Posted in ਕਿਤਾਬਾਂ, ਯਾਤਰਾ, ਵਿਚਾਰ

ਪੰਜਾਬੀ ਪ੍ਰਕਾਸ਼ਨ ਦਾ ਸਾਖਿਆਤ ਦਿਲ: ਆੱਟਮ ਆਰਟ

ਆਪਣੀ ਸ਼ਾਹੀ ਵਿਰਾਸਤ ਅਤੇ ਸੱਭਿਆਚਾਰਕ ਥੱਰਾਹਟ ਲਈ ਜਾਣੇ ਜਾਂਦੇ ਸ਼ਹਿਰ ਪਟਿਆਲਾ ਵਿੱਚ ਇੱਕ ਲੁਕਿਆ ਹੋਇਆ ਰਤਨ ਹੈ ਜੋ ਪੰਜਾਬੀ ਸਾਹਿਤਕ ਦ੍ਰਿਸ਼ ਨੂੰ ਨਵਾਂ ਰੂਪ ਦੇ ਰਿਹਾ ਹੈ – ਆੱਟਮ ਆਰਟ। ਮਹਿਲਾ ਉੱਦਮੀ ਪ੍ਰੀਤੀ ਸ਼ੈਲੀ ਅਤੇ ਉਸ ਦੇ ਜੀਵਨ ਸਾਥੀ ਸਤਪਾਲ ਦੁਆਰਾ ਚਲਾਇਆ ਜਾ ਰਿਹਾ ਇਹ ਬੁਟੀਕ ਪ੍ਰਕਾਸ਼ਨ ਘਰ ਪੰਜਾਬੀ ਭਾਸ਼ਾ ਦੇ ਪ੍ਰਕਾਸ਼ਕਾਂ ਦੇ ਖੇਤਰ ਵਿੱਚ ਵੱਖਰਾ ਮੁਕ਼ਾਮ ਹੈ। ਆਪਣੇ ਸਮਕਾਲੀ ਪ੍ਰਕਾਸ਼ਕਾਂ ਦੇ ਉਲਟ, ਆੱਟਮ ਆਰਟ ਦਰਸ਼ਨ ਅਤੇ ਬੌਧਿਕ ਵਿਚਾਰਾਂ ਦੇ ਖੇਤਰਾਂ ਵਿੱਚ ਡੂੰਘਾ ਉਤਰਦਾ ਹੈ ਅਤੇ ਪਾਠਕਾਂ ਨੂੰ ਇੱਕ ਵਿਲੱਖਣ ਅਤੇ ਅਮੀਰ ਅਹਿਸਾਸ ਪ੍ਰਦਾਨ ਕਰਦਾ ਹੈ।

ਇਸ ਸਾਲ ਜਨਵਰੀ ਦੇ ਸ਼ੁਰੂ ਵਿੱਚ ਇੱਕ ਫੇਰੀ ਦੌਰਾਨ, ਮੈਨੂੰ ਅਤੇ ਮੇਰੀ ਪਤਨੀ ਨੂੰ ਆੱਟਮ ਆਰਟ ਦੀ ਦੁਨੀਆਂ ਵਿੱਚ ਕਦਮ ਰੱਖਣ ਦੀ ਖੁਸ਼ੀ ਮਿਲੀ। ਆੱਟਮ ਆਰਟ ਦੀਆਂ ਬਰੂਹਾਂ ਟੱਪਦਿਆਂ ਹੀ, ਤੁਹਾਨੂੰ ਇੱਕ ਅਜਿਹੇ ਵਾਤਾਵਰਣ ਵਿੱਚ ਲਿਜਾਇਆ ਜਾਂਦਾ ਹੈ ਜਿੱਥੇ ਹਰ ਕਿਤਾਬ ਬੌਧਿਕਤਾ ਅਤੇ ਆਤਮ-ਨਿਰੀਖਣ ਦੀਆਂ ਕਹਾਣੀਆਂ ਸੁਣਾਉਂਦੀ ਜਾਪਦੀ ਹੈ। ਇਹ ਤੁਹਾਡੀ ਆਮ ਕਿਤਾਬਾਂ ਦੀ ਦੁਕਾਨ ਨਹੀਂ ਹੈ; ਇਹ ਚਿੰਤਕਾਂ, ਸੁਫ਼ਨੇ ਵੇਖਣ ਵਾਲਿਆਂ ਅਤੇ ਭਾਲਣ ਵਾਲਿਆਂ ਲਈ ਇੱਕ ਪਨਾਹਗਾਹ ਹੈ। ਪ੍ਰੀਤੀ ਸ਼ੈਲੀ ਨੇ ਦਾਰਸ਼ਨਿਕ ਸਾਹਿਤ ਪ੍ਰਤੀ ਆਪਣੇ ਜਨੂੰਨ ਦੇ ਬਲਬੂਤੇ, ਬੜੇ ਧਿਆਨ ਨਾਲ ਇਕ ਸੰਗ੍ਰਹਿ ਤਿਆਰ ਕੀਤਾ ਹੈ ਜੋ ਮਨ ਨੂੰ ਲਲਕਾਰਦਾ ਹੈ ਅਤੇ ਆਤਮਾ ਨੂੰ ਸ਼ਾਂਤ ਕਰਦਾ ਹੈ। ਇਸ ਉੱਦਮ ਵਿੱਚ ਸਤਪਾਲ ਦਾ ਸਮਰਥਨ ਸਪੱਸ਼ਟ ਹੈ, ਜੋ ਆੱਟਮ ਆਰਟ ਨੂੰ ਸਾਂਝੇਦਾਰੀ ਦਾ ਸੰਪੂਰਨ ਰੂਪ ਬਣਾਉਂਦਾ ਹੈ।

