Posted in ਇਤਿਹਾਸ, ਚਰਚਾ, ਯਾਤਰਾ, ਸਭਿਆਚਾਰ

ਥਾਈਲੈਂਡ: ਜਿੱਥੇ ਵਕ਼ਤ ਠਹਿਰਦਾ ਹੈ

ਜਦੋਂ ਮੈਂ ਛੋਟਾ ਸੀ, ਤਾਂ ਸਫ਼ਰਨਾਮੇ ਸਿਰਫ਼ ਲੰਮੇ ਪਾਠ ਦੇ ਰੂਪ ਵਿੱਚ ਹੁੰਦੇ ਸਨ। ਲੰਮੇ, ਬਿਨਾਂ ਕਾਹਲੀ ਵਾਲੇ ਵੇਰਵੇ ਜਿਨ੍ਹਾਂ ਵਿੱਚ ਕਿਤਾਬਾਂ ਦੇ ਵਿਚਕਾਰ ਕਿਤੇ ਕੁਝ ਤਾਵੀਰਾਂ ਵਾਲੇ ਸਫ਼ੇ ਵੀ ਹੁੰਦੇ ਸਨ, ਜਿਵੇਂ ਕਿ ਅੱਖਾਂ ਨੂੰ ਆਰਾਮ ਦੇਣ ਲਈ ਹੋਣ। ਤੁਸੀਂ ਪਹਿਲਾਂ ਵਾਰਤਕ ਰਾਹੀਂ ਸਫ਼ਰ ਕਰਦੇ ਸੀ, ਨਾ ਕਿ ਤਸਵੀਰਾਂ ਰਾਹੀਂ। ਹੁਣ, ਦੁਨੀਆ ਉਹਨਾਂ ਤਸਵੀਰਾਂ ਨੂੰ ਤਰਜੀਹ ਦਿੰਦੀ ਹੈ ਜੋ ਵਿਚਾਰ ਬਣਨ ਤੋਂ ਪਹਿਲਾਂ ਹੀ ਚਮਕਦੀਆਂ ਹਨ ਅਤੇ ਅਲੋਪ ਹੋ ਜਾਂਦੀਆਂ ਹਨ। ਪਰ ਪਿਛਲੇ ਮਹੀਨੇ ਥਾਈਲੈਂਡ ਦੀ ਗਰਮੀ ਅਤੇ ਤਾਲ ਦੇ ਵਿਚਕਾਰ ਖੜ੍ਹੇ ਹੋ ਕੇ, ਮੈਂ ਉਹ ਪੁਰਾਣੀ ਤਾਲ ਵਾਪਸ ਮਹਿਸੂਸ ਕੀਤੀ। ਵੇਖਣ, ਸੁਣਨ, ਅਤੇ ਕਿਸੇ ਜਗ੍ਹਾ ਨੂੰ ਸ਼ਬਦ-ਦਰ-ਸ਼ਬਦ ਆਪਣੇ ਆਪ ਨੂੰ ਪ੍ਰਗਟ ਕਰਨ ਦੇਣ ਦੀ ਉਹ ਸਹਿਜ ਤਾਂਘ।

ਬੈਂਕਾਕ ਤੋਂ ਕੁਝ ਘੰਟੇ ਉੱਤਰ ਵੱਲ, ਅਯੁੱਥਿਆ ਦੇ ਖੰਡਰ ਮੈਦਾਨਾਂ ਵਿੱਚੋਂ ਇੱਕ ਅਜਿਹੇ ਸਾਮਰਾਜ ਦੇ ਅਕਸ ਉੱਠੇ ਜੋ ਅਲੋਪ ਹੋਣ ਤੋਂ ਇਨਕਾਰ ਕਰ ਰਹੇ ਸਨ। ਭਗਵੇਂ ਕੱਪੜਿਆਂ ਵਿੱਚ ਬੋਧੀ ਫ਼ਕੀਰ, ਦਰੱਖਤਾਂ ਦੀਆਂ ਜੜ੍ਹਾਂ ਨਾਲ ਘਿਰੇ ਬੁੱਧ ਦੇ ਪੁਰਾਣੇ ਸਿਰ ਦੇ ਕੋਲੋਂ ਲੰਘਦੇ ਹਨ; ਸਾਬਤ ਅਤੇ ਖੰਡਰ ਇੱਕੋ ਹੀ ਸ਼ਾਂਤ ਹਵਾ ਸਾਂਝੀ ਕਰ ਰਹੇ ਸਨ। ਉੱਥੋਂ ਅਗਲੇ ਦਿਨ ਕੰਚਨਾਬੂਰੀ ਤੱਕ, ਕਹਾਣੀ ਦਾ ਲਹਿਜਾ ਬਦਲਿਆ ਪਰ ਯਾਦਾਂ ਨਹੀਂ ਬਦਲੀਆਂ।

