ਬਰਤਾਨੀਆ ਦਾ ਦੂਜੀ ਸੰਸਾਰ ਜੰਗ ਤੋਂ ਬਾਅਦ ਦਾ ਪ੍ਰਵਾਸੀ ਤਜਰਬਾ ਵਖਾਉਂਦਾ ਹੈ ਕਿ ਭਿੰਨਤਾ ਦਾ ਮੇਲ ਕਈ ਵਾਰ ਕਿਵੇਂ ਕਾਮਯਾਬੀਆਂ ਤਾਂ ਲਿਆਉਂਦਾ ਹੈ ਪਰ ਇਹ ਗੂੜ੍ਹੀ ਸਮਾਜਕ ਏਕਤਾ ਦੀ ਜ਼ਮਾਨਤ ਨਹੀਂ ਭਰਦਾ। ਰਿਸ਼ੀ ਸੁਨਕ ਅਤੇ ਸਾਦਿਕ ਖ਼ਾਨ ਵਰਗੇ ਪ੍ਰਵਾਸੀ ਮੂਲ ਦੇ ਨੇਤਾ; ਦੋਵੇਂ ਪਰਵਾਸੀਆਂ ਦੇ ਬੱਚੇ, ਦੋਵੇਂ ਉੱਚ ਸਿਆਸੀ ਅਹੁਦਿਆਂ ਤੱਕ ਪਹੁੰਚੇ ਅਕਸਰ ਖੁੱਲ੍ਹੇ ਅਤੇ ਯੋਗਤਾਤੰਤਰ ਸਮਾਜ ਦੇ ਸਬੂਤ ਵਜੋਂ ਪੇਸ਼ ਕੀਤੇ ਜਾਂਦੇ ਹਨ। ਪਰ ਉਨ੍ਹਾਂ ਦੀ ਸਫ਼ਲਤਾ ਨੇ ਵੀ ਸ਼ੱਕ-ਸੰਦੇਹ, ਪੱਖਪਾਤ ਜਾਂ ਇਕੱਠੇ ਰਹਿੰਦੇ ਸਮਾਜਾਂ ਵਿਚਾਲੇ ਵੰਡ ਨੂੰ ਖਤਮ ਨਹੀਂ ਕੀਤਾ। ਬਰਤਾਨੀਆ ਅਜੇ ਵੀ ਉਹੀ ਥਾਂ ਹੈ ਜਿੱਥੇ ਵੱਖਰੇ ਵਰਗਾਂ ਦੇ ਇਲਾਕੇ ਮੌਜੂਦ ਹਨ ਅਤੇ ਲੋਕ ਸਮਾਨਾਂਤਰ ਜ਼ਿੰਦਗੀਆਂ ਜੀ ਰਹੇ ਹਨ। ਇਹ ਸਾਰਾ ਤਜਰਬਾ ਆਓਤਿਆਰੋਆ ਨਿਊਜ਼ੀਲੈਂਡ ਲਈ ਇੱਕ ਮਾਰਗਸੂਚਕ ਹੈ।
ਆਓਤਿਆਰੋਆ ਨਿਊਜ਼ੀਲੈਂਡ ਵਿਚ ਪ੍ਰਵਾਸ ਘੱਟ ਮਾਤਰਾ ਵਿਚ, ਵਧੇਰੇ ਕਾਬੂ ਵਿੱਚ ਅਤੇ ਕਥਿਤ ਤੌਰ ਤੇ ਗਿਣੇ-ਮਿੱਥੇ ਵਿਚਾਰ ਕਰਕੇ ਕੀਤਾ ਗਿਆ ਹੈ। ਅਸੀਂ ਕਾਗਜ਼ਾਂ ਵਿੱਚ ਵਿਭਿੰਨਤਾ ਦਾ ਜਸ਼ਨ ਮਨਾਉਂਦੇ ਹਾਂ ਅਤੇ ਨੀਤੀਆਂ ਅਤੇ ਸਮਾਰੋਹਾਂ ਵਿੱਚ ਇਸ ਦੇਸ ਦੀਆਂ ਦ੍ਵੈ-ਸਭਿਆਚਾਰਕ ਬੁਨਿਆਦਾਂ ਦਾ ਜ਼ਿਕਰ ਕਰਦੇ ਹਾਂ। ਪਰ ਸੰਬੰਧ ਪੈਦਾ ਕਰਨ ਦੀ ਅਸਲ ਮਸ਼ੀਨਰੀ, ਜਿਵੇਂ ਕਿ ਉਹ ਢਾਂਚੇ ਜੋ ਪ੍ਰਵਾਸੀਆਂ ਨੂੰ ਮੁਲਕ ਦੇ ਨਾਗਰਿਕ, ਸਿਆਸੀ ਅਤੇ ਸਭਿਆਚਾਰਕ ਕੇਂਦਰ ਨਾਲ ਜੋੜਦੇ ਹਨ — ਅਜੇ ਵੀ ਅਧੂਰੇ ਹਨ। ਵਸੇਬਾ ਸੇਵਾਵਾਂ ਜ਼ਿਆਦਾਤਰ ਆਉਣ ਤੋਂ ਬਾਅਦ ਦੇ ਪਹਿਲੇ ਕੁਝ ਚਿਰ ਤੇ ਹੀ ਧਿਆਨ ਦਿੰਦੀਆਂ ਹਨ, ਬਹੁਸਭਿਆਚਾਰ ਨੀਤੀਆਂ ਦਾ ਧਿਆਨ ਸਿਰਫ਼ ਜਸ਼ਨ-ਸਮਾਰੋਹਾਂ ਤੇ ਹੁੰਦਾ ਹੈ, ਅਤੇ ਸਿਆਸੀ ਅਗਵਾਈ ਦੀਆਂ ਲੀਹਾਂ ਪ੍ਰਤੱਖ ਨਹੀਂ ਹੈ ਅਤੇ ਨਾ ਹੀ ਉਹ ਪ੍ਰਵਾਸੀਆਂ ਨੂੰ ਵੱਡੇ ਫੈਸਲਾ-ਕਰਨ ਵਾਲੇ ਪੱਧਰਾਂ ਤੱਕ ਪਹੁੰਚਾਉਣ ਲਈ ਬਣੀਆਂ ਹਨ। ਨਤੀਜਾ ਇਹ ਹੈ ਕਿ ਪ੍ਰਵਾਸੀ ਕਈ ਪੀੜ੍ਹੀਆਂ ਬਾਅਦ ਵੀ ਅਸਲ ਸਮਾਜਕ ਜਾਂ ਫਿਰ ਰਾਜਨੀਤਕ ਤਾਕਤ ਦੇ ਹਾਸ਼ੀਏ ਤੇ ਹੀ ਰਹਿੰਦੇ ਹਨ।
ਜੇ ਕਰ ਕੁਝ ਸਿਆਸੀ ਜਾਂ ਨਾਗਰਿਕ ਤੌਰ ‘ਤੇ ਕਾਮਯਾਬੀਆਂ ਮਿਲੀਆਂ ਹਨ ਤਾਂ ਉਹ ਥੋੜੇ ਚਿਰ ਲਈ ਜਾਂ ਸਥਾਨਕ ਪੱਧਰ ਤੇ ਹੀ ਸੀਮਿਤ ਰਹੀਆਂ ਹਨ। ਸੁੱਖੀ ਟਰਨਰ ਦਾ ਡਨੀਡਨ ਦੀ ਮੇਅਰ ਬਨਣਾ ਇੱਕ ਨਿਵੇਕਲੀ ਘਟਨਾ ਸੀ। ਕਦੇ-ਕਦੇ ਕੋਈ ਹੋਰ ਪ੍ਰਵਾਸੀ ਮੂਲ ਦਾ ਮੇਅਰ ਜਾਂ ਕੌਂਸਲਰ ਬਣਿਆ ਵੀ ਹੋਵੇ, ਪਰ ਕੋਈ ਵੀ ਕਿਸੇ ਠੋਸ ਆਗੂ ਵਜੋਂ ਉਭਰਿਆ ਨਹੀਂ। ਇਹ ਸਾਰੇ ਵਾਕਿਆ ਜ਼ਿਆਦਾ ਤੌਰ ਤੇ ਸਥਾਨਕ ਠੀਕਾ ਲਾਉਣ ਵਾਲੀਆਂ ਕਸਰਤਾਂ ਵਾਙ ਹਨ, ਨਾ ਕਿ ਵੱਡੇ ਢਾਂਚਾਗਤ ਬਦਲਾਅ। ਇਹ ਤਰ੍ਹਾਂ ਦੀ ਪ੍ਰਤੀਨਿਧਤਾ ਪ੍ਰਵਾਸੀ ਭਾਈਚਾਰਿਆਂ ਦੇ ਸਿਆਸੀ ਢਾਂਚਿਆਂ ਦੇ ਕੁਦਰਤੀ ਵਿਕਾਸ ਨੂੰ ਰੋਕਦੀ ਹੈ। ਇੱਕ ਕਾਰਨ ਪ੍ਰਵਾਸੀ ਖੁਦ ਵੀ ਹਨ: ਕੁਝ ਆਗੂ ਆਪਣੇ ਆਪ ਨੂੰ ਸਰਪੰਚ ਵੱਜੋਂ ਪੇਸ਼ ਕਰਦੇ ਰਹਿੰਦੇ ਹਨ ਪਰ ਉਹਨਾਂ ਦਾ ਜ਼ਮੀਨੀ ਪੱਧਰ ਤੇ ਕੋਈ ਸਮਾਜਕ ਪਰਛਾਵਾਂ ਨਹੀਂ ਹੁੰਦਾ। ਉਹ ਗੁੱਝੀ ਸ਼ਬਦਾਵਲੀ ਵਰਤਦੇ ਹਨ ਪਰ ਭਾਈਚਾਰਿਆਂ ਦੀ ਪੂਰੀ ਇਕਮੁੱਠਤਾ ਨੂੰ ਕਦੇ ਪਰੋਂਦੇ ਨਹੀਂ। ਇਸ ਕਰਕੇ ਪ੍ਰਵਾਸੀ ਸਿਆਸੀ ਮੌਜੂਦਗੀ ਅਕਸਰ ਪੇਤਲੀ, ਪਿਛਾਖੜੀ ਅਤੇ ਲੋਕਾਂ ਦੀ ਹਕੀਕਤ ਤੋਂ ਕੱਟੀ ਹੋਈ ਹੁੰਦੀ ਹੈ।

ਕਈ ਯੋਗ ਪ੍ਰਵਾਸੀ ਵਧੇਰੇ ਮੌਕਿਆਂ ਦੀ ਖੋਜ ਵਿੱਚ ਆਸਟ੍ਰੇਲੀਆ ਚਲੇ ਜਾਂਦੇ ਹਨ ਅਤੇ ਪਿੱਛੇ ਰਹਿ ਜਾਂਦਾ ਹੈ ਇੱਕ ਪੇਤਲਾ ਜਿਹਾ ਨਿਸ਼ਾਨ ਆਓਤਿਆਰੋਆ ਨਿਊਜ਼ੀਲੈਂਡ ਦੇ ਸਿਆਸੀ ਢਾਂਚੇ ਉਤੇ— ਜਿਹੜੇ ਜ਼ਿਆਦਾਤਰ ਹਾਸ਼ੀਏ ਵੱਲ ਧੱਕੇ ਜਾਂਦੇ ਹਨ ਜਾਂ ਜਿਨ੍ਹਾਂ ਦੀ ਸਮਰੱਥਾ ਨੂੰ ਥਾਪੀ ਵੀ ਨਹੀਂ ਦਿੱਤੀ ਜਾਂਦੀ।
ਕੀ ਕੋਈ ਪ੍ਰਵਾਸੀ ਬੱਚਾ ਆਓਤਿਆਰੋਆ ਨਿਊਜ਼ੀਲੈਂਡ ਵਿੱਚ ਯਕੀਨਨ ਪ੍ਰਧਾਨ ਮੰਤਰੀ ਬਣ ਸਕਦਾ ਹੈ? ਕੀ ਕੋਈ ਸਾਡੇ ਸਭ ਤੋਂ ਵੱਡੇ ਸ਼ਹਿਰ ਦੀ ਮੇਅਰ ਦੇ ਤੌਰ ਤੇ ਅਗਵਾਈ ਕਰ ਸਕਦਾ ਹੈ ਜਿੱਥੇ ਉਸ ਦੀ ਮੂਲ-ਪਛਾਣ ਹਮੇਸ਼ਾ ਚਰਚਾ ਦਾ ਵਿਸ਼ਾ ਨਾ ਬਣਦੀ ਹੋਵੇ? ਕੀ ਕੋਈ ਪ੍ਰਵਾਸੀ ਸਰਕਾਰੀ ਖੇਤਰ ਦੇ ਸਭ ਤੋਂ ਉੱਚ ਅਹੁਦਿਆਂ ਤੱਕ ਪਹੁੰਚ ਸਕਦਾ ਹੈ ਬਿਨਾਂ ਕਿਸੇ ਭੇਦ-ਭਾਵ ਦੇ? ਅਸਲ ਵਿੱਚ, ਰਿਸ਼ੀ ਸੁਨਕ ਵਰਗੇ ਹਾਲਾਤ ਇਥੇ ਕਦੇ ਨਹੀਂ ਬਣ ਸਕਦੇ। ਰੁਕਾਵਟਾਂ ਸਿਰਫ਼ ਸੁਮੇਲਤਾ ਜਾਂ ਤਿਆਰੀ ਦੀਆਂ ਨਹੀਂ ਹਨ — ਇਹ ਉਹ ਨਸਲੀ ਢਾਂਚੇ ਹਨ ਜੋ ਨਸਲ ਦੀ ਬੁਨਿਆਦ ਤੇ ਇਹ ਨਿਰਧਾਰਤ ਕਰਦੇ ਹਨ ਕਿ ਕੌਣ “ਢੁਕਵਾਂ” ਹੈ। ਅਮਲੀ ਤੌਰ ਤੇ ਆਓਤਿਆਰੋਆ ਨਿਊਜ਼ੀਲੈਂਡ ਵਿੱਚ ਸਿਰਫ਼ ਅਤੇ ਸਿਰਫ਼ ਨਸਲਵਾਦ ਕਾਰਨ ਲੋਕ ਬਰਾਬਰ ਨਹੀਂ ਹਨ — ਚਾਹੇ ਉਹ ਸ਼ਰ੍ਹੇ-ਆਮ ਹੋਵੇ ਜਾਂ ਢਾਂਚਾਗਤ।
ਅਸਲ ਏਕਤਾ ਹਾਸਲ ਕਰਨ ਲਈ ਨਸਲੀ ਢਾਂਚਿਆਂ ਨੂੰ ਲਗਾਤਾਰ ਤੋੜਣਾ ਪਵੇਗਾ। ਇਸ ਕੰਮ ਦਾ ਮਤਲਬ ਹੈ “ਕਾਬਲੀਅਤ” ਦੇ ਅਰਥ ਨੂੰ ਮੁੜ-ਪਰਿਭਾਸ਼ਿਤ ਕਰਨਾ — ਇਹ ਚੁਣੌਤੀ ਦੇਣੀ ਕਿ ਕੀ ਇਹ ਸਿੱਖਿਆ, ਹੁਨਰ ਅਤੇ ਪ੍ਰਦਰਸ਼ਨ ‘ਤੇ ਆਧਾਰਿਤ ਹੈ ਜਾਂ ਚਮੜੀ ਦੇ ਰੰਗ, ਭਾਈ-ਭਤੀਜਾਵਾਦ ਅਤੇ ਸੱਭਿਆਚਾਰਕ ਆਤਮਸਾਤ ਉੱਤੇ? ਅਸਲ ਬਦਲਾਅ ਉਹ ਹੋਵੇਗਾ ਜਿਹੜਾ ਭਰਤੀ ਅਤੇ ਤਰੱਕੀ ਦੀਆਂ ਪ੍ਰਕਿਰਿਆਵਾਂ ਨੂੰ ਨੰਗਾ ਕਰੇ ਜੋ ਸਿਰਫ਼ ਇੱਕੋ ਵਰਗੇ ਲੋਕਾਂ ਨੂੰ ਅੱਗੇ ਲਿਆਉਂਦੀਆਂ ਹਨ। ਇਹ ਵੀ ਸਪੱਸ਼ਟ ਕਰੇ ਕਿ ਫੈਸਲੇ ਕਿਵੇਂ ਕੀਤੇ ਜਾਂਦੇ ਹਨ ਤਾਂ ਜੋ ਇਹ ਪਤਾ ਲੱਗ ਸਕੇ ਕਿ ਕੀ ਸੰਸਥਾਵਾਂ ਕਾਗ਼ਜ਼ੀ ਇਰਾਦਿਆਂ ਨੂੰ ਨਤੀਜਿਆਂ ਵਿੱਚ ਬਦਲ ਸਕੀਆਂ ਕਿ ਨਹੀਂ? ਬਿਨਾਂ ਇਸ ਗਹਿਰੇ ਬਦਲਾਅ ਦੇ, ਬਰਾਬਰੀ ਸਿਰਫ਼ ਇੱਕ ਸੁਫ਼ਨਾ ਬਣੀ ਰਹੇਗੀ ਅਤੇ ਜ਼ਮੀਨੀ ਪੱਧਰ ਤੇ ਕੋਈ ਬਦਲਾਅ ਨਹੀਂ ਆਵੇਗਾ।
