Posted in ਚਰਚਾ, ਵਿਚਾਰ

ਵੇਲ਼ੇ ਵੇਲ਼ੇ ਦੀ ਗੱਲ

ਮੈਨੂੰ ਯਾਦ ਹੈ ਕਿ ਬਚਪਨ ਵਿੱਚ ਮੇਰੇ ਪਿਤਾ ਜੀ ਨੇ ਇੱਕ ਵਾਰ ਮੈਨੂੰ ਬੰਗਾਲੀ ਸਾਹਿਤ ਦੀ ਕਹਾਣੀ ਬਾਰੇ ਦੱਸਿਆ।

ਇਸ ਕਹਾਣੀ ਵਿੱਚ ਇੱਕ ਮੁਸਾਫ਼ਰ ਰੇਲਵੇ ਸਟੇਸ਼ਨ ਦੇ ਸਟਾਲ ਤੋਂ ਪੜ੍ਹਨ ਲਈ ਨਾਵਲ ਕਿਰਾਏ ਤੇ ਲੈਂਦਾ ਹੈ ਜੋ ਕਿ ਉਸਨੇ ਉਸੇ ਸਟੇਸ਼ਨ ਤੇ ਵਾਪਸ ਕਰਨਾ ਸੀ। ਆਪਣੇ ਸਫਰ ਦੇ ਦੌਰਾਨ ਉਹ ਆਦਮੀ ਨਾਵਲ ਪੜ੍ਹਦਾ ਹੈ ਤੇ ਅਖੀਰ ਦੇ ਉੱਤੇ ਜਦੋਂ ਦਿਲਚਸਪ ਮੋੜ ਤੇ ਗੱਲ ਪਹੁੰਚਦੀ ਹੈ ਤਾਂ ਉਹ ਕੀ ਵੇਖਦਾ ਹੈ ਕਿ ਨਾਵਲ ਦਾ ਅਖੀਰਲਾ ਸਫ਼ਾ ਪਾੜਿਆ ਹੋਇਆ ਹੈ।

ਉਸ ਮੁਸਾਫ਼ਰ ਨੂੰ ਡਾਢਾ ਦੁੱਖ ਹੁੰਦਾ ਹੈ ਤੇ ਉਸੇ ਤਰ੍ਹਾਂ ਨਾਵਲ ਬੁੱਕ ਸਟਾਲ ਵਾਲੇ ਨੂੰ ਦੇ ਦਿੰਦਾ ਹੈ। ਪਰ ਉਸ ਦੀ ਜਿਗਿਆਸਾ ਮਰਦੀ ਨਹੀਂ। ਉਹ ਕਿਸੇ ਕਿਤਾਬਾਂ ਵਾਲੀ ਦੁਕਾਨ ਤੇ ਜਾ ਕੇ ਉਹੀ ਨਾਵਲ ਖਰੀਦ ਲੈਂਦਾ ਹੈ ਅਤੇ ਦਿਲਚਸਪੀ ਕਾਇਮ ਰੱਖਣ ਲਈ ਉਹ ਸਾਰਾ ਨਾਵਲ ਦੁਬਾਰਾ ਪੜ੍ਹਦਾ ਹੈ। ਜਦ ਉਹ ਨਾਵਲ ਮੁਕਾ ਲੈਂਦਾ ਹੈ ਤਾਂ ਉਹ ਹੋਰ ਵੀ ਮਾਯੂਸ ਹੋ ਜਾਂਦਾ ਹੈ ਕਿ ਕਿਵੇਂ ਲੇਖਕ ਨੇ ਦਿਲਚਸਪ ਮੋੜ ਤੇ ਲਿਆ ਕੇ ਗੱਲ ਗਵਾ ਦਿੱਤੀ। ਉਸ ਨੂੰ ਲੱਗਿਆ ਕਿ ਜਿਸ ਨੇ ਉਸ ਰੇਲਵੇ ਸਟੇਸ਼ਨ ਦੇ ਸਟਾਲ ਤੋਂ ਨਾਵਲ ਲੈ ਕੇ ਪੜ੍ਹਨ ਤੋਂ ਬਾਅਦ ਉਸ ਦਾ ਆਖਰੀ ਸਫ਼ਾ ਪਾੜ ਦਿੱਤਾ ਹੋਣਾ ਹੈ ਉਸ ਨੇ ਠੀਕ ਹੀ ਕੀਤਾ। 

ਇਸੇ ਸਿਲਸਿਲੇ ਦੇ ਵਿੱਚ ਮੈਂ ਇੱਕ ਹੱਡ ਬੀਤੀ ਸਾਂਝੀ ਕਰਨਾ ਚਾਹਵਾਂਗਾ। 23 ਕੁ ਸਾਲ ਪਹਿਲਾਂ ਜਦੋਂ ਮੈਂ ਨਿਊਜ਼ੀਲੈਂਡ ਦਾ ਵਸਨੀਕ ਬਣਿਆ ਤਾਂ ਉਦੋਂ ਮੈਂ ਆਪਣਾ ਕਾਰ ਦਾ ਵਾਹਨ ਲਸੰਸ ਤਾਂ ਪਲਟਾ ਲਿਆ ਪਰ ਮੋਟਰ ਸਾਈਕਲ ਦਾ ਇਹ ਸੋਚ ਕੇ ਨਹੀਂ ਪਲਟਵਾਇਆ ਕਿ ਚਲੋ ਇਥੇ ਕਿਹੜਾ ਕਦੀ ਮੋਟਰ ਸਾਈਕਲ ਚਲਾਉਣਾ ਹੈ।

