ਜਦੋਂ ਕੋਈ ਪਰਵਾਸੀ ਨਵੀਂ ਧਰਤੀ ਉੱਤੇ ਕਦਮ ਰੱਖਦਾ ਹੈ, ਉਹ ਸਿਰਫ਼ ਭੂਗੋਲਕ ਦੂਰੀ ਤੈਅ ਨਹੀਂ ਕਰ ਰਿਹਾ ਹੁੰਦਾ ਸਗੋਂ ਇੱਕ ਦਸਤੂਰੀ, ਨੈਤਿਕ ਅਤੇ ਆਤਮਿਕ ਯਾਤਰਾ ਵੀ ਕਰ ਰਿਹਾ ਹੁੰਦਾ ਹੈ। ਇਹ ਯਾਤਰਾ ਕਈ ਵਾਰ ਆਪਣੇ ਆਪ ਨਾਲ ਟਕਰਾਅ ਬਣ ਜਾਂਦੀ ਹੈ। ਇਸ ਟਕਰਾਅ ਨੂੰ ਸਮਝਣ ਲਈ ਜਰਮਨ ਦਾਰਸ਼ਨਿਕ ਫ੍ਰੀਡਰਿਚ ਨੀਤਸ਼ੇ ਦੇ ਵਿਚਾਰ ਇਸ ਉੱਤੇ ਬਹੁਤ ਹੀ ਸਾਰਥਕ ਰੋਸ਼ਨੀ ਪਾਉਂਦੇ ਹਨ। ਇਹ ਵਿਚਾਰ ਘੱਟ ਗਿਣਤੀਆਂ ਦੇ ਹਾਲਾਤ ਉੱਤੇ ਵੀ ਢੁਕਦੇ ਹਨ।
੧. ਰੇਸੈਂਤਿਮਾਂ (Ressentiment) – ਹਾਰ ਦੇ ਅੰਦਰੋਂ ਜਿੱਤ ਦਾ ਭਰਮ
ਨੀਤਸ਼ੇ ਦੱਸਦਾ ਹੈ ਕਿ ਜਦੋਂ ਕਿਸੇ ਜਨ-ਸਮੂਹ ਨੂੰ ਲੰਮੇ ਸਮੇਂ ਤੱਕ ਦਬਾਇਆ ਜਾਂਦਾ ਹੈ, ਤਾਂ ਉਹ ਪੰਜਾਲੀ ਤੋਂ ਛੁਟਕਾਰਾ ਪਾਉਣ ਦੀ ਬਜਾਏ ਇਸ ਨੂੰ ਚੁੰਮਣਾ ਸ਼ੁਰੂ ਕਰ ਦਿੰਦਾ ਹੈ। ਉਹ ਆਪਣੀ ਕਮਜ਼ੋਰੀ ਨੂੰ ਨੈਤਿਕ ਉਚਾਈ ਵਜੋਂ ਪੇਸ਼ ਕਰਦਾ ਹੈ। ਅੱਜ ਦੇ ਸੰਦਰਭ ਵਿੱਚ ਕਈ ਪਰਵਾਸੀ, ਜੋ ਆਰਥਿਕ ਜਾਂ ਸਮਾਜਿਕ ਤੌਰ ਉੱਤੇ ਕਮਜ਼ੋਰ ਹੁੰਦੇ ਹੋਏ ਪੂਰੀ ਤਰ੍ਹਾਂ ਹਾਵੀ ਸਮਾਜ ਦੇ ਪੱਖ ਪੂਰਕ ਬਣ ਜਾਂਦੇ ਹਨ। ਉਹ ਉਨ੍ਹਾਂ ਹੀ ਨੀਤੀਆਂ ਦੀ ਹਮਾਇਤ ਕਰਦੇ ਹਨ ਜੋ ਉਨ੍ਹਾਂ ਨੂੰ ਦਬਾ ਕੇ ਰੱਖਦੀਆਂ ਹਨ। ਨੀਤਸ਼ੇ ਮੁਤਾਬਕ ਇਹ ਹਾਰ ਨੂੰ ਜਿੱਤ ਵਾਂਙ ਪੇਸ਼ ਕਰਨ ਦਾ ਆਧੁਨਿਕ ਰੂਪ ਹੋ ਸਕਦਾ ਹੈ।
੨. ਗ਼ੁਲਾਮ ਨੈਤਿਕਤਾ (Slave Morality) – ਚੁੱਪ ਰਹਿਣ ਅਤੇ ਢਲ ਜਾਣ ਦੀ ਨੈਤਿਕਤਾ
ਨੀਤਸ਼ੇ ਨੇ ਦੋ ਵੱਖ-ਵੱਖ ਨੈਤਿਕ ਪ੍ਰਣਾਲੀਆਂ ਦੀ ਗੱਲ ਕੀਤੀ —
- ਮਾਲਕ ਨੈਤਿਕਤਾ (Master Morality) ਜੋ ਆਤਮ-ਵਿਸ਼ਵਾਸ, ਆਤਮ-ਨਿਰਭਰਤਾ, ਅਤੇ ਆਪਣੇ ਜੀਵਨ ਨੂੰ ਆਪਣੀ ਸ਼ਰਤਾਂ ‘ਤੇ ਜੀਉਣ ਦੀ ਆਜ਼ਾਦੀ ਉੱਤੇ ਆਧਾਰਿਤ ਹੁੰਦੀ ਹੈ।
- ਗ਼ੁਲਾਮ ਨੈਤਿਕਤਾ (Slave Morality) ਜੋ ਡਰ, ਦਬਾਅ, ਜੁਰਮ ਦੀ ਭਾਵਨਾ, ਅਤੇ ਹੋਰਨਾਂ ਦੀ ਮੰਜ਼ੂਰੀ ਜਾਂ ਹਾਮੀ ਦੀ ਲੋੜ ਉੱਤੇ ਟਿਕੀ ਹੁੰਦੀ ਹੈ।
ਜਦੋਂ ਕੋਈ ਜਨ-ਸਮੂਹ ਲੰਮੇ ਸਮੇਂ ਲਈ ਹਾਵੀ ਤਾਕਤਾਂ ਦੇ ਕਾਬੂ ਹੇਠ ਰਹਿੰਦਾ ਹੈ, ਤਾਂ ਉਸ ਦੇ ਅੰਦਰ ਐਸੀ ਨੈਤਿਕਤਾ ਪੁੰਗਰਨ ਲੱਗ ਪੈਂਦੀ ਹੈ ਜੋ ਉਸਦੀ ਦਬੀ ਹੋਈ ਹਾਲਤ ਨੂੰ ਹੀ ਚੰਗਾ ਮੰਨਣ ਲੱਗ ਪੈਂਦੀ ਹੈ। ਉਹ ਝੁਕ ਜਾਣਾ, ਮਾਫ਼ ਕਰ ਦੇਣਾ, ਜਾਂ ਆਪਣੀ ਆਵਾਜ਼ ਨਾ ਚੁੱਕਣ ਨੂੰ ਇੱਕ ਉੱਚੀ ਨੈਤਿਕਤਾ ਸਮਝਣ ਲੱਗ ਪੈਂਦਾ ਹੈ।
ਪਰਵਾਸੀ ਪਰਿਪੇਖ ਵਿੱਚ, ਕਈ ਲੋਕ ਆਸ ਕਰਦੇ ਹਨ ਕਿ ਜੇ ਉਹ ਹਾਵੀ ਸਮਾਜ ਦੀ ਹਰ ਗੱਲ ਉੱਤੇ ਸਿਰ ਹਿਲਾਉਣ, ਤਾਂ ਉਹ ਪ੍ਰਵਾਨਯੋਗ ਹੋ ਜਾਣਗੇ। ਉਹ ਸਿਰਫ਼ ਇਸ ਲਈ ਕਈ ਵਾਰੀ ਸਰਕਾਰੀ ਨੀਤੀਆਂ, ਸੀਨਾਜ਼ੋਰੀ ਜਾਂ ਭੇਦ ਭਾਵ ਵਾਲੀਆਂ ਰਵਾਇਤਾਂ ਨੂੰ ਵੀ ਕਬੂਲ ਕਰ ਲੈਂਦੇ ਹਨ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਇਨਕਾਰ ਕਰਨ ਨਾਲ ਉਹ ਹਾਸ਼ੀਏ ਤੋਂ ਬਾਹਰ ਧੱਕ ਦਿੱਤੇ ਜਾਣਗੇ।

