Posted in ਚਰਚਾ, ਸਭਿਆਚਾਰ, ਸਮਾਜਕ

ਪੰਜਾਬ ਦੇ ਇਤਿਹਾਸਕ ਖਜ਼ਾਨੇ: ਇੱਕ ਬਦੇਸੀ ਦੀ ਨਜ਼ਰ ਤੋਂ

ਦੁਨੀਆਂ ਭਰ ਦੇ ਸਮਾਜ ਆਪੋ ਆਪਣੀਆਂ ਪਹਿਲ ਕਦਮੀਆਂ ਦੇ ਉੱਤੇ ਅਧਾਰਤ ਹੁੰਦੇ ਹਨ। ਸੱਭਿਆਚਾਰਕ ਆਦਾਨ-ਪ੍ਰਦਾਨ ਕਈ ਵਾਰ ਬਹੁਤ ਦਿਲਚਸਪ ਹੋ ਨਿੱਬੜਦੇ ਹਨ। ਹਾਲ ਵਿੱਚ ਹੀ ਵੈਲਿੰਗਟਨ ਵਿਖੇ ਇੱਕ ਸਮਾਜਿਕ ਇਕੱਠ ਵਿੱਚ ਸ਼ਾਮਲ ਹੋਣ ਦੇ ਮੌਕੇ ਨੇ ਮੈਨੂੰ ਅਜਿਹਾ ਹੀ ਅਹਿਸਾਸ ਕਰਵਾ ਦਿੱਤਾ। 

ਵੈਲਿੰਗਟਨ ਦੇ ਵਿੱਚ ਇਸ ਸਮਾਜਿਕ ਇਕੱਠ ਵਿੱਚ ਸ਼ਾਮ ਦੇ ਭੋਜਨ ਵੇਲੇ ਕਈਆਂ ਮਹਿਮਾਨਾਂ ਨਾਲ ਗੱਲਬਾਤ ਕਰਨ ਦਾ ਵੀ ਮੌਕਾ ਲੱਗਾ। ਪੱਛਮੀ ਮੂਲ ਦੇ ਇਕ ਬੀਬੀ ਜੀ ਨਾਲ ਗੱਲ ਕਰਦਿਆਂ ਪਤਾ ਲੱਗਾ ਕਿ ਉਹ ਦੋ ਕੁ ਮਹੀਨੇ ਪਹਿਲਾਂ ਹੀ ਪੰਜਾਬ ਹੋ ਕੇ ਆਏ ਸਨ। ਮੈਂ ਸੁਭਾਵਕ ਹੀ ਪੁੱਛ ਲਿਆ ਕਿ ਕਿਸੇ ਵਿਆਹ ਦਾ ਸੱਦਾ ਹੋਵੇਗਾ। ਉਨ੍ਹਾਂ ਨਾਂਹ ਦੇ ਵਿੱਚ ਸਿਰ ਹਿਲਾਉਂਦਿਆਂ ਕਿਹਾ ਕਿ ਨਹੀਂ ਉਹ ਤਾਂ ਉਨ੍ਹਾਂ ਦੇ ਸਥਾਣਕ ਪਰਿਵਾਰਕ ਦੋਸਤ ਦੇ ਬਜ਼ੁਰਗ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਲਈ ਪੰਜਾਬ ਗਏ ਸਨ। 

ਅੰਤਿਮ ਸੰਸਕਾਰਾਂ ਬਾਰੇ ਰਸਮੀ ਗੱਲਬਾਤ ਕਰਨ ਤੋਂ ਬਾਅਦ ਮੈਂ ਪੁੱਛਿਆ ਕਿ ਕਿਤੇ ਘੁੰਮਣ-ਫਿਰਣ ਦਾ ਵੀ ਮੌਕਾ ਲੱਗਾ? ਜੁਆਬ ਸੀ ਕਿ ਬਿਲਕੁਲ ਉਹ ਆਗਰਾ-ਜੈਪੁਰ ਘੁੰਮ ਆਏ ਸੀ। ਮੇਰੇ ਦਿਮਾਗ਼ ਵਿੱਚ ਪੰਜਾਬ ਦੀਆਂ ਸੈਰ-ਸਪਾਟਾ ਕਰਨ ਵਾਲੀਆਂ ਥਾਵਾਂ ਅਤੇ ਪੰਜਾਬ ਦੀ ਅਮੀਰ ਵਿਰਾਸਤ ਨੂੰ ਨਜ਼ਰਅੰਦਾਜ਼ ਕਰਨ ਦੇ ਰੁਝਾਨ ਦੇ ਵਿਚਾਰ ਆਉਂਦੇ ਹੀ ਮੈਂ ਅੱਗੇ ਕਿਹਾ ਕਿ ਪੰਜਾਬ ਵਿੱਚ ਵੀ ਬਹੁਤ ਕੁਝ ਵੇਖਣ ਲਈ ਹੈ ਜਿਵੇਂ ਕਿ ਸਿੰਧ ਘਾਟੀ ਦੀ ਸਭਿਅਤਾ ਵਾਲੀਆਂ ਜਗ੍ਹਾਵਾਂ, ਹਰੀ ਕੇ ਪੱਤਣ ਦਾ ਇਲਾਕਾ ਅਤੇ ਹੋਰ ਇਤਿਹਾਸਿਕ ਕਿਲੇ ਅਤੇ ਪੁਰਾਣੇ ਕੋਹ-ਮਿਨਾਰ ਆਦਿ। ਮੈਂ ਇਨਾਂ ਜਗ੍ਹਾਵਾਂ ਬਾਰੇ ਉਨ੍ਹਾਂ ਨੂੰ ਵਿਸਥਾਰ ਵਿੱਚ ਦੱਸਿਆ ਅਤੇ ਰੋਪੜ, ਸੰਘੋਲ ਆਦਿ ਦਾ ਅਤੇ ਕਈ ਕਿਲਿਆਂ ਦਾ ਵੀ ਜ਼ਿਕਰ ਕੀਤਾ। 