ਨਿਊਜ਼ੀਲੈਂਡ ਪੁਨਰਗਠਨ ਦਾ ਸ਼ੌਕੀਨ ਹੈ। ਸਰਕਾਰਾਂ ਅਤੇ ਏਜੰਸੀਆਂ ਵਾਰ-ਵਾਰ ਨਵੇਂ ਢਾਂਚੇ ਅਤੇ ਪੁਨਰਗਠਨਾਂ ਰਾਹੀਂ ਵੱਡੇ ਬਦਲਾਅ ਦੇ ਵਾਅਦੇ ਕਰਦੀਆਂ ਹਨ। ਪਰ ਜਨਤਕ ਤੌਰ ‘ਤੇ ਹਾਸਲ ਆਂਕੜੇ ਕਿੱਥੇ ਹਨ ਜੋ ਇਹ ਸਾਬਤ ਕਰਨ ਕਿ ਇਹ ਬਦਲਾਅ ਬਜਟ ਕਟੌਤੀਆਂ ਤੋਂ ਬਿਨਾਂ ਕੁਝ ਹੋਰ ਸੁਧਾਰ ਵੀ ਲਿਆਏ ਹਨ? ਲੰਮੇ ਸਮੇਂ ਦੇ ਸਮਾਜਿਕ ਜਾਂ ਆਰਥਿਕ ਸੁਧਾਰਾਂ ਦੇ ਸਪੱਸ਼ਟ ਤੱਥ ਕਿੱਥੇ ਹਨ, ਸਿਰਫ਼ ਵਹੀ-ਖ਼ਾਤੇ ਦੀਆਂ ਬਚਤਾਂ ਤੋਂ ਬਿਨਾਂ ਹੋਰ ਕੀ ਹੈ? ਬਿਨਾਂ ਇਸ ਸਬੂਤ ਦੇ, ਪੁਨਰਗਠਨ ਸੁਧਾਰ ਘੱਟ ਅਤੇ ਡੱਬੇ-ਖਸਕਾਉਣ ਵਾਲੀ ਰਸਮ ਵੱਧ ਲੱਗਦੀ ਹੈ, ਜਦੋਂ ਕਿ ਅਸਲ ਅਸਮਾਨਤਾਵਾਂ ਜਿਉਂ ਦੀ ਤਿਉਂ ਹੀ ਬਰਕਰਾਰ ਰਹਿੰਦੀਆਂ ਹਨ।
ਇਸ ਤਰ੍ਹਾਂ ਦੀ ਚਰਚਾ ਜ਼ਰੂਰੀ ਹੈ: ਇਹ ਨਿਰਾਸਤਾ ਦੀ ਨਿਸ਼ਾਨੀ ਨਹੀਂ, ਸਗੋਂ ਸਪਸ਼ਟ ਨਿਗ਼ਾਹ ਨਾਲ ਵੇਖਣ ਦੀ ਕੋਸ਼ਿਸ਼ ਹੈ। ਆਓਤਿਆਰੋਆ ਨਿਊਜ਼ੀਲੈਂਡ ਆਪਣੇ ਆਪ ਨੂੰ ਨਿਰਪੱਖ ਕਹਾਉਂਦਾ ਹੈ, ਪਰ ਇਹ ਹਕੀਕਤ ਤੋਂ ਕੋਹਾਂ ਦੂਰ ਹੈ। ਇਸ ਖਾਈ ਨੂੰ ਪਾਰ ਕਰਨ ਲਈ ਸਾਨੂੰ ਰਸਮੀ ਭਾਸ਼ਾ ਜਾਂ ਪ੍ਰਸ਼ਾਸਕੀ ਤਬਦੀਲੀਆਂ ਤੋਂ ਵੱਧ ਹੋਰ ਵੀ ਕੁਝ ਚਾਹੀਦਾ ਹੈ; ਸਾਨੂੰ ਉਹ ਸੱਭਿਆਚਾਰਕ ਇਮਾਨਦਾਰੀ ਚਾਹੀਦੀ ਹੈ ਜੋ ਤਰੇੜਾਂ ਨੂੰ ਪਛਾਣ ਸਕੇ ਅਤੇ ਉਹ ਸਿਆਸੀ ਹਿੰਮਤ ਵੀ ਚਾਹੀਦੀ ਜੋ ਉਨ੍ਹਾਂ ਤਰੇੜਾਂ ਨੂੰ ਪੂਰ ਸਕੇ। ਫੇਰ ਹੀ ਸਮਾਜਿਕ ਏਕਤਾ ਦਾ ਵਿਚਾਰ ਦਿਸਹੱਦੇ ਤੇ ਨਹੀਂ ਬਲਕਿ ਜੀਉਂਦੀ ਜਾਗਦੀ ਹਕੀਕਤ ਵਾਙ ਮਹਿਸੂਸ ਹੋ ਸਕਦਾ ਹੈ।