ਵਿਗਿਆਨਕ ਖੋਜ ਦੇ ਅਪਾਰ ਖੇਤਰ ਵਿੱਚ, ਕੁਝ ਬਿਰਤਾਂਤ ਬਹੁਤ ਹੀ ਮਨਮੋਹਕ ਹੁੰਦੇ ਹਨ ਜੋ ਸਾਡੇ ਪੁਰਾਤਨ ਮੂਲ ਦੇ ਭੇਦਾਂ ਨੂੰ ਉਜਾਗਰ ਕਰਦੇ ਹਨ। ਨੈੱਟਫਲਿਕਸ ਦਸਤਾਵੇਜ਼ੀ “ਅਣਜਾਣ: ਹੱਡੀਆਂ ਦੀ ਗੁਫਾ” ਦਰਸ਼ਕਾਂ ਨੂੰ ਇੱਕ ਮਨੋਰੰਜਕ ਯਾਤਰਾ ਉੱਤੇ ਲੈ ਜਾਂਦੀ ਹੈ। 2013 ਵਿੱਚ ਹੋਮੋ ਨਲੇਡੀ, ਇੱਕ ਅਲੋਪ ਹੋ ਚੁੱਕੀ ਪੁਰਾਤੱਤਵ ਮਨੁੱਖੀ ਨਸਲ ਦੀ ਖੋਜ ਦੀ ਕਮਾਲ ਦੀ ਕਹਾਣੀ ਦੀ ਘੋਖ ਕਰਦੀ ਹੈ। ਦੱਖਣੀ ਅਫ਼ਰੀਕਾ ਦੀ ਰਾਈਜ਼ਿੰਗ ਸਟਾਰ ਗੁਫਾ ਪ੍ਰਣਾਲੀ ਦੀ ਡੂੰਘਾਈ ਵਿੱਚ ਸਥਿਤ, ਤੰਗ ਗੁਫਾਵਾਂ ਦੇ ਵਿੱਚ ਇੱਕ ਖੋਜੀ ਜੋੜੇ ਵੱਲੋਂ ਇਸ ਪੁਰਾਤਨ ਮਨੁੱਖੀ ਨਸਲ ਦੀ ਖੋਜ ਜੀਵ-ਵਿਗਿਆਨ ਵਿੱਚ ਇੱਕ ਨਿਵੇਕਲੇ ਪਲ ਦੀ ਨਿਸ਼ਾਨਦੇਹੀ ਕਰਦਾ ਹੈ।
ਇਹ ਦਸਤਾਵੇਜ਼ੀ ਫਿਲਮ ਦੱਸਦੀ ਹੈ ਕਿ ਕਿਵੇਂ ਤੰਗ ਗੁਫਾਵਾਂ ਵਿੱਚ ਲੱਭੇ ਹੱਡੀਆਂ ਦੇ ਟੁਕੜਿਆਂ ਵਿਚਕਾਰ ਇੱਕ ਅਣਕਿਆਸੀ ਲੱਭਤ ਹੋਈ। ਭੇਦ ਭਰੇ ਪਿੰਜਰ ਅਤੇ ਲੱਭੇ ਹੱਡੀਆਂ ਦੇ ਟੁਕੜਿਆਂ ਨੇ ਮਾਹਿਰਾਂ ਨੂੰ ਇੱਕ ਨਵੇਂ ਰਾਹ ਪਾ ਦਿੱਤਾ। ਗੁਫਾ ਦੇ ਵਿਹੜਿਆਂ ਦੇ ਅੰਦਰ ਉਨ੍ਹਾਂ ਨੂੰ ਜੋ ਕੁਝ ਲੱਭਿਆ ਉਹ ਹੈਰਾਨੀਜਨਕ ਤੋਂ ਘੱਟ ਨਹੀਂ ਸੀ – ਇੱਕ ਪੂਰੀ ਤਰ੍ਹਾਂ ਨਵੀਂ ਆਦਮ ਪ੍ਰਜਾਤੀ ਜਿਸਦੇ ਬਾਰੇ ਪੁਰਾਣੇ ਵਰਗੀਕਰਣ ਵਿੱਚ ਕੁਝ ਵੀ ਨਹੀਂ ਸੀ। ਇਸੇ ਕਰਕੇ ਅਖੀਰ ਵਿੱਚ ਇਸ ਨੂੰ ਹੋਮੋ ਨਲੇਡੀ ਦਾ ਨਵਾਂ ਨਾਂ ਦਿੱਤਾ ਗਿਆ।
