Posted in ਇਤਿਹਾਸ, ਯਾਤਰਾ

ਯਾਦਾਸ਼ਤ ਤੇ ਇਤਿਹਾਸ ਦਾ ਸੁਮੇਲ

ਮੇਰੇ ਪਿਛਲੇ ਬਲੌਗ “ਥਾਈਲੈਂਡ: ਜਿੱਥੇ ਵਕ਼ਤ ਠਹਿਰਦਾ ਹੈ” ਤੋਂ ਅੱਗੇ ਚੱਲਦੇ ਹੋਏ, ਪਿਛਲੇ ਮਹੀਨੇ ਮੇਰਾ ਸਫ਼ਰ ਵੀਅਤਨਾਮ ਤਕ ਜਾਰੀ ਰਿਹਾ। ਇੱਥੇ ਮੈਂ ਇੱਕ ਹਫ਼ਤਾ ਹੋ ਚੀ ਮਿੰਹ ਸਿਟੀ (ਸਾਈਗੌਨ) ਦੀ ਧੜਕਣ ਤੇ ਇਸ ਦੇ ਆਲੇ ਦੁਆਲੇ ਦੇ ਸਹਿਜ ਅਤੇ ਜ਼ਿੰਦਗੀ ਭਰੇ ਮਨਜ਼ਰਾਂ ਨੂੰ ਮਹਿਸੂਸ ਕਰਦਿਆਂ ਹੋਇਆਂ ਬਿਤਾਇਆ। ਉਸ ਸਫ਼ਰ ਦੀਆਂ ਯਾਦਾਂ ਅਜੇ ਵੀ ਮੌਜੂਦ ਹਨ। ਸ਼ਹਿਰ ਦੀ ਚਟਕਦੀ ਹੋਈ ਸਵੇਰ-ਸ਼ਾਮ ਦੀ ਆਵਾਜਾਈ: ਮੋਟਰਸਾਈਕਲਾਂ ਦੀ ਗੂੰਜ, ਹਾਸੇ, ਅਗਰਬੱਤੀ ਦੀ ਖੁਸ਼ਬੂ ਤੇ ਬਾਰਿਸ਼ ਦੀ ਝਿੰਮ-ਝਿੰਮ ਰਵਾਨੀ।

ਸਫ਼ਰ ਦੀ ਸ਼ੁਰੂਆਤ ਐਕਸ ਓ ਟੂਅਰਜ਼ ਨਾਲ ਹੋਈ ਜੋ ਸਾਈਗੌਨ ਨੂੰ ਉਸੇ ਤਰ੍ਹਾਂ ਵਿਖਾਉਂਦੇ ਹਨ ਜਿਵੇਂ ਇਹ ਵਿਚਰਦਾ ਹੈ। ਕਾਰ ਜਾਂ ਬੱਸ ਦੀ ਖਿੜਕੀ ਪਿੱਛੋਂ ਨਹੀਂ, ਸਗੋਂ ਮੋਟਰਸਾਈਕਲ ਦੀ ਪਿੱਛਲੀ ਸੀਟ ਤੋਂ। ਐਕਸ ਓ ਟੂਅਰਜ਼, ਜ਼ਨਾਨੀਆਂ ਦਾ ਵਪਾਰਕ ਉੱਦਮ ਹੈ ਅਤੇ ਉਨ੍ਹਾਂ ਦੇ ਸਾਈਗੌਨ ਟੂਰ ਦੌਰਾਨ ਮੈਂ ਇਸ ਸ਼ਹਿਰ ਦੇ ਬਹੁ-ਪੱਖੀ ਇਤਿਹਾਸ ਦਾ ਸਫ਼ਰ ਕੀਤਾ। ਅਸੀਂ ਕੇਂਦਰੀ ਡਾਕ ਘਰ ਦੀ ਪੀਲੀ ਇਮਾਰਤ ਦੇ ਅੰਦਰ ਬਸਤੀਵਾਦ ਦੀਆਂ ਤਹਿਆਂ ਫਰੋਲੀਆਂ। ਲਾਗੇ ਹੀ ਸਾਈਗੌਨ ਦੀ ਮਸ਼ਹੂਰ ਕਿਤਾਬਾਂ ਵਾਲ਼ੀ ਗਲ਼ੀ ਵਗ ਰਹੀ ਸੀ, ਜਿੱਥੇ ਸ਼ਹਿਰ ਦੀ ਭਿਣ-ਭਿਣ, ਇਸ ਗਲ਼ੀ ਦੇ ਕਿਤਾਬਾਂ ਦੇ ਸਫ਼ਿਆਂ ਦੀ ਸਰਸਰਾਹਟ, ਕੌਫ਼ੀ ਦੀ ਖੂਸ਼ਬੂ ਤੇ ਗੱਲਬਾਤ ਦੇ ਨਰਮ ਸੁਰਾਂ ਵਿੱਚ ਤਬਦੀਲ ਹੋ ਗਈ ਜਾਪਦੀ ਸੀ। ਇਹ ਨਜ਼ਾਰਾ ਯਾਦ ਦਿਵਾਉਂਦਾ ਸੀ ਕਿ ਭਾਵੇਂ ਰਫ਼ਤਾਰ ਤੇ ਜ਼ਿੰਦਗੀ ਦੀ ਭੰਬੀਰੀ ਵੀ ਬਣੀ ਹੋਵੇ, ਸਾਈਗੌਨ ਅੱਜ ਵੀ ਪੜ੍ਹਦਾ ਹੈ।

ਸਾਈਗੌਨ – ਕਿਤਾਬਾਂ ਵਾਲ਼ੀ ਗਲ਼ੀ

ਸੜਕ ਪਾਰ ਨੌਤਰ ਦਾਮ ਕੈਥੀਡ੍ਰਲ ਸੀ, ਜਿਸ ਦੀਆਂ ਲਾਲ ਇੱਟਾਂ ਮਾਰਸੀਏ ਤੋਂ ਆਈਆਂ ਸਨ। ਹੁਣ ਇਥੇ ਮਰੰਮਤ ਚੱਲ ਰਹੀ ਸੀ ਅਤੇ ਆਰਜ਼ੀ ਤੌਰ ਤੇ ਚੁਫ਼ੇਰੇ ਚਾਰਦੁਆਰੀ ਕੀਤੀ ਹੋਈ ਸੀ। ਪਰ ਇਸ ਦੀ ਸ਼ਾਨ ਫੇਰ ਵੀ ਬਰਕਰਾਰ ਲੱਗਦੀ ਸੀ। ਰੀਯੂਨੀਫਿਕੇਸ਼ਨ ਪੈਲੇਸ ਸਵੇਰ ਦੀ ਗਰਮੀ ਵਿੱਚ ਚਮਕ ਰਿਹਾ ਸੀ ਅਤੇ ਪਰਤੱਖ ਤੌਰ ਤੇ ਵਜ਼ਨੀ ਲੱਗਦਾ ਸੀ। ਇਸ ਦਾ ਮੁੱਖ ਕਿਵਾੜ ਅਜੇ ਵੀ 1975 ਦਾ ਇਤਿਹਾਸ ਦੁਹਰਾ ਰਿਹਾ ਸੀ।

ਥੋੜ੍ਹੀ ਹੀ ਦੂਰੀ ਉੱਤੇ ਬਰਨਿੰਗ ਮੌਂਕ ਸਮਾਰਕ ਇੱਕ ਖਾਮੋਸ਼ ਠਹਿਰਾਉ ਲੈ ਆਇਆ। ਅੱਗੇ ਚੱਲ ਕੇ ਸੀ. ਆਈ. ਏ. ਦੇ ਕਰਮਚਾਰੀਆਂ ਦੀ ਉਹ ਗੁਪਤ ਇਮਾਰਤ ਵੇਖੀ ਜਿਸ ਦੀਆਂ ਪੁਰਾਣੀਆਂ ਤਸਵੀਰਾਂ ਵਿੱਚ ਛੱਤ ਤੇ ਉਤਰਿਆ ਹੈਲੀਕਾਪਟਰ ਬੱਝੀ ਹੋਈ ਲੰਮੀ ਕਤਾਰ ਨੂੰ ਇਥੋਂ ਕੱਢ ਲੈ ਜਾਉਣ ਵਿੱਚ ਅਸਮਰੱਥ ਸੀ। ਅੱਗੇ ਚੱਲਕੇ ਫੁੱਲਾਂ ਦਾ ਬਜ਼ਾਰ ਖੁਸ਼ਬੂ ਵੰਡ ਰਿਹਾ ਸੀ।