ਖੱਬਿਓਂ ਸੱਜੇ – ਸਤਪਾਲ, ਪ੍ਰੀਤੀ, ਅਮਰਜੀਤ ਅਤੇ ਗੁਰਤੇਜ

ਇੱਥੇ ਕਿਤਾਬਾਂ ਖਰੀਦਣ ਦਾ ਤਜਰਬਾ ਕਵਿਤਾ ਦੇ ਵਹਿਣ ਤੋਂ ਘੱਟ ਨਹੀਂ ਹੈ। ਕਿਤਾਬਾਂ ਦਾ ਹਰੇਕ ਅਲਮਾਰੀ ਖ਼ਾਨਾ ਇੱਕ ਖਜ਼ਾਨਾ ਹੈ, ਜੋ ਵਿਚਾਰਾਂ ਨੂੰ ਉਕਸਾਉਣ ਅਤੇ ਬੌਧਿਕਤਾ ਨੂੰ ਉਤਸ਼ਾਹਤ ਕਰਨ ਵਾਲੀਆਂ ਰਚਨਾਵਾਂ ਨਾਲ ਭਰਿਆ ਹੋਇਆ ਹੈ। ਸਮਕਾਲੀ ਬੌਧਿਕ ਬਿਰਤਾਂਤਾਂ ਅਤੇ ਸਿਰਮੌਰ ਸਾਹਿਤ ਦਾ ਪੰਜਾਬੀ ਅਨੁਵਾਦ ਚਮਕਾਂ ਮਾਰ ਰਹੇ ਜਾਪਦੇ ਹਨ। ਇਹ ਮੁਲਾਕਾਤ ਸਿਰਫ ਇੱਕ ਖਰੀਦਦਾਰੀ ਮੁਹਿੰਮ ਹੀ ਨਹੀਂ ਸੀ; ਇਹ ਪੰਜਾਬੀ ਬੌਧਿਕ ਵਿਚਾਰਧਾਰਾ ਦੇ ਗਿਆਨਵਾਨ ਅਤੇ ਭਾਵੁਕ ਆੱਟਮ ਆਰਟ ਦੇ ਉੱਦਮੀਆਂ ਵੱਲੋਂ ਸਿਰਜੀ ਇੱਕ ਨਿਵੇਕਲੀ ਦੁਨੀਆਂ ਦੀ ਗਿਆਨਭਰਪੂਰ ਯਾਤਰਾ ਸੀ।

ਆੱਟਮ ਆਰਟ ਸਿਰਫ ਇੱਕ ਕਿਤਾਬਾਂ ਦੀ ਦੁਕਾਨ ਜਾਂ ਇੱਕ ਪ੍ਰਕਾਸ਼ਨ ਘਰ ਨਹੀਂ ਹੈ; ਇਹ ਬੌਧਿਕ ਤੌਰ ‘ਤੇ ਉਤਸੁਕ ਲੋਕਾਂ ਲਈ ਇੱਕ ਚਾਨਣ ਮੁਨਾਰਾ ਹੈ ਅਤੇ ਉੱਦਮਤਾ ਵਿੱਚ ਔਰਤਾਂ ਦੀ ਤਾਕਤ ਦਾ ਸਬੂਤ ਹੈ। ਪ੍ਰੀਤੀ ਸ਼ੈਲੀ ਦੇ ਦ੍ਰਿਸ਼ਟੀਕੋਣ ਅਤੇ ਸਤਪਾਲ ਦੇ ਸਮਰਥਨ ਨੇ ਇੱਕ ਅਜਿਹੀ ਜਗ੍ਹਾ ਬਣਾਈ ਹੈ ਜੋ ਵਪਾਰ ਤੋਂ ਪਰ੍ਹੇ ਰਹਿ ਕੇ ਪਾਠਕਾਂ ਅਤੇ ਚਿੰਤਕਾਂ ਦੇ ਭਾਈਚਾਰੇ ਨੂੰ ਉਤਸ਼ਾਹਤ ਕਰਦੀ ਹੈ। ਜਿਵੇਂ ਹੀ ਅਸੀਂ ਆੱਟਮ ਆਰਟ ਤੋਂ ਕਿਤਾਬਾਂ ਸਹਿਤ ਵਾਪਸੀ ਕੀਤੀ ਤਾਂ ਇਹ ਸਪੱਸ਼ਟ ਸੀ ਕਿ ਆੱਟਮ ਆਰਟ ਪੰਜਾਬ ਦੀ ਸੱਭਿਆਚਾਰਕ ਅਤੇ ਬੌਧਿਕ ਵਿਰਾਸਤ ਵਿੱਚ ਇੱਕ ਮਹੱਤਵਪੂਰਣ ਯੋਗਦਾਨ ਪਾ ਰਿਹਾ ਹੈ – ਇੱਕ ਅਜਿਹੀ ਜਗ੍ਹਾ ਜਿੱਥੇ ਲਿਖਤੀ ਸ਼ਬਦ ਦੀ ਕਦਰ ਕੀਤੀ ਜਾਂਦੀ ਹੈ ਅਤੇ ਇਸ ਦੇ ਪ੍ਰਕਾਸ਼ਨ ਦਾ ਜਸ਼ਨ ਮਨਾਇਆ ਜਾਂਦਾ ਹੈ। ਪੰਜਾਬੀ ਭਾਸ਼ਾ ਰਾਹੀਂ ਫ਼ਲਸਫ਼ੇ ਦੀ ਡੂੰਘੀ ਸਮਝ ਦੀ ਭਾਲ ਕਰਨ ਵਾਲਿਆਂ ਲਈ ਆੱਟਮ ਆਰਟ ਪਟਿਆਲਾ ਇੱਕ ਲਾਜ਼ਮੀ ਮੰਜ਼ਿਲ ਹੈ।

Posted in ਇਤਿਹਾਸ, ਯਾਤਰਾ, ਸਭਿਆਚਾਰ

ਵੈਨਕੂਵਰ ਦੀ ਖੋਜ ਦਾ ਇੱਕ ਹਫ਼ਤਾ

ਨਵੰਬਰ 2023 ਦੇ ਆਖਰੀ ਹਫ਼ਤੇ, ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਵੱਲੋਂ ਅਤੇ ਖ਼ਾਸ ਤੌਰ ਤੇ ਇਸ ਦੇ ਸਰਪ੍ਰਸਤ ਸ: ਕੁਲਦੀਪ ਸਿੰਘ ਦੇ ਸੱਦੇ ਤੇ ਮੈਂ ਵੈਨਕੂਵਰ ਦੀ ਯਾਤਰਾ ਕੀਤੀ। ਇਸ ਸਮੁੱਚੀ ਯਾਤਰਾ ਦੌਰਾਨ ਸ: ਕੁਲਦੀਪ ਸਿੰਘ ਨਾਲ ਹੀ ਮੈਂ ਘੁੰਮਦਾ ਫਿਰਦਾ ਰਿਹਾ ਤੇ ਮੈਂ ਉਨ੍ਹਾਂ ਕੋਲ ਹੀ ਰੁਕਿਆ ਹੋਇਆ ਸੀ। ਇਸ ਤੋਂ ਇਲਾਵਾ ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਦੇ ਬਾਕੀ ਸਾਰੇ ਸਰਪ੍ਰਸਤ ਮੈਂਬਰ ਸਾਹਿਬਾਨ ਨੂੰ ਮਿਲਣ ਅਤੇ ਉਨ੍ਹਾਂ ਨਾਲ ਕੁਝ ਸਾਂਝੇ ਪਲ ਬਿਤਾਉਣ ਦਾ ਮੌਕਾ ਵੀ ਲੱਗਾ।