ਰਾਈਜ਼ਿੰਗ ਸਟਾਰ ਗੁਫਾ ਮੁਹਿੰਮ ਤੋਂ ਪਹਿਲਾਂ, ਦੁਨੀਆਂ ਹੋਮੋ ਨਲੇਡੀ ਦੀ ਹੋਂਦ ਤੋਂ ਅਣਜਾਣ ਸੀ। ਕਿਸੇ ਵੀ ਪਿਛਲੀ ਖੋਜ ਦੀ ਅਣਹੋਂਦ ਨੇ ਵਿਗਿਆਨਕ ਭਾਈਚਾਰੇ ਨੂੰ ਤੁਲਨਾਤਮਕ ਅੰਕੜਿਆਂ ਦੀ ਘਾਟ ਨਾਲ ਜੂਝਣ ਲਈ ਮਜਬੂਰ ਕਰ ਦਿੱਤਾ ਸੀ। ਡਾ: ਬਰਗਰ ਦੀ ਅਗਵਾਈ ਵਾਲੀ ਟੀਮ ਨੇ ਇਨ੍ਹਾਂ ਵਿਲੱਖਣ ਅਸਥੀਆਂ ਦੇ ਵਿਕਾਸਵਾਦੀ ਮਹੱਤਵ ਨੂੰ ਸਮਝਣ ਦੇ ਔਖੇ ਕੰਮ ਨੂੰ ਨੇਪਰੇ ਚਾੜ੍ਹਿਆ ਜਿਸ ਵਿੱਚ ਉਨ੍ਹਾਂ ਦੀ ਪੜਚੋਲ ਬੇਮਿਸਾਲ ਸੀ। ਧਰਤੀ ਉੱਤੇ ਕਿਤੇ ਵੀ ਹੋਮੋ ਨਲੇਡੀ ਜੀਵ ਦੀ ਅਣਹੋਂਦ ਨੇ ਉਨ੍ਹਾਂ ਦੀਆਂ ਖੋਜਾਂ ਦੇ ਆਲੇ ਦੁਆਲੇ ਅਚੇਤ ਅਤੇ ਹੈਰਾਨੀ ਦੀ ਭਾਵਨਾ ਨੂੰ ਲਬਰੇਜ਼ ਕੀਤਾ।

ਹੋਮੋ ਨਲੇਡੀ ਖੋਜ ਦੇ ਸਭ ਤੋਂ ਦਿਲਚਸਪ ਪਹਿਲੂਆਂ ਵਿੱਚੋਂ ਇੱਕ ਇਸਦਾ ਮਨੁੱਖ ਜਾਤੀ ਨਾਲੋਂ ਸਪੱਸ਼ਟ ਵਖਰੇਵਾਂ ਹੈ। ਦਸਤਾਵੇਜ਼ੀ ਫਿਲਮ ਇਸ ਸੰਭਾਵਨਾ ਵੱਲ ਇਸ਼ਾਰਾ ਕਰਦੀ ਹੈ ਕਿ ਇਹ ਪੁਰਾਤਨ ਜੀਵ ਗੁਫਾ ਦੇ ਭੁਲੇਖੇ ਵਿਚ ਫਸ ਗਏ ਹੋ ਸਕਦੇ ਹਨ, ਜਿਸ ਨਾਲ ਇਹ ਗੁਫਾ ਉਨ੍ਹਾਂ ਦੀ ਕਬਰ ਬਣ ਗਈ। ਇਹ ਸਿਧਾਂਤ ਉਨ੍ਹਾਂ ਹਾਲਾਤ ਨੂੰ ਸਹੀ ਢੰਗ ਨਾਲ ਸਮਝਣ ਦੀ ਚੁਣੌਤੀ ਦਿੰਦਾ ਹੈ ਜਿੰਨ੍ਹਾਂ ਨੇ ਇਸ ਗੁਫਾ ਨੂੰ ਕੈਦ ਦਾ ਰੂਪ ਦੇ ਦਿੱਤਾ। ਜੇਕਰ ਅਸੀਂ ਭੂ-ਵਿਗਿਆਨਕ ਸੰਦਰਭ ਵਿੱਚ ਖੋਜ ਕਰਦੇ ਹਾਂ, ਤਾਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਗੁਫਾ ਦੀ ਬਣਤਰ ਨੇ ਹੀ ਇਨ੍ਹਾਂ ਨਾਜ਼ੁਕ ਅਸਥੀਆਂ ਨੂੰ ਸੁਰੱਖਿਅਤ ਰੱਖਣ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਗੁਫਾ ਦੇ ਤੰਗ ਰੂਪ ਨੇ ਇਸ ਵਿੱਚ ਪਈਆਂ ਅਸਥੀਆਂ ਨੂੰ ਵਕਤ ਦੇ ਨਾਲ ਬਰਬਾਦੀ ਅਤੇ ਜੰਗਲੀ ਜਾਨਵਰਾਂ ਤੋਂ ਬਚਾਇਆ ਹੈ।