Photo by Giorgio de Angelis on Pexels.com

ਪਰ ਬੀਤੇ ਸਾਲ ਦਿਲ ਦੇ ਵਿੱਚ ਚਾਅ ਜਿਹਾ ਉਠਿਆ ਕਿ ਕਿਉਂ ਨਾ ਮੋਟਰ ਸਾਈਕਲ ਲੈ ਕੇ ਤੇ ਉਹਦਾ ਲਸੰਸ ਵੀ ਬਣਵਾਇਆ ਜਾਵੇ। ਪਿਛਲਾ ਪੂਰਾ ਸਾਲ ਇਥੋਂ ਦੀ ਪ੍ਰਣਾਲੀ ਮੁਤਾਬਕ ਨਵੇਂ ਸਿਰਿਓਂ ਲਸੰਸ ਦੀ ਕਾਰਵਾਈ ਪੂਰੀ ਕੀਤੀ। ਪਹਿਲਾਂ ਸਿਖਾਂਦਰੂ ਫਿਰ ਸੀਮਤ ਤੇ ਫਿਰ ਪੱਕਾ ਲਸੰਸ। ਪਰ ਇਹ ਸਭ ਕੁਝ ਹਾਸਲ ਕਰਕੇ ਹੁਣ ਇਹ ਮਹਿਸੂਸ ਕਰ ਰਿਹਾ ਹਾਂ ਕਿ ਆਪਣੇ ਕਾਲਜ-ਯੂਨੀਵਰਸਿਟੀ ਦੇ ਦਿਨਾਂ ਵਾਂਙ ਖੁੱਲੀਆਂ ਹਵਾਵਾਂ ਮਾਣਦੇ ਹੋਏ ਜਿਸ ਤਰ੍ਹਾਂ ਮੋਟਰ ਸਾਈਕਲ ਦੀ ਸਵਾਰੀ ਦੇ ਮਜ਼ੇ ਲਏ ਸੀ ਕੀ ਉਹ ਮਜ਼ੇ ਅੱਜ ਵੀ ਉਸੇ ਤਰ੍ਹਾਂ ਆਉਂਦੇ ਹਨ? ਖ਼ਾਸ ਕਰਕੇ ਜਦ ਇਥੋਂ ਦੇ ਮੋਟਰ ਸਾਈਕਲ ਵਾਲੇ ਕਪੜੇ ਪਾਉਣ-ਲਾਹੁਣ ਲਈ ਅੱਧਾ ਘੰਟਾ ਲੱਗਦਾ ਹੈ ਤੇ ਰਸਤੇ ਵਿੱਚ ਜਦ ਕਿਤੇ ਪਿਸ਼ਾਬ ਕਰਨਾ ਪਵੇ ਤਾਂ ਖੱਜਲ-ਖੁਆਰੀ ਵੱਖਰੀ। 

ਤੁਹਾਡਾ ਕੀ ਵਿਚਾਰ ਹੈ?

Posted in ਚਰਚਾ, ਵਾਰਤਕ, ਸਾਹਿਤ

ਮੰਗਤ ਰਾਏ ਭਾਰਦ੍ਵਾਜ – ਸਾਰੇ ਲੇਖ

ਮੰਗਤ ਰਾਏ ਭਾਰਦ੍ਵਾਜ, ਭਾਸ਼ਾ ਵਿਗਿਆਨ ਦੇ ਮਾਹਿਰ ਹਨ ਅਤੇ ਪੰਜਾਬੀ ਭਾਸ਼ਾ ਅਤੇ ਬੋਲੀ ਉੱਤੇ ਕਈ ਕਿਤਾਬਾਂ ਲਿਖ ਚੁੱਕੇ ਹਨ ਜਿੰਨ੍ਹਾਂ ਵਿੱਚ ਉਨ੍ਹਾਂ ਨੇ ਖ਼ਾਸ ਤੌਰ ਤੇ ਪੰਜਾਬੀ ਉਚਾਰਣ ਅਤੇ ਲਿਪੀ ਦੇ ਉੱਤੇ ਬਹੁਤ ਜ਼ੋਰ ਦਿੱਤਾ ਹੈ। ਭਾਰਦ੍ਵਾਜ ਜੀ ਦੀਆਂ ਇਹ ਕਿਤਾਬਾਂ ਪੀ.ਡੀ.ਐਫ. ਰੂਪ ਵਿੱਚ ਇੱਥੇ ਤੁਹਾਨੂੰ ਜੁਗਸੰਧੀ ਤੇ ਹਾਸਲ ਹਨ। ਪਿੱਛੇ ਜਿਹੇ ਉਨ੍ਹਾਂ ਨੇ ਸ਼ਾਹਮੁਖੀ ਲਿਪੀ ਦਾ ਗਿਆਨ ਰੱਖਣ ਵਾਲਿਆਂ ਲਈ ਗੁਰਮੁਖੀ ਸਿੱਖਣ ਵਾਸਤੇ ਵੀ ਕਿਤਾਬ ਲਿਖੀ ਜੋ ਕਿ ਤੁਹਾਨੂੰ ਜੁਗਸੰਧੀ ਤੇ ਹਾਸਲ ਹੈ।

