Posted in ਚਰਚਾ

ਜਸਵੰਤ ਸਿੰਘ ਜ਼ਫਰ ਦੀ ਘੁਰਕੀ ਤੇ ਬੁਰਕੀ

ਜਸਦੀਪ ਦੇ ਬਲੌਗ ਉੱਤੇ ਜਸਵੰਤ ਸਿੰਘ ਜ਼ਫਰ ਦੀ ਕਵਿਤਾ ਬੁਰਕੀ ਪੜ੍ਹੀ। ਕਵਿਤਾ ਬਹੁਤ ਵਜ਼ਨਦਾਰ ਹੈ। ਹਾਲਾਕਿ ਸਿਰਲੇਖ ਦਾ ਅਨੁਵਾਦ breadcrumbs ਕੀਤਾ ਗਿਆ ਹੈ ਪਰ ਇਹ ਢੁਕਵਾਂ ਨਹੀਂ ਹੈ। ਮੂਲ ਅੰਗਰੇਜ਼ੀ ਬੋਲਣ ਵਾਲੇ ਅਜਿਹੇ ਹਾਲਾਤ ਲਈ crumbs ਤਾਂ ਵਰਤ ਸਕਦੇ ਹਨ ਪਰ breadcrumbs ਕਦੀ ਵੀ ਨਹੀਂ। ਪਰ crumbs ਤਾਂ ਰਹਿੰਦ ਖੂਹੰਦ ਹੁੰਦੀ ਹੈ ਜਿਸ ਵਿੱਚ ਬਗਾਨੇ ਪੁੱਤ ਨਹੀਂ ਫਸਦੇ।

ਕਵਿਤਾ ਬਾਰੇ ਗੱਲ ਕਰਣ ਤੋਂ ਪਹਿਲਾਂ ਇਸ ਨੂੰ ਜ਼ਰਾ ਪੜ੍ਹ ਲਈਏ:

ਬੁਰਕੀ

ਸਿਆਣੇ ਦੀ ਤਾਕਤ ਆਖਦੀ ਹੈ
ਨਹੀਂ ਸੱਚ
ਤਕੜੇ ਦੀ ਸਿਆਣਪ ਆਖਦੀ ਹੈ
ਕਿ ਦੁਸ਼ਮਣ ਨੂੰ ਕਾਹਦੇ ਲਈ ਮਾਰਨਾ ਹੈ
ਉਹਦੇ ਅੰਦਰਲੀ ਦੁਸ਼ਮਣੀ ਨੂੰ ਮਾਰੋ
ਤੇ ਦੁਸ਼ਮਣੀ ਨੂੰ ਮਾਰਨ ਲਈ ਕਿਸੇ ਤੀਰ ਦੀ
ਸ਼ਮਸ਼ੀਰ ਦੀ
ਲੋੜ ਨਹੀਂ ਹੁੰਦੀ
ਬੱਸ ਘੁਰਕੀ ਚਾਹੀਦੀ ਹੈ
ਗੱਲ ਨਾ ਬਣੇ
ਤਾਂ ਬੁਰਕੀ ਚਾਹੀਦੀ ਹੈ

ਬੁਰਕੀ ਨਾਲ
ਉੱਠੇ ਹੋਏ ਹੱਥ ਹਿੱਲਦੀ ਪੂਛ ਬਣ ਜਾਂਦੇ ਹਨ
ਬੁਰਕੀ ਨਾਲ
ਦੁਸ਼ਮਣ ਅੰਦਰੋਂ ਦੁਸ਼ਮਣੀ ਤਾਂ ਕੀ
ਹੋਰ ਵੀ ਬੜਾ ਕੁਝ ਮਾਰ ਜਾਂਦਾ ਹੈ

ਦੁਸ਼ਮਣ ਨੂੰ ਕਾਹਦੇ ਲਈ ਮਾਰਨਾ ਹੈ
ਤਕੜੇ ਦੀ ਸਿਆਣਪ ਆਖਦੀ ਹੈ

=0=

ਗੱਲ ਸੋਚਣ ਵਾਲੀ ਇਹ ਹੈ ਕਿ ਦੁਨੀਆਂ ਵਿੱਚ ਕਿੱਧਰੇ ਕੀ ਇਸ ਗੱਲ ਦੀ ਮਿਸਾਲ ਮਿਲਦੀ ਹੈ ਕਿ ਦੁਸ਼ਮਣ ਘੁਰਕੀ ਨਾਲ ਨਾ ਸਹੀ, ਬੁਰਕੀ ਨਾਲ ਮਾਰਿਆ ਗਿਆ ਹੋਵੇ। ਬਿਲਕੁਲ ਨਹੀਂ।