ਜਦੋਂ ਕਿ ਹੋਮੋ ਨਲੇਡੀ ਖੋਜ ਅਤੇ ਇਸਦੀ ਵਿਗਿਆਨਕ ਮਹੱਤਤਾ ਸਾਡੇ ਲਈ ਇੱਕ ਦਿਲਚਸਪ ਵਿਸ਼ਾ ਹੈ, ਦਸਤਾਵੇਜ਼ੀ ਫਿਲਮ ਇਨ੍ਹਾਂ ਕਬਰਾਂ ਬਾਰੇ ਹੋਰ ਖੋਜ ਦੀ ਬਜਾਏ ਇਸ ਨੂੰ ਮੌਤ ਤੋਂ ਬਾਅਦ ਦੇ ਜੀਵਨ ਦੀ ਧਾਰਨਾ ਦੇ ਨਾਲ ਰਲ਼ਗੱਡ ਕਰਦੀ ਹੈ। ਵਿਦਵਾਨਾਂ ਨੂੰ ਇਸ ਵਿਚਾਰ ਨਾਲ ਜੂਝਦੇ ਹੋਏ ਵਖਾਇਆ ਗਿਆ ਹੈ ਕਿ ਇਨ੍ਹਾਂ ਪੁਰਾਤਨ ਜੀਵਾਂ ਨੇ ਅਗਲੇ ਜੀਵਨ ਦੀ ਕਲਪਨਾ ਕਰਨ ਨਾਲ ਸੰਬੰਧਿਤ ਬੋਧਾਤਮਕ ਸਮਰੱਥਾ ਦਾ ਪ੍ਰਦਰਸ਼ਨ ਕੀਤਾ ਹੋ ਸਕਦਾ ਹੈ। ਹਾਲਾਂਕਿ, ਜਿਵੇਂ ਕਿ ਤੁਸੀਂ ਸਮਝ ਹੀ ਸਕਦੇ ਹੋ ਕਿ ਵਿਗਿਆਨਕ ਨਿਰੀਖਣ ਤੋਂ ਅੰਦਾਜ਼ੇ ਲਾਉਂਦੇ ਹੋਏ ਮਿਥਿਆਵਾਂ ਨਾਲ ਜੁੜ ਜਾਣ ਦੀ ਇਹ ਛਾਲ ਕਈ ਜਾਇਜ਼ ਸਵਾਲ ਖੜ੍ਹੇ ਕਰਦੀ ਹੈ। ਅਗਲੇ ਜੀਵਨ ਦੀਆਂ ਵਿਆਖਿਆਵਾਂ ਦੇ ਕਿਆਫ਼ੇ ਹੋਮੋ ਨਲੇਡੀ ਨਾਲ ਜੋੜਨੇ ਇੱਕ ਤਰ੍ਹਾਂ ਦੀ ਬੇਇਮਾਨੀ ਹੈ।
ਜਿਵੇਂ ਅਸੀਂ ਆਪਣੀ ਪੂਰਵ-ਇਤਿਹਾਸਕ ਵਿਰਾਸਤ ਦੀਆਂ ਡੂੰਘਾਈਆਂ ਦੀ ਲਗਾਤਾਰ ਖੋਜ ਕਰਨਾ ਜਾਰੀ ਰੱਖਦੇ ਹਾਂ, ਉਸੇ ਤਰ੍ਹਾਂ ਇਹ ਲਾਜ਼ਮੀ ਹੈ ਕਿ ਅਸੀਂ ਵਿਗਿਆਨਕ ਮਾਪ ਦੰਡ ਕਿਸੇ ਵੀ ਹਾਲ ਵਿੱਚ ਆਪਣੀਆਂ ਧਾਰਨਾਵਾਂ ਨਾਲ ਰਲ਼ਗੱਡ ਨਾ ਕਰੀਏ। ਸਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸਾਡੇ ਬਿਰਤਾਂਤ ਸਬੂਤਾਂ ਦੇ ਠੋਸ ਖੇਤਰ ਵਿੱਚ ਹੀ ਰਹਿਣ ਅਤੇ ਅਸੀਂ ਗੁੰਝਲਦਾਰ ਭੇਦਾਂ ਨੂੰ ਸਮਝਣ ਲਈ ਕਿਤੇ ਅਟਕਲ-ਪੱਚੂ ਨਾ ਮਾਰਨੇ ਸ਼ੁਰੂ ਕਰ ਦੇਈਏ।