ਬ੍ਰਿਟਿਸ਼ ਕੋਲੰਬੀਆ ਦੀ ਵਿਧਾਨ ਸਭਾ ਦੀ ਯਾਤਰਾ

ਮੇਰੀ ਵੈਨਕੂਵਰ ਦੀ ਯਾਤਰਾ ਦੀ ਸ਼ੁਰੂਆਤ ਬ੍ਰਿਟਿਸ਼ ਕੋਲੰਬੀਆ ਦੀ ਵਿਧਾਨ ਸਭਾ ਦੀ ਇੱਕ ਸ਼ਾਨਦਾਰ ਫੇਰੀ ਨਾਲ ਹੋਈ, ਜਿੱਥੇ ਮੈਨੂੰ ਮਾਨਯੋਗ ਰਾਜ ਚੌਹਾਨ, ਸਪੀਕਰ ਨੂੰ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ। ਇਹ ਯਾਤਰਾ ਆਪਣੇ ਆਪ ਵਿੱਚ ਇੱਕ ਸੁਹਜ ਅਨੰਦ ਸੀ, ਜੋ ਕਿ ਤਸ੍ਵਾਸਨ ਤੋਂ ਇੱਕ ਸਮੁੰਦਰੀ ਜਹਾਜ਼ ਦੀ ਸਵਾਰੀ ਨਾਲ ਸ਼ੁਰੂ ਹੁੰਦੀ ਹੈ ਸ੍ਵਾਰਟਜ਼ ਬੇਅ ਤੇ ਮੁੱਕਦੀ ਹੈ। ਇਹ ਯਾਤਰਾ ਸਾਹਲੀ ਕੰਢੇ ਦੇ ਸ਼ਾਨਦਾਰ ਨਜ਼ਾਰੇ ਪੇਸ਼ ਕਰਦੀ ਹੈ।

ਉੱਥੇ ਪਹੁੰਚਣ ‘ਤੇ, ਮਾਨਯੋਗ ਰਾਜ ਚੌਹਾਨ ਨਾਲ ਸਾਡੀ ਗੱਲਬਾਤ ਹੋਈ ਅਤੇ ਉਨ੍ਹਾਂ ਨਾਲ ਚਾਹ ਪੀਤੀ। ਰਾਜ ਚੌਹਾਨ ਹੋਰਾਂ ਨੇ 1970 ਦੇ ਦਹਾਕੇ ਵਿੱਚ ਪੰਜਾਬੀ ਪਰਵਾਸ ਦੀ ਲਹਿਰ ਬਾਰੇ ਖਾਸ ਤੌਰ ‘ਤੇ ਚਰਚਾ ਕੀਤੀ ਅਤੇ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਖੇਤ ਮਜ਼ਦੂਰਾਂ ਦੀ ਜਥੇਬੰਦੀ ਕਿਵੇਂ ਖੜ੍ਹੀ ਕੀਤੀ। ਫਸਟ ਨੇਸ਼ਨਜ਼ ਬਾਰੇ ਉਨ੍ਹਾਂ ਦੀਆਂ ਹਾਲੀਆ ਪਹਿਲਕਦਮੀਆਂ ਬਾਰੇ ਦੱਸਿਆ ਜਿਸ ਤੋਂ ਪਤਾ ਲੱਗਦਾ ਸੀ ਕਿ ਇਸ ਵਿਸ਼ੇ ਬਾਰੇ ਉਨ੍ਹਾਂ ਦੀ ਸੂਝ ਬਹੁਤ ਪ੍ਰਭਾਵਸ਼ਾਲੀ ਸੀ, ਜੋ ਕਨੇਡੀਅਨ ਸਮਾਜ ਦੀ ਸਭਿਆਚਾਰਕ ਅਮੀਰੀ ‘ਤੇ ਰੌਸ਼ਨੀ ਪਾਉਂਦੀ ਸੀ।

ਸਾਂਝਾ ਟੀਵੀ ਨਾਲ ਮੁਲਾਕਾਤ

ਮੇਰੀ ਫੇਰੀ ਦੌਰਾਨ ਸਾਂਝਾ ਟੀਵੀ ਤੇ ਸ: ਕੁਲਦੀਪ ਸਿੰਘ ਨਾਲ ਵਿਚਾਰ ਚਰਚਾ ਹੋਈ। ਚਰਚਾ ਪੰਜਾਬੀ ਭਾਸ਼ਾ ਦੇ ਮੌਜੂਦਾ ਵਿਕਾਸ ਦੇ ਪਹਿਲੂਆਂ ਦੇ ਦੁਆਲੇ ਕੇਂਦਰਿਤ ਸੀ। ਸਭਿਆਚਾਰਕ ਵਿਰਾਸਤ ਦੀ ਸੰਭਾਲ ਅਤੇ ਵਿਕਾਸ ਬਾਰੇ ਚੱਲ ਰਹੇ ਸੰਵਾਦ ਵਿੱਚ ਯੋਗਦਾਨ ਪਾਉਣ ਅਤੇ ਮੇਰੇ ਵਿਚਾਰ ਸਾਂਝੇ ਕਰਨ ਦਾ ਇਹ ਇੱਕ ਉਸਾਰੂ ਕਦਮ ਸੀ, ਜੋ ਕਿ ਦਰਸ਼ਕਾਂ ਤੱਕ ਵੱਡੀ ਗਿਣਤੀ ਵਿੱਚ ਪਹੁੰਚਦਾ ਹੈ।

