ਮੇਰੇ ਪਿਛਲੇ ਬਲੌਗ “ਥਾਈਲੈਂਡ: ਜਿੱਥੇ ਵਕ਼ਤ ਠਹਿਰਦਾ ਹੈ” ਤੋਂ ਅੱਗੇ ਚੱਲਦੇ ਹੋਏ, ਪਿਛਲੇ ਮਹੀਨੇ ਮੇਰਾ ਸਫ਼ਰ ਵੀਅਤਨਾਮ ਤਕ ਜਾਰੀ ਰਿਹਾ। ਇੱਥੇ ਮੈਂ ਇੱਕ ਹਫ਼ਤਾ ਹੋ ਚੀ ਮਿੰਹ ਸਿਟੀ (ਸਾਈਗੌਨ) ਦੀ ਧੜਕਣ ਤੇ ਇਸ ਦੇ ਆਲੇ ਦੁਆਲੇ ਦੇ ਸਹਿਜ ਅਤੇ ਜ਼ਿੰਦਗੀ ਭਰੇ ਮਨਜ਼ਰਾਂ ਨੂੰ ਮਹਿਸੂਸ ਕਰਦਿਆਂ ਹੋਇਆਂ ਬਿਤਾਇਆ। ਉਸ ਸਫ਼ਰ ਦੀਆਂ ਯਾਦਾਂ ਅਜੇ ਵੀ ਮੌਜੂਦ ਹਨ। ਸ਼ਹਿਰ ਦੀ ਚਟਕਦੀ ਹੋਈ ਸਵੇਰ-ਸ਼ਾਮ ਦੀ ਆਵਾਜਾਈ: ਮੋਟਰਸਾਈਕਲਾਂ ਦੀ ਗੂੰਜ, ਹਾਸੇ, ਅਗਰਬੱਤੀ ਦੀ ਖੁਸ਼ਬੂ ਤੇ ਬਾਰਿਸ਼ ਦੀ ਝਿੰਮ-ਝਿੰਮ ਰਵਾਨੀ।
ਸਫ਼ਰ ਦੀ ਸ਼ੁਰੂਆਤ ਐਕਸ ਓ ਟੂਅਰਜ਼ ਨਾਲ ਹੋਈ ਜੋ ਸਾਈਗੌਨ ਨੂੰ ਉਸੇ ਤਰ੍ਹਾਂ ਵਿਖਾਉਂਦੇ ਹਨ ਜਿਵੇਂ ਇਹ ਵਿਚਰਦਾ ਹੈ। ਕਾਰ ਜਾਂ ਬੱਸ ਦੀ ਖਿੜਕੀ ਪਿੱਛੋਂ ਨਹੀਂ, ਸਗੋਂ ਮੋਟਰਸਾਈਕਲ ਦੀ ਪਿੱਛਲੀ ਸੀਟ ਤੋਂ। ਐਕਸ ਓ ਟੂਅਰਜ਼, ਜ਼ਨਾਨੀਆਂ ਦਾ ਵਪਾਰਕ ਉੱਦਮ ਹੈ ਅਤੇ ਉਨ੍ਹਾਂ ਦੇ ਸਾਈਗੌਨ ਟੂਰ ਦੌਰਾਨ ਮੈਂ ਇਸ ਸ਼ਹਿਰ ਦੇ ਬਹੁ-ਪੱਖੀ ਇਤਿਹਾਸ ਦਾ ਸਫ਼ਰ ਕੀਤਾ। ਅਸੀਂ ਕੇਂਦਰੀ ਡਾਕ ਘਰ ਦੀ ਪੀਲੀ ਇਮਾਰਤ ਦੇ ਅੰਦਰ ਬਸਤੀਵਾਦ ਦੀਆਂ ਤਹਿਆਂ ਫਰੋਲੀਆਂ। ਲਾਗੇ ਹੀ ਸਾਈਗੌਨ ਦੀ ਮਸ਼ਹੂਰ ਕਿਤਾਬਾਂ ਵਾਲ਼ੀ ਗਲ਼ੀ ਵਗ ਰਹੀ ਸੀ, ਜਿੱਥੇ ਸ਼ਹਿਰ ਦੀ ਭਿਣ-ਭਿਣ, ਇਸ ਗਲ਼ੀ ਦੇ ਕਿਤਾਬਾਂ ਦੇ ਸਫ਼ਿਆਂ ਦੀ ਸਰਸਰਾਹਟ, ਕੌਫ਼ੀ ਦੀ ਖੂਸ਼ਬੂ ਤੇ ਗੱਲਬਾਤ ਦੇ ਨਰਮ ਸੁਰਾਂ ਵਿੱਚ ਤਬਦੀਲ ਹੋ ਗਈ ਜਾਪਦੀ ਸੀ। ਇਹ ਨਜ਼ਾਰਾ ਯਾਦ ਦਿਵਾਉਂਦਾ ਸੀ ਕਿ ਭਾਵੇਂ ਰਫ਼ਤਾਰ ਤੇ ਜ਼ਿੰਦਗੀ ਦੀ ਭੰਬੀਰੀ ਵੀ ਬਣੀ ਹੋਵੇ, ਸਾਈਗੌਨ ਅੱਜ ਵੀ ਪੜ੍ਹਦਾ ਹੈ।