Stock Photo by Leah Newhouse on Pexels.com

ਗੱਲਬਾਤ ਜਾਰੀ ਰੱਖਦਿਆਂ, ਉਨ੍ਹਾਂ ਜਵਾਬ ਦਿੱਤਾ ਕਿ ਉਨ੍ਹਾਂ ਦੇ ਦੋਸਤ ਪਰਿਵਾਰ ਨੇ ਉਨ੍ਹਾਂ ਨੂੰ ਬਹੁਤ ਸਾਰੇ ਗੁਰਦੁਆਰੇ ਘੁਮਾਏ। ਪਰ ਫਿਰ ਉਨ੍ਹਾਂ ਨੇ ਇਸ ਗੱਲ ਨੂੰ ਤਾੜ ਲਿਆ ਕਿ ਮੇਰੀ ਪਹੁੰਚ ਕਿਸ ਗੱਲ ਬਾਰੇ ਸੀ। ਉਨ੍ਹਾਂ ਕਿਹਾ ਕਿ ਹਾਂ ਅਸੀਂ ਗੂਗਲ ਨਕਸ਼ੇ ਵਿੱਚ ਵੇਖਿਆ ਸੀ ਜਿੱਥੇ ਅਸੀਂ ਠਹਿਰੇ ਹੋਏ ਸੀ ਉਥੋਂ ਥੋੜੇ ਕਿਲੋਮੀਟਰ ਦੂਰ ਹੀ ਕੋਈ ਇਤਿਹਾਸਿਕ ਖੰਡਰ ਸੀ ਤੇ ਉਹ ਅਸੀਂ ਮਾਵਾਂ ਧੀਆਂ ਆਪੇ ਜਾ ਕੇ ਵੇਖ ਆਈਆਂ ਸੀ। ਉਨ੍ਹਾਂ ਵਾਪਸ ਆ ਕੇ ਜਦ ਦੋਸਤ ਪਰਿਵਾਰ ਨੂੰ ਇਸ ਬਾਰੇ ਦੱਸਿਆ ਤਾਂ ਉਨ੍ਹਾਂ ਅੱਗੋਂ ਹੱਸ ਕਿ ਕਿਹਾ, “ਲਓ, ਅਸੀਂ ਤਾਂ ਇਥੋਂ ਦੇ ਜੰਮਪਲ ਹਾਂ ਤੇ ਸਾਨੂੰ ਇਸ ਬਾਰੇ ਪਤਾ ਵੀ ਨਹੀਂ ਸੀ।”

ਮੈਂ ਇਹ ਸੁਣ ਕੇ ਦੰਗ ਰਹਿ ਗਿਆ। ਤੁਹਾਡਾ ਕੀ ਵਿਚਾਰ ਹੈ? ਕੀ ਅਸੀਂ ਆਪਣੇ ਇਤਿਹਾਸਕ ਖਜ਼ਾਨਿਆਂ ਬਾਰੇ ਜਾਗਰੂਕ ਹਾਂ? 

Posted in ਚਰਚਾ, ਸਭਿਆਚਾਰ

ਭਾਸ਼ਾ ਦਿਹਾੜੇ ਅਤੇ ਹਫ਼ਤੇ

ਨਿਊਜ਼ੀਲੈਂਡ ਵਿੱਚ, ਭਾਸ਼ਾ ਦਿਹਾੜੇ ਅਤੇ ਹਫ਼ਤਿਆਂ ਨੂੰ ਮਨਾਉਣਾ ਦੇਸ਼ ਦੀ ਬਹੁ-ਸੱਭਿਆਚਾਰਕ ਵਿਰਾਸਤ ਨੂੰ ਮਾਨਤਾ ਦੇਣ ਦਾ ਇੱਕ ਮਹੱਤਵਪੂਰਨ ਹਿੱਸਾ ਹੈ, ਜਿਸ ਵਿੱਚ ਤੇ ਰਿਓ ਮਾਓਰੀ, ਪੈਸੀਫਿਕ ਭਾਸ਼ਾਵਾਂ ਅਤੇ ਹੋਰ ਭਾਈਚਾਰਕ ਭਾਸ਼ਾਵਾਂ ਸ਼ਾਮਲ ਹਨ। ਇਹ ਜਸ਼ਨ ਦੇਸ਼ ਦੇ ਸਮਾਜਿਕ ਤਾਣੇ-ਬਾਣੇ ਵਿੱਚ ਭਾਸ਼ਾਈ ਅਨੇਕਤਾ ਦੀ ਮਹੱਤਤਾ ਨੂੰ ਉਜਾਗਰ ਕਰਦੇ ਹਨ। ਸਕੂਲ, ਭਾਈਚਾਰਕ ਸਮੂਹ ਅਤੇ ਸਰਕਾਰੀ ਸੰਸਥਾਵਾਂ ਅਕਸਰ ਇਨ੍ਹਾਂ ਸਮਾਗਮਾਂ ਵਿੱਚ ਹਿੱਸਾ ਲੈਂਦੇ ਹਨ। ਨਵੇਂ ਭਾਸ਼ਾ ਦਿਵਸ ਜਾਂ ਹਫ਼ਤੇ ਨੂੰ ਰਜਿਸਟਰ ਕਰਨ ਲਈ, ਆਮ ਤੌਰ ‘ਤੇ ਸੰਬੰਧਿਤ ਸੱਭਿਆਚਾਰਕ ਸੰਸਥਾਵਾਂ ਨਾਲ ਕੰਮ ਕਰਨ ਅਤੇ ਮਨੁੱਖੀ ਅਧਿਕਾਰ ਕਮਿਸ਼ਨ ਜਾਂ ਨਸਲੀ ਭਾਈਚਾਰਿਆਂ ਦੇ ਮੰਤਰਾਲੇ ਨਾਲ ਜੁੜਨ ਦੀ ਲੋੜ ਹੁੰਦੀ ਹੈ ਤਾਂ ਜੋ ਸਹੀ ਮਾਨਤਾ ਅਤੇ ਸਹਾਇਤਾ ਨੂੰ ਯਕੀਨੀ ਬਣਾਇਆ ਜਾ ਸਕੇ। ਇਸ ਤਰ੍ਹਾਂ ਤੁਸੀਂ ਕਈ ਜਸ਼ਨਾਂ ਵਿੱਚ ਸ਼ਾਮਲ ਹੋ ਸਕਦੇ ਹਨ: ਸਕੂਲੀ ਸਮਾਗਮ, ਭਾਈਚਾਰਕ ਤਿਉਹਾਰ, ਔਨਲਾਈਨ ਸਰੋਤ, ਅਤੇ ਸਥਾਨਕ ਇਵੀ ਅਤੇ ਭਾਈਚਾਰਕ ਸਮੂਹਾਂ ਨਾਲ ਸਹਿਯੋਗ, ਤਾਂ ਜੋ ਅਸਲੀ ਅਤੇ ਟਕਸਾਲੀ ਜਸ਼ਨਾਂ ਨੂੰ ਯਕੀਨੀ ਬਣਾਇਆ ਜਾ ਸਕੇ।