ਇਤਿਹਾਸ ‘ਤੇ ਝਾਤ: ਕਾਮਾਗਾਟਾ ਮਾਰੂ ਮੈਮੋਰੀਅਲ ਅਤੇ ਖਾਲਸਾ ਦੀਵਾਨ ਸੁਸਾਇਟੀ

ਵੈਨਕੂਵਰ ਬੰਦਰਗਾਹ ‘ਤੇ ਕਾਮਾਗਾਟਾਮਾਰੂ ਯਾਦਗਾਰ ਦਾ ਦੌਰਾ ਮੇਰੀ ਯਾਤਰਾ ਦਾ ਇੱਕ ਦਿਲਚਸਪ ਹਿੱਸਾ ਸੀ। ਇਹ ਮੁਢਲੇ ਪੰਜਾਬੀ ਪਰਵਾਸੀਆਂ ਦੀ ਜੱਦੋ-ਜਹਿਦ ਅਤੇ ਸ਼ਹੀਦੀਆਂ ਦੀ ਯਾਦ ਦਿਵਾਉਂਦਾ ਹੈ। ਇਸ ਇਤਿਹਾਸਕ ਸਫ਼ਰ ਨੂੰ ਹੋਰ ਬਾਰੀਕੀ ਨਾਲ ਸਮਝਣ ਲਈ, ਮੈਂ ਖ਼ਾਲਸਾ ਦੀਵਾਨ ਸੁਸਾਇਟੀ ਦੇ ਅਜਾਇਬ ਘਰ ਦਾ ਦੌਰਾ ਕੀਤਾ, ਜਿੱਥੇ ਤਸਵੀਰਾਂ ਉੱਤੇ ਆਧਾਰਤ ਝਾਕੀਆਂ ਰਾਹੀਂ ਕਾਮਾਗਾਟਾ ਮਾਰੂ ਦੇ ਇਤਿਹਾਸ ਨੂੰ ਸਪਸ਼ਟ ਰੂਪ ਵਿੱਚ ਬਿਆਨ ਕੀਤਾ ਗਿਆ ਹੈ।

ਇੱਥੇ ਖਾਲਸਾ ਦੀਵਾਨ ਸੋਸਾਇਟੀ ਗੁਰਦੁਆਰਾ ਸਾਹਿਬ ਵਿਖੇ ਮੈਨੂੰ ਵੈਨਕੂਵਰ ਦੇ ਪਤਵੰਤੇ ਸੱਜਣਾਂ ਨੂੰ ਮਿਲਣ ਦਾ ਅਤੇ ਦੀਵਾਨ ਵਿੱਚ ਬੋਲਣ ਦਾ ਮੌਕਾ ਵੀ ਮਿਲਿਆ।

ਕੁਦਰਤੀ ਅਜੂਬੇ: ਆਇਓਨਾ ਜੇਟੀ, ਡੀਪ ਕੋਵ, ਅਤੇ ਕੈਪੀਲਾਨੋ ਰਿਵਰ ਰੀਜਨਲ ਪਾਰਕ

ਵੈਨਕੂਵਰ ਦੀ ਕੋਈ ਵੀ ਫੇਰੀ ਇਸਦੀ ਕੁਦਰਤੀ ਸੁੰਦਰਤਾ ਵਿੱਚ ਚੁੱਭੀ ਮਾਰੇ ਬਿਨਾਂ ਪੂਰੀ ਨਹੀਂ ਹੁੰਦੀ। ਆਇਓਨਾ ਜੇਟੀ ਨੇ ਸਮੁੰਦਰ ਦੇ ਆਪਣੇ ਅਲੌਕਿਕ ਨਜ਼ਾਰੇ ਦੀ ਪੇਸ਼ਕਸ਼ ਕੀਤੀ। ਡੀਪ ਕੋਵ ਇੱਕ ਸੁੰਦਰ ਅਜੂਬਾ ਸੀ, ਇਸਦੇ ਸ਼ਾਂਤ ਪਾਣੀ ਅਤੇ ਹਰੇ ਭਰੇ ਮਾਹੌਲ ਨਾਲ ਅੱਖਾਂ ਲਬਰੇਜ਼ ਹੋ ਗਈਆਂ।

ਯਾਤਰਾ ਕੈਪੀਲਾਨੋ ਰਿਵਰ ਰੀਜਨਲ ਪਾਰਕ ਵਿੱਚ ਜਾਰੀ ਰਹੀ, ਜਿੱਥੇ ਕਲੀਵਲੈਂਡ ਡੈਮ ਦੀ ਉਸਾਰੀ ਨੇ ਮੈਨੂੰ ਹੈਰਾਨ ਕਰ ਦਿੱਤਾ। ਕੈਪੀਲਾਨੋ ਪੈਸੀਫਿਕ ਟ੍ਰੇਲ ਦੀ ਸੈਰ ਕਰਨਾ ਇੱਕ ਉਤਸ਼ਾਹਜਨਕ ਤਜਰਬਾ ਸੀ, ਜਿਸ ਨਾਲ ਮੈਂ ਖੇਤਰ ਦੀ ਕੁਦਰਤੀ ਸੁੰਦਰਤਾ ਦਾ ਅਹਿਸਾਸ ਮੈਂ ਬਹੁਤ ਨੇੜਿਓਂ ਹੋ ਕੇ ਕੀਤਾ।

ਇਸ ਯਾਤਰਾ ਦੌਰਾਨ ਮੈਂ ਆਪਣੇ ਯੂਨੀਵਰਸਿਟੀ ਦੇ ਦਿਨਾਂ ਦੇ ਦੋਸਤ ਜਸਦੀਪ ਵਾਹਲਾ ਅਤੇ ਉਸ ਤੇ ਭਾਣਜੇ ਰੌਬਿਨ ਰੰਧਾਵਾ ਨੂੰ ਵੀ ਮਿਲਿਆ ਅਤੇ ਉਨ੍ਹਾਂ ਦੇ ਨਾਲ ਉੱਤਰੀ ਵੈਨਕੂਵਰ ਦੇ ਸਭਿਆਚਾਰਕ ਇਲਾਕਿਆਂ ਨੂੰ ਬੜਾ ਲਾਗੇ ਹੋ ਕੇ ਤੱਕਿਆ। 

ਮੁੱਕਦੀ ਗੱਲ

ਇਹ ਯਾਤਰਾ ਮਹਿਜ਼ ਇੱਕ ਫੇਰੀ ਤੋਂ ਵੱਧ ਸੀ; ਇਹ ਇਤਿਹਾਸ, ਸਭਿਆਚਾਰ ਅਤੇ ਕੁਦਰਤ ਦੀ ਯਾਤਰਾ ਸੀ। ਇਸ ਨੇ ਮੈਨੂੰ ਸ੍ਵੈ-ਪੜਚੋਲ ਅਤੇ ਖੋਜ ਦੇ ਸੁਮੇਲ ਦੀ ਪੇਸ਼ਕਸ਼ ਕੀਤੀ, ਜਿਸ ਨਾਲ ਮੈਨੂੰ ਵੈਨਕੂਵਰ ਦੀ ਵੰਨ-ਸੁਵੰਨਤਾ ਅਤੇ ਖ਼ੂਬਸੂਰਤ ਕੁਦਰਤੀ ਨਜ਼ਾਰੇ ਵੇਖਣ ਦਾ ਮੌਕਾ ਲੱਗਾ। ਜਿਵੇਂ ਕਿ ਮੈਂ ਇਨ੍ਹਾਂ ਤਜਰਬਿਆਂ ‘ਤੇ ਵਿਚਾਰ ਕਰਦਾ ਹਾਂ, ਮੈਨੂੰ ਅਹਿਸਾਸ ਹੁੰਦਾ ਹੈ ਕਿ ਇੱਥੇ ਬਿਤਾਏ ਹਰ ਪਲ ਨੇ ਸੰਸਾਰ ਅਤੇ ਇਸ ਦੇ ਅੰਦਰ ਮੇਰੀ ਹੋਂਦ ਬਾਰੇ ਮੇਰੀ ਸਮਝ ਨੂੰ ਵਧਾਇਆ ਹੈ।