ਮੰਗਤ ਰਾਏ ਭਾਰਦ੍ਵਾਜ ਹੋਰਾਂ ਨੇ ਭਾਸ਼ਾ ਵਿਗਿਆਨ ਦੇ ਵਿਸ਼ੇ ਤੇ ਮਾਨਚੈਸਟਰ ਯੂਨੀਵਰਸਿਟੀ ਤੋਂ ਡਾਕਟਰੇਟ ਕੀਤੀ ਹੋਈ ਹੈ। ਉਨ੍ਹਾਂ ਨੇ ਬੀਤੇ ਦਿਨੀਂ ਮੇਰੇ ਨਾਲ ਫ਼ੋਨ ਤੇ ਗੱਲ ਬਾਤ ਕਰਨ ਤੋਂ ਬਾਅਦ ਆਪਣੇ ਸਾਰੇ ਲੇਖ ਭੇਜ ਦਿੱਤੇ ਤਾਂ ਜੋ ਉਹ ਜੁਗਸੰਧੀ ਰਾਹੀਂ ਸਾਰੀ ਦੁਨੀਆਂ ਵਿੱਚ ਪਾਠਕਾਂ ਨੂੰ ਪੜ੍ਹਣ ਲਈ ਮਿਲ ਸਕਨ। ਇਨ੍ਹਾਂ ਲੇਖਾਂ ਨੂੰ ਮੈਂ ਜੁਗਸੰਧੀ ਤੇ ਪਾਉਣ ਵਿੱਚ ਬਹੁਤ ਖੁਸ਼ੀ ਮਹਿਸੂਸ ਕਰ ਰਿਹਾ ਹਾਂ। ਭਾਸ਼ਾ ਵਿਗਿਆਨ ਦੇ ਇਨ੍ਹਾਂ ਲੇਖਾਂ ਵਿੱਚ ਜੇ ਕਿਤੇ ਕੋਈ ਰਾਜਸੀ, ਧਾਰਮਕ, ਜਾਂ ਸਮਾਜਕ ਟਿੱਪਣੀ ਹੈ ਤਾਂ ਉਸ ਦੀ ਜ਼ਿੰਮੇਵਾਰੀ ਭਾਰਦ੍ਵਾਜ ਜੀ ਦੀ ਆਪਣੀ ਹੈ।

ਲੇਖ ਪੜ੍ਹਨ ਲਈ ਸਿਰਲੇਖ ਤੇ ਕਲਿੱਕ ਕਰੋ:

ਸੰਰਚਨਾਵਾਦ ਦਾ ਭਾਸ਼ਾਵਿਗਿਆਨਕ ਆਧਾਰ
ਪੰਜਾਬੀ ਭਾਸ਼ਾ ਵਿਗਿਆਨ ਜਾਂ ਭਾਸ਼ਾ ਅਗਿਆਨ?
ਪੰਜਾਬੀ ਬੋਲੀ ਦੇ ਕੁਦਰਤੀ ਸੁਰ ਤਾਲ
ਮਹਾਨ ਭਾਸ਼ਾ ਵਿਗਿਆਨੀ ਭਰਤ੍ਰਹਰੀ
ਲਿਪੀ ਉਹਲੇ ਫ਼ਿਰਕਾਪ੍ਰਸਤੀ
ਪੰਜਾਬੀ ਬੋਲੀ ਦਾ “ਸੱਤਿਆਨਾਸ” ਅਤੇ ਬੋਲੀ ਦੇ ਰਾਖੇ

Posted in ਚਰਚਾ, ਯਾਦਾਂ

ਇੰਟਰਨੈਟ ਤੋਂ ਆਹਮੋ-ਸਾਹਮਣੀਂ 

ਬੀਤੇ ਦਿਨੀਂ ਮੈਨੂੰ ਦੁਨੀਆਂ ਦੇ ਦੁਆਲੇ ਚੱਕਰ ਕੱਟਣ ਦਾ ਮੌਕਾ ਲੱਗਾ। ਇਸ ਯਾਤਰਾ ਦੌਰਾਨ ਮੈਨੂੰ ਕਨੇਡਾ ਦੇ ਸ਼ਹਿਰ ਟਰਾਂਟੋ, ਇੰਗਲੈਂਡ ਦੇ ਸ਼ਹਿਰ ਲੰਡਨ ਅਤੇ ਫਰਾਂਸ ਦਾ ਸ਼ਹਿਰ ਪੈਰਿਸ ਤੋਂ ਇਲਾਵਾ ਸਵਿਟਜ਼ਰਲੈਂਡ ਦੇ ਸ਼ਹਿਰ ਜ਼ੂਰਿਖ਼ ਅਤੇ ਇਸ ਮੁਲਕ ਦੇ ਅੰਦਰੂਨੀ ਇਲਾਕਿਆਂ ਵਿੱਚ ਘੁੰਮਣ ਦਾ ਮੌਕਾ ਵੀ ਲੱਗਿਆ। 