ਪਰ, ਪਿਛਲੇ ਕੁੱਝ ਸਾਲਾਂ ਵਿੱਚ, ਭਾਸ਼ਾ ਹਫ਼ਤਿਆਂ ਦੀ ਯੋਜਨਾਬੰਦੀ ਅਤੇ ਅਮਲ ਉਨ੍ਹਾਂ ਦੇ ਹੱਥਾਂ ਵਿੱਚ ਜਾਂਦਾ ਰਿਹਾ ਹੈ ਜਿਨ੍ਹਾਂ ਵਿੱਚ ਉਨ੍ਹਾਂ ਭਾਸ਼ਾਵਾਂ ਨੂੰ ਸੱਚਮੁੱਚ ਉੱਚਾ ਚੁੱਕਣ ਲਈ ਲੋੜੀਂਦੇ ਹੁਨਰ, ਜਨੂੰਨ ਜਾਂ ਵਚਨਬੱਧਤਾ ਦੀ ਘਾਟ ਹੈ, ਜਿਨ੍ਹਾਂ ਨੂੰ ਉਹ ਮਨਾਉਣ ਦਾ ਦਾਅਵਾ ਕਰਦੇ ਹਨ। ਇਸ ਨਾਲ ਇੱਕ ਬਦਕਿਸਮਤ ਰੁਝਾਨ ਪੈਦਾ ਹੋਇਆ ਹੈ ਜਿੱਥੇ ਲੋਕ, ਅਕਸਰ ਸਿਰਫ ਵਖਾਵੇ ਤੋਂ ਪ੍ਰੇਰਿਤ ਹੋ ਕੇ, ਸਿੱਖਣ ਦੀ ਇੱਛਾ ਜਾਂ ਪ੍ਰਭਾਵੀ ਢੰਗ ਨਾਲ ਯੋਜਨਾ ਬਣਾਉਣ ਦੀ ਸਮਝ ਤੋਂ ਬਿਨਾਂ ਅਕਸਰ ਸਿਰਫ ਵਖਾਵੇ ਲਈ ਅਜਿਹੇ ਸਮਾਗਮਾਂ ਦੀ ਅਗਵਾਈ ਕਰਦੇ ਹਨ। ਅਸਲ ਵਿੱਚ ਬਾਕੀ ਸਾਲ ਦੌਰਾਨ ਭਾਸ਼ਾ ਅਤੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਦੀ ਉਨ੍ਹਾਂ ਵਿੱਚ ਕੋਈ ਇੱਛਾ ਨਹੀਂ ਹੁੰਦੀ।

Image generated with AI by Microsoft Copilot

ਨਤੀਜੇ ਵਜੋਂ, ਇਹ ਸਮਾਗਮ ਰਸਮੀ ਬਣ ਜਾਂਦੇ ਹਨ, ਨਵੀਨਤਾ ਤੋਂ ਖਾਲੀ ਹੁੰਦੇ ਹਨ, ਅਤੇ ਸ਼ਾਮਲ ਭਾਸ਼ਾਵਾਂ ਅਤੇ ਭਾਈਚਾਰਿਆਂ ਦੀ ਭਾਵਨਾ ਜਾਂ ਮਹੱਤਤਾ ਨੂੰ ਹਾਸਲ ਕਰਨ ਵਿੱਚ ਅਸਫਲ ਰਹਿੰਦੇ ਹਨ। ਅਨੰਦਮਈ, ਪ੍ਰਭਾਵਸ਼ਾਲੀ ਜਸ਼ਨਾਂ ਦੀ ਬਜਾਏ, ਭਾਸ਼ਾ ਹਫ਼ਤੇ ਪ੍ਰੇਰਨਾ ਰਹਿਤ ਸਮਾਗਮਾਂ ਦੀ ਇੱਕ ਲੜੀ ਤੱਕ ਸੀਮਤ ਹੋ ਜਾਂਦੇ ਹਨ, ਜਿਨ੍ਹਾਂ ਵਿੱਚ ਡੂੰਘਾਈ ਦੀ ਘਾਟ ਹੁੰਦੀ ਹੈ ਅਤੇ ਜੋ ਦਰਸ਼ਕਾਂ ਨੂੰ ਅਰਥਪੂਰਨ ਢੰਗ ਨਾਲ ਜੋੜਨ ਵਿੱਚ ਅਸਫਲ ਰਹਿੰਦੇ ਹਨ। ਅਜਿਹੇ ਸਮਾਗਮਾਂ ਵਿੱਚ ਸਿਰਫ ਰਸਮੀ ਕਾਰਵਾਈਆਂ ਪੂਰੀਆਂ ਕੀਤੀਆਂ ਜਾਂਦੀਆਂ ਹਨ, ਅਤੇ ਭਾਸ਼ਾ ਦੇ ਅਸਲ ਮਹੱਤਵ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ।

ਇਸ ਵਖਾਵੇਪਣ ਦੇ ਗੰਭੀਰ ਨਤੀਜੇ ਨਿਕਲ ਸਕਦੇ ਹਨ। ਭਾਈਚਾਰਿਆਂ ਨੂੰ ਸਮਰੱਥ ਬਣਾਉਣ ਅਤੇ ਭਾਸ਼ਾਈ ਵਿਰਾਸਤ ਦੇ ਅਸਲੀ ਮਾਣ ਦੀ ਹੌਂਸਲਾ-ਅਫ਼ਜ਼ਾਈ ਕਰਨ ਦੀ ਬਜਾਏ, ਇਹ ਹਫ਼ਤੇ ਹੁਣ ਨਾਂ-ਮਾਤਰ ਕਸਰਤਾਂ ਵਜੋਂ ਕੰਮ ਕਰਦੇ ਹਨ, ਜਿਨ੍ਹਾਂ ਦਾ ਬਹੁਤ ਘੱਟ ਜਾਂ ਕੋਈ ਉਸਾਰੂ ਪ੍ਰਭਾਵ ਨਹੀਂ ਹੁੰਦਾ। ਨਤੀਜਿਆਂ ਨੂੰ ਬਹੁਤ ਘੱਟ ਮਾਪਿਆ ਜਾਂ ਵਿਚਾਰਿਆ ਜਾਂਦਾ ਹੈ, ਅਤੇ ਧਿਆਨ ਭਾਸ਼ਾ ਸਿੱਖਣ ਅਤੇ ਜਾਗਰੂਕਤਾ ਵਧਾਉਣ ਦੀ ਬਜਾਏ ਸਿਰਫ ਰਸਮੀ ਕਾਰਵਾਈਆਂ ਨੂੰ ਪੂਰਾ ਕਰਨ ਉੱਤੇ ਰਹਿੰਦਾ ਹੈ। ਜਿਨ੍ਹਾਂ ਆਵਾਜ਼ਾਂ ਨੂੰ ਉੱਚਾ ਚੁੱਕਿਆ ਜਾਣਾ ਚਾਹੀਦਾ ਹੈ – ਭਾਈਚਾਰੇ ਦੇ ਉਹ ਲੋਕ ਜੋ ਭਾਸ਼ਾ ਵਿੱਚ ਡੂੰਘਾਈ ਨਾਲ ਜੁੜੇ ਹੋਏ ਹਨ – ਉਹ ਹਾਸ਼ੀਏ ਤੋਂ ਬਾਹਰ ਧੱਕ ਦਿੱਤੇ ਜਾਂਦੇ ਹਨ। ਪ੍ਰਬੰਧਕ ਸਾਰਥਕਤਾ ਦੀ ਬਜਾਏ ਮੇਲੇ-ਗੇਲੇ ਨੂੰ ਤਰਜੀਹ ਦਿੰਦੇ ਹਨ। ਨਤੀਜੇ ਵਜੋਂ, ਭਾਸ਼ਾ ਹਫ਼ਤੇ ਖਾਲੀ ਰਸਮ ਬਣ ਕੇ ਰਹਿ ਜਾਂਦੇ ਹਨ। ਸਾਡੀ ਭਾਸ਼ਾਈ ਅਮੀਰੀ ਨੂੰ ਪ੍ਰੇਰਿਤ ਕਰਨ, ਸਿੱਖਿਆ ਦੇਣ ਅਤੇ ਜਾਗਰੂਕਤਾ ਵਧਾਉਣ ਦੀ ਆਸ, ਕਿਤੇ ਵਿੱਚੇ ਹੀ ਦੱਬੀ ਰਹਿ ਜਾਂਦੀ ਹੈ।