ਇਸ ਸਵੇਰ ਦੇ ਸਫ਼ਰ ਦਾ ਅਖੀਰ ਦਸ ਹਜ਼ਾਰ ਬੁੱਧ ਬੁੱਤਾਂ ਦੇ ਪਗੋਡੇ ਤੇ ਹੋਇਆ। ਇਨ੍ਹਾਂ ਬੁੱਤਾਂ ਦੇ ਸ਼ਾਂਤ ਚਿਹਰੇ ਸਰਗਰਮ ਸ਼ਹਿਰ ਦੀ ਨਿਗਰਾਨੀ ਕਰਦੇ ਜਾਪ ਰਹੇ ਸਨ। ਮੋਟਰਸਾਈਕਲ ਚਲਾਉਂਦੀ ਮੇਰੀ ਰਾਹਬਰ ਨੇ ਸਿਰਫ਼ ਇਤਿਹਾਸ ਬਾਰੇ ਹੀ ਨਹੀਂ ਦੱਸਿਆ, ਸਗੋਂ ਉਸ ਧੀਮੀ ਧੜਕਣ ਬਾਰੇ ਵੀ ਜਿੱਥੇ ਜ਼ਨਾਨੀਆਂ ਅਜੇ ਵੀ ਸ਼ਹਿਰ ਦੇ ਅੰਤਰ ਪ੍ਰਵਾਹ ਨੂੰ ਸੰਭਾਲਦੀਆਂ ਹਨ।

ਜੇ ਦਿਨ ਇਤਿਹਾਸ ਵਿੱਚ ਵਿਚਰਦਾ ਸੀ, ਤਾਂ ਰਾਤ ਸੰਗੀਤ ਦੀ ਧੁਨ ਸੀ। ਰਾਤ ਦੇ ਐਕਸ ਓ ਟੂਅਰ ਨੇ ਚਾਰ ਇਲਾਕਿਆਂ ਨੂੰ ਛੂਹਿਆ ਜੋ ਨਮਨ ਰੌਸ਼ਨੀ ਹੇਠ ਧੜਕ ਰਹੇ ਸਨ। ਖਾਣਾ ਸੜ੍ਹਕ ਦੀ ਪਟੜੀ ਤੇ ਰੱਖੀਆਂ ਛੋਟੀਆਂ-ਛੋਟੀਆਂ ਕੁਰਸੀਆਂ ਅਤੇ ਮੇਜ਼ ਤੇ ਬੈਠ ਕੇ ਖਾਧਾ। ਤਾਜ਼ਾ ਭੋਜਨ ਤਵਿਆਂ ਤੇ ਤੜਕ ਰਿਹਾ ਸੀ, ਤੇ ਕਿਤੇ ਪੱਤਿਆਂ ਵਿੱਚ ਲਪੇਟਿਆ ਹੋਇਆ ਖਾਣਾ ਕੋਲੇ ਤੇ ਧੁਆਂਖਿਆ ਜਾ ਰਿਹਾ ਸੀ। ਨਾਰੀਅਲ ਦੇ ਦੁੱਧ ਦੀ ਮਿੱਠਾਸ ਰਾਤ ਨੂੰ ਠੰਢਕ ਬਖ਼ਸ਼ ਰਹੀ ਸੀ। ਐਕਸ ਓ ਟੂਅਰਜ਼ ਦੀ ਸੰਸਥਾਪਕ ਬੀਬੀ ਹੋਂਗ ਦੇ ਬਚਪਨ ਦੇ ਫ਼ਲੈਟ ਦੀ ਯਾਤਰਾ ਜੋ ਧੁਰ ਉਪਰ ਪੌੜੀਆਂ ਚੜ੍ਹ ਕੇ ਸੀ ਉਸ ਸ਼ਾਮ ਦੀ ਖ਼ਾਮੋਸ਼ ਧੜਕਣ ਸੀ। ਸਾਈਗੌਨ ਦੇ ਅਸਲੀ ਜੀਵਨ ਦੀ ਇਕ ਝਲਕ।

ਅਗਲੇ ਦਿਨੀਂ ਸ਼ਹਿਰ ਤੋਂ ਬਾਹਰ, ਇਤਿਹਾਸ ਧਰਤੀ ਹੇਠ ਉਤਰ ਗਿਆ — ਕੂ ਚੀ ਸੁਰੰਗਾਂ ਦੇ ਰੂਪ ਵਿੱਚ, ਜਿਸਨੂੰ ਜੰਗ ਦੇ ਸਮੇਂ “ਫੌਲਾਦੀ ਇਲਾਕਾ” ਕਿਹਾ ਜਾਂਦਾ ਸੀ। ਉਨ੍ਹਾਂ ਤੰਗ ਸੁਰੰਗਾਂ ਵਿੱਚ ਕੁੱਬੇ ਹੋ ਕੇ ਤੁਰਨਾ ਇਕ ਗੰਭੀਰ ਤਜਰਬਾ ਸੀ ਜੋ ਇਹ ਯਾਦ ਦਿਵਾਉਂਦਾ ਕਿ ਕਿਵੇਂ ਕਦੇ ਜਾਨ ਹਨੇਰੇ, ਧੀਰਜ ਤੇ ਚਤੁਰਾਈ ਉੱਤੇ ਨਿਰਭਰ ਸੀ। ਬਾਅਦ ਵਿੱਚ ਪੇਸ਼ ਕੀਤੀ ਗਈ ਸਧਾਰਣ ਕੱਸਾਵਾ ਤੇ ਚਾਹ ਵੀ ਹੌਸਲੇ ਦੀ ਪ੍ਰਤੀਕ ਜਾਪ ਰਹੀ ਸੀ। ਲੜਾਈ ਵੇਲ਼ੇ ਜੰਗਜੂ ਇਸੇ ਕੱਸਾਵਾ ਤੇ ਚਾਹ ਤੇ ਨਿਰਭਰ ਸਨ।

ਅਗਲਾ ਸਫ਼ਰ ਮੀਕੌਂਗ ਦਰਿਆ ਦੇ ਦਹਾਨੇ ਦਾ। ਮੀਕੌਂਗ ਦਰਿਆ ਜੋ ਇਤਿਹਾਸ ਅਤੇ ਟਿਕਾਅ ਦੋਵੇਂ ਆਪਣੀ ਬੁੱਕਲ ਵਿੱਚ ਰੱਖਦਾ ਹੈ। ਕਿਸ਼ਤੀ ਦੀ ਸੈਰ ਦੌਰਾਨ ਅਸੀਂ ਡਰੈਗਨ, ਯੂਨੀਕੌਰਨ, ਫੀਨਿਕਸ ਤੇ ਟਰਟਲ ਟਾਪੂ ਗਾਹੇ; ਹਵਾ ਵਿੱਚ ਨਾਰੀਅਲ ਦੀ ਖੁਸ਼ਬੂ ਸੀ। ਸਥਾਨਕ ਗਾਇਕਾਂ ਦੇ ਗੀਤ, ਸ਼ਹਿਦ ਵਾਲੀ ਚਾਹ ਦਾ ਕੱਪ, ਨਾਰੀਅਲ ਦੀ ਮਿੱਠਾਈ ਦੇ ਕਾਰਖ਼ਾਨੇ ਦਾ ਦੌਰਾ ਤੇ ਪਤਲੀਆਂ ਨਹਿਰਾਂ ਵਿੱਚ ਸਮਤੋਲ ਕਿਸ਼ਤੀ — ਹਰ ਮੋੜ ਤੇ ਇਕ ਹੋਰ ਵੀਅਤਨਾਮ ਦੀ ਤਹਿ ਖੁੱਲਦੀ ਜਾਪਦੀ ਸੀ। ਦੁਪਹਿਰ ਦੇ ਖਾਣੇ ਤੋਂ ਬਾਅਦ ਦਰਖ਼ਤਾਂ ਹੇਠ ਆਰਾਮ ਤੇ ਫਿਰ ਨਾਲ ਦੇ ਪਿੰਡਾਂ ਦੀਆਂ ਗਲੀਆਂ ਵਿੱਚ ਸਾਈਕਲ ਤੇ ਚੱਕਰ ਕੱਟਣ ਦਾ ਸੁਕੂਨ। ਵਕ਼ਤ ਦੀ ਰਵਾਨਗੀ ਦਾ ਵਹਿਣ ਹੌਲ਼ੀ ਹੁੰਦਾ ਜਾਪਦਾ ਸੀ।

ਹੁਣ ਪਿੱਛੇ ਮੁੜ ਕੇ ਵੇਖਦਾ ਹਾਂ ਤਾਂ ਇਹ ਸੈਰ ਸਪਾਟਾ ਨਹੀਂ ਜਾਪਦਾ, ਸਗੋਂ ਇਕ ਇਤਿਹਾਸਕ ਕਹਾਣੀ ਵਾਂਙ ਲੱਗਦਾ ਹੈ ਜੋ ਅਜੇ ਵੀ ਲਿਖੀ ਜਾ ਰਹੀ ਹੈ। ਰੰਗ, ਆਵਾਜ਼ਾਂ ਤੇ ਇਤਿਹਾਸਕ ਬਿਰਤਾਂਤ ਜੋ ਮਿਟਦੇ ਨਹੀਂ। ਮੈਨੂੰ ਅਹਿਸਾਸ ਹੋਇਆ ਕਿ ਵੀਅਤਨਾਮ ਉਹ ਥਾਂ ਨਹੀਂ ਜਿਸਦਾ ਸਿਰਫ਼ ਵਕ਼ਤੀ ਸਫ਼ਰ ਕੀਤਾ ਜਾਂਦਾ ਹੈ ਸਗੋਂ ਇਹ ਉਹ ਥਾਂ ਹੈ ਜੋ ਤੁਹਾਡੇ ਅੰਦਰ ਰਚ ਜਾਂਦੀ ਹੈ। ਸਾਈਗੌਨ ਦਾ ਹਰ ਦਿਨ ਸਦੀਵੀ ਤੌਰ ਤੇ ਯਾਦਾਸ਼ਤ ਤੇ ਇਤਿਹਾਸ ਨੂੰ ਬੰਨ੍ਹ ਕੇ ਰੱਖਦਾ ਹੈ।