ਅੱਜ ਇਸ ਬਲੌਗ ਦੇ ਵਿੱਚ ਮੈਂ ਸਫ਼ਰਨਾਮੇ ਬਾਰੇ ਤਾਂ ਕੋਈ ਗੱਲ ਨਹੀਂ ਕਰਾਂਗਾ ਪਰ ਇਨਸਾਨੀ ਰਿਸ਼ਤਿਆਂ ਦੀ ਗੱਲ ਜ਼ਰੂਰ ਕਰਾਂਗਾ। ਸਫ਼ਰ ਦੀਆਂ ਗੱਲਾਂ ਸ਼ਾਇਦ ਅਗਲੇ ਬਲੌਗ ਦੇ ਵਿੱਚ ਕਰਾਂ।  

ਇਹ ਗੱਲ ਤਿੰਨ ਕੁ ਸਾਲ ਪਹਿਲਾਂ ਦੀ ਹੈ ਜਦੋਂ ਕੋਵਿਡ ਕਰਕੇ ਦੁਨੀਆਂ ਵਿੱਚ ਹਰ ਥਾਂ ਲੋਕ ਘਰੋ-ਘਰੀ ਡੱਕੇ ਗਏ ਸਨ। ਉਹਨਾਂ ਦਿਨਾਂ ਦੇ ਵਿੱਚ ਮੈਂ ਪੰਜਾਬੀ ਭਾਸ਼ਾ ਬਾਰੇ ਫ਼ਿਕਰ ਕਰਨ ਵਾਲੇ ਇੰਟਰਨੈਟ ਮੰਚਾਂ ਦੇ ਉੱਤੇ ਕਾਫੀ ਸਰਗਰਮ ਸੀ ਅਤੇ ਅਜਿਹੇ ਹੀ ਇੱਕ ਮੰਚ ਦੇ ਉੱਤੇ ਮੇਰਾ ਮਿਲਾਪ ਸਰਦਾਰ ਅਰਵਿੰਦਰ ਸਿੰਘ ਸਿਰ੍ਹਾ ਦੇ ਨਾਲ ਹੋਇਆ ਜੋ ਕਿ ਇੰਗਲੈਂਡ ਦੇ ਲੀਡਸ ਸ਼ਹਿਰ ਤੋਂ ਸਨ। ਉਹ ਵੀ ਪੰਜਾਬੀ ਭਾਸ਼ਾ ਨੂੰ ਲੈ ਕੇ ਵੱਖ-ਵੱਖ ਮੰਚਾਂ ਦੇ ਉੱਤੇ ਭਾਵੇਂ ਫੇਸਬੁੱਕ ਹੋਵੇ ਜਾਂ ਕੋਈ ਹੋਰ ਕਾਫੀ ਸਰਗਰਮ ਰਹਿੰਦੇ ਹਨ। ਲਿਖਦੇ ਵੀ ਰਹਿੰਦੇ ਹਨ, ਆਪਣੀਆਂ ਟਿੱਪਣੀਆਂ ਵੀ ਕਰਦੇ ਰਹਿੰਦੇ ਹਨ ਅਤੇ ਜੇ ਲੋੜ ਪਵੇ ਤਾਂ ਫੋਨ ਚੁੱਕ ਕੇ ਦੁਨੀਆਂ ਭਰ ਦੇ ਵਿੱਚ ਫੋਨ ਵੀ ਘੁਮਾ ਦਿੰਦੇ ਹਨ। 

ਇਸ ਯਾਤਰਾ ਦੀਆਂ ਜਦੋਂ ਮੈਂ ਟਿਕਟਾਂ ਬੁੱਕ ਕਰਾਈਆਂ ਤਾਂ ਸਬੱਬੀ ਉਹਨਾਂ ਨਾਲ ਵੀ ਗੱਲ ਕੀਤੀ ਕਿ ਮੈਂ ਤੁਹਾਡੇ ਮੁਲਕ ਦੀ ਰਾਜਧਾਨੀ ਲੰਡਨ ਘੁੰਮਣ ਲਈ ਆ ਰਿਹਾ ਹਾਂ। ਉਹਨਾਂ ਨੂੰ ਚਾਅ ਚੜ੍ਹ ਗਿਆ ਅਤੇ ਸਰਦਾਰ ਅਰਵਿੰਦਰ ਸਿੰਘ ਸਿਰ੍ਹਾ ਹੋਰਾਂ ਨੇ ਬੜੀ ਇੱਛਾ ਜਤਾਈ ਕਿ ਉਹ ਜ਼ਰੂਰ ਲੀਡਸ ਤੋਂ ਲੰਡਨ ਆ ਕੇ ਮੈਨੂੰ ਮਿਲਣਗੇ। 