Posted in ਚਰਚਾ, ਵਿਚਾਰ

ਮੁੜ ਸੁਰਜੀਤ ਹੁੰਦੀਆਂ ਭਾਸ਼ਾਵਾਂ

ਦਸੰਬਰ 2024 ਦੀਆਂ ਛੁੱਟੀਆਂ ਵਿੱਚ ਮੈਂ ਪੰਜਾਬ ਗਿਆ। ਉੱਥੇ ਮੈਨੂੰ ਇੱਕ ਬਹੁਤ ਹੀ ਦਿਲਚਸਪ ਗੱਲ ਵੇਖਣ ਨੂੰ ਮਿਲੀ। ਲੱਗਭਗ ਹਰ ਕੋਈ ਨਿਊਜ਼ੀਲੈਂਡ ਦੀ ਐਮ ਪੀ ਹਾਨਾ ਰਾਫ਼ੀਤੀ ਮੇਪੀ-ਕਲਾਰਕ ਬਾਰੇ ਗੱਲ ਕਰ ਰਿਹਾ ਸੀ, ਜਿਸਨੇ ਨਿਊਜ਼ੀਲੈਂਡ ਦੀ ਪਾਰਲੀਮੈਂਟ ਵਿੱਚ ਤਰੀਤੀ ਬਿੱਲ ਪਾੜ ਕੇ ਹਾਕਾ ਕੀਤਾ ਸੀ। ਇਹ ਵੇਖ ਕੇ ਮੈਨੂੰ ਬਹੁਤ ਹੈਰਾਨੀ ਹੋਈ ਕਿ ਲੋਕਾਂ ਵਿੱਚ ਇਸ ਘਟਨਾ ਨੂੰ ਲੈ ਕੇ ਇੰਨੀ ਚਰਚਾ ਕਿਉਂ ਹੈ। ਖੌਰੇ ਉਨ੍ਹਾਂ ਨੂੰ ਇਹ ਇਕ ਤਮਾਸ਼ਾ ਹੀ ਜਾਪ ਰਿਹਾ ਸੀ – ਪਰ ਹਾਂ ਪੱਖੀ।  

ਮੈਂ ਉਨ੍ਹਾਂ ਨੂੰ ਦੱਸਿਆ ਕਿ ਆਓਤਿਆਰੋਆ ਨਿਊਜ਼ੀਲੈਂਡ ਵਿੱਚ ਕੋਹਾਂਗਾ ਰਿਓ ਦੀ ਇੱਕ ਮਜ਼ਬੂਤ ਨੀਂਹ ਹੈ, ਅਤੇ ਇਹ ਸਿਰਫ਼ ਇੱਕ ਵਖਾਵਾ ਨਹੀਂ ਹੈ। ਕੋਹਾਂਗਾ ਰਿਓ ਮਾਓਰੀ ਭਾਸ਼ਾ ਅਤੇ ਸੱਭਿਆਚਾਰ ਨੂੰ ਮੁੜ ਸੁਰਜੀਤ ਕਰਨ ਦੀ ਲਹਿਰ ਹੈ, ਜਿਸ ਵਿੱਚ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਮਾਓਰੀ ਭਾਸ਼ਾ ਅਤੇ ਸੱਭਿਆਚਾਰ ਦੀ ਸਿੱਖਿਆ ਦਿੱਤੀ ਜਾਂਦੀ ਹੈ। ਹਾਨਾ ਰਾਫ਼ੀਤੀ ਮੇਪੀ-ਕਲਾਰਕ ਨੇ ਆਪਣੀ ਪਹਿਲੇ ਪਾਰਲੀਮੈਂਟ ਭਾਸ਼ਣ ਵਿੱਚ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਸੀ, ਕਿ ਕਦੇ ਵੀ ਰਲਣ ਦੀ ਕੋਸ਼ਿਸ਼ ਨਾ ਕਰੋ। ਤੁਸੀਂ ਸੰਪੂਰਨ ਹੋ। ਸਾਡੇ ਤਾਮਾਰਿਕੀ (ਬੱਚਿਆਂ) ਲਈ, ਸਾਡੀ ਰਿਓ (ਭਾਸ਼ਾ) ਸਾਡੇ ਲਈ ਗੁਨਗੁਨਾ ਰਹੀ ਹੈ। ਉਨ੍ਹਾਂ ਤਾਮਾਰਿਕੀ ਮਾਓਰੀ ਲਈ – ਜੋ ਆਪਣੀ ਸਾਰੀ ਜ਼ਿੰਦਗੀ ਜਮਾਤ ਦੇ ਪਿੱਛੇ ਬੈਠੇ ਰਹੇ ਹਨ, ਸ਼ਰਮਿੰਦੇ ਪਰ ਆਪਣੀ ਮੂਲ ਭਾਸ਼ਾ ਸਿੱਖਣ ਦੀ ਤਾਂਘ ਰੱਖਦੇ ਹਨ।  ਉਨ੍ਹਾਂ ਤਾਮਾਰਿਕੀ ਲਈ ਜੋ ਅਜੇ ਤੱਕ ਆਪਣੇ ਪੇਪੇਹਾ (ਪਰਿਵਾਰਕ ਬੰਸਾਵਲੀ) ਵਿੱਚ ਨਹੀਂ ਗਏ ਹਨ, ਕੋਹਾਂਗਾ ਰਿਓ ਉਨ੍ਹਾਂ ਨੂੰ ਨਵੀਆਂ ਪੁਲਾਂਘਾਂ ਪੁੱਟਣ ਦੇ ਸਮਰੱਥ ਬਣਾਉਂਦਾ ਹੈ।  

ਮੈਂ ਅੱਗੇ ਇਹ ਵੀ ਦੱਸਦਾ ਕਿ ਪਿਛਲੀ ਸਦੀ ਵਿੱਚ ਉਹ ਵੀ ਵੇਲ਼ਾ ਸੀ ਜਦ ਸਕੂਲਾਂ ਵਿੱਚ ਬੱਚੇ ਆਪਸ ਵਿੱਚ ਮਾਓਰੀ ਭਾਸ਼ਾ ਵੀ ਨਹੀਂ ਸਨ ਬੋਲ ਸਕਦੇ। ਮੇਰੀ ਇਹ ਗੱਲ ਸੁਣ ਕੇ ਲੋਕ ਹੈਰਾਨ ਹੁੰਦੇ ਸਨ। 