Posted in ਇਤਿਹਾਸ, ਚਰਚਾ, ਯਾਤਰਾ, ਸਭਿਆਚਾਰ

ਥਾਈਲੈਂਡ: ਜਿੱਥੇ ਵਕ਼ਤ ਠਹਿਰਦਾ ਹੈ

ਜਦੋਂ ਮੈਂ ਛੋਟਾ ਸੀ, ਤਾਂ ਸਫ਼ਰਨਾਮੇ ਸਿਰਫ਼ ਲੰਮੇ ਪਾਠ ਦੇ ਰੂਪ ਵਿੱਚ ਹੁੰਦੇ ਸਨ। ਲੰਮੇ, ਬਿਨਾਂ ਕਾਹਲੀ ਵਾਲੇ ਵੇਰਵੇ ਜਿਨ੍ਹਾਂ ਵਿੱਚ ਕਿਤਾਬਾਂ ਦੇ ਵਿਚਕਾਰ ਕਿਤੇ ਕੁਝ ਤਾਵੀਰਾਂ ਵਾਲੇ ਸਫ਼ੇ ਵੀ ਹੁੰਦੇ ਸਨ, ਜਿਵੇਂ ਕਿ ਅੱਖਾਂ ਨੂੰ ਆਰਾਮ ਦੇਣ ਲਈ ਹੋਣ। ਤੁਸੀਂ ਪਹਿਲਾਂ ਵਾਰਤਕ ਰਾਹੀਂ ਸਫ਼ਰ ਕਰਦੇ ਸੀ, ਨਾ ਕਿ ਤਸਵੀਰਾਂ ਰਾਹੀਂ। ਹੁਣ, ਦੁਨੀਆ ਉਹਨਾਂ ਤਸਵੀਰਾਂ ਨੂੰ ਤਰਜੀਹ ਦਿੰਦੀ ਹੈ ਜੋ ਵਿਚਾਰ ਬਣਨ ਤੋਂ ਪਹਿਲਾਂ ਹੀ ਚਮਕਦੀਆਂ ਹਨ ਅਤੇ ਅਲੋਪ ਹੋ ਜਾਂਦੀਆਂ ਹਨ। ਪਰ ਪਿਛਲੇ ਮਹੀਨੇ ਥਾਈਲੈਂਡ ਦੀ ਗਰਮੀ ਅਤੇ ਤਾਲ ਦੇ ਵਿਚਕਾਰ ਖੜ੍ਹੇ ਹੋ ਕੇ, ਮੈਂ ਉਹ ਪੁਰਾਣੀ ਤਾਲ ਵਾਪਸ ਮਹਿਸੂਸ ਕੀਤੀ। ਵੇਖਣ, ਸੁਣਨ, ਅਤੇ ਕਿਸੇ ਜਗ੍ਹਾ ਨੂੰ ਸ਼ਬਦ-ਦਰ-ਸ਼ਬਦ ਆਪਣੇ ਆਪ ਨੂੰ ਪ੍ਰਗਟ ਕਰਨ ਦੇਣ ਦੀ ਉਹ ਸਹਿਜ ਤਾਂਘ।

ਬੈਂਕਾਕ ਤੋਂ ਕੁਝ ਘੰਟੇ ਉੱਤਰ ਵੱਲ, ਅਯੁੱਥਿਆ ਦੇ ਖੰਡਰ ਮੈਦਾਨਾਂ ਵਿੱਚੋਂ ਇੱਕ ਅਜਿਹੇ ਸਾਮਰਾਜ ਦੇ ਅਕਸ ਉੱਠੇ ਜੋ ਅਲੋਪ ਹੋਣ ਤੋਂ ਇਨਕਾਰ ਕਰ ਰਹੇ ਸਨ। ਭਗਵੇਂ ਕੱਪੜਿਆਂ ਵਿੱਚ ਬੋਧੀ ਫ਼ਕੀਰ, ਦਰੱਖਤਾਂ ਦੀਆਂ ਜੜ੍ਹਾਂ ਨਾਲ ਘਿਰੇ ਬੁੱਧ ਦੇ ਪੁਰਾਣੇ ਸਿਰ ਦੇ ਕੋਲੋਂ ਲੰਘਦੇ ਹਨ; ਸਾਬਤ ਅਤੇ ਖੰਡਰ ਇੱਕੋ ਹੀ ਸ਼ਾਂਤ ਹਵਾ ਸਾਂਝੀ ਕਰ ਰਹੇ ਸਨ। ਉੱਥੋਂ ਅਗਲੇ ਦਿਨ ਕੰਚਨਾਬੂਰੀ ਤੱਕ, ਕਹਾਣੀ ਦਾ ਲਹਿਜਾ ਬਦਲਿਆ ਪਰ ਯਾਦਾਂ ਨਹੀਂ ਬਦਲੀਆਂ।

ਵਾਤ ਫੂ ਖਾਓ ਥੌਂਗ – ਅਯੁੱਥਿਆ, ਥਾਈਲੈਂਡ

ਕਵਾਏ ਨਦੀ ਦੇ ਉੱਪਰ ਬਣਿਆ ਪੁਲ ਵਕ਼ਤ ਦੁਆਰਾ ਨਰਮ ਕੀਤੇ ਗਏ ਜ਼ਖ਼ਮ ਵਾਂਗ ਫੈਲਿਆ ਹੋਇਆ ਸੀ; ਰੇਲਗੱਡੀਆਂ ਵਿਸਰੇ ਪਲਾਂ ਨੂੰ ਨਾਲ ਲੈ ਕੇ ਖੜ-ਖੜ ਕਰਦੀਆਂ ਹੋਈਆਂ ਪਾਰ ਹੋ ਰਹੀਆਂ ਸਨ। ਇੰਞ ਲੱਗ ਰਿਹਾ ਸੀ ਜਿਵੇਂ ਇਹਨਾਂ ਆਪਣੀ ਦਿਲ ਦੀ ਧੜਕਣ ਦੀ ਆਵਾਜ਼ ਨਾਲ ਜਿਉਣਾ ਸਿੱਖ ਲਿਆ ਹੋਵੇ। ਇਤਿਹਾਸਕ ਥਾਕਸੇ ਪੁਲ ‘ਤੇ ਇੱਕ ਸੈਰ, ਫਿਰ ਹਾਥੀ ਗਾਹ ਜਿੱਥੇ ਹਲੀਮੀ ਮਹਿਸੂਸ ਕੀਤੀ। ਅਗਲਾ ਪੜਾਅ ਸਾਈ ਯੋਕ ਨੋਈ ਝਰਨਾ, ਜਿੱਥੇ ਗੰਭੀਰਤਾ ਦੀ ਥਾਂ ਹਾਸੇ ਨੇ ਲੈ ਲਈ। ਦੁਪਹਿਰ ਦਾ ਖਾਣਾ ਇੱਕ ਰਾਫਟ ਹਾਊਸ ‘ਤੇ ਅਤੇ ਬਾਅਦ ਵਿੱਚ ਦਰਿਆ ਵਿੱਚ ਬਾਂਸਾਂ ਦੇ ਤੁੱਲ੍ਹੇ ਤੇ ਲੰਮਾ ਸਫ਼ਰ ਜਿਵੇਂ ਕਿ ਦਰਿਆ ਨਾਲ ਕੋਈ ਸ਼ਰਤ ਲਾਈ ਹੋਵੇ।