ਇਸ ਯਾਤਰਾ ਦੀਆਂ ਕੁਝ ਤਸਵੀਰਾਂ

Posted in ਚਰਚਾ, ਵਿਚਾਰ

ਵੇਲ਼ੇ ਵੇਲ਼ੇ ਦੀ ਗੱਲ

ਮੈਨੂੰ ਯਾਦ ਹੈ ਕਿ ਬਚਪਨ ਵਿੱਚ ਮੇਰੇ ਪਿਤਾ ਜੀ ਨੇ ਇੱਕ ਵਾਰ ਮੈਨੂੰ ਬੰਗਾਲੀ ਸਾਹਿਤ ਦੀ ਕਹਾਣੀ ਬਾਰੇ ਦੱਸਿਆ।

ਇਸ ਕਹਾਣੀ ਵਿੱਚ ਇੱਕ ਮੁਸਾਫ਼ਰ ਰੇਲਵੇ ਸਟੇਸ਼ਨ ਦੇ ਸਟਾਲ ਤੋਂ ਪੜ੍ਹਨ ਲਈ ਨਾਵਲ ਕਿਰਾਏ ਤੇ ਲੈਂਦਾ ਹੈ ਜੋ ਕਿ ਉਸਨੇ ਉਸੇ ਸਟੇਸ਼ਨ ਤੇ ਵਾਪਸ ਕਰਨਾ ਸੀ। ਆਪਣੇ ਸਫਰ ਦੇ ਦੌਰਾਨ ਉਹ ਆਦਮੀ ਨਾਵਲ ਪੜ੍ਹਦਾ ਹੈ ਤੇ ਅਖੀਰ ਦੇ ਉੱਤੇ ਜਦੋਂ ਦਿਲਚਸਪ ਮੋੜ ਤੇ ਗੱਲ ਪਹੁੰਚਦੀ ਹੈ ਤਾਂ ਉਹ ਕੀ ਵੇਖਦਾ ਹੈ ਕਿ ਨਾਵਲ ਦਾ ਅਖੀਰਲਾ ਸਫ਼ਾ ਪਾੜਿਆ ਹੋਇਆ ਹੈ।

ਉਸ ਮੁਸਾਫ਼ਰ ਨੂੰ ਡਾਢਾ ਦੁੱਖ ਹੁੰਦਾ ਹੈ ਤੇ ਉਸੇ ਤਰ੍ਹਾਂ ਨਾਵਲ ਬੁੱਕ ਸਟਾਲ ਵਾਲੇ ਨੂੰ ਦੇ ਦਿੰਦਾ ਹੈ। ਪਰ ਉਸ ਦੀ ਜਿਗਿਆਸਾ ਮਰਦੀ ਨਹੀਂ। ਉਹ ਕਿਸੇ ਕਿਤਾਬਾਂ ਵਾਲੀ ਦੁਕਾਨ ਤੇ ਜਾ ਕੇ ਉਹੀ ਨਾਵਲ ਖਰੀਦ ਲੈਂਦਾ ਹੈ ਅਤੇ ਦਿਲਚਸਪੀ ਕਾਇਮ ਰੱਖਣ ਲਈ ਉਹ ਸਾਰਾ ਨਾਵਲ ਦੁਬਾਰਾ ਪੜ੍ਹਦਾ ਹੈ। ਜਦ ਉਹ ਨਾਵਲ ਮੁਕਾ ਲੈਂਦਾ ਹੈ ਤਾਂ ਉਹ ਹੋਰ ਵੀ ਮਾਯੂਸ ਹੋ ਜਾਂਦਾ ਹੈ ਕਿ ਕਿਵੇਂ ਲੇਖਕ ਨੇ ਦਿਲਚਸਪ ਮੋੜ ਤੇ ਲਿਆ ਕੇ ਗੱਲ ਗਵਾ ਦਿੱਤੀ। ਉਸ ਨੂੰ ਲੱਗਿਆ ਕਿ ਜਿਸ ਨੇ ਉਸ ਰੇਲਵੇ ਸਟੇਸ਼ਨ ਦੇ ਸਟਾਲ ਤੋਂ ਨਾਵਲ ਲੈ ਕੇ ਪੜ੍ਹਨ ਤੋਂ ਬਾਅਦ ਉਸ ਦਾ ਆਖਰੀ ਸਫ਼ਾ ਪਾੜ ਦਿੱਤਾ ਹੋਣਾ ਹੈ ਉਸ ਨੇ ਠੀਕ ਹੀ ਕੀਤਾ। 

ਇਸੇ ਸਿਲਸਿਲੇ ਦੇ ਵਿੱਚ ਮੈਂ ਇੱਕ ਹੱਡ ਬੀਤੀ ਸਾਂਝੀ ਕਰਨਾ ਚਾਹਵਾਂਗਾ। 23 ਕੁ ਸਾਲ ਪਹਿਲਾਂ ਜਦੋਂ ਮੈਂ ਨਿਊਜ਼ੀਲੈਂਡ ਦਾ ਵਸਨੀਕ ਬਣਿਆ ਤਾਂ ਉਦੋਂ ਮੈਂ ਆਪਣਾ ਕਾਰ ਦਾ ਵਾਹਨ ਲਸੰਸ ਤਾਂ ਪਲਟਾ ਲਿਆ ਪਰ ਮੋਟਰ ਸਾਈਕਲ ਦਾ ਇਹ ਸੋਚ ਕੇ ਨਹੀਂ ਪਲਟਵਾਇਆ ਕਿ ਚਲੋ ਇਥੇ ਕਿਹੜਾ ਕਦੀ ਮੋਟਰ ਸਾਈਕਲ ਚਲਾਉਣਾ ਹੈ।