ਸੜਕ ਪਾਰ ਨੌਤਰ ਦਾਮ ਕੈਥੀਡ੍ਰਲ ਸੀ, ਜਿਸ ਦੀਆਂ ਲਾਲ ਇੱਟਾਂ ਮਾਰਸੀਏ ਤੋਂ ਆਈਆਂ ਸਨ। ਹੁਣ ਇਥੇ ਮਰੰਮਤ ਚੱਲ ਰਹੀ ਸੀ ਅਤੇ ਆਰਜ਼ੀ ਤੌਰ ਤੇ ਚੁਫ਼ੇਰੇ ਚਾਰਦੁਆਰੀ ਕੀਤੀ ਹੋਈ ਸੀ। ਪਰ ਇਸ ਦੀ ਸ਼ਾਨ ਫੇਰ ਵੀ ਬਰਕਰਾਰ ਲੱਗਦੀ ਸੀ। ਰੀਯੂਨੀਫਿਕੇਸ਼ਨ ਪੈਲੇਸ ਸਵੇਰ ਦੀ ਗਰਮੀ ਵਿੱਚ ਚਮਕ ਰਿਹਾ ਸੀ ਅਤੇ ਪਰਤੱਖ ਤੌਰ ਤੇ ਵਜ਼ਨੀ ਲੱਗਦਾ ਸੀ। ਇਸ ਦਾ ਮੁੱਖ ਕਿਵਾੜ ਅਜੇ ਵੀ 1975 ਦਾ ਇਤਿਹਾਸ ਦੁਹਰਾ ਰਿਹਾ ਸੀ।
ਥੋੜ੍ਹੀ ਹੀ ਦੂਰੀ ਉੱਤੇ ਬਰਨਿੰਗ ਮੌਂਕ ਸਮਾਰਕ ਇੱਕ ਖਾਮੋਸ਼ ਠਹਿਰਾਉ ਲੈ ਆਇਆ। ਅੱਗੇ ਚੱਲ ਕੇ ਸੀ. ਆਈ. ਏ. ਦੇ ਕਰਮਚਾਰੀਆਂ ਦੀ ਉਹ ਗੁਪਤ ਇਮਾਰਤ ਵੇਖੀ ਜਿਸ ਦੀਆਂ ਪੁਰਾਣੀਆਂ ਤਸਵੀਰਾਂ ਵਿੱਚ ਛੱਤ ਤੇ ਉਤਰਿਆ ਹੈਲੀਕਾਪਟਰ ਬੱਝੀ ਹੋਈ ਲੰਮੀ ਕਤਾਰ ਨੂੰ ਇਥੋਂ ਕੱਢ ਲੈ ਜਾਉਣ ਵਿੱਚ ਅਸਮਰੱਥ ਸੀ। ਅੱਗੇ ਚੱਲਕੇ ਫੁੱਲਾਂ ਦਾ ਬਜ਼ਾਰ ਖੁਸ਼ਬੂ ਵੰਡ ਰਿਹਾ ਸੀ।
ਇਸ ਸਵੇਰ ਦੇ ਸਫ਼ਰ ਦਾ ਅਖੀਰ ਦਸ ਹਜ਼ਾਰ ਬੁੱਧ ਬੁੱਤਾਂ ਦੇ ਪਗੋਡੇ ਤੇ ਹੋਇਆ। ਇਨ੍ਹਾਂ ਬੁੱਤਾਂ ਦੇ ਸ਼ਾਂਤ ਚਿਹਰੇ ਸਰਗਰਮ ਸ਼ਹਿਰ ਦੀ ਨਿਗਰਾਨੀ ਕਰਦੇ ਜਾਪ ਰਹੇ ਸਨ। ਮੋਟਰਸਾਈਕਲ ਚਲਾਉਂਦੀ ਮੇਰੀ ਰਾਹਬਰ ਨੇ ਸਿਰਫ਼ ਇਤਿਹਾਸ ਬਾਰੇ ਹੀ ਨਹੀਂ ਦੱਸਿਆ, ਸਗੋਂ ਉਸ ਧੀਮੀ ਧੜਕਣ ਬਾਰੇ ਵੀ ਜਿੱਥੇ ਜ਼ਨਾਨੀਆਂ ਅਜੇ ਵੀ ਸ਼ਹਿਰ ਦੇ ਅੰਤਰ ਪ੍ਰਵਾਹ ਨੂੰ ਸੰਭਾਲਦੀਆਂ ਹਨ।