ਘਰ ਪਰਤਨ ਤੋਂ ਪਹਿਲਾਂ ਵੀਅਤਨਾਮ ਯਾਤਰਾ ਤੋਂ ਬਾਅਦ, ਕੁਝ ਦਿਨ ਮੁੜ ਬੈਂਕਾਕ ਵੇਖਣ ਲਈ ਮਿਲੇ। ਮੈਂ ਇਹ ਮੌਕਾ ਬੈਂਕਾਕ ਦੀ ਮੈਟਰੋ ਬਲੂ ਲਾਈਨ ਗਾਹਣ ਲਈ ਵਰਤਿਆ। ਸ਼ਹਿਰ ਆਪਣੇ ਸਮਾਰਕਾਂ ਰਾਹੀਂ ਨਹੀਂ, ਸਗੋਂ ਮੇਰੇ ਤੁਰਨ ਦੇ ਨਾਲ-ਨਾਲ ਹਾਵ-ਭਾਵ ਰਾਹੀਂ ਪ੍ਰਗਟ ਹੋਇਆ: ਚਾਈਨਾਟਾਊਨ ਦੀ ਸੰਘਣੀ ਅਤੇ ਅਜੀਬ ਖ਼ੁਸ਼ਬੋ ਵਾਲੀ ਹਫੜਾ-ਦਫੜੀ, ਤਾਲਤ ਨੋਈ ਦੀਆਂ ਰੰਗੀਆਂ ਹੋਈਆਂ ਗਲੀਆਂ ਜਿੱਥੇ ਕਲਾਕਾਰੀ ਜੰਗਾਲੇ ਦਰਵਾਜ਼ਿਆਂ ‘ਤੇ ਘੁੰਮਦੀ ਸੀ, ਫਰਾ ਰਾਮ 9 ਦੇ ਨੇੜੇ ਮਾਲਾਂ ਦੀ ਉੱਚੀ ਚਮਕ। ਉਸ ਤਰ੍ਹਾਂ ਘੁੰਮਦਾ ਫਿਰਦਾ ਮੈਂ ਗ੍ਰੈਂਡ ਪੈਲੇਸ ਵਿੱਚ ਪਹੁੰਚ ਗਿਆ, ਜਿੱਥੇ ਲੋਕ ਸਮਾਰਕ ਘੱਟ ਵੇਖ ਰਹੇ ਸਨ ਅਤੇ ਤਸਵੀਰਾਂ ਜ਼ਿਆਦਾ ਖਿੱਚ ਰਹੇ ਸਨ। ਚਮਕਦਾਰ ਅਜੀਬ ਤੌਰ ‘ਤੇ ਮਨ ਨੂੰ ਪ੍ਰਭਾਵਿਤ ਕਰਨ ਵਾਲਾ। ਅਤੇ ਫਿਰ ਰਾਣੀ ਸਿਰੀਕਿਤ ਦੇ ਨਾਂ ਤੇ ਰੱਖੇ ਹੋਏ ਕੱਪੜਿਆਂ ਦਾ ਜ਼ਾਇਬ ਘਰ। ਇੱਕ ਕੀਮਤੀ ਖਜ਼ਾਨਾ ਜਿੱਥੇ ਸ਼ਾਹੀ ਇਤਿਹਾਸ ਦੇ ਧਾਗੇ ਇੱਕ ਬੇਚੈਨ ਯੁੱਗ ਵਿੱਚ ਧੀਰਜ ਅਤੇ ਹੱਥੀਂ ਕੰਮ ਦੀ ਗੱਲ ਕਰਦੇ ਸਨ।

ਥਾਈਲੈਂਡ ਕਦੇ ਵੀ ਕਾਹਲੀ ਵਿੱਚ ਮਹਿਸੂਸ ਨਹੀਂ ਹੁੰਦਾ; ਇਹ ਬਸ ਆਪਣੀ ਹੀ ਤਾਲ ‘ਤੇ ਚਲਦਾ ਹੈ। ਪੁਰਾਣਾ ਫਿਰ ਵੀ ਆਪਣੀ ਅਜੋਕੀ ਤਰੱਕੀ ਤੇ ਮੁਸਕਰਾਉਂਦਾ ਹੋਇਆ। ਇਹ ਤੁਹਾਨੂੰ ਭਟਕਣ, ਘੁੱਟ ਭਰਨ, ਅਤੇ ਥੋੜ੍ਹਾ ਹੋਰ ਦੇਰ ਤੱਕ ਘੂਰਨ ਲਈ ਸੱਦਾ ਦਿੰਦਾ ਹੈ। ਹਰ ਖੰਡਰ, ਹਰ ਬਾਜ਼ਾਰ ਦੀ ਹਰ ਦੁਕਾਨ, ਭੀੜ ਵਾਲੀ ਮੈਟਰੋ ਗੱਡੀ ‘ਤੇ ਹਰ ਸਫ਼ਰ, ਗਤੀ ਦਾ ਇੱਕ ਛੋਟਾ ਜਿਹਾ ਵਿਰੋਧ ਹੈ। ਅਤੇ ਜਦੋਂ ਮੈਂ ਬਾਅਦ ਵਿੱਚ ਸਭ ਲਿਖਣ ਲਈ ਬੈਠਾ ਤਾਂ ਸੈਂਕੜੇ ਤਸਵੀਰਾਂ ਵਿੱਚੋਂ ਇੱਥੇ ਜੜਣ ਲਈ ਇੱਕ ਤਸਵੀਰ ਦੀ ਚੋਣ। ਸਿਰਫ਼ ਇੱਕ, ਸੰਕੇਤ ਵਜੋਂ ਜੋ ਇਹ ਅਹਿਸਾਸ ਕਰਾਵੇ ਕਿ ਕੁਝ ਯਾਤਰਾਵਾਂ ਅਜੇ ਵੀ ਵਖਾਏ ਜਾਣ ਦੀ ਬਜਾਏ ਲਿਖੇ ਜਾਣ ਲਈ ਕਹਿੰਦੀਆਂ ਹਨ।

ਅਗਲੀ ਵਾਰ: ਵੀਅਤਨਾਮ: ਸੁਰੰਗਾਂ, ਨਦੀਆਂ, ਗਤੀਸ਼ੀਲ ਅਤੇ ਸਹਿਣਸ਼ੀਲ ਮੁਲਕ ਦੀ ਯਾਤਰਾ।

Posted in ਚਰਚਾ, ਯਾਤਰਾ

ਆਓਰਾਕੀ ਮਾਊਂਟ ਕੁੱਕ ਦੀ ਸੈਰ

ਆਓਤਿਆਰੋਆ ਨਿਊਜ਼ੀਲੈਂਡ ਦੇ ਦੱਖਣੀ ਟਾਪੂ ਦੀ ਧੁੰਨੀ ਦੇ ਵਿੱਚ ਇੱਕ ਬਹੁਤ ਹੀ ਰਮਨੀਕ ਪਿੰਡ ਆਓਰਾਕੀ ਮਾਊਂਟ ਕੁੱਕ ਵੱਸਿਆ ਹੋਇਆ ਹੈ। ਇਸ ਸਾਲ ਦੀ ਚੜ੍ਹਦੀ ਜੂਨ ਦੇ ਵਿੱਚ ਮੈਨੂੰ ਆਪਣੀ ਜੀਵਨ ਸਾਥਣ ਦੇ ਨਾਲ ਇਸ ਪਿੰਡ ਦੀ ਯਾਤਰਾ ਕਰਨ ਦਾ ਮੌਕਾ ਲੱਗਾ। ਇਸ ਸਾਰੇ ਖਿੱਤੇ ਵਿੱਚ ਐਲਪਸ ਪਹਾੜ ਹਨ ਜੋ ਕੁਦਰਤ ਦੇ ਪ੍ਰੇਮੀਆਂ ਅਤੇ ਜਾਂਬਾਜ਼ ਮੁਸਾਫਰਾਂ ਲਈ ਚੁੰਬਕੀ ਖਿੱਚ ਰੱਖਦੇ ਹਨ। ਅਸੀਂ ਇਸ ਸ਼ਾਨਦਾਰ ਪਿੰਡ ਦੀ ਯਾਤਰਾ ਕੀਤੀ ਅਤੇ ਆਲੇ ਦੁਆਲੇ ਦੇ ਬਰਫ਼ਾਨੀ ਦਰਿਆ ਅਤੇ ਤੋਦਿਆਂ ਦੀ ਸੁੰਦਰਤਾ ਦੇ ਨਜ਼ਾਰੇ ਵੇਖੇ। 