Photo by Giorgio de Angelis on Pexels.com

ਪਰ ਬੀਤੇ ਸਾਲ ਦਿਲ ਦੇ ਵਿੱਚ ਚਾਅ ਜਿਹਾ ਉਠਿਆ ਕਿ ਕਿਉਂ ਨਾ ਮੋਟਰ ਸਾਈਕਲ ਲੈ ਕੇ ਤੇ ਉਹਦਾ ਲਸੰਸ ਵੀ ਬਣਵਾਇਆ ਜਾਵੇ। ਪਿਛਲਾ ਪੂਰਾ ਸਾਲ ਇਥੋਂ ਦੀ ਪ੍ਰਣਾਲੀ ਮੁਤਾਬਕ ਨਵੇਂ ਸਿਰਿਓਂ ਲਸੰਸ ਦੀ ਕਾਰਵਾਈ ਪੂਰੀ ਕੀਤੀ। ਪਹਿਲਾਂ ਸਿਖਾਂਦਰੂ ਫਿਰ ਸੀਮਤ ਤੇ ਫਿਰ ਪੱਕਾ ਲਸੰਸ। ਪਰ ਇਹ ਸਭ ਕੁਝ ਹਾਸਲ ਕਰਕੇ ਹੁਣ ਇਹ ਮਹਿਸੂਸ ਕਰ ਰਿਹਾ ਹਾਂ ਕਿ ਆਪਣੇ ਕਾਲਜ-ਯੂਨੀਵਰਸਿਟੀ ਦੇ ਦਿਨਾਂ ਵਾਂਙ ਖੁੱਲੀਆਂ ਹਵਾਵਾਂ ਮਾਣਦੇ ਹੋਏ ਜਿਸ ਤਰ੍ਹਾਂ ਮੋਟਰ ਸਾਈਕਲ ਦੀ ਸਵਾਰੀ ਦੇ ਮਜ਼ੇ ਲਏ ਸੀ ਕੀ ਉਹ ਮਜ਼ੇ ਅੱਜ ਵੀ ਉਸੇ ਤਰ੍ਹਾਂ ਆਉਂਦੇ ਹਨ? ਖ਼ਾਸ ਕਰਕੇ ਜਦ ਇਥੋਂ ਦੇ ਮੋਟਰ ਸਾਈਕਲ ਵਾਲੇ ਕਪੜੇ ਪਾਉਣ-ਲਾਹੁਣ ਲਈ ਅੱਧਾ ਘੰਟਾ ਲੱਗਦਾ ਹੈ ਤੇ ਰਸਤੇ ਵਿੱਚ ਜਦ ਕਿਤੇ ਪਿਸ਼ਾਬ ਕਰਨਾ ਪਵੇ ਤਾਂ ਖੱਜਲ-ਖੁਆਰੀ ਵੱਖਰੀ। 

ਤੁਹਾਡਾ ਕੀ ਵਿਚਾਰ ਹੈ?

Posted in ਚਰਚਾ, ਵਾਰਤਕ, ਸਾਹਿਤ

ਮੰਗਤ ਰਾਏ ਭਾਰਦ੍ਵਾਜ – ਸਾਰੇ ਲੇਖ

ਮੰਗਤ ਰਾਏ ਭਾਰਦ੍ਵਾਜ, ਭਾਸ਼ਾ ਵਿਗਿਆਨ ਦੇ ਮਾਹਿਰ ਹਨ ਅਤੇ ਪੰਜਾਬੀ ਭਾਸ਼ਾ ਅਤੇ ਬੋਲੀ ਉੱਤੇ ਕਈ ਕਿਤਾਬਾਂ ਲਿਖ ਚੁੱਕੇ ਹਨ ਜਿੰਨ੍ਹਾਂ ਵਿੱਚ ਉਨ੍ਹਾਂ ਨੇ ਖ਼ਾਸ ਤੌਰ ਤੇ ਪੰਜਾਬੀ ਉਚਾਰਣ ਅਤੇ ਲਿਪੀ ਦੇ ਉੱਤੇ ਬਹੁਤ ਜ਼ੋਰ ਦਿੱਤਾ ਹੈ। ਭਾਰਦ੍ਵਾਜ ਜੀ ਦੀਆਂ ਇਹ ਕਿਤਾਬਾਂ ਪੀ.ਡੀ.ਐਫ. ਰੂਪ ਵਿੱਚ ਇੱਥੇ ਤੁਹਾਨੂੰ ਜੁਗਸੰਧੀ ਤੇ ਹਾਸਲ ਹਨ। ਪਿੱਛੇ ਜਿਹੇ ਉਨ੍ਹਾਂ ਨੇ ਸ਼ਾਹਮੁਖੀ ਲਿਪੀ ਦਾ ਗਿਆਨ ਰੱਖਣ ਵਾਲਿਆਂ ਲਈ ਗੁਰਮੁਖੀ ਸਿੱਖਣ ਵਾਸਤੇ ਵੀ ਕਿਤਾਬ ਲਿਖੀ ਜੋ ਕਿ ਤੁਹਾਨੂੰ ਜੁਗਸੰਧੀ ਤੇ ਹਾਸਲ ਹੈ।

ਮੰਗਤ ਰਾਏ ਭਾਰਦ੍ਵਾਜ ਹੋਰਾਂ ਨੇ ਭਾਸ਼ਾ ਵਿਗਿਆਨ ਦੇ ਵਿਸ਼ੇ ਤੇ ਮਾਨਚੈਸਟਰ ਯੂਨੀਵਰਸਿਟੀ ਤੋਂ ਡਾਕਟਰੇਟ ਕੀਤੀ ਹੋਈ ਹੈ। ਉਨ੍ਹਾਂ ਨੇ ਬੀਤੇ ਦਿਨੀਂ ਮੇਰੇ ਨਾਲ ਫ਼ੋਨ ਤੇ ਗੱਲ ਬਾਤ ਕਰਨ ਤੋਂ ਬਾਅਦ ਆਪਣੇ ਸਾਰੇ ਲੇਖ ਭੇਜ ਦਿੱਤੇ ਤਾਂ ਜੋ ਉਹ ਜੁਗਸੰਧੀ ਰਾਹੀਂ ਸਾਰੀ ਦੁਨੀਆਂ ਵਿੱਚ ਪਾਠਕਾਂ ਨੂੰ ਪੜ੍ਹਣ ਲਈ ਮਿਲ ਸਕਨ। ਇਨ੍ਹਾਂ ਲੇਖਾਂ ਨੂੰ ਮੈਂ ਜੁਗਸੰਧੀ ਤੇ ਪਾਉਣ ਵਿੱਚ ਬਹੁਤ ਖੁਸ਼ੀ ਮਹਿਸੂਸ ਕਰ ਰਿਹਾ ਹਾਂ। ਭਾਸ਼ਾ ਵਿਗਿਆਨ ਦੇ ਇਨ੍ਹਾਂ ਲੇਖਾਂ ਵਿੱਚ ਜੇ ਕਿਤੇ ਕੋਈ ਰਾਜਸੀ, ਧਾਰਮਕ, ਜਾਂ ਸਮਾਜਕ ਟਿੱਪਣੀ ਹੈ ਤਾਂ ਉਸ ਦੀ ਜ਼ਿੰਮੇਵਾਰੀ ਭਾਰਦ੍ਵਾਜ ਜੀ ਦੀ ਆਪਣੀ ਹੈ।