ਪਰ ਹਾਂ, ਇਸ ਦੀ ਮਿਸਾਲ ਭਾਰਤੀ ਪੰਜਾਬ ਵਿੱਚ ਜ਼ਰੂਰ ਮਿਲਦੀ ਹੈ ਜਿੱਥੇ 1978 ਤੋਂ ਬਾਅਦ ਸਿੱਖਾਂ ਨੂੰ ਘੁਰਕੀ ਅਤੇ ਬੁਰਕੀ ਦੋਹਾਂ ਨਾਲ ਮਾਰਿਆ ਗਿਆ ਹੈ। ਇਹ ਬੁਰਕੀ ਇਸ ਗੱਲ ਦੀ ਗਵਾਹ ਹੈ ਕਿ ਵਿਕੀਆਂ ਹੋਈਆਂ ਕੌਮਾਂ ਕਿਵੇਂ ਪਿਉ, ਪੁੱਤ ਤੇ ਭਰਾ ਮਰਵਾ ਕੇ ਖਖੜੀ-ਖਖੜੀ ਹੋ ਜਾਂਦੀਆਂ ਹਨ। ਅਜਿਹੇ ਟੁੱਕੜਬੋਚਾਂ ਲਈ ਅੰਗਰੇਜ਼ੀ  ਵਿੱਚ ਇਹ ਬੁਰਕੀ bait ਹੈ।

 

Posted in ਚਰਚਾ

ਕਬੱਡੀ ਵਾਲਾ ਸਰਵਣ ਸਿੰਘ

ਕਈ ਥਾਂਵਾਂ ਤੇ ਸਰਵਣ ਸਿੰਘ ਦੇ ਦਮਗਜੇ ਭਰੇ ਲੇਖ ਪੜ੍ਹਣ ਨੂੰ ਮਿਲਦੇ ਹਨ (ਖਾਸ ਕਰਕੇ ਐਤਵਾਰ ਦੀ ਪੰਜਾਬੀ ਟਿ੍ਬਿਊਨ) ਜਿਸ ਵਿੱਚ ਉਹ ਛਾਤੀ ਚੌੜ੍ਹੀ ਕਰਕੇ ਬੱਕਰੇ ਬੁਲਾ ਰਿਹਾ ਹੁੰਦਾ ਹੈ ਕਿ ਕਿਵੇਂ ਕਬੱਡੀ ਦੇ ਸਿਰ ਤੇ ਉਹ ਦੁਨੀਆਂ ਦੀ ਸੈਰ ਕਰਦਾ ਫਿਰਦਾ ਹੈ। ਕਦੀ ਉਹ ਕਬੱਡੀ ਦੇ ਖਿਡਾਰੀਆਂ ਦੇ ਜੁੱਸੇ ਤੇ ਕਦੀ ਜਾਫੀਆਂ ਦੀ ਗੱਲ ਕਰਦਾ ਹੈ।

ਚਲੋ ਇਕ ਗੱਲ ਤਾਂ ਹੈ ਕਿ ਸਰਵਣ ਸਿੰਘ ਦੇ ਨਿਜ ਸੁਆਰਥ ਨੂੰ ਤਾਂ ਚੰਗੀਆਂ ਕੁਤਕਤਾੜੀਆਂ ਨਿਕਲ ਰਹੀਆਂ ਹਨ, ਪਰ ਪੰਜਾਬ ਦਾ ਖੇਡਾਂ ਦਾ ਪੈਮਾਨਾ ਕੀ ਕਹਿ ਰਿਹਾ ਹੈ? ਮੇਰੀ ਜਾਪੇ ਤਾਂ ਇਹ ਕਬੱਡੀ ਤਾਂ ਕੁੱਕੜ ਭਿੜਾਉਣ ਦੇ ਪੱਧਰ ਤੋਂ ਕੋਈ ਜ਼ਿਆਦਾ ਉੱਚੀ ਨਹੀਂ ਹੈ।