ਜਿਵੇਂ ਹੀ ਅਸੀਂ ਆਓਰਾਕੀ ਮਾਊਂਟ ਕੁੱਕ ਪਿੰਡ ਵਿੱਚ ਪਹੁੰਚੇ ਤਾਂ ਬੱਦਲਵਾਈਆ ਮੌਸਮ ਬਣਿਆ ਹੋਇਆ ਸੀ। ਪਰ  ਪਿੰਡ ਦੇ ਆਲੇ-ਦੁਆਲੇ ਦਾ ਸ਼ਾਂਤ ਮਾਹੌਲ ਅਤੇ ਦਿਲ ਨੂੰ ਛੂਹ ਲੈਣ ਵਾਲੀ ਕੁਦਰਤੀ ਸੁੰਦਰਤਾ ਬਹੁਤ ਸਕੂਨ ਦੇ ਰਹੀ ਸੀ। ਹੋਟਲ ਵੱਲ ਜਾਣ ਤੋਂ ਪਹਿਲਾਂ ਅਸੀਂ ਟੈਸਮਨ ਗਲੇਸ਼ੀਅਰ ਵੱਲ ਗੱਡੀ ਮੋੜ ਲਈ। ਗੱਡੀ ਲਾਉਣ ਵਾਲ਼ੀ ਥਾਂ ਤੋਂ ਥੋੜ੍ਹੀ ਪਹਾੜੀ ਚੜ੍ਹਣੀ ਪੈਂਦੀ ਹੈ। ਜਿਵੇਂ ਹੀ ਅਸੀਂ ਉਪਰਲੇ ਚੌਂਤਰੇ ਤੇ ਪਹੁੰਚੇ ਤਾਂ ਟੈਸਮਨ ਗਲੇਸ਼ੀਅਰ ਦੇ ਨਜ਼ਾਰੇ ਨੇ ਸਾਡੇ ਦਿਲ ਦੀਆਂ ਧੜਕਣਾਂ ਵਧਾ ਦਿੱਤੀਆਂ। ਬਰਫ਼ ਦੀਆਂ ਚਮਕਦਾਰ ਨੀਲੀਆਂ ਹਰੀਆਂ ਝਲਕਾਰਾਂ ਜਿਵੇਂ ਅੱਖਾਂ ਨੂੰ ਠੰਢਕ ਦੇ ਰਹੀਆਂ ਸਨ ਪਰ ਇਹ ਨਜ਼ਾਰੇ ਵੇਖ-ਵੇਖ ਸਾਡੀਆਂ ਅੱਖਾਂ ਰੱਜ ਹੀ ਨਹੀਂ ਸਨ ਰਹੀਆਂ। ਇਹ ਤਜਰਬਾ ਸਾਨੂੰ ਜ਼ਿੰਦਗੀ ਭਰ ਲਈ ਯਾਦ ਰਹੇਗਾ।

ਖ਼ੈਰ, ਤਸਵੀਰਾਂ ਖਿੱਚਣ ਤੋਂ ਬਾਅਦ ਵਿਹਲੇ ਹੋ ਕੇ ਅਸੀਂ ਹੇਠਾਂ ਨੂੰ ਚਾਲੇ ਪਾ ਲਏ ਅਤੇ ਥੱਲੇ ਪਹੁੰਚ ਕੇ ਗੱਡੀ ਹਰਮੀਟੇਜ ਹੋਟਲ ਲਿਆ ਖੜ੍ਹੀ ਕੀਤੀ ਅਤੇ ਆਓਰਾਕੀ ਵਿੰਗ ਵਿੱਚ ਮਿਲੇ ਕਮਰੇ ਵਿੱਚ ਜਾ ਸਮਾਨ ਟਿਕਾਇਆ। ਹੋਟਲ ਦੇ ਮੁਲਾਜ਼ਮ ਨੇ ਸਾਨੂੰ ਦੱਸ ਦਿੱਤਾ ਸੀ ਕਿ ਸਾਡੇ ਕਮਰੇ ਦੀ ਖਿੜਕੀ ਵਿੱਚੋਂ ਆਓਰਾਕੀ ਮਾਊਂਟ ਕੁੱਕ ਵਿਖੇਗਾ। ਬੱਦਲਵਾਈ ਅਤੇ ਮੀਂਹ ਪੈਂਦਾ ਹੋਣ ਕਰਕੇ ਕੋਈ ਨਜ਼ਾਰਾ ਨਹੀਂ ਸੀ ਬੱਝ ਰਿਹਾ। ਇਹ ਸਾਡੀ ਚੰਗੀ ਕਿਸਮਤ ਸੀ ਜਦ ਅਸੀਂ ਟੈਸਮਨ ਗਲੇਸ਼ੀਅਰ ਵਾਲੇ ਪਾਸੇ ਗਏ ਸੀ ਤਾਂ ਓਧਰ ਕੁਝ ਦੇਰ ਲਈ ਬੱਦਲ ਖਿੰਡ ਗਏ ਸਨ।  

ਅਗਲੇ ਦਿਨ, ਅਸੀਂ ਇੱਕ ਸ਼ਾਨਦਾਰ ਟ੍ਰੈਕ ‘ਤੇ ਯਾਤਰਾ ਸ਼ੁਰੂ ਕੀਤੀ। ਇਸ ਮਨਮੋਹਕ ਟ੍ਰੈਕ ਦੇ ਨਜ਼ਾਰੇ ਸੱਚਮੁੱਚ ਸਾਨੂੰ ਸਾਹ ਲੈਣਾ ਵੀ ਭੁਲਾ ਰਹੇ ਸਨ। ਇਹ ਸੀਲੀ ਟਾਰਨਜ਼ ਵੱਲ ਚੜ੍ਹਾਈ ਸੀ। ਹਾਲਾਂਕਿ ਚੜ੍ਹਾਈ ਚੁਣੌਤੀ ਪੂਰਨ ਸੀ, ਪਰ ਜਦੋਂ ਅਸੀਂ ਸਿਖਰ ‘ਤੇ ਪਹੁੰਚੇ ਤਾਂ ਹਰ ਪਾਸੇ ਨਜ਼ਾਰੇ ਹੀ ਨਜ਼ਾਰੇ ਸਨ। ਹੁੱਕਰ ਵੈਲੀ, ਮੂਏਲਰ ਝੀਲ, ਅਤੇ ਆਲੇ ਦੁਆਲੇ ਦੀਆਂ ਚੋਟੀਆਂ ਦੇ 360-ਡਿਗਰੀ ਨਜ਼ਾਰੇ ਬਸ ਵੇਖਦੇ ਹੀ ਬਣਦੇ ਸਨ। ਕਈ ਤਰ੍ਹਾਂ ਦੇ ਝਰਨੇ ਪਹਾੜਾਂ ਦੀਆਂ ਸ਼ਾਨਦਾਰ ਝਲਕਾਂ ਪੇਸ਼ ਕਰਦੇ ਪਏ ਸਨ। ਵਾਪਸੀ ਤੇ ਸਾਨੂੰ ਚੰਗੀ ਥਕਾਵਟ ਮਹਿਸੂਸ ਹੋ ਰਹੀ ਸੀ। 

ਸਾਰਾ ਦਿਨ ਮੌਸਮ ਪੱਖੋਂ ਸਾਫ਼ ਸੀ ਤੇ ਜਿਵੇਂ ਹੀ ਰਾਤ ਢਲੀ, ਜਾਪ ਰਿਹਾ ਸੀ ਜਿਵੇਂ ਅਸੀਂ ਤਾਰਿਆਂ ਦੀ ਇੱਕ ਸ਼ਾਨਦਾਰ ਛੱਤ ਦੇ ਹੇਠਾਂ ਸੀ। ਮਾਊਂਟ ਕੁੱਕ ਪਿੰਡ ਪ੍ਰਦੂਸ਼ਣ ਤੋਂ ਮੁਕਤ, ਅਸਮਾਨ ਬੇਅੰਤ ਚਮਕਦਾਰ ਤਾਰਿਆਂ ਨਾਲ ਜਗਮਗਾ ਰਿਹਾ ਸੀ। ਮੈਂ ਆਕਾਸ਼ਗੰਗਾ ਦੀ ਸੁੰਦਰਤਾ ‘ਤੇ ਹੈਰਾਨ ਹੁੰਦਾ ਰਿਹਾ। ਇਹ ਨਜ਼ਾਰਾ ਸਾਨੂੰ ਯਾਦ ਦਿਵਾਉਂਦਾ ਸੀ ਕਿ ਅਸੀਂ ਇਸ ਵਿਸ਼ਾਲ ਬ੍ਰਹਿਮੰਡ ਵਿੱਚ ਕਿੰਨੇ ਛੋਟੇ ਹਾਂ।

ਮਾਊਂਟ ਕੁੱਕ ਪਿੰਡ ਵਿੱਚ ਹਰਮੀਟੇਜ ਹੋਟਲ ਅਰਾਮਦਾਇਕ ਰਿਹਾਇਸ਼ ਦਾ ਪੜਾਅ ਹੈ। ਇਥੇ ਹਰ ਕਿਸਮ ਦੀਆਂ ਸਹੂਲਤਾਂ ਸਨ। ਇਸ ਦੇ ਰੈਸਟੋਰੈਂਟਾਂ ਨੇ ਹਰ ਕਿਸਮ ਦੇ ਪਕਵਾਨ ਬੱਫ਼ੇ ਵਿੱਚ ਮੁਹੱਈਆ ਕਰਵਾਏ ਹੋਏ ਸਨ। ਹਰ ਭੋਜਨ ਮੂੰਹ ਵਿੱਚ ਪਾਣੀ ਲਿਆ ਰਿਹਾ ਸੀ। ਭੋਜਨ ਖਾਂਦੇ ਵੇਲ਼ੇ ਖਿੜਕੀ ਵਿੱਚੋਂ ਆਓਰਾਕੀ ਮਾਊਂਟ ਕੁੱਕ ਦਾ ਨਜ਼ਾਰਾ ਤਾਂ ਮਨੋਂ ਲਹਿੰਦਾ ਹੀ ਨਹੀਂ ਸੀ।  