ਹੁਣ ਗੱਲ ਕਰਦੇ ਹਾਂ ਫਰਵਰੀ 2025 ਦੀ, ਜਦੋਂ ਅਸੀਂ ਡੇਮ ਇਰੀਤਾਨਾ ਤਿ ਰੰਗੀ ਤਾਫ਼ੀਫ਼ੀਰੰਗੀ ਨੂੰ ਗੁਆ ਦਿੱਤਾ। ਉਹ 1 ਫਰਵਰੀ 2025 ਨੂੰ ਪੂਰੇ ਹੋਏ। ਉਨ੍ਹਾਂ ਨੇ 1982 ਵਿੱਚ ਕੋਹਾਂਗਾ ਰਿਓ ਸ਼ੁਰੂ ਕਰਕੇ ਬਹੁਤ ਮਹੱਤਵਪੂਰਨ ਕੰਮ ਕੀਤਾ। ਉਨ੍ਹਾਂ ਨੇ ਮਾਓਰੀ ਭਾਸ਼ਾ ਅਤੇ ਸੱਭਿਆਚਾਰ ਨੂੰ ਮੁੜ ਸੁਰਜੀਤ ਕਰਨ ਲਈ ਆਪਣਾ ਸਾਰਾ ਜੀਵਨ ਸਮਰਪਿਤ ਕਰ ਦਿੱਤਾ। ਉਨ੍ਹਾਂ ਦੇ ਕੰਮ ਕਾਰਨ ਹੀ ਅੱਜ ਬਹੁਤ ਸਾਰੇ ਮਾਓਰੀ ਬੱਚੇ ਆਪਣੀ ਭਾਸ਼ਾ ਅਤੇ ਸੱਭਿਆਚਾਰ ਨਾਲ ਜੁੜੇ ਹੋਏ ਹਨ। ਉਨ੍ਹਾਂ ਦਾ ਯੋਗਦਾਨ ਬਹੁਤ ਵੱਡਾ ਹੈ, ਜਿਸਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਮੁਸ਼ਕਿਲ ਹੈ।

ਡੇਮ ਇਰੀਤਾਨਾ ਤਿ ਰੰਗੀ ਤਾਫ਼ੀਫ਼ੀਰੰਗੀ ਅਤੇ ਪੰਚਾ ਨਾਰਾਇਨਨ ਵਿਚਾਰ ਸਾਂਝੇ ਕਰਦੇ ਹੋਏ। ਸੰਨ 2022 ਦੀ ਤਸਵੀਰ।

ਮੈਨੂੰ 5 ਫਰਵਰੀ ਨੂੰ ਗਿਸਬਰਨ ਸ਼ਹਿਰ ਵਿਖੇ ਤਿ ਪੋਹੋ ਓ ਰਾਵਰੀ ਮਰਾਏ ਵਿੱਚ ਉਨ੍ਹਾਂ ਦੇ ਤੰਗੀਹੰਗਾ (ਅੰਤਿਮ ਸੰਸਕਾਰ) ਵਿੱਚ ਸ਼ਾਮਲ ਹੋਣ ਦਾ ਸੁਭਾਗ ਪ੍ਰਾਪਤ ਹੋਇਆ। ਮੈਂ ਆਓਤਿਆਰੋਆ ਨਿਊਜ਼ੀਲੈਂਡ ਦੇ ਸਾਬਕਾ ਗਵਰਨਰ ਜਨਰਲ ਸਰ ਆਨੰਦ ਸਤਿਆਨੰਦ ਦੇ ਨਾਲ ਵੈਲਿੰਗਟਨ ਤੋਂ ਗਿਆ ਸੀ। ਮੋਤੂ (ਦੇਸ) ਭਰ ਦੇ ਨੌਜਵਾਨ ਇਵੀ (ਕਬਾਇਲੀ) ਆਗੂ ਸ਼ਰਧਾਂਜਲੀ ਭੇਟ ਕਰਨ ਲਈ ਉੱਥੇ ਮੌਜੂਦ ਸਨ। ਉਹ ਸਾਰੇ ਮਾਓਰੀ ਵਿੱਚ ਸ਼ਰਧਾਂਜਲੀ ਭੇਟ ਕਰ ਰਹੇ ਸਨ ਅਤੇ ਦੱਸ ਰਹੇ ਸਨ ਕਿ ਕੋਹਾਂਗਾ ਰਿਓ ਲਹਿਰ ਦੇ ਨਤੀਜੇ ਵਜੋਂ ਉਨ੍ਹਾਂ ਦੀਆਂ ਜ਼ਿੰਦਗੀਆਂ ਕਿਵੇਂ ਬਦਲ ਗਈਆਂ। ਪੂਰਾ ਮਾਹੌਲ ਬਹੁਤ ਹੀ ਭਾਵੁਕ ਸੀ।

ਤੰਗੀਹੰਗਾ ਵਿੱਚ ਮਾਓਰੀ ਰਾਣੀ ਨਙਾ ਵਾਈ ਹੋਨੋ ਈ ਤੇ ਪੋ ਵੀ ਸ਼ਾਮਲ ਹੋਏ। ਉਹ ਹਾਲ ਵਿੱਚ ਹੀ ਰਾਣੀ ਬਣੇ ਹਨ ਅਤੇ ਉਨ੍ਹਾਂ ਦੀ ਉਮਰ 28 ਸਾਲਾਂ ਦੀ ਹੈ। ਮਾਓਰੀ ਉਨ੍ਹਾਂ ਦੀ ਪਹਿਲੀ ਭਾਸ਼ਾ ਹੈ। ਉਸਨੇ ਤੀਕਾਂਗਾ ਮਾਓਰੀ ਵਿੱਚ ਮਾਸਟਰਜ਼ ਡਿਗਰੀ ਕੀਤੀ ਹੈ ਅਤੇ ਕਾਪਾ ਹਾਕਾ ਵੀ ਜਾਣਦੇ ਹਨ। ਮਾਓਰੀ ਰਾਣੀ ਨਙਾ ਵਾਈ ਹੋਨੋ ਈ ਤੇ ਪੋ ਨੇ ਲਗਾਤਾਰ ਦੋ ਸਾਲ ਡੇਮ ਇਰੀਤਾਨਾ ਤਿ ਰੰਗੀ ਤਾਫ਼ੀਫ਼ੀਰੰਗੀ ਦੀ ਸਰਪ੍ਰਸਤੀ ਹੇਠ ਕੋਹਾਂਗਾ ਰਿਓ ਦੇ ਪ੍ਰਬੰਧ ਦਾ ਕੰਮ ਸਿੱਖਿਆ ਸੀ ਅਤੇ ਉਨ੍ਹਾਂ ਦੋਹਾਂ ਵਿੱਚ ਬਹੁਤ ਨੇੜਤਾ ਸੀ। 