ਲੇਖ ਪੜ੍ਹਨ ਲਈ ਸਿਰਲੇਖ ਤੇ ਕਲਿੱਕ ਕਰੋ:

ਸੰਰਚਨਾਵਾਦ ਦਾ ਭਾਸ਼ਾਵਿਗਿਆਨਕ ਆਧਾਰ
ਪੰਜਾਬੀ ਭਾਸ਼ਾ ਵਿਗਿਆਨ ਜਾਂ ਭਾਸ਼ਾ ਅਗਿਆਨ?
ਪੰਜਾਬੀ ਬੋਲੀ ਦੇ ਕੁਦਰਤੀ ਸੁਰ ਤਾਲ
ਮਹਾਨ ਭਾਸ਼ਾ ਵਿਗਿਆਨੀ ਭਰਤ੍ਰਹਰੀ
ਲਿਪੀ ਉਹਲੇ ਫ਼ਿਰਕਾਪ੍ਰਸਤੀ
ਪੰਜਾਬੀ ਬੋਲੀ ਦਾ “ਸੱਤਿਆਨਾਸ” ਅਤੇ ਬੋਲੀ ਦੇ ਰਾਖੇ

Posted in ਚਰਚਾ, ਯਾਦਾਂ

ਇੰਟਰਨੈਟ ਤੋਂ ਆਹਮੋ-ਸਾਹਮਣੀਂ 

ਬੀਤੇ ਦਿਨੀਂ ਮੈਨੂੰ ਦੁਨੀਆਂ ਦੇ ਦੁਆਲੇ ਚੱਕਰ ਕੱਟਣ ਦਾ ਮੌਕਾ ਲੱਗਾ। ਇਸ ਯਾਤਰਾ ਦੌਰਾਨ ਮੈਨੂੰ ਕਨੇਡਾ ਦੇ ਸ਼ਹਿਰ ਟਰਾਂਟੋ, ਇੰਗਲੈਂਡ ਦੇ ਸ਼ਹਿਰ ਲੰਡਨ ਅਤੇ ਫਰਾਂਸ ਦਾ ਸ਼ਹਿਰ ਪੈਰਿਸ ਤੋਂ ਇਲਾਵਾ ਸਵਿਟਜ਼ਰਲੈਂਡ ਦੇ ਸ਼ਹਿਰ ਜ਼ੂਰਿਖ਼ ਅਤੇ ਇਸ ਮੁਲਕ ਦੇ ਅੰਦਰੂਨੀ ਇਲਾਕਿਆਂ ਵਿੱਚ ਘੁੰਮਣ ਦਾ ਮੌਕਾ ਵੀ ਲੱਗਿਆ। 

ਅੱਜ ਇਸ ਬਲੌਗ ਦੇ ਵਿੱਚ ਮੈਂ ਸਫ਼ਰਨਾਮੇ ਬਾਰੇ ਤਾਂ ਕੋਈ ਗੱਲ ਨਹੀਂ ਕਰਾਂਗਾ ਪਰ ਇਨਸਾਨੀ ਰਿਸ਼ਤਿਆਂ ਦੀ ਗੱਲ ਜ਼ਰੂਰ ਕਰਾਂਗਾ। ਸਫ਼ਰ ਦੀਆਂ ਗੱਲਾਂ ਸ਼ਾਇਦ ਅਗਲੇ ਬਲੌਗ ਦੇ ਵਿੱਚ ਕਰਾਂ।  

ਇਹ ਗੱਲ ਤਿੰਨ ਕੁ ਸਾਲ ਪਹਿਲਾਂ ਦੀ ਹੈ ਜਦੋਂ ਕੋਵਿਡ ਕਰਕੇ ਦੁਨੀਆਂ ਵਿੱਚ ਹਰ ਥਾਂ ਲੋਕ ਘਰੋ-ਘਰੀ ਡੱਕੇ ਗਏ ਸਨ। ਉਹਨਾਂ ਦਿਨਾਂ ਦੇ ਵਿੱਚ ਮੈਂ ਪੰਜਾਬੀ ਭਾਸ਼ਾ ਬਾਰੇ ਫ਼ਿਕਰ ਕਰਨ ਵਾਲੇ ਇੰਟਰਨੈਟ ਮੰਚਾਂ ਦੇ ਉੱਤੇ ਕਾਫੀ ਸਰਗਰਮ ਸੀ ਅਤੇ ਅਜਿਹੇ ਹੀ ਇੱਕ ਮੰਚ ਦੇ ਉੱਤੇ ਮੇਰਾ ਮਿਲਾਪ ਸਰਦਾਰ ਅਰਵਿੰਦਰ ਸਿੰਘ ਸਿਰ੍ਹਾ ਦੇ ਨਾਲ ਹੋਇਆ ਜੋ ਕਿ ਇੰਗਲੈਂਡ ਦੇ ਲੀਡਸ ਸ਼ਹਿਰ ਤੋਂ ਸਨ। ਉਹ ਵੀ ਪੰਜਾਬੀ ਭਾਸ਼ਾ ਨੂੰ ਲੈ ਕੇ ਵੱਖ-ਵੱਖ ਮੰਚਾਂ ਦੇ ਉੱਤੇ ਭਾਵੇਂ ਫੇਸਬੁੱਕ ਹੋਵੇ ਜਾਂ ਕੋਈ ਹੋਰ ਕਾਫੀ ਸਰਗਰਮ ਰਹਿੰਦੇ ਹਨ। ਲਿਖਦੇ ਵੀ ਰਹਿੰਦੇ ਹਨ, ਆਪਣੀਆਂ ਟਿੱਪਣੀਆਂ ਵੀ ਕਰਦੇ ਰਹਿੰਦੇ ਹਨ ਅਤੇ ਜੇ ਲੋੜ ਪਵੇ ਤਾਂ ਫੋਨ ਚੁੱਕ ਕੇ ਦੁਨੀਆਂ ਭਰ ਦੇ ਵਿੱਚ ਫੋਨ ਵੀ ਘੁਮਾ ਦਿੰਦੇ ਹਨ। 