ਆਓਰਾਕੀ ਮਾਊਂਟ ਕੁੱਕ ਪਿੰਡ ਅਤੇ ਆਲੇ ਦੁਆਲੇ ਦੇ ਗਲੇਸ਼ੀਅਰਾਂ ਦੀ ਸਾਡੀ ਯਾਤਰਾ ਇੱਕ ਅਭੁੱਲ ਤਜਰਬਾ ਸੀ। ਕੁਦਰਤ ਦੀਆਂ ਸ਼ਾਨਦਾਰ ਰਚਨਾਵਾਂ ਨਾਲ ਘਿਰੇ, ਅਸੀਂ ਤਾਜ਼ਗੀ ਅਤੇ ਬੁਲੰਦ ਹੌਸਲਾ ਮਹਿਸੂਸ ਕਰ ਰਹੇ ਸੀ। ਜੇ ਤੁਸੀਂ ਸਾਹਸ, ਸ਼ਾਂਤੀ ਅਤੇ ਕੁਦਰਤ ਦੀ ਸੁੰਦਰਤਾ ਦੀ ਭਾਲ ਕਰ ਰਹੇ ਹੋ, ਤਾਂ ਮੈਂ ਤੁਹਾਨੂੰ ਇਸ ਜਾਦੂਈ ਜਗ੍ਹਾ ਦੀ ਯਾਤਰਾ ਕਰਨ ਦੀ ਜ਼ੋਰਦਾਰ ਸਿਫਾਰਸ਼ ਕਰਦਾ ਹਾਂ।

ਕ੍ਰਾਈਸਟਚਰਚ ਹਵਾਈ ਅੱਡੇ ਨੂੰ ਵਾਪਸੀ ਦੌਰਾਨ ਅਸੀਂ ਥੋੜ੍ਹਾ ਵਲ਼ਾ ਪਾਕੇ ਵਾਈਟੋਹੀ ਪਿੰਡ ਪਹੁੰਚ ਗਏ। ਇਥੇ ਰਿੱਚਰਡ ਪੀਅਰਜ਼ ਦੀ ਯਾਦਗਾਰ ਹੈ। ਕਹਿੰਦੇ ਹਨ ਕਿ ਉਸ ਨੇ ਰਾਈਟ ਭਰਾਵਾਂ ਨਾਲੋਂ ਪਹਿਲਾਂ ਹਵਾਈ ਜਹਾਜ਼ ਬਣਾ ਕੇ ਉਡਾ ਲਿਆ ਸੀ। ਦੱਸਿਆ ਜਾਂਦਾ ਹੈ ਕਿ ਉਸ ਨੇ ਇਸ ਕਾਰਨਾਮੇ ਬਾਰੇ ਕੋਈ ਠੋਸ ਸਬੂਤ ਸਾਂਭ ਕੇ ਨਹੀਂ ਰੱਖਿਆ ਜਿਸ ਕਰਕੇ ਉਹ ਨਵਾਂ ਰਿਕਾਰਡ ਕਾਇਮ ਕਰਨ ਤੋਂ ਵਾਂਝਾ ਰਹਿ ਗਿਆ। ਸਿਆਣਿਆਂ ਦਾ ਕਹਿਣਾ ਹੈ ਕਿ ਇਤਿਹਾਸ ਕਾਇਮ ਕਰਨ ਨਾਲੋਂ ਵੀ ਇਤਿਹਾਸ ਸਾਂਭਣਾ ਜ਼ਿਆਦਾ ਜ਼ਰੂਰੀ ਹੁੰਦਾ ਹੈ।  

Posted in ਇਤਿਹਾਸ, ਚਰਚਾ, ਯਾਤਰਾ

ਹੜੱਪਾ ਥਾਣੇ ਦੀ ਫੇਰੀ

ਬੀਤੀ ਅਪ੍ਰੈਲ (2024) ਦੇ ਮੱਧ ਵਿੱਚ ਪਾਕਿਸਤਾਨ ਜਾਣ ਦਾ ਮੌਕਾ ਲੱਗਾ। ਇਸ ਯਾਤਰਾ ਦਾ ਮੁੱਖ ਮਕਸਦ ਤਾਂ ਸਿੱਖ ਇਤਿਹਾਸ ਨਾਲ ਸੰਬੰਧਿਤ ਥਾਵਾਂ ਅਤੇ ਗੁਰਦੁਆਰਿਆਂ ਦੀ ਯਾਤਰਾ ਕਰਨਾ ਸੀ। ਪਰ ਇਸ ਦੇ ਨਾਲ ਇਹ ਵੀ ਕੋਸ਼ਿਸ਼ ਕੀਤੀ ਕਿ ਉੱਥੇ ਅਜਾਇਬ ਘਰਾਂ ਵਿੱਚ ਵੀ ਜਾਇਆ ਜਾਵੇ ਤੇ ਹੋਰ ਵੀ ਇਤਿਹਾਸਿਕ ਥਾਵਾਂ ਤੇ ਜਾਇਆ ਜਾਵੇ। 

ਇਸੇ ਸਿਲਸਿਲੇ ਦੇ ਵਿੱਚ ਇੱਕ ਦਿਨ ਲਾਹੌਰ ਤੋਂ ਦੱਖਣ ਵਾਲੇ ਪਾਸੇ ਪਾਕਪੱਟਨ ਦੇ ਸਫ਼ਰ ਤੇ ਨਿਕਲੇ ਗਏ। ਸਾਡੀ ਢਾਣੀ ਨੇ ਪਹਿਲਾਂ ਬਾਬਾ ਫਰੀਦ ਦੀ ਮਜ਼ਾਰ ਤੇ ਜਾ ਕੇ ਫੁੱਲ ਚੜ੍ਹਾਏ ਅਤੇ ਉਸ ਤੋਂ ਬਾਅਦ ਦੁਪਹਿਰ ਹੜੱਪਾ ਵੱਲ ਚਾਲੇ ਪਾਏ। 

ਹੜੱਪਾ ਅਜਾਇਬ ਘਰ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਹੜੱਪਾ ਸ਼ਹਿਰ ਵਿੱਚ ਸਥਿਤ ਹੈ। ਇਹ ਅਜਾਇਬ ਘਰ ਸਿੰਧ ਘਾਟੀ ਸੱਭਿਅਤਾ ਦੇ ਇਤਿਹਾਸ ਅਤੇ ਵਿਰਾਸਤ ਨੂੰ ਸਮਰਪਿਤ ਹੈ। ਇੱਥੇ ਪੁਰਾਤਨ ਵਸਤੂਆਂ, ਜਿਵੇਂ ਕਿ ਮਿੱਟੀ ਦੇ ਭਾਂਡੇ, ਮੋਹਰਾਂ, ਮੂਰਤੀਆਂ, ਗਹਿਣੇ ਅਤੇ ਹੋਰ ਕਲਾਕ੍ਰਿਤੀਆਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ, ਜੋ ਸਿੰਧ ਘਾਟੀ ਦੀ ਸੱਭਿਅਤਾ ਦੀ ਉੱਨਤ ਸ਼ਹਿਰੀ ਜੀਵਨ ਸ਼ੈਲੀ ਅਤੇ ਸੱਭਿਆਚਾਰਕ ਵਿਕਾਸ ਬਾਰੇ ਜਾਣਕਾਰੀ ਪ੍ਰਦਾਨ ਕਰਦੇ ਹਨ।

ਹੜੱਪਾ ਆਪਣੇ ਆਪ ਵਿੱਚ ਇੱਕ ਮਹੱਤਵਪੂਰਨ ਖੁਦਾਈ ਵਾਲੀ ਥਾਂ ਹੈ। ਇੱਥੇ ਕੀਤੀਆਂ ਗਈਆਂ ਖੁਦਾਈਆਂ ਤੋਂ ਪਤਾ ਚੱਲਦਾ ਹੈ ਕਿ ਇਹ ਸ਼ਹਿਰ ਸਿੰਧ ਘਾਟੀ ਸੱਭਿਅਤਾ ਦਾ ਇੱਕ ਵੱਡਾ ਕੇਂਦਰ ਸੀ। ਸਿੰਧ ਘਾਟੀ ਸੱਭਿਅਤਾ ਦੁਨੀਆ ਦੀਆਂ ਸਭ ਤੋਂ ਪੁਰਾਣੀਆਂ ਅਤੇ ਉੱਨਤ ਸੱਭਿਅਤਾਵਾਂ ਵਿੱਚੋਂ ਇੱਕ ਸੀ। ਇਹ ਸੱਭਿਅਤਾ ਲਗਭਗ 3300 ਈਸਾ ਪੂਰਵ ਤੋਂ 1300 ਈਸਾ ਪੂਰਵ ਤੱਕ ਆਪਣੇ ਸਿਖਰ ‘ਤੇ ਸੀ ਅਤੇ ਇਸ ਦਾ ਵਿਸਥਾਰ ਮੁੱਖ ਤੌਰ ‘ਤੇ ਆਧੁਨਿਕ ਪਾਕਿਸਤਾਨ ਅਤੇ ਉੱਤਰ-ਪੱਛਮੀ ਭਾਰਤ ਦੇ ਖੇਤਰਾਂ ਵਿੱਚ ਸੀ। ਇਸ ਸੱਭਿਅਤਾ ਦੇ ਲੋਕ ਖੇਤੀਬਾੜੀ, ਵਪਾਰ, ਸ਼ਿਲਪਕਾਰੀ ਅਤੇ ਸ਼ਹਿਰੀ ਯੋਜਨਾਬੰਦੀ ਵਿੱਚ ਮਾਹਰ ਸਨ। ਉਨ੍ਹਾਂ ਨੇ ਇੱਕ ਲਿਪੀ ਦਾ ਵਿਕਾਸ ਕੀਤਾ ਸੀ, ਜਿਸ ਨੂੰ ਅਜੇ ਤੱਕ ਪੂਰੀ ਤਰ੍ਹਾਂ ਨਾਲ ਸਮਝਿਆ ਨਹੀਂ ਜਾ ਸਕਿਆ ਹੈ।