ਵਾਤ ਫੂ ਖਾਓ ਥੌਂਗ – ਅਯੁੱਥਿਆ, ਥਾਈਲੈਂਡ

ਕਵਾਏ ਨਦੀ ਦੇ ਉੱਪਰ ਬਣਿਆ ਪੁਲ ਵਕ਼ਤ ਦੁਆਰਾ ਨਰਮ ਕੀਤੇ ਗਏ ਜ਼ਖ਼ਮ ਵਾਂਗ ਫੈਲਿਆ ਹੋਇਆ ਸੀ; ਰੇਲਗੱਡੀਆਂ ਵਿਸਰੇ ਪਲਾਂ ਨੂੰ ਨਾਲ ਲੈ ਕੇ ਖੜ-ਖੜ ਕਰਦੀਆਂ ਹੋਈਆਂ ਪਾਰ ਹੋ ਰਹੀਆਂ ਸਨ। ਇੰਞ ਲੱਗ ਰਿਹਾ ਸੀ ਜਿਵੇਂ ਇਹਨਾਂ ਆਪਣੀ ਦਿਲ ਦੀ ਧੜਕਣ ਦੀ ਆਵਾਜ਼ ਨਾਲ ਜਿਉਣਾ ਸਿੱਖ ਲਿਆ ਹੋਵੇ। ਇਤਿਹਾਸਕ ਥਾਕਸੇ ਪੁਲ ‘ਤੇ ਇੱਕ ਸੈਰ, ਫਿਰ ਹਾਥੀ ਗਾਹ ਜਿੱਥੇ ਹਲੀਮੀ ਮਹਿਸੂਸ ਕੀਤੀ। ਅਗਲਾ ਪੜਾਅ ਸਾਈ ਯੋਕ ਨੋਈ ਝਰਨਾ, ਜਿੱਥੇ ਗੰਭੀਰਤਾ ਦੀ ਥਾਂ ਹਾਸੇ ਨੇ ਲੈ ਲਈ। ਦੁਪਹਿਰ ਦਾ ਖਾਣਾ ਇੱਕ ਰਾਫਟ ਹਾਊਸ ‘ਤੇ ਅਤੇ ਬਾਅਦ ਵਿੱਚ ਦਰਿਆ ਵਿੱਚ ਬਾਂਸਾਂ ਦੇ ਤੁੱਲ੍ਹੇ ਤੇ ਲੰਮਾ ਸਫ਼ਰ ਜਿਵੇਂ ਕਿ ਦਰਿਆ ਨਾਲ ਕੋਈ ਸ਼ਰਤ ਲਾਈ ਹੋਵੇ।

ਘਰ ਪਰਤਨ ਤੋਂ ਪਹਿਲਾਂ ਵੀਅਤਨਾਮ ਯਾਤਰਾ ਤੋਂ ਬਾਅਦ, ਕੁਝ ਦਿਨ ਮੁੜ ਬੈਂਕਾਕ ਵੇਖਣ ਲਈ ਮਿਲੇ। ਮੈਂ ਇਹ ਮੌਕਾ ਬੈਂਕਾਕ ਦੀ ਮੈਟਰੋ ਬਲੂ ਲਾਈਨ ਗਾਹਣ ਲਈ ਵਰਤਿਆ। ਸ਼ਹਿਰ ਆਪਣੇ ਸਮਾਰਕਾਂ ਰਾਹੀਂ ਨਹੀਂ, ਸਗੋਂ ਮੇਰੇ ਤੁਰਨ ਦੇ ਨਾਲ-ਨਾਲ ਹਾਵ-ਭਾਵ ਰਾਹੀਂ ਪ੍ਰਗਟ ਹੋਇਆ: ਚਾਈਨਾਟਾਊਨ ਦੀ ਸੰਘਣੀ ਅਤੇ ਅਜੀਬ ਖ਼ੁਸ਼ਬੋ ਵਾਲੀ ਹਫੜਾ-ਦਫੜੀ, ਤਾਲਤ ਨੋਈ ਦੀਆਂ ਰੰਗੀਆਂ ਹੋਈਆਂ ਗਲੀਆਂ ਜਿੱਥੇ ਕਲਾਕਾਰੀ ਜੰਗਾਲੇ ਦਰਵਾਜ਼ਿਆਂ ‘ਤੇ ਘੁੰਮਦੀ ਸੀ, ਫਰਾ ਰਾਮ 9 ਦੇ ਨੇੜੇ ਮਾਲਾਂ ਦੀ ਉੱਚੀ ਚਮਕ। ਉਸ ਤਰ੍ਹਾਂ ਘੁੰਮਦਾ ਫਿਰਦਾ ਮੈਂ ਗ੍ਰੈਂਡ ਪੈਲੇਸ ਵਿੱਚ ਪਹੁੰਚ ਗਿਆ, ਜਿੱਥੇ ਲੋਕ ਸਮਾਰਕ ਘੱਟ ਵੇਖ ਰਹੇ ਸਨ ਅਤੇ ਤਸਵੀਰਾਂ ਜ਼ਿਆਦਾ ਖਿੱਚ ਰਹੇ ਸਨ। ਚਮਕਦਾਰ ਅਜੀਬ ਤੌਰ ‘ਤੇ ਮਨ ਨੂੰ ਪ੍ਰਭਾਵਿਤ ਕਰਨ ਵਾਲਾ। ਅਤੇ ਫਿਰ ਰਾਣੀ ਸਿਰੀਕਿਤ ਦੇ ਨਾਂ ਤੇ ਰੱਖੇ ਹੋਏ ਕੱਪੜਿਆਂ ਦਾ ਜ਼ਾਇਬ ਘਰ। ਇੱਕ ਕੀਮਤੀ ਖਜ਼ਾਨਾ ਜਿੱਥੇ ਸ਼ਾਹੀ ਇਤਿਹਾਸ ਦੇ ਧਾਗੇ ਇੱਕ ਬੇਚੈਨ ਯੁੱਗ ਵਿੱਚ ਧੀਰਜ ਅਤੇ ਹੱਥੀਂ ਕੰਮ ਦੀ ਗੱਲ ਕਰਦੇ ਸਨ।