ਅੰਤ ਵਿੱਚ, ਮੈਨੂੰ ਮਾਓਰੀ ਰਾਣੀ ਨਙਾ ਵਾਈ ਹੋਨੋ ਈ ਤੇ ਪੋ ਅਤੇ ਸਰ ਆਨੰਦ ਸਤਿਆਨੰਦ ਦੇ ਨਾਲ ਇੱਕ ਹੀ ਮੇਜ਼ ‘ਤੇ ਬੈਠ ਕੇ ਖਾਣਾ ਖਾਣ ਦਾ ਮੌਕਾ ਮਿਲਿਆ। ਇਹ ਮੇਰੇ ਲਈ ਇੱਕ ਬਹੁਤ ਹੀ ਖ਼ਾਸ ਤੰਗੀਹੰਗਾ ਤਜਰਬਾ ਸੀ, ਜਿਸਨੂੰ ਮੈਂ ਕਦੇ ਨਹੀਂ ਭੁੱਲਾਂਗਾ। ਇਹ ਸਫ਼ਰ ਮੇਰੇ ਲਈ ਬਹੁਤ ਹੀ ਗਿਆਨ ਭਰਪੂਰ ਰਿਹਾ ਅਤੇ ਮੈਂ ਬਹੁਤ ਕੁਝ ਸਿੱਖਿਆ।

Posted in ਚਰਚਾ

ਨਵਾਂ ਸਾਲ 2025 ਮੁਬਾਰਕ!

ਨਵਾਂ ਸਾਲ 2025 ਦੇ ਆਗਮਨ ਤੇ ਸਾਰੇ ਦੁਨੀਆ ਵਿੱਚ ਖ਼ੁਸ਼ੀਆਂ ਮਨਾਈਆਂ ਜਾ ਰਹੀਆਂ ਹਨ। ਇਹ ਦਿਨ, 1 ਜਨਵਰੀ, ਪੱਛਮੀ ਕੈਲੰਡਰ ਦੇ ਅਧਾਰ ਤੇ ਨਵਾਂ ਸਾਲ ਸ਼ੁਰੂ ਹੋਣ ਦਾ ਸੰਕੇਤ ਦਿੰਦਾ ਹੈ। ਪਰ ਜੇਕਰ ਅਸੀਂ ਇਤਿਹਾਸ ਤੇ ਨਜ਼ਰ ਮਾਰਦੇ ਹਾਂ ਤਾਂ ਪਤਾ ਲਗਦਾ ਹੈ ਕਿ ਇਹ ਮਿਤੀ ਹਮੇਸ਼ਾ ਨਵਾਂ ਸਾਲ ਸ਼ੁਰੂ ਹੋਣ ਦਾ ਦਿਨ ਨਹੀਂ ਸੀ। ਗ੍ਰੈਗੋਰੀਅਨ ਕੈਲੰਡਰ, ਜੋ ਅੱਜ ਖੁੱਲੇ ਤੌਰ ‘ਤੇ ਵਰਤਿਆ ਜਾਂਦਾ ਹੈ, ਪਹਿਲਾਂ ਦੇ ਕੈਲੰਡਰਾਂ ਦਾ ਸੁਧਾਰ ਸੀ। ਇਟਲੀ ਦੇ ਪੋਪ ਗ੍ਰੇਗਰੀ XIII ਨੇ ਇਸਨੂੰ 1582 ਵਿੱਚ ਪੇਸ਼ ਕੀਤਾ। ਪਰ ਇਸਦੇ ਮੂਲ ਵਿੱਚ ਇੱਕ ਦਿਲਚਸਪ ਤੱਥ ਹੈ ਕਿ ਦਸੰਬਰ ਦਾ ਅਰਥ ਹੈ “ਦਸਵਾਂ ਮਹੀਨਾ”, ਜਿਸਦਾ ਮੂ਼ਲ ਲਾਤੀਨੀ ਸ਼ਬਦ ‘ਦੈਕਾ’ ਵਿੱਚ ਹਨ। ਇਸਦੇ ਮਤਲਬ ਸਪੱਸ਼ਟ ਕਰਦੇ ਹਨ ਕਿ ਜਨਵਰੀ ਅਤੇ ਫਰਵਰੀ ਨੂੰ ਪਿਛੋਂ ਸ਼ਾਮਲ ਕੀਤਾ ਗਿਆ ਸੀ।

ਦੱਖਣੀ ਅਤੇ ਪੱਛਮੀ ਏਸ਼ੀਆ ਦੇ ਕਈ ਖੇਤਰਾਂ ਵਿੱਚ, ਨਵਾਂ ਸਾਲ ਪੁਰਾਣੀ ਰੀਤਾਂ ਅਤੇ ਕੁਦਰਤੀ ਚੱਕਰਾਂ ਦੇ ਅਨੁਸਾਰ ਬਸੰਤ ਰੁੱਤ ਵਿੱਚ ਸ਼ੁਰੂ ਹੁੰਦਾ ਹੈ। ਇਹ ਸਮਾਂ ਨਵੀਂ ਸ਼ੁਰੂਆਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਕਿਉਂਕਿ ਇਨ੍ਹਾਂ ਖੇਤਰਾਂ ਵਿੱਚ ਬਸੰਤ ਫਸਲ ਦੀ ਕਟਾਈ ਅਤੇ ਮੌਸਮ ਦੀ ਨਵੀਂ ਸ਼ੁਰੂਆਤ ਦਾ ਸਮਾਂ ਹੁੰਦਾ ਹੈ। ਇਹ ਰੀਤ ਦੱਖਣੀ ਏਸ਼ੀਆ ਵਿੱਚ ਵਖਾਈ ਦਿੰਦੀ ਹੈ, ਜਿਵੇਂ ਕਿ ਪੰਜਾਬ ਵਿੱਚ ਨਾਨਕਸ਼ਾਹੀ ਕੈਲੰਡਰ ਅਨੁਸਾਰ ਨਵਾਂ ਸਾਲ ਚੇਤ ਮਹੀਨੇ ਵਿੱਚ ਸ਼ੁਰੂ ਹੁੰਦਾ ਹੈ। ਇਸੇ ਤਰ੍ਹਾਂ, ਫਾਰਸੀ ਨਵਰੋਜ਼ ਮਾਰਚ ਵਿੱਚ ਮਨਾਇਆ ਜਾਂਦਾ ਹੈ।

ਫਾਰਸੀ ਨਵਰੋਜ਼ 21 ਮਾਰਚ ਦੇ ਕਰੀਬ ਆਉਂਦਾ ਹੈ, ਜਿਸ ਦਿਨ, ਦਿਨ ਅਤੇ ਰਾਤ ਦੀ ਲੰਮਾਈ ਬਰਾਬਰ ਹੁੰਦੀ ਹੈ। ਇਸੇ ਤਰ੍ਹਾਂ, ਦੱਖਣੀ ਏਸ਼ੀਆ ਖੇਤਰਾਂ ਵਿੱਚ ਚੇਤ ਮਹੀਨੇ ਦੀ ਸ਼ੁਰੂਆਤ ਨਵਾਂ ਸਾਲ ਲਿਆਉਂਦੀ ਹੈ। ਇਹ ਸਮਾਂ ਵਿਸਾਖੀ, ਪੋਹਲਾ ਬੈਸਾਖੀ, ਅਤੇ ਹੋਲੀ ਨਾਲ ਵੀ ਜੁੜਿਆ ਹੁੰਦਾ ਹੈ, ਜੋ ਜੀਵਨ ਦੇ ਨਵੇਂ ਪੜਾਅ ਦੀ ਸ਼ੁਰੂਆਤ ਦੇ ਤਿਉਹਾਰ ਹਨ।