Photo by: Gurtej Singh

ਹੜੱਪਾ ਵਿੱਚ ਅਜਾਇਬ ਘਰ ਅਤੇ ਖੁਦਾਈ ਵਾਲੀਆਂ ਜਗ੍ਹਾਵਾਂ ਵੇਖਣ ਤੋਂ ਬਾਅਦ ਅਸੀਂ ਹਾਲੇ ਚਾਹ-ਪਾਣੀ ਤੋਂ ਵਿਹਲੇ ਹੋ ਰਹੇ ਸੀ ਕਿ ਹੜੱਪਾ ਥਾਣੇ ਦੇ ਥਾਣੇਦਾਰ ਵੱਲੋਂ ਇਹ ਬੇਨਤੀ ਆ ਗਈ ਕਿ ਇਥੇ ਥਾਣੇ ਵਿੱਚ ਜ਼ਰੂਰ ਹੋ ਕੇ ਜਾਵੋ। ਪਹਿਲਾਂ ਤਾਂ ਸਾਡਾ ਕੋਈ ਵਿਚਾਰ ਨਹੀਂ ਸੀ ਪਰ ਜਦੋਂ ਸਾਨੂੰ ਮਿਲੀ ਹੋਈ ਪੁਲਿਸ ਗਾਰਦ ਨੇ ਵੀ ਬੇਨਤੀ ਦੁਹਰਾਈ ਤਾਂ ਅਸੀਂ ਸੋਚਿਆ ਕਿ ਥਾਣੇ ਥਾਣੀਂ ਲੰਘ ਚੱਲਦੇ ਹਾਂ, ਕੀ ਹਰਜ਼ ਹੈ? 

ਥਾਣੇਦਾਰ ਵੱਕਾਸ ਨੇ ਬਹੁਤ ਹੀ ਖਲੂਸ ਨਾਲ ਸਾਡਾ ਸੁਆਗਤ ਕੀਤਾ ਤੇ ਬੇਨਤੀ ਕੀਤੀ ਕਿ ਥਾਣੇ ਅੰਦਰ ਆ ਕੇ ਜ਼ਰੂਰ ਵੇਖੋ। ਅੰਦਰ ਜਾ ਕੇ ਪਹਿਲੀ ਨਜ਼ਰ ‘ਚ ਹੀ ਬਹੁਤ ਹੈਰਾਨੀ ਹੋਈ ਕਿਉਂਕਿ ਜਿਹੜੀ ਆਮਦ ਸੀ (ਜਿੱਥੇ ਮੁਨਸ਼ੀ ਬੈਠਦਾ ਹੈ) ਉਥੇ ਸੁਆਗਤੀ ਲਾਲ ਗਲੀਚਾ ਵਿਛਿਆ ਹੋਇਆ ਸੀ ਤੇ ਨਾਲ ਹੀ ਕੰਪਿਊਟਰ ਵਾਲੀ ਪੋਰਟਲ ਜਿਸ ਦੇ ਉੱਤੇ ਤੁਸੀਂ ਆਪਣੀ ਸ਼ਿਕਾਇਤ ਦਰਜ ਕਰ ਸਕਦੇ ਸੀ। 

ਇਸ ਤੋਂ ਇਲਾਵਾ ਥਾਣੇ ਦੇ ਅੰਦਰ ਹੜੱਪਾ ਦੇ ਪ੍ਰਸੰਗ ਨੂੰ ਲੈ ਕੇ ਉਸੇ ਤਰ੍ਹਾਂ ਹੀ ਇਮਾਰਤਸਾਜ਼ੀ ਕੀਤੀ ਗਈ ਸੀ। ਥਾਣੇਦਾਰ ਵੱਕਾਸ ਨੇ ਦੱਸਿਆ ਕਿ ਹੜੱਪਾ ਥਾਣਾ ਸਮਾਜਿਕ ਮਾਧਿਅਮ ਤੇ ਵੀ ਕਾਫ਼ੀ ਸਰਗਰਮ ਹੈ। ਇਹ ਸਾਰਾ ਵੇਖ ਕੇ ਹੈਰਾਨੀ ਹੋਈ ਕਿ ਵਾਕਿਆ ਹੀ ਇਹ ਪੁਲਿਸ ਸਟੇਸ਼ਨ ਹੈ ਜਾਂ ਕੋਈ ਐਵੇਂ ਨੁਮਾਇਸ਼ੀ ਜਗ੍ਹਾ? ਥਾਣੇਦਾਰ ਵੱਕਾਸ ਨੇ ਦੱਸਿਆ ਕਿ ਇਕੱਲਾ ਹੜੱਪਾ ਥਾਣਾ ਹੀ ਨਹੀਂ ਸਗੋਂ  ਇਹ ਤਕਨਾਲੋਜੀ ਪਾਕਿਸਤਾਨੀ ਪੰਜਾਬ ਦੇ ਹਰ ਥਾਣੇ ਵਿੱਚ ਆ ਰਹੀ ਹੈ। 

ਇਸ ਤਰ੍ਹਾਂ ਹੜੱਪਾ ਥਾਣੇ ਦੀ ਫੇਰੀ ਨੇ ਸਾਡੇ ਤੇ ਕਾਫ਼ੀ ਸੁਚਾਰੂ ਪ੍ਰਭਾਵ ਛੱਡਿਆ ਤੇ ਅਸੀਂ ਦੇਰ ਸ਼ਾਮ ਲਾਹੌਰ ਨੂੰ ਵਾਪਸ ਚਾਲੇ ਪਾ ਲਏ।

ਹੜੱਪਾ ਥਾਣੇ ਦੀਆਂ ਤਸਵੀਰਾਂ ਦਾ ਵੀਡੀਓ ਵੇਖਣ ਲਈ ਹੇਠਾਂ ਕਲਿੱਕ ਕਰੋ:

Processing…
Success! You're on the list.
Posted in ਕਿਤਾਬਾਂ, ਯਾਤਰਾ, ਵਿਚਾਰ

ਪੰਜਾਬੀ ਪ੍ਰਕਾਸ਼ਨ ਦਾ ਸਾਖਿਆਤ ਦਿਲ: ਆੱਟਮ ਆਰਟ

ਆਪਣੀ ਸ਼ਾਹੀ ਵਿਰਾਸਤ ਅਤੇ ਸੱਭਿਆਚਾਰਕ ਥੱਰਾਹਟ ਲਈ ਜਾਣੇ ਜਾਂਦੇ ਸ਼ਹਿਰ ਪਟਿਆਲਾ ਵਿੱਚ ਇੱਕ ਲੁਕਿਆ ਹੋਇਆ ਰਤਨ ਹੈ ਜੋ ਪੰਜਾਬੀ ਸਾਹਿਤਕ ਦ੍ਰਿਸ਼ ਨੂੰ ਨਵਾਂ ਰੂਪ ਦੇ ਰਿਹਾ ਹੈ – ਆੱਟਮ ਆਰਟ। ਮਹਿਲਾ ਉੱਦਮੀ ਪ੍ਰੀਤੀ ਸ਼ੈਲੀ ਅਤੇ ਉਸ ਦੇ ਜੀਵਨ ਸਾਥੀ ਸਤਪਾਲ ਦੁਆਰਾ ਚਲਾਇਆ ਜਾ ਰਿਹਾ ਇਹ ਬੁਟੀਕ ਪ੍ਰਕਾਸ਼ਨ ਘਰ ਪੰਜਾਬੀ ਭਾਸ਼ਾ ਦੇ ਪ੍ਰਕਾਸ਼ਕਾਂ ਦੇ ਖੇਤਰ ਵਿੱਚ ਵੱਖਰਾ ਮੁਕ਼ਾਮ ਹੈ। ਆਪਣੇ ਸਮਕਾਲੀ ਪ੍ਰਕਾਸ਼ਕਾਂ ਦੇ ਉਲਟ, ਆੱਟਮ ਆਰਟ ਦਰਸ਼ਨ ਅਤੇ ਬੌਧਿਕ ਵਿਚਾਰਾਂ ਦੇ ਖੇਤਰਾਂ ਵਿੱਚ ਡੂੰਘਾ ਉਤਰਦਾ ਹੈ ਅਤੇ ਪਾਠਕਾਂ ਨੂੰ ਇੱਕ ਵਿਲੱਖਣ ਅਤੇ ਅਮੀਰ ਅਹਿਸਾਸ ਪ੍ਰਦਾਨ ਕਰਦਾ ਹੈ।