ਇਹ ਗ਼ੁਲਾਮ ਨੈਤਿਕਤਾ ਸਿਰਫ਼ ਦਬਾਅ ਦਾ ਹੀ ਨਤੀਜਾ ਨਹੀਂ ਹੁੰਦੀ ਸਗੋਂ ਇਹ ਇੱਕ ਆਦਤ ਬਣ ਜਾਂਦੀ ਹੈ ਜੋ ਆਖ਼ਰਕਾਰ ਸਮੂਹਿਕ ਆਤਮ-ਰੂਪ ਨੂੰ ਹੀ ਨੁਕਸਾਨ ਪਹੁੰਚਾਉਂਦੀ ਹੈ।
ਅਜਿਹੀ ਨੈਤਿਕਤਾ ਦੇ ਨਤੀਜੇ ਵਜੋਂ, ਪਰਵਾਸੀ ਜਥੇਬੰਦੀਆਂ ਵਿਚ ਕਈ ਵਾਰੀ ਅਸਲ ਮੁੱਦਿਆਂ ਉੱਤੇ ਖ਼ਾਮੋਸ਼ੀ ਸਾਧ ਲਈ ਜਾਂਦੀ ਹੈ। ਉਹ ਆਪਣੇ ਹੱਕਾਂ ਦੀ ਗੱਲ ਕਰਨ ਦੀ ਥਾਂ ਚੁੱਪ ਰਹਿਣ ਨੂੰ ਹੀ ਆਪਣੀ ਸਿਆਣਪ ਮੰਨ ਲੈਂਦੇ ਹਨ।
੩. ਤਾਕਤ ਦੀ ਇੱਛਾ (Will to Power) – ਸਿਰਫ਼ ਜੀਉਣਾ ਨਹੀਂ, ਬਲਕਿ ਵਿਕਸਤ ਹੋਣਾ
ਨੀਤਸ਼ੇ ਲਈ ਜੀਵਨ ਦੀ ਮੁੱਖ ਤਾਂਘ ਤਾਕਤਵਰ ਬਨਣ ਦੀ ਇੱਛਾ ਸੀ। ਇਕ ਅਜਿਹੀ ਜਿਗਿਆਸਾ ਜੋ ਸਿਰਫ਼ ਜਿਉਣ ਦੀ ਥਾਂ, ਨਵਾਂ ਕੁਝ ਰਚਣ ਦੀ ਅਤੇ ਆਪਣੇ ਆਪ ਨੂੰ ਨਵੇਂ ਰੂਪ ਵਿੱਚ ਘੜ੍ਹਨ ਦੀ ਕਾਬਲਿਅਤ ਰੱਖਦੀ ਹੈ। ਪਰਵਾਸੀ ਸਮੂਹ ਜਦ ਤੱਕ ਸਿਰਫ਼ ਮਾਇਆ ਦੀ ਦੌੜ ਦੇ ਵਿੱਚ ਟਿਕ ਕੇ ਜੀਉਣ ਦੀ ਸੋਚ ਰੱਖਦੇ ਹਨ, ਉਹ ਆਪਣੇ ਅਸਲ ਰੂਪ ਅਤੇ ਤਾਕਤ ਤੋਂ ਵਾਂਝੇ ਰਹਿੰਦੇ ਹਨ। ਜੱਦੋ-ਜਹਿਦ, ਤਸੱਵਰ ਅਤੇ ਨਵੇਂ ਮਾਪਦੰਡ ਬਣਾਉਣਾ ਹੀ ਸੱਚੀ ਤਾਕਤ ਹੈ।
੪. ਨਿਹਿਲੀਅਤ (Nihilism) – ਪੁਰਾਣੀਆਂ ਕਦਰਾਂ ਦੀ ਮੌਤ