ਲੋੜ ਅਨੁਸਾਰ ਉਹਨਾਂ ਨੇ ਕੰਮ ਤੋਂ ਛੁੱਟੀ ਲਈ ਅਤੇ ਆਪਣੀਆਂ ਲੀਡਸ ਤੋਂ ਲੰਡਨ ਦੀਆਂ ਟਿਕਟਾਂ ਵੀ ਬੁੱਕ ਕਰਵਾ ਲਈਆਂ। ਮਿੱਥੀ ਹੋਈ ਤਾਰੀਖ਼ ਦਿਨ ਸ਼ੁਕਰਵਾਰ 29 ਸਤੰਬਰ 2023 ਨੂੰ ਅਸੀਂ ਲੰਡਨ ਦੇ ਕਿੰਗਸ ਕਰੌਸ ਸਟੇਸ਼ਨ ਤੇ ਮਿਲਣ ਦਾ ਇਕਰਾਰ ਕੀਤਾ।  ਉਹਨਾਂ ਦੀ ਰੇਲ ਗੱਡੀ ਠੀਕ ਇੱਕ ਵਜੇ ਬਾਅਦ ਦੁਪਹਿਰ ਕਿੰਗਸ ਕਰੌਸ ਸਟੇਸ਼ਨ ਪਹੁੰਚ ਗਈ। ਮਿਲਣ ਤੇ ਜੋ ਖੁਸ਼ੀ ਹੋਈ ਅਤੇ ਅਸੀਂ ਜੋ ਗੱਲਾਂ ਕੀਤੀਆਂ ਉਹਦੇ ਨਾਲ ਅਸੀਂ ਡਾਢਾ ਨਿੱਘ ਮਹਿਸੂਸ ਕੀਤਾ ਕਿ ਵੇਖੋ ਇੰਟਰਨੈਟ ਦੇ ਉੱਤੇ ਮਿਲਾਪ ਹੋਣ ਤੋਂ ਬਾਅਦ ਅਸੀਂ ਕਿਵੇਂ ਬਾਅਦ ਵਿੱਚ ਆਪਸ ਚ ਮਿਲਦੇ ਹਾਂ। ਉਹਨਾਂ ਨੇ ਇਸ ਯਾਤਰਾ ਦੇ ਲਈ ਆਪਣੇ ਸਹਿਯੋਗੀ ਮਨਜੀਤ ਸਿੰਘ ਨੂੰ ਵੀ ਲੀਡਸ ਤੋਂ ਲਿਆਂਦਾ ਹੋਇਆ ਸੀ। 

ਅਸੀਂ ਕਾਫੀ ਗੱਲਾਂ ਬਾਤਾਂ ਵੀ ਕਰਦੇ ਰਹੇ, ਵਿਚਾਰ ਚਰਚਾ ਵੀ ਹੋਈ ਅਤੇ ਪਰਿਵਾਰਿਕ ਸੁੱਖ ਸਾਂਦਾਂਵੀ ਪੁੱਛੀਆਂ। ਅਸੀਂ ਤੁਰ ਕੇ ਛੇਤੀ ਹੀ ਲਾਗਲੇ ਬ੍ਰਿਟਿਸ਼ ਮਿਊਜ਼ੀਅਮ ਪਹੁੰਚ ਗਏ। ਇਹ ਅਜਾਇਬ ਘਰ ਬਹੁਤ ਵੱਡਾ ਹੈ। ਇਸ ਲਈ ਅਸੀਂ ਇਕੱਠਿਆਂ ਇਸ ਦਾ ਸਿਰਫ਼ ਦੱਖਣੀ ਏਸ਼ੀਆਈ ਹਿੱਸਾ ਅਤੇ ਖ਼ਾਸ ਕਰ ਕੇ ਪੰਜਾਬ ਬਾਰੇ ਜੋ ਕੁਝ ਵੀ ਨੁਮਾਇਸ਼ ਤੇ ਲੱਗਾ ਹੋਇਆ ਸੀ ਉਹ ਵੇਖਿਆ।  

ਅੱਜ ਇਸ ਬਲੌਗ ਰਾਹੀਂ ਮੈਂ ਸਰਦਾਰ ਅਰਵਿੰਦਰ ਸਿੰਘ ਸਿਰ੍ਹਾ ਦਾ ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਇਸ ਤਰ੍ਹਾਂ ਸਾਡਾ ਇੰਟਰਨੈਟ ਤੋਂ ਲੇ ਕੇ ਆਹਮਣੇ-ਸਾਹਮਣੇ ਹੋ ਕੇ ਮਿਲਣ ਦਾ ਸਬੱਬ ਬਣਿਆ। ਬਾਅਦ ਵਿੱਚ ਅਸੀਂ ਕਾਫ਼ੀ ਦਾ ਪਿਆਲਾ-ਪਿਆਲਾ ਪੀਤਾ, ਨਿਕ-ਸੁਕ ਖਾਧਾ ਅਤੇ ਵਿਦਾ ਲਈ।  