ਜੇ ਦਿਨ ਇਤਿਹਾਸ ਵਿੱਚ ਵਿਚਰਦਾ ਸੀ, ਤਾਂ ਰਾਤ ਸੰਗੀਤ ਦੀ ਧੁਨ ਸੀ। ਰਾਤ ਦੇ ਐਕਸ ਓ ਟੂਅਰ ਨੇ ਚਾਰ ਇਲਾਕਿਆਂ ਨੂੰ ਛੂਹਿਆ ਜੋ ਨਮਨ ਰੌਸ਼ਨੀ ਹੇਠ ਧੜਕ ਰਹੇ ਸਨ। ਖਾਣਾ ਸੜ੍ਹਕ ਦੀ ਪਟੜੀ ਤੇ ਰੱਖੀਆਂ ਛੋਟੀਆਂ-ਛੋਟੀਆਂ ਕੁਰਸੀਆਂ ਅਤੇ ਮੇਜ਼ ਤੇ ਬੈਠ ਕੇ ਖਾਧਾ। ਤਾਜ਼ਾ ਭੋਜਨ ਤਵਿਆਂ ਤੇ ਤੜਕ ਰਿਹਾ ਸੀ, ਤੇ ਕਿਤੇ ਪੱਤਿਆਂ ਵਿੱਚ ਲਪੇਟਿਆ ਹੋਇਆ ਖਾਣਾ ਕੋਲੇ ਤੇ ਧੁਆਂਖਿਆ ਜਾ ਰਿਹਾ ਸੀ। ਨਾਰੀਅਲ ਦੇ ਦੁੱਧ ਦੀ ਮਿੱਠਾਸ ਰਾਤ ਨੂੰ ਠੰਢਕ ਬਖ਼ਸ਼ ਰਹੀ ਸੀ। ਐਕਸ ਓ ਟੂਅਰਜ਼ ਦੀ ਸੰਸਥਾਪਕ ਬੀਬੀ ਹੋਂਗ ਦੇ ਬਚਪਨ ਦੇ ਫ਼ਲੈਟ ਦੀ ਯਾਤਰਾ ਜੋ ਧੁਰ ਉਪਰ ਪੌੜੀਆਂ ਚੜ੍ਹ ਕੇ ਸੀ ਉਸ ਸ਼ਾਮ ਦੀ ਖ਼ਾਮੋਸ਼ ਧੜਕਣ ਸੀ। ਸਾਈਗੌਨ ਦੇ ਅਸਲੀ ਜੀਵਨ ਦੀ ਇਕ ਝਲਕ।
ਅਗਲੇ ਦਿਨੀਂ ਸ਼ਹਿਰ ਤੋਂ ਬਾਹਰ, ਇਤਿਹਾਸ ਧਰਤੀ ਹੇਠ ਉਤਰ ਗਿਆ — ਕੂ ਚੀ ਸੁਰੰਗਾਂ ਦੇ ਰੂਪ ਵਿੱਚ, ਜਿਸਨੂੰ ਜੰਗ ਦੇ ਸਮੇਂ “ਫੌਲਾਦੀ ਇਲਾਕਾ” ਕਿਹਾ ਜਾਂਦਾ ਸੀ। ਉਨ੍ਹਾਂ ਤੰਗ ਸੁਰੰਗਾਂ ਵਿੱਚ ਕੁੱਬੇ ਹੋ ਕੇ ਤੁਰਨਾ ਇਕ ਗੰਭੀਰ ਤਜਰਬਾ ਸੀ ਜੋ ਇਹ ਯਾਦ ਦਿਵਾਉਂਦਾ ਕਿ ਕਿਵੇਂ ਕਦੇ ਜਾਨ ਹਨੇਰੇ, ਧੀਰਜ ਤੇ ਚਤੁਰਾਈ ਉੱਤੇ ਨਿਰਭਰ ਸੀ। ਬਾਅਦ ਵਿੱਚ ਪੇਸ਼ ਕੀਤੀ ਗਈ ਸਧਾਰਣ ਕੱਸਾਵਾ ਤੇ ਚਾਹ ਵੀ ਹੌਸਲੇ ਦੀ ਪ੍ਰਤੀਕ ਜਾਪ ਰਹੀ ਸੀ। ਲੜਾਈ ਵੇਲ਼ੇ ਜੰਗਜੂ ਇਸੇ ਕੱਸਾਵਾ ਤੇ ਚਾਹ ਤੇ ਨਿਰਭਰ ਸਨ।