ਇਸ ਯਾਤਰਾ ਦੀਆਂ ਜਦੋਂ ਮੈਂ ਟਿਕਟਾਂ ਬੁੱਕ ਕਰਾਈਆਂ ਤਾਂ ਸਬੱਬੀ ਉਹਨਾਂ ਨਾਲ ਵੀ ਗੱਲ ਕੀਤੀ ਕਿ ਮੈਂ ਤੁਹਾਡੇ ਮੁਲਕ ਦੀ ਰਾਜਧਾਨੀ ਲੰਡਨ ਘੁੰਮਣ ਲਈ ਆ ਰਿਹਾ ਹਾਂ। ਉਹਨਾਂ ਨੂੰ ਚਾਅ ਚੜ੍ਹ ਗਿਆ ਅਤੇ ਸਰਦਾਰ ਅਰਵਿੰਦਰ ਸਿੰਘ ਸਿਰ੍ਹਾ ਹੋਰਾਂ ਨੇ ਬੜੀ ਇੱਛਾ ਜਤਾਈ ਕਿ ਉਹ ਜ਼ਰੂਰ ਲੀਡਸ ਤੋਂ ਲੰਡਨ ਆ ਕੇ ਮੈਨੂੰ ਮਿਲਣਗੇ। 

ਲੋੜ ਅਨੁਸਾਰ ਉਹਨਾਂ ਨੇ ਕੰਮ ਤੋਂ ਛੁੱਟੀ ਲਈ ਅਤੇ ਆਪਣੀਆਂ ਲੀਡਸ ਤੋਂ ਲੰਡਨ ਦੀਆਂ ਟਿਕਟਾਂ ਵੀ ਬੁੱਕ ਕਰਵਾ ਲਈਆਂ। ਮਿੱਥੀ ਹੋਈ ਤਾਰੀਖ਼ ਦਿਨ ਸ਼ੁਕਰਵਾਰ 29 ਸਤੰਬਰ 2023 ਨੂੰ ਅਸੀਂ ਲੰਡਨ ਦੇ ਕਿੰਗਸ ਕਰੌਸ ਸਟੇਸ਼ਨ ਤੇ ਮਿਲਣ ਦਾ ਇਕਰਾਰ ਕੀਤਾ।  ਉਹਨਾਂ ਦੀ ਰੇਲ ਗੱਡੀ ਠੀਕ ਇੱਕ ਵਜੇ ਬਾਅਦ ਦੁਪਹਿਰ ਕਿੰਗਸ ਕਰੌਸ ਸਟੇਸ਼ਨ ਪਹੁੰਚ ਗਈ। ਮਿਲਣ ਤੇ ਜੋ ਖੁਸ਼ੀ ਹੋਈ ਅਤੇ ਅਸੀਂ ਜੋ ਗੱਲਾਂ ਕੀਤੀਆਂ ਉਹਦੇ ਨਾਲ ਅਸੀਂ ਡਾਢਾ ਨਿੱਘ ਮਹਿਸੂਸ ਕੀਤਾ ਕਿ ਵੇਖੋ ਇੰਟਰਨੈਟ ਦੇ ਉੱਤੇ ਮਿਲਾਪ ਹੋਣ ਤੋਂ ਬਾਅਦ ਅਸੀਂ ਕਿਵੇਂ ਬਾਅਦ ਵਿੱਚ ਆਪਸ ਚ ਮਿਲਦੇ ਹਾਂ। ਉਹਨਾਂ ਨੇ ਇਸ ਯਾਤਰਾ ਦੇ ਲਈ ਆਪਣੇ ਸਹਿਯੋਗੀ ਮਨਜੀਤ ਸਿੰਘ ਨੂੰ ਵੀ ਲੀਡਸ ਤੋਂ ਲਿਆਂਦਾ ਹੋਇਆ ਸੀ। 

ਅਸੀਂ ਕਾਫੀ ਗੱਲਾਂ ਬਾਤਾਂ ਵੀ ਕਰਦੇ ਰਹੇ, ਵਿਚਾਰ ਚਰਚਾ ਵੀ ਹੋਈ ਅਤੇ ਪਰਿਵਾਰਿਕ ਸੁੱਖ ਸਾਂਦਾਂਵੀ ਪੁੱਛੀਆਂ। ਅਸੀਂ ਤੁਰ ਕੇ ਛੇਤੀ ਹੀ ਲਾਗਲੇ ਬ੍ਰਿਟਿਸ਼ ਮਿਊਜ਼ੀਅਮ ਪਹੁੰਚ ਗਏ। ਇਹ ਅਜਾਇਬ ਘਰ ਬਹੁਤ ਵੱਡਾ ਹੈ। ਇਸ ਲਈ ਅਸੀਂ ਇਕੱਠਿਆਂ ਇਸ ਦਾ ਸਿਰਫ਼ ਦੱਖਣੀ ਏਸ਼ੀਆਈ ਹਿੱਸਾ ਅਤੇ ਖ਼ਾਸ ਕਰ ਕੇ ਪੰਜਾਬ ਬਾਰੇ ਜੋ ਕੁਝ ਵੀ ਨੁਮਾਇਸ਼ ਤੇ ਲੱਗਾ ਹੋਇਆ ਸੀ ਉਹ ਵੇਖਿਆ।  

ਅੱਜ ਇਸ ਬਲੌਗ ਰਾਹੀਂ ਮੈਂ ਸਰਦਾਰ ਅਰਵਿੰਦਰ ਸਿੰਘ ਸਿਰ੍ਹਾ ਦਾ ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਇਸ ਤਰ੍ਹਾਂ ਸਾਡਾ ਇੰਟਰਨੈਟ ਤੋਂ ਲੇ ਕੇ ਆਹਮਣੇ-ਸਾਹਮਣੇ ਹੋ ਕੇ ਮਿਲਣ ਦਾ ਸਬੱਬ ਬਣਿਆ। ਬਾਅਦ ਵਿੱਚ ਅਸੀਂ ਕਾਫ਼ੀ ਦਾ ਪਿਆਲਾ-ਪਿਆਲਾ ਪੀਤਾ, ਨਿਕ-ਸੁਕ ਖਾਧਾ ਅਤੇ ਵਿਦਾ ਲਈ।