Posted in ਖੋਜ, ਵਿਚਾਰ

ਪੁਰਾਤਨ ਮਨੁੱਖੀ ਨਸਲ ਦੀ ਖੋਜ

ਵਿਗਿਆਨਕ ਖੋਜ ਦੇ ਅਪਾਰ ਖੇਤਰ ਵਿੱਚ, ਕੁਝ ਬਿਰਤਾਂਤ ਬਹੁਤ ਹੀ ਮਨਮੋਹਕ ਹੁੰਦੇ ਹਨ ਜੋ ਸਾਡੇ ਪੁਰਾਤਨ ਮੂਲ ਦੇ ਭੇਦਾਂ ਨੂੰ ਉਜਾਗਰ ਕਰਦੇ ਹਨ। ਨੈੱਟਫਲਿਕਸ ਦਸਤਾਵੇਜ਼ੀ “ਅਣਜਾਣ: ਹੱਡੀਆਂ ਦੀ ਗੁਫਾ” ਦਰਸ਼ਕਾਂ ਨੂੰ ਇੱਕ ਮਨੋਰੰਜਕ ਯਾਤਰਾ ਉੱਤੇ ਲੈ ਜਾਂਦੀ ਹੈ। 2013 ਵਿੱਚ ਹੋਮੋ ਨਲੇਡੀ, ਇੱਕ ਅਲੋਪ ਹੋ ਚੁੱਕੀ ਪੁਰਾਤੱਤਵ ਮਨੁੱਖੀ ਨਸਲ ਦੀ ਖੋਜ ਦੀ ਕਮਾਲ ਦੀ ਕਹਾਣੀ ਦੀ ਘੋਖ ਕਰਦੀ ਹੈ। ਦੱਖਣੀ ਅਫ਼ਰੀਕਾ ਦੀ ਰਾਈਜ਼ਿੰਗ ਸਟਾਰ ਗੁਫਾ ਪ੍ਰਣਾਲੀ ਦੀ ਡੂੰਘਾਈ ਵਿੱਚ ਸਥਿਤ, ਤੰਗ ਗੁਫਾਵਾਂ ਦੇ ਵਿੱਚ ਇੱਕ ਖੋਜੀ ਜੋੜੇ ਵੱਲੋਂ ਇਸ ਪੁਰਾਤਨ ਮਨੁੱਖੀ ਨਸਲ ਦੀ ਖੋਜ ਜੀਵ-ਵਿਗਿਆਨ ਵਿੱਚ ਇੱਕ ਨਿਵੇਕਲੇ ਪਲ ਦੀ ਨਿਸ਼ਾਨਦੇਹੀ ਕਰਦਾ ਹੈ।

ਇਹ ਦਸਤਾਵੇਜ਼ੀ ਫਿਲਮ ਦੱਸਦੀ ਹੈ ਕਿ ਕਿਵੇਂ ਤੰਗ ਗੁਫਾਵਾਂ ਵਿੱਚ ਲੱਭੇ ਹੱਡੀਆਂ ਦੇ ਟੁਕੜਿਆਂ ਵਿਚਕਾਰ ਇੱਕ ਅਣਕਿਆਸੀ ਲੱਭਤ ਹੋਈ। ਭੇਦ ਭਰੇ ਪਿੰਜਰ ਅਤੇ ਲੱਭੇ ਹੱਡੀਆਂ ਦੇ ਟੁਕੜਿਆਂ ਨੇ ਮਾਹਿਰਾਂ ਨੂੰ ਇੱਕ ਨਵੇਂ ਰਾਹ ਪਾ ਦਿੱਤਾ। ਗੁਫਾ ਦੇ ਵਿਹੜਿਆਂ ਦੇ ਅੰਦਰ ਉਨ੍ਹਾਂ ਨੂੰ ਜੋ ਕੁਝ ਲੱਭਿਆ ਉਹ ਹੈਰਾਨੀਜਨਕ ਤੋਂ ਘੱਟ ਨਹੀਂ ਸੀ – ਇੱਕ ਪੂਰੀ ਤਰ੍ਹਾਂ ਨਵੀਂ ਆਦਮ ਪ੍ਰਜਾਤੀ ਜਿਸਦੇ ਬਾਰੇ ਪੁਰਾਣੇ ਵਰਗੀਕਰਣ ਵਿੱਚ ਕੁਝ ਵੀ ਨਹੀਂ ਸੀ।  ਇਸੇ ਕਰਕੇ ਅਖੀਰ ਵਿੱਚ ਇਸ ਨੂੰ ਹੋਮੋ ਨਲੇਡੀ ਦਾ ਨਵਾਂ ਨਾਂ ਦਿੱਤਾ ਗਿਆ।