ਪੱਛਮ ਵਿੱਚ ਰਹਿਣ ਵਾਲੇ ਲੋਕਾਂ ਨੂੰ ਪਤਾ ਹੈ ਕਿ ਖਿਡਾਰੀ ਆਮ ਤੌਰ ਤੇ ਦੋ-ਦੋ ਖੇਡਾਂ ਖੇਡਦੇ ਹਨ। ਇਕ ਗਰਮੀਆਂ ਵਾਲੀ ਤੇ ਇਕ ਸਰਦੀਆਂ ਵਾਲੀ। ਕਹਿਣ ਦਾ ਭਾਵ ਇਹ ਕਿ ਜੇ ਸਰੀਰ ਵਿੱਚ ਦੱਮ ਹੈ ਤਾਂ ਕੁਝ ਵੀ ਖੇਡ ਲਵੋ ਕਿਸੇ ਵੀ ਮੌਸਮ ਵਿੱਚ। ਸਰਵਣ ਸਿੰਘ ਦੇ ਫਿੱਡੂ-ਸ਼ਿੱਡੂ ਜੇ ਏਡੇ ਹੀ ਤਕੜੇ ਹਨ ਤਾਂ ਘੁਲ਼ ਕੇ ਹੀ ਵਖਾ ਦੇਣ ਜਾਂ ਫਿਰ ਜੂਡੋ ਦੇ ਹੀ ਕਰਤਬ ਵਖਾ ਦੇਣ। ਝੂਠੀ ਜਿਹੀ ਕਬੱਡੀ ਦਾ ਝੂਠਾ ਭਾਂਡਾ ਇਸ ਕਰ ਕੇ ਨਹੀਂ ਭੱਜ ਰਿਹਾ ਕਿਉਂਕਿ ਬਗਾਨੇ ਪੁੱਤਾਂ ਨਾਲ ਵਾਹ ਨਹੀਂ ਪੈਂਦਾ ਤੇ ਝੂਠੀ ਜਿਹੀ ਕਬੱਡੀ ਖੇਡ ਖੇਡ ਕਿ ਆਪਣੇ ਘਰ “ਟਰਾਫੀਆਂ” ਨਾਲ ਭਰੇ ਜਾ ਰਹੇ ਹਨ।

ਪਰ ਜੇ ਇਸ ਝੂਠੀ ਕਬੱਡੀ ਦਾ ਜੁੱਸਾ ਵਾਕਿਆ ਹੀ ਏਡਾ ਤਕੜਾ ਹੈ ਤਾਂ ਹੈ ਕੋਈ ਮਾਈ ਦਾ ਲਾਲ ਜੋ ਕੁਸ਼ਤੀ ਵਰਗੀ ਖੇਡ ਨੂੰ ਹੱਥ ਪਾਵੇ। ਤੇ ਨਾਲੇ ਕਿਸੇ ਅਸਲੀ ਮੁਕਾਬਲੇ ਜਿਵੇਂ ਓਲੰਪਿਕ ਜਾਂ ਕਿਸੇ ਸੰਸਾਰ ਪੱਧਰ ਦੇ ਮੁਕਾਬਲੇ ਵਿੱਚ ਕੋਈ ਤਗ਼ਮਾ ਜਿੱਤੇ? ਮੈਂ ਕੋਈ ਨਵੀਂ ਗੱਲ ਨਹੀਂ ਕੀਤੀ ਹੈ, ਬਚਪਨ ਵਿੱਚ ਮੈਂ ਜੋ ਪੰਜਾਬ ਵਿੱਚ ਕੁਸ਼ਤੀ ਦੇ ਅਖਾੜੇ ਵੇਖੇ ਸਨ ਉੱਥੇ ਹੁਣ ਸੰਘ ਪਰਿਵਾਰ ਦੇ ਅਖਾੜੇ ਚੱਲਦੇ ਹਨ ਤੇ ਪੁਰਾਣੇ ਵਕ਼ਤ ਵਿੱਚ ਉੱਥੇ ਕੁਸ਼ਤੀਆਂ ਲੜਣ ਵਾਲਿਆਂ ਦੇ ਵਾਰਸ ਝੂਠੀ ਜਿਹੀ ਕਬੱਡੀ ਦੀਆਂ ਕੁੱਕੜ ਭਿੜਾਉਣੀਆਂ ਕਰ ਰਹੇ ਹਨ ਤੇ ਕਲਮ ਨਾਲ ਗੁਲਾਬੀ ਜਿਹੀਆਂ ਲਕੀਰਾਂ ਮਾਰ ਰਹੇ ਹਨ।