ਨੀਤਸ਼ੇ ਦੱਸਦਾ ਹੈ ਕਿ ਇੱਕ ਵੇਲ਼ਾ ਆਉਂਦਾ ਹੈ ਜਦ ਪੁਰਾਣੀਆਂ ਕਦਰਾਂ ਡਗਮਗਾ ਰਹੀਆਂ ਹੁੰਦੀਆਂ ਹਨ, ਪਰ ਨਵੀਆਂ ਅਜੇ ਪ੍ਰਵਾਨ ਨਹੀਂ ਹੋਈਆਂ ਹੁੰਦੀਆਂ। ਇਹ ਹਾਲਾਤ ਨਿਹਿਲੀਅਤ ਦੇ ਹੁੰਦੇ ਹਨ ਖਾਲੀਪਨ ਨਾਲ ਭਰੇ ਹੋਏ ਉਦਾਸੀਨ। ਇੱਥੇ ਉਨ੍ਹਾਂ ਕਦਰਾਂ ਦੀ ਗੱਲ ਕੀਤੀ ਗਈ ਹੈ ਜੋ ਅਸੰਗਤ ਹੁੰਦੀਆਂ ਹਨ।
ਅੱਜ ਕਈ ਪਰਵਾਸੀ ਨਾ ਪਿਛੋਕੜ ਦੀਆਂ ਕਦਰਾਂ ਨਾਲ ਜੁੜੇ ਹੋਏ ਹਨ, ਨਾ ਹੀ ਨਵੇਂ ਵਿਚਾਰਾਂ ਨਾਲ। ਇਸ ਅਵਸਥਾ ਕਰਕੇ ਉਨ੍ਹਾਂ ਦੀ ਸੋਚ ਵਿਚ ਇਕ ਖਾਲੀਪਨ, ਇਕ ਨਿਰਾਸਾ, ਅਤੇ ਕਈ ਵਾਰੀ ਸਮਾਜਕ ਨਫ਼ਰਤ ਪੈਦਾ ਹੋ ਜਾਂਦੀ ਹੈ।
੫. ਉਬਰ-ਮੈਂਸ਼ (Übermensch) – ਨਵੀਆਂ ਕਦਰਾਂ ਦਾ ਰਚਨਹਾਰਾ
ਨੀਤਸ਼ੇ ਦੇ ਅਨੁਸਾਰ, ਸੱਚਾ ਮਨੁੱਖ ਉਹ ਹੈ ਜੋ ਰਵਾਇਤੀ ਜਾਂ ਸਮਾਜਕ ਪਾਬੰਦੀਆਂ ਤੋਂ ਪਾਰ ਜਾ ਕੇ ਨਵੇਂ ਜੀਵਨ ਮੁੱਲ ਰਚਦਾ ਹੈ। ਉਹ ਵੱਗ ਦੀ ਵਿਚਾਰਧਾਰਾ ਤੋਂ ਬਾਹਰ ਨਿਕਲ ਕੇ ਆਪਣਾ ਰਸਤਾ ਬਣਾਉਂਦਾ ਹੈ। ਅਜਿਹੇ ਲੋਕ ਸਾਡੀਆਂ ਪਰਵਾਸੀ ਭਾਈਚਾਰਿਆਂ ਵਿਚ ਵੀ ਹਨ ਜੋ ਨਾ ਤਾਂ ਹਾਵੀ ਸਮਾਜ ਦੀ ਭੀੜ ਵਿੱਚ ਗੁਆਚਦੇ ਹਨ ਤੇ ਨਾ ਹੀ ਆਪਣੀ ਪਛਾਣ ਨੂੰ ਗੁਆਉਂਦੇ ਹਨ। ਇਹ ਉਹ ਲੋਕ ਹਨ ਜੋ ਤੀਜੇ ਰਸਤੇ ਦੀ ਭਾਲ ਵਿੱਚ ਨਵੇਂ ਆਧਾਰ ਖੜ੍ਹੇ ਕਰ ਰਹੇ ਹੁੰਦੇ ਹਨ।
ਤੁਸੀਂ ਇਸ ਬਾਰੇ ਕੀ ਕਹੋਗੇ?
Discover more from ਜੁਗਸੰਧੀ
Subscribe to get the latest posts sent to your email.