ਅਗਲਾ ਸਫ਼ਰ ਮੀਕੌਂਗ ਦਰਿਆ ਦੇ ਦਹਾਨੇ ਦਾ। ਮੀਕੌਂਗ ਦਰਿਆ ਜੋ ਇਤਿਹਾਸ ਅਤੇ ਟਿਕਾਅ ਦੋਵੇਂ ਆਪਣੀ ਬੁੱਕਲ ਵਿੱਚ ਰੱਖਦਾ ਹੈ। ਕਿਸ਼ਤੀ ਦੀ ਸੈਰ ਦੌਰਾਨ ਅਸੀਂ ਡਰੈਗਨ, ਯੂਨੀਕੌਰਨ, ਫੀਨਿਕਸ ਤੇ ਟਰਟਲ ਟਾਪੂ ਗਾਹੇ; ਹਵਾ ਵਿੱਚ ਨਾਰੀਅਲ ਦੀ ਖੁਸ਼ਬੂ ਸੀ। ਸਥਾਨਕ ਗਾਇਕਾਂ ਦੇ ਗੀਤ, ਸ਼ਹਿਦ ਵਾਲੀ ਚਾਹ ਦਾ ਕੱਪ, ਨਾਰੀਅਲ ਦੀ ਮਿੱਠਾਈ ਦੇ ਕਾਰਖ਼ਾਨੇ ਦਾ ਦੌਰਾ ਤੇ ਪਤਲੀਆਂ ਨਹਿਰਾਂ ਵਿੱਚ ਸਮਤੋਲ ਕਿਸ਼ਤੀ — ਹਰ ਮੋੜ ਤੇ ਇਕ ਹੋਰ ਵੀਅਤਨਾਮ ਦੀ ਤਹਿ ਖੁੱਲਦੀ ਜਾਪਦੀ ਸੀ। ਦੁਪਹਿਰ ਦੇ ਖਾਣੇ ਤੋਂ ਬਾਅਦ ਦਰਖ਼ਤਾਂ ਹੇਠ ਆਰਾਮ ਤੇ ਫਿਰ ਨਾਲ ਦੇ ਪਿੰਡਾਂ ਦੀਆਂ ਗਲੀਆਂ ਵਿੱਚ ਸਾਈਕਲ ਤੇ ਚੱਕਰ ਕੱਟਣ ਦਾ ਸੁਕੂਨ। ਵਕ਼ਤ ਦੀ ਰਵਾਨਗੀ ਦਾ ਵਹਿਣ ਹੌਲ਼ੀ ਹੁੰਦਾ ਜਾਪਦਾ ਸੀ।
ਹੁਣ ਪਿੱਛੇ ਮੁੜ ਕੇ ਵੇਖਦਾ ਹਾਂ ਤਾਂ ਇਹ ਸੈਰ ਸਪਾਟਾ ਨਹੀਂ ਜਾਪਦਾ, ਸਗੋਂ ਇਕ ਇਤਿਹਾਸਕ ਕਹਾਣੀ ਵਾਂਙ ਲੱਗਦਾ ਹੈ ਜੋ ਅਜੇ ਵੀ ਲਿਖੀ ਜਾ ਰਹੀ ਹੈ। ਰੰਗ, ਆਵਾਜ਼ਾਂ ਤੇ ਇਤਿਹਾਸਕ ਬਿਰਤਾਂਤ ਜੋ ਮਿਟਦੇ ਨਹੀਂ। ਮੈਨੂੰ ਅਹਿਸਾਸ ਹੋਇਆ ਕਿ ਵੀਅਤਨਾਮ ਉਹ ਥਾਂ ਨਹੀਂ ਜਿਸਦਾ ਸਿਰਫ਼ ਵਕ਼ਤੀ ਸਫ਼ਰ ਕੀਤਾ ਜਾਂਦਾ ਹੈ ਸਗੋਂ ਇਹ ਉਹ ਥਾਂ ਹੈ ਜੋ ਤੁਹਾਡੇ ਅੰਦਰ ਰਚ ਜਾਂਦੀ ਹੈ। ਸਾਈਗੌਨ ਦਾ ਹਰ ਦਿਨ ਸਦੀਵੀ ਤੌਰ ਤੇ ਯਾਦਾਸ਼ਤ ਤੇ ਇਤਿਹਾਸ ਨੂੰ ਬੰਨ੍ਹ ਕੇ ਰੱਖਦਾ ਹੈ।