ਰਾਈਜ਼ਿੰਗ ਸਟਾਰ ਗੁਫਾ ਮੁਹਿੰਮ ਤੋਂ ਪਹਿਲਾਂ, ਦੁਨੀਆਂ ਹੋਮੋ ਨਲੇਡੀ ਦੀ ਹੋਂਦ ਤੋਂ ਅਣਜਾਣ ਸੀ। ਕਿਸੇ ਵੀ ਪਿਛਲੀ ਖੋਜ ਦੀ ਅਣਹੋਂਦ ਨੇ ਵਿਗਿਆਨਕ ਭਾਈਚਾਰੇ ਨੂੰ ਤੁਲਨਾਤਮਕ ਅੰਕੜਿਆਂ ਦੀ ਘਾਟ ਨਾਲ ਜੂਝਣ ਲਈ ਮਜਬੂਰ ਕਰ ਦਿੱਤਾ ਸੀ। ਡਾ: ਬਰਗਰ ਦੀ ਅਗਵਾਈ ਵਾਲੀ ਟੀਮ ਨੇ ਇਨ੍ਹਾਂ ਵਿਲੱਖਣ ਅਸਥੀਆਂ ਦੇ ਵਿਕਾਸਵਾਦੀ ਮਹੱਤਵ ਨੂੰ ਸਮਝਣ ਦੇ ਔਖੇ ਕੰਮ ਨੂੰ ਨੇਪਰੇ ਚਾੜ੍ਹਿਆ ਜਿਸ ਵਿੱਚ ਉਨ੍ਹਾਂ ਦੀ ਪੜਚੋਲ ਬੇਮਿਸਾਲ ਸੀ। ਧਰਤੀ ਉੱਤੇ ਕਿਤੇ ਵੀ ਹੋਮੋ ਨਲੇਡੀ ਜੀਵ ਦੀ ਅਣਹੋਂਦ ਨੇ ਉਨ੍ਹਾਂ ਦੀਆਂ ਖੋਜਾਂ ਦੇ ਆਲੇ ਦੁਆਲੇ ਅਚੇਤ ਅਤੇ ਹੈਰਾਨੀ ਦੀ ਭਾਵਨਾ ਨੂੰ ਲਬਰੇਜ਼ ਕੀਤਾ।

Illustrative Stock Photo by Deann DaSilva on Pexels.com

ਹੋਮੋ ਨਲੇਡੀ ਖੋਜ ਦੇ ਸਭ ਤੋਂ ਦਿਲਚਸਪ ਪਹਿਲੂਆਂ ਵਿੱਚੋਂ ਇੱਕ ਇਸਦਾ ਮਨੁੱਖ ਜਾਤੀ ਨਾਲੋਂ ਸਪੱਸ਼ਟ ਵਖਰੇਵਾਂ ਹੈ। ਦਸਤਾਵੇਜ਼ੀ ਫਿਲਮ ਇਸ ਸੰਭਾਵਨਾ ਵੱਲ ਇਸ਼ਾਰਾ ਕਰਦੀ ਹੈ ਕਿ ਇਹ ਪੁਰਾਤਨ ਜੀਵ ਗੁਫਾ ਦੇ ਭੁਲੇਖੇ ਵਿਚ ਫਸ ਗਏ ਹੋ ਸਕਦੇ ਹਨ, ਜਿਸ ਨਾਲ ਇਹ ਗੁਫਾ ਉਨ੍ਹਾਂ ਦੀ ਕਬਰ ਬਣ ਗਈ। ਇਹ ਸਿਧਾਂਤ ਉਨ੍ਹਾਂ ਹਾਲਾਤ ਨੂੰ ਸਹੀ ਢੰਗ ਨਾਲ ਸਮਝਣ ਦੀ ਚੁਣੌਤੀ ਦਿੰਦਾ ਹੈ ਜਿੰਨ੍ਹਾਂ ਨੇ ਇਸ ਗੁਫਾ ਨੂੰ ਕੈਦ ਦਾ ਰੂਪ ਦੇ ਦਿੱਤਾ। ਜੇਕਰ ਅਸੀਂ ਭੂ-ਵਿਗਿਆਨਕ ਸੰਦਰਭ ਵਿੱਚ ਖੋਜ ਕਰਦੇ ਹਾਂ, ਤਾਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਗੁਫਾ ਦੀ ਬਣਤਰ ਨੇ ਹੀ ਇਨ੍ਹਾਂ ਨਾਜ਼ੁਕ ਅਸਥੀਆਂ ਨੂੰ ਸੁਰੱਖਿਅਤ ਰੱਖਣ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਗੁਫਾ ਦੇ ਤੰਗ ਰੂਪ ਨੇ ਇਸ ਵਿੱਚ ਪਈਆਂ ਅਸਥੀਆਂ ਨੂੰ ਵਕਤ ਦੇ ਨਾਲ ਬਰਬਾਦੀ ਅਤੇ ਜੰਗਲੀ ਜਾਨਵਰਾਂ ਤੋਂ ਬਚਾਇਆ ਹੈ।

