਿਹਾ। ਇਹ ਨਜ਼ਾਰਾ ਸਾਨੂੰ ਯਾਦ ਦਿਵਾਉਂਦਾ ਸੀ ਕਿ ਅਸੀਂ ਇਸ ਵਿਸ਼ਾਲ ਬ੍ਰਹਿਮੰਡ ਵਿੱਚ ਕਿੰਨੇ ਛੋਟੇ ਹਾਂ।

ਮਾਊਂਟ ਕੁੱਕ ਪਿੰਡ ਵਿੱਚ ਹਰਮੀਟੇਜ ਹੋਟਲ ਅਰਾਮਦਾਇਕ ਰਿਹਾਇਸ਼ ਦਾ ਪੜਾਅ ਹੈ। ਇਥੇ ਹਰ ਕਿਸਮ ਦੀਆਂ ਸਹੂਲਤਾਂ ਸਨ। ਇਸ ਦੇ ਰੈਸਟੋਰੈਂਟਾਂ ਨੇ ਹਰ ਕਿਸਮ ਦੇ ਪਕਵਾਨ ਬੱਫ਼ੇ ਵਿੱਚ ਮੁਹੱਈਆ ਕਰਵਾਏ ਹੋਏ ਸਨ। ਹਰ ਭੋਜਨ ਮੂੰਹ ਵਿੱਚ ਪਾਣੀ ਲਿਆ ਰਿਹਾ ਸੀ। ਭੋਜਨ ਖਾਂਦੇ ਵੇਲ਼ੇ ਖਿੜਕੀ ਵਿੱਚੋਂ ਆਓਰਾਕੀ ਮਾਊਂਟ ਕੁੱਕ ਦਾ ਨਜ਼ਾਰਾ ਤਾਂ ਮਨੋਂ ਲਹਿੰਦਾ ਹੀ ਨਹੀਂ ਸੀ।  

ਆਓਰਾਕੀ ਮਾਊਂਟ ਕੁੱਕ ਪਿੰਡ ਅਤੇ ਆਲੇ ਦੁਆਲੇ ਦੇ ਗਲੇਸ਼ੀਅਰਾਂ ਦੀ ਸਾਡੀ ਯਾਤਰਾ ਇੱਕ ਅਭੁੱਲ ਤਜਰਬਾ ਸੀ। ਕੁਦਰਤ ਦੀਆਂ ਸ਼ਾਨਦਾਰ ਰਚਨਾਵਾਂ ਨਾਲ ਘਿਰੇ, ਅਸੀਂ ਤਾਜ਼ਗੀ ਅਤੇ ਬੁਲੰਦ ਹੌਸਲਾ ਮਹਿਸੂਸ ਕਰ ਰਹੇ ਸੀ। ਜੇ ਤੁਸੀਂ ਸਾਹਸ, ਸ਼ਾਂਤੀ ਅਤੇ ਕੁਦਰਤ ਦੀ ਸੁੰਦਰਤਾ ਦੀ ਭਾਲ ਕਰ ਰਹੇ ਹੋ, ਤਾਂ ਮੈਂ ਤੁਹਾਨੂੰ ਇਸ ਜਾਦੂਈ ਜਗ੍ਹਾ ਦੀ ਯਾਤਰਾ ਕਰਨ ਦੀ ਜ਼ੋਰਦਾਰ ਸਿਫਾਰਸ਼ ਕਰਦਾ ਹਾਂ।

ਕ੍ਰਾਈਸਟਚਰਚ ਹਵਾਈ ਅੱਡੇ ਨੂੰ ਵਾਪਸੀ ਦੌਰਾਨ ਅਸੀਂ ਥੋੜ੍ਹਾ ਵਲ਼ਾ ਪਾਕੇ ਵਾਈਟੋਹੀ ਪਿੰਡ ਪਹੁੰਚ ਗਏ। ਇਥੇ ਰਿੱਚਰਡ ਪੀਅਰਜ਼ ਦੀ ਯਾਦਗਾਰ ਹੈ। ਕਹਿੰਦੇ ਹਨ ਕਿ ਉਸ ਨੇ ਰਾਈਟ ਭਰਾਵਾਂ ਨਾਲੋਂ ਪਹਿਲਾਂ ਹਵਾਈ ਜਹਾਜ਼ ਬਣਾ ਕੇ ਉਡਾ ਲਿਆ ਸੀ। ਦੱਸਿਆ ਜਾਂਦਾ ਹੈ ਕਿ ਉਸ ਨੇ ਇਸ ਕਾਰਨਾਮੇ ਬਾਰੇ ਕੋਈ ਠੋਸ ਸਬੂਤ ਸਾਂਭ ਕੇ ਨਹੀਂ ਰੱਖਿਆ ਜਿਸ ਕਰਕੇ ਉਹ ਨਵਾਂ ਰਿਕਾਰਡ ਕਾਇਮ ਕਰਨ ਤੋਂ ਵਾਂਝਾ ਰਹਿ ਗਿਆ। ਸਿਆਣਿਆਂ ਦਾ ਕਹਿਣਾ ਹੈ ਕਿ ਇਤਿਹਾਸ ਕਾਇਮ ਕਰਨ ਨਾਲੋਂ ਵੀ ਇਤਿਹਾਸ ਸਾਂਭਣਾ ਜ਼ਿਆਦਾ ਜ਼ਰੂਰੀ ਹੁੰਦਾ ਹੈ।