ਇਸ ਸਾਲ ਜਨਵਰੀ ਦੇ ਸ਼ੁਰੂ ਵਿੱਚ ਇੱਕ ਫੇਰੀ ਦੌਰਾਨ, ਮੈਨੂੰ ਅਤੇ ਮੇਰੀ ਪਤਨੀ ਨੂੰ ਆੱਟਮ ਆਰਟ ਦੀ ਦੁਨੀਆਂ ਵਿੱਚ ਕਦਮ ਰੱਖਣ ਦੀ ਖੁਸ਼ੀ ਮਿਲੀ। ਆੱਟਮ ਆਰਟ ਦੀਆਂ ਬਰੂਹਾਂ ਟੱਪਦਿਆਂ ਹੀ, ਤੁਹਾਨੂੰ ਇੱਕ ਅਜਿਹੇ ਵਾਤਾਵਰਣ ਵਿੱਚ ਲਿਜਾਇਆ ਜਾਂਦਾ ਹੈ ਜਿੱਥੇ ਹਰ ਕਿਤਾਬ ਬੌਧਿਕਤਾ ਅਤੇ ਆਤਮ-ਨਿਰੀਖਣ ਦੀਆਂ ਕਹਾਣੀਆਂ ਸੁਣਾਉਂਦੀ ਜਾਪਦੀ ਹੈ। ਇਹ ਤੁਹਾਡੀ ਆਮ ਕਿਤਾਬਾਂ ਦੀ ਦੁਕਾਨ ਨਹੀਂ ਹੈ; ਇਹ ਚਿੰਤਕਾਂ, ਸੁਫ਼ਨੇ ਵੇਖਣ ਵਾਲਿਆਂ ਅਤੇ ਭਾਲਣ ਵਾਲਿਆਂ ਲਈ ਇੱਕ ਪਨਾਹਗਾਹ ਹੈ। ਪ੍ਰੀਤੀ ਸ਼ੈਲੀ ਨੇ ਦਾਰਸ਼ਨਿਕ ਸਾਹਿਤ ਪ੍ਰਤੀ ਆਪਣੇ ਜਨੂੰਨ ਦੇ ਬਲਬੂਤੇ, ਬੜੇ ਧਿਆਨ ਨਾਲ ਇਕ ਸੰਗ੍ਰਹਿ ਤਿਆਰ ਕੀਤਾ ਹੈ ਜੋ ਮਨ ਨੂੰ ਲਲਕਾਰਦਾ ਹੈ ਅਤੇ ਆਤਮਾ ਨੂੰ ਸ਼ਾਂਤ ਕਰਦਾ ਹੈ। ਇਸ ਉੱਦਮ ਵਿੱਚ ਸਤਪਾਲ ਦਾ ਸਮਰਥਨ ਸਪੱਸ਼ਟ ਹੈ, ਜੋ ਆੱਟਮ ਆਰਟ ਨੂੰ ਸਾਂਝੇਦਾਰੀ ਦਾ ਸੰਪੂਰਨ ਰੂਪ ਬਣਾਉਂਦਾ ਹੈ।

ਖੱਬਿਓਂ ਸੱਜੇ – ਸਤਪਾਲ, ਪ੍ਰੀਤੀ, ਅਮਰਜੀਤ ਅਤੇ ਗੁਰਤੇਜ

ਇੱਥੇ ਕਿਤਾਬਾਂ ਖਰੀਦਣ ਦਾ ਤਜਰਬਾ ਕਵਿਤਾ ਦੇ ਵਹਿਣ ਤੋਂ ਘੱਟ ਨਹੀਂ ਹੈ। ਕਿਤਾਬਾਂ ਦਾ ਹਰੇਕ ਅਲਮਾਰੀ ਖ਼ਾਨਾ ਇੱਕ ਖਜ਼ਾਨਾ ਹੈ, ਜੋ ਵਿਚਾਰਾਂ ਨੂੰ ਉਕਸਾਉਣ ਅਤੇ ਬੌਧਿਕਤਾ ਨੂੰ ਉਤਸ਼ਾਹਤ ਕਰਨ ਵਾਲੀਆਂ ਰਚਨਾਵਾਂ ਨਾਲ ਭਰਿਆ ਹੋਇਆ ਹੈ। ਸਮਕਾਲੀ ਬੌਧਿਕ ਬਿਰਤਾਂਤਾਂ ਅਤੇ ਸਿਰਮੌਰ ਸਾਹਿਤ ਦਾ ਪੰਜਾਬੀ ਅਨੁਵਾਦ ਚਮਕਾਂ ਮਾਰ ਰਹੇ ਜਾਪਦੇ ਹਨ। ਇਹ ਮੁਲਾਕਾਤ ਸਿਰਫ ਇੱਕ ਖਰੀਦਦਾਰੀ ਮੁਹਿੰਮ ਹੀ ਨਹੀਂ ਸੀ; ਇਹ ਪੰਜਾਬੀ ਬੌਧਿਕ ਵਿਚਾਰਧਾਰਾ ਦੇ ਗਿਆਨਵਾਨ ਅਤੇ ਭਾਵੁਕ ਆੱਟਮ ਆਰਟ ਦੇ ਉੱਦਮੀਆਂ ਵੱਲੋਂ ਸਿਰਜੀ ਇੱਕ ਨਿਵੇਕਲੀ ਦੁਨੀਆਂ ਦੀ ਗਿਆਨਭਰਪੂਰ ਯਾਤਰਾ ਸੀ।

ਆੱਟਮ ਆਰਟ ਸਿਰਫ ਇੱਕ ਕਿਤਾਬਾਂ ਦੀ ਦੁਕਾਨ ਜਾਂ ਇੱਕ ਪ੍ਰਕਾਸ਼ਨ ਘਰ ਨਹੀਂ ਹੈ; ਇਹ ਬੌਧਿਕ ਤੌਰ ‘ਤੇ ਉਤਸੁਕ ਲੋਕਾਂ ਲਈ ਇੱਕ ਚਾਨਣ ਮੁਨਾਰਾ ਹੈ ਅਤੇ ਉੱਦਮਤਾ ਵਿੱਚ ਔਰਤਾਂ ਦੀ ਤਾਕਤ ਦਾ ਸਬੂਤ ਹੈ। ਪ੍ਰੀਤੀ ਸ਼ੈਲੀ ਦੇ ਦ੍ਰਿਸ਼ਟੀਕੋਣ ਅਤੇ ਸਤਪਾਲ ਦੇ ਸਮਰਥਨ ਨੇ ਇੱਕ ਅਜਿਹੀ ਜਗ੍ਹਾ ਬਣਾਈ ਹੈ ਜੋ ਵਪਾਰ ਤੋਂ ਪਰ੍ਹੇ ਰਹਿ ਕੇ ਪਾਠਕਾਂ ਅਤੇ ਚਿੰਤਕਾਂ ਦੇ ਭਾਈਚਾਰੇ ਨੂੰ ਉਤਸ਼ਾਹਤ ਕਰਦੀ ਹੈ। ਜਿਵੇਂ ਹੀ ਅਸੀਂ ਆੱਟਮ ਆਰਟ ਤੋਂ ਕਿਤਾਬਾਂ ਸਹਿਤ ਵਾਪਸੀ ਕੀਤੀ ਤਾਂ ਇਹ ਸਪੱਸ਼ਟ ਸੀ ਕਿ ਆੱਟਮ ਆਰਟ ਪੰਜਾਬ ਦੀ ਸੱਭਿਆਚਾਰਕ ਅਤੇ ਬੌਧਿਕ ਵਿਰਾਸਤ ਵਿੱਚ ਇੱਕ ਮਹੱਤਵਪੂਰਣ ਯੋਗਦਾਨ ਪਾ ਰਿਹਾ ਹੈ – ਇੱਕ ਅਜਿਹੀ ਜਗ੍ਹਾ ਜਿੱਥੇ ਲਿਖਤੀ ਸ਼ਬਦ ਦੀ ਕਦਰ ਕੀਤੀ ਜਾਂਦੀ ਹੈ ਅਤੇ ਇਸ ਦੇ ਪ੍ਰਕਾਸ਼ਨ ਦਾ ਜਸ਼ਨ ਮਨਾਇਆ ਜਾਂਦਾ ਹੈ। ਪੰਜਾਬੀ ਭਾਸ਼ਾ ਰਾਹੀਂ ਫ਼ਲਸਫ਼ੇ ਦੀ ਡੂੰਘੀ ਸਮਝ ਦੀ ਭਾਲ ਕਰਨ ਵਾਲਿਆਂ ਲਈ ਆੱਟਮ ਆਰਟ ਪਟਿਆਲਾ ਇੱਕ ਲਾਜ਼ਮੀ ਮੰਜ਼ਿਲ ਹੈ।