ਜਦੋਂ ਕਿ ਹੋਮੋ ਨਲੇਡੀ ਖੋਜ ਅਤੇ ਇਸਦੀ ਵਿਗਿਆਨਕ ਮਹੱਤਤਾ ਸਾਡੇ ਲਈ ਇੱਕ ਦਿਲਚਸਪ ਵਿਸ਼ਾ ਹੈ, ਦਸਤਾਵੇਜ਼ੀ ਫਿਲਮ ਇਨ੍ਹਾਂ ਕਬਰਾਂ ਬਾਰੇ ਹੋਰ ਖੋਜ ਦੀ ਬਜਾਏ ਇਸ ਨੂੰ ਮੌਤ ਤੋਂ ਬਾਅਦ ਦੇ ਜੀਵਨ ਦੀ ਧਾਰਨਾ ਦੇ ਨਾਲ ਰਲ਼ਗੱਡ ਕਰਦੀ ਹੈ। ਵਿਦਵਾਨਾਂ ਨੂੰ ਇਸ ਵਿਚਾਰ ਨਾਲ ਜੂਝਦੇ ਹੋਏ ਵਖਾਇਆ ਗਿਆ ਹੈ ਕਿ ਇਨ੍ਹਾਂ ਪੁਰਾਤਨ ਜੀਵਾਂ ਨੇ ਅਗਲੇ ਜੀਵਨ ਦੀ ਕਲਪਨਾ ਕਰਨ ਨਾਲ ਸੰਬੰਧਿਤ ਬੋਧਾਤਮਕ ਸਮਰੱਥਾ ਦਾ ਪ੍ਰਦਰਸ਼ਨ ਕੀਤਾ ਹੋ ਸਕਦਾ ਹੈ। ਹਾਲਾਂਕਿ, ਜਿਵੇਂ ਕਿ ਤੁਸੀਂ ਸਮਝ ਹੀ ਸਕਦੇ ਹੋ ਕਿ ਵਿਗਿਆਨਕ ਨਿਰੀਖਣ ਤੋਂ ਅੰਦਾਜ਼ੇ ਲਾਉਂਦੇ ਹੋਏ ਮਿਥਿਆਵਾਂ ਨਾਲ ਜੁੜ ਜਾਣ ਦੀ ਇਹ ਛਾਲ ਕਈ ਜਾਇਜ਼ ਸਵਾਲ ਖੜ੍ਹੇ ਕਰਦੀ ਹੈ। ਅਗਲੇ ਜੀਵਨ ਦੀਆਂ ਵਿਆਖਿਆਵਾਂ ਦੇ ਕਿਆਫ਼ੇ ਹੋਮੋ ਨਲੇਡੀ ਨਾਲ ਜੋੜਨੇ ਇੱਕ ਤਰ੍ਹਾਂ ਦੀ ਬੇਇਮਾਨੀ ਹੈ।

ਜਿਵੇਂ ਅਸੀਂ ਆਪਣੀ ਪੂਰਵ-ਇਤਿਹਾਸਕ ਵਿਰਾਸਤ ਦੀਆਂ ਡੂੰਘਾਈਆਂ ਦੀ ਲਗਾਤਾਰ ਖੋਜ ਕਰਨਾ ਜਾਰੀ ਰੱਖਦੇ ਹਾਂ, ਉਸੇ ਤਰ੍ਹਾਂ ਇਹ ਲਾਜ਼ਮੀ ਹੈ ਕਿ ਅਸੀਂ ਵਿਗਿਆਨਕ ਮਾਪ ਦੰਡ ਕਿਸੇ ਵੀ ਹਾਲ ਵਿੱਚ ਆਪਣੀਆਂ ਧਾਰਨਾਵਾਂ ਨਾਲ ਰਲ਼ਗੱਡ ਨਾ ਕਰੀਏ। ਸਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸਾਡੇ ਬਿਰਤਾਂਤ ਸਬੂਤਾਂ ਦੇ ਠੋਸ ਖੇਤਰ ਵਿੱਚ ਹੀ ਰਹਿਣ ਅਤੇ ਅਸੀਂ ਗੁੰਝਲਦਾਰ ਭੇਦਾਂ ਨੂੰ ਸਮਝਣ ਲਈ ਕਿਤੇ ਅਟਕਲ-ਪੱਚੂ ਨਾ ਮਾਰਨੇ ਸ਼ੁਰੂ ਕਰ ਦੇਈਏ। 

Posted in ਚਰਚਾ

ਚੈਟ ਜੀਪੀਟੀ ਅਤੇ ਪੰਜਾਬੀ

ਹਾਲ ਵਿੱਚ ਹੀ ਮੇਰੀ ਵੈਨਕੂਵਰ ਕੈਨੇਡਾ ਦੇ ਸਾਂਝਾ ਟੀਵੀ ਨਾਲ ਇਸ ਵਿਸ਼ੇ ਤੇ ਗੱਲਬਾਤ ਹੋਈ। ਇਸ ਵਾਰ ਦੇ ਬਲੌਗ ਵਿੱਚ ਇਸੇ ਗੱਲਬਾਤ ਦੀ ਯੂਟਿਊਬ ਕੜੀ ਨੂੰ ਸਾਂਝੀ ਕਰ ਰਿਹਾ ਹਾਂ।