Photo by Rakicevic Nenad on Pexels.com

ਗ੍ਰੈਗੋਰੀਅਨ ਕੈਲੰਡਰ ਵਿੱਚ, ਦਸੰਬਰ ਸ਼ਬਦ ਦੇ ਅਰਥ ‘ਦਸਵੇਂ ਮਹੀਨੇ’ ਨਾਲ ਸੰਬੰਧਿਤ ਹਨ, ਜਿਸ ਤੋਂ ਇਹ ਸਾਫ ਹੈ ਕਿ ਕੈਲੰਡਰ ਵਿੱਚ ਪਹਿਲਾਂ ਸਾਲ ਮਾਰਚ ਨਾਲ ਸ਼ੁਰੂ ਹੁੰਦਾ ਸੀ। ਜਨਵਰੀ ਅਤੇ ਫਰਵਰੀ ਦੇ ਮਹੀਨੇ ਬਾਅਦ ਵਿੱਚ ਕੈਲੰਡਰ ਵਿੱਚ ਸ਼ਾਮਲ ਕੀਤੇ ਗਏ। 46 ਬੀਸੀਈ ਵਿੱਚ, ਜੂਲੀਅਸ ਸੀਜ਼ਰ ਨੇ ਨਵੇਂ ਕੈਲੰਡਰ ਦਾ ਐਲਾਣ ਕੀਤਾ, ਜਿਸ ਨੇ ਜਨਵਰੀ ਨੂੰ ਸਾਲ ਦੀ ਸ਼ੁਰੂਆਤ ਦੱਸਿਆ। ਜਨਵਰੀ ਮਹੀਨਾ ਰੋਮ ਦੇ ਦੇਵਤਾ ਜੈਨਸ ਦੇ ਨਾਮ ‘ਤੇ ਰੱਖਿਆ ਗਿਆ, ਜੋ ਦੋ ਚਿਹਰੇ ਵਾਲੇ ਦੇਵਤਾ ਸਨ—ਇਕ ਪਿਛਲੇ ਸਾਲ ਵੱਲ ਅਤੇ ਦੂਸਰਾ ਅਗਲੇ ਸਾਲ ਵੱਲ ਵੇਖਣ ਵਾਲਾ। ਇਹ ਰੀਤ ਬਾਅਦ ਵਿੱਚ ਇਸਾਈ ਧਰਮ ਦੇ ਪ੍ਰਸਾਰ ਨਾਲ ਯੂਰਪ ਵਿੱਚ ਪ੍ਰਸਿੱਧ ਹੋਈ। 1582 ਵਿੱਚ ਗ੍ਰੈਗੋਰੀਅਨ ਕੈਲੰਡਰ ਦੇ ਅਪਨਾਉਣ ਨਾਲ ਇਹ ਤਰੀਕ ਪ੍ਰਚਲਿਤ ਹੋ ਗਈ।

ਇਸਦੇ ਬਾਵਜੂਦ, ਜਦੋਂ ਅਸੀਂ ਦੱਖਣੀ ਏਸ਼ੀਆ ਦੇ ਸੰਸਕਾਰਾਂ ਤੇ ਤਿਉਹਾਰਾਂ ਵੱਲ ਵੇਖਦੇ ਹਾਂ, ਤਾਂ ਬਸੰਤ ਰੁੱਤ ਨੂੰ ਕਦੇ ਵੀ ਉਸ ਵੱਡੇ ਪੱਧਰ ਤੇ ਮਨਾਇਆ ਨਹੀਂ ਗਿਆ ਜਿਵੇਂ ਪੱਛਮੀ ਸੰਸਕਾਰ 1 ਜਨਵਰੀ ਨੂੰ ਮਨਾਉਂਦੇ ਹਨ। ਸ਼ਾਇਦ ਇਹੀ ਕਾਰਨ ਹੈ ਕਿ ਇਥੋਂ ਦਾ ਸੱਭਿਆਚਾਰਕ ਰੁਝਾਨ ਵਿਸਾਖੀ, ਪੋਹਲਾ ਬੈਸਾਖੀ, ਅਤੇ ਹੋਲੀ ਆਦਿ ਤਿਓਹਾਰਾਂ ਨਾਲ ਬਹੁਤਾ ਜੁੜ ਗਿਆ।

ਜੇਕਰ ਚੇਤ ਵਿੱਚ ਨਵਾਂ ਸਾਲ ਵੱਡੇ ਪੱਧਰ ਤੇ ਨਹੀਂ ਮਨਾਇਆ ਜਾਵੇਗਾ ਤਾਂ ਲੋਕ ਕਿਸੇ ਵੀ ਹੋਰ ਨਵੇਂ ਸਾਲ ਦੇ ਜਸ਼ਨਾਂ ਵਿੱਚ ਸ਼ਾਮਲ ਹੋਣ ਲਈ ਆਪੇ ਹੀ ਕਾਹਲੇ ਪੈਣਗੇ। ਅੱਜ ਦੇ ਸਮਾਜ ਵਿੱਚ, ਜਦੋਂ ਸਾਰਾ ਜਗਤ ਗ੍ਰੈਗੋਰੀਅਨ ਕੈਲੰਡਰ ਦੇ ਨਵੇਂ ਸਾਲ ਨੂੰ ਮਨਾਉਣ ਵਿੱਚ ਲੱਗਾ ਹੁੰਦਾ ਹੈ, ਤਾਂ ਦੱਖਣੀ ਏਸ਼ੀਆ ਦੇ ਲੋਕ ਚੇਤ ਮਹੀਨੇ ਦੇ ਖੱਪੇ ਨੂੰ ਪੂਰਨ ਲਈ 1 ਜਨਵਰੀ ਨੂੰ ਜਸ਼ਨ ਮਨਾਉਣਗੇ। 2025 ਦੇ ਨਵੇਂ ਸਾਲ ਤੇ, ਸਾਡੇ ਲਈ ਇਹ ਮਹੱਤਵਪੂਰਨ ਹੈ ਕਿ ਅਸੀਂ ਆਪਣੀ ਸਭਿਆਚਾਰਕ ਵਿਰਾਸਤ ਨੂੰ ਯਾਦ ਕਰੀਏ ਅਤੇ ਜਿੱਥੇ ਵੀ ਸਮਾਜਕ ਤੌਰ ਤੇ ਜਸ਼ਨ ਮਨਾਉਣ ਨੂੰ ਮਿਲੇ ਤਾਂ ਉਸ ਵਿੱਚ ਹਿੱਸਾ ਲਈਏ।