ਥਾਈਲੈਂਡ ਕਦੇ ਵੀ ਕਾਹਲੀ ਵਿੱਚ ਮਹਿਸੂਸ ਨਹੀਂ ਹੁੰਦਾ; ਇਹ ਬਸ ਆਪਣੀ ਹੀ ਤਾਲ ‘ਤੇ ਚਲਦਾ ਹੈ। ਪੁਰਾਣਾ ਫਿਰ ਵੀ ਆਪਣੀ ਅਜੋਕੀ ਤਰੱਕੀ ਤੇ ਮੁਸਕਰਾਉਂਦਾ ਹੋਇਆ। ਇਹ ਤੁਹਾਨੂੰ ਭਟਕਣ, ਘੁੱਟ ਭਰਨ, ਅਤੇ ਥੋੜ੍ਹਾ ਹੋਰ ਦੇਰ ਤੱਕ ਘੂਰਨ ਲਈ ਸੱਦਾ ਦਿੰਦਾ ਹੈ। ਹਰ ਖੰਡਰ, ਹਰ ਬਾਜ਼ਾਰ ਦੀ ਹਰ ਦੁਕਾਨ, ਭੀੜ ਵਾਲੀ ਮੈਟਰੋ ਗੱਡੀ ‘ਤੇ ਹਰ ਸਫ਼ਰ, ਗਤੀ ਦਾ ਇੱਕ ਛੋਟਾ ਜਿਹਾ ਵਿਰੋਧ ਹੈ। ਅਤੇ ਜਦੋਂ ਮੈਂ ਬਾਅਦ ਵਿੱਚ ਸਭ ਲਿਖਣ ਲਈ ਬੈਠਾ ਤਾਂ ਸੈਂਕੜੇ ਤਸਵੀਰਾਂ ਵਿੱਚੋਂ ਇੱਥੇ ਜੜਣ ਲਈ ਇੱਕ ਤਸਵੀਰ ਦੀ ਚੋਣ। ਸਿਰਫ਼ ਇੱਕ, ਸੰਕੇਤ ਵਜੋਂ ਜੋ ਇਹ ਅਹਿਸਾਸ ਕਰਾਵੇ ਕਿ ਕੁਝ ਯਾਤਰਾਵਾਂ ਅਜੇ ਵੀ ਵਖਾਏ ਜਾਣ ਦੀ ਬਜਾਏ ਲਿਖੇ ਜਾਣ ਲਈ ਕਹਿੰਦੀਆਂ ਹਨ।

ਅਗਲੀ ਵਾਰ: ਵੀਅਤਨਾਮ: ਸੁਰੰਗਾਂ, ਨਦੀਆਂ, ਗਤੀਸ਼ੀਲ ਅਤੇ ਸਹਿਣਸ਼ੀਲ ਮੁਲਕ ਦੀ ਯਾਤਰਾ।