Posted in ਚਰਚਾ

ਕਿਸਮਤ ਦੀ ਛੋਹ

ਪਿਛਲੇ ਹਫ਼ਤੇ ਮੈਂ ਨਿਊਯਾਰਕ ਦੀ ਮਸ਼ਹੂਰ ਵਾਲ ਸਟ੍ਰੀਟ ‘ਤੇ ਘੁੰਮ ਰਿਹਾ ਸੀ। ਦਿਨ ਲਿਸ਼ਕਿਆ ਹੋਇਆ ਸੀ। ਬੀਤੇ ਦਿਨਾਂ ਦੇ ਮੁਕਾਬਲੇ, ਹਵਾ ਵਿੱਚ ਠੰਢ ਵਧ ਰਹੀ ਸੀ। ਅੰਬਰ ਦੀਆਂ ਉਚਾਈਆਂ ਛੂਹਣ ਵਾਲੀਆਂ ਇਮਾਰਤਾਂ ਅਤੇ ਆਸੇ ਪਾਸੇ ਦੁਨੀਆਂ ਭਰ ਦੀਆਂ ਭਾਖਾਵਾਂ ਬੋਲਦੇ ਲੋਕਾਂ ਦੀ ਭੀੜ। ਮੌਕਾ ਸੀ ਚਾਰਜਿੰਗ ਬੁੱਲ ਦੇ ਆਲੇ ਦੁਆਲੇ ਦਾ। ਇਹ ਬੁੱਤ, ਜੋ ਆਰਥਕ ਮੰਡੀ ਦੀ ਤਾਕਤ ਅਤੇ ਹਿੰਮਤ ਦਾ ਪ੍ਰਤੀਕ ਹੈ, ਸਾਫ਼ ਹੀ ਲੋਕਾਂ ਨੂੰ ਆਪਣੇ ਵੱਲ ਖਿੱਚ ਰਿਹਾ ਸੀ।

ਚਾਰਜਿੰਗ ਬੁੱਲ, ਜਿਸ ਨੂੰ ਅਸੀਂ ਭੂਤਰਿਆ ਸਾਨ੍ਹ ਵੀ ਕਹਿ ਸਕਦੇ ਹਾਂ, ਉਸ ਦੇ ਨਾਲ ਆਪਣੀ ਤਸਵੀਰ ਖਿਚਵਾਉਣ ਲਈ ਵੱਡੀ ਗਿਣਤੀ ਵਿੱਚ ਲੋਕ ਕਤਾਰਾਂ ਬੰਨ੍ਹੀਂ ਖੜ੍ਹੇ ਸਨ। ਅਜੀਬ ਗੱਲ ਇਹ ਸੀ ਕਿ ਅਗੇ ਵਾਲੀ ਕਤਾਰ ਤਾਂ ਸਮਝ ਆਉਂਦੀ ਹੈ ਕਿ ਸਾਨ੍ਹ ਦੇ ਬੁੱਤ ਦੇ ਅੱਗੇ ਖੜ੍ਹ ਕੇ ਤਸਵੀਰਾਂ ਖਿਚਵਾ ਰਹੇ ਸਨ, ਪਰ ਸਾਨ੍ਹ ਦੇ ਪਿੱਛੇ ਬੱਝੀ ਕਤਾਰ ਤਾਂ ਹੋਰ ਵੀ ਵੱਡੀ ਸੀ। ਦੋ ਦੋ ਕਰਕੇ ਲੋਕ ਸਾਨ੍ਹ ਦੇ ਪਿੱਛੇ ਬੈਠਦੇ ਅਤੇ ਉਸ ਦੇ ਪਤਾਲੂ ਫੜ੍ਹ ਕੇ ਤਸਵੀਰਾਂ ਖਿਚਵਾਉਂਦੇ। ਏਨੇ ਸਾਰੇ ਹੱਥ ਲੱਗੇ ਹੋਣ ਕਰਕੇ ਸਾਨ੍ਹ ਦੇ ਪਤਾਲੂ ਚਮਕੇ ਹੋਏ ਸਨ।

ਇਹ ਤਸਵੀਰ ਲੇਖਕ ਨੇ ਖਿੱਚੀ ਹੈ।

ਇਹ ਇਕ ਚਮਤਕਾਰੀ ਨਜ਼ਾਰਾ ਸੀ, ਜੋ ਮੈਂ ਸ਼ੁਰੂ ਵਿੱਚ ਨਾ ਸਮਝ ਸਕਿਆ। ਫੇਰ ਲੱਗਿਆ ਕਿ ਇਸ ਸਭ ਕਾਸੇ ਪਿੱਛੇ ਜ਼ਰੂਰ ਕਿਸਮਤ ਚਮਕਣ ਦੀ ਕੋਈ ਧਾਰਨਾ ਜੁੜੀ ਹੋਵੇਗੀ। ਹੋ ਸਕਦਾ ਹੈ ਕਿ ਇਹ ਅਮਰੀਕੀ ਸਭਿਆਚਾਰ ਦਾ ਹਿੱਸਾ ਹੋਵੇਗਾ। ਘੋਖਣ ਤੇ ਪਤਾ ਲੱਗਿਆ ਕਿ ਭੂਤਰੇ ਸਾਨ੍ਹ ਦੇ ਪਤਾਲੂ ਛੋਹਣ ਨਾਲ ਚੰਗੇ ਨਸੀਬ ਜਾਗ ਜਾਂਦੇ ਹਨ ਅਤੇ ਮਾਲ-ਧੰਨ ਵਿੱਚ ਵਾਧਾ ਹੁੰਦਾ ਹੈ। ਲੋਕ ਆਸ ਕਰਦੇ ਹਨ ਕਿ ਇਸ ਨੂੰ ਹੱਥ ਲਾ ਕੇ ਉਹ ਆਪਣੀ ਮਾਲੀ ਹਾਲਤ ਨੂੰ ਸੁਧਾਰ ਸਕਣਗੇ।

ਇਹ ਵੀ ਮੁਮਕਨ ਹੈ ਕਿ ਬਹੁਤ ਸਾਰੇ ਸੈਲਾਨੀ ਇਸ ਨੂੰ ਸਿਰਫ਼ ਮਜ਼ਾਕ ਦੇ ਤੌਰ ‘ਤੇ ਹੀ ਕਰਦੇ ਹੋਣਗੇ, ਆਪਣੀ ਯਾਤਰਾ ਨੂੰ ਹੋਰ ਵੀ ਮਨੋਰੰਜਕ ਕਰਨ ਦੀ ਖ਼ਾਤਰ। ਪਰ ਇਹ ਸਾਰਾ ਨਜ਼ਾਰਾ ਮੈਨੂੰ ਅਨੋਖਾ ਅਤੇ ਮਜ਼ੇਦਾਰ ਲੱਗਾ।