ਬੀਤੇ ਸ਼ਨੀਵਾਰ 3 ਮਈ 2025 ਨੂੰ ਨਿਊਜ਼ੀਲੈਂਡ ਕੌਂਸਲ ਆਫ਼ ਸਿੱਖ ਅਫ਼ੇਅਰਜ਼ ਦੀ ਕਾਰਜਕਾਰੀ ਟੀਮ ਨੇ ਤਾਮਾਕੀ ਮਕਾਰੌਅ (ਔਕਲੈਂਡ) ਵਿੱਚ ਨਸਲੀ ਭੇਦਭਾਵ ਦੇ ਖ਼ਾਤਮੇ ਲਈ ਸੰਯੁਕਤ ਰਾਸ਼ਟਰ ਸੰਮੇਲਨ ਦੇ ਸੰਦਰਭ ਵਿੱਚ ਰੇਸ ਰਿਲੇਸ਼ਨ ਕਮਿਸ਼ਨਰ ਡਾ. ਮੈਲਿੱਸਾ ਡਰਬੀ ਨਾਲ ਇਕ ਖ਼ਾਸ ਮੁਲਾਕਾਤ ਕੀਤੀ ਗਈ।
CERD — Convention on the Elimination of All Forms of Racial Discrimination — ਸੰਯੁਕਤ ਰਾਸ਼ਟਰ ਵੱਲੋਂ 1965 ਵਿੱਚ ਪਾਸ ਕੀਤਾ ਗਿਆ ਇੱਕ ਕੌਮਾਂਤਰੀ ਸਮਝੌਤਾ ਹੈ, ਜਿਸਨੂੰ ਨਿਊਜ਼ੀਲੈਂਡ ਨੇ 1972 ਵਿੱਚ ਤਸਦੀਕ ਕੀਤਾ ਸੀ। ਇਹ ਸੰਮੇਲਨ ਸਰਕਾਰਾਂ ਨੂੰ ਨਸਲੀ ਭੇਦਭਾਵ ਨੂੰ ਖ਼ਤਮ ਕਰਨ, ਅਤੇ ਹਰ ਨਸਲ ਅਤੇ ਧਰਮ ਦੇ ਲੋਕਾਂ ਵਿੱਚ ਆਪਸੀ ਸਮਝ ਨੂੰ ਵਧਾਉਣ ਦੀ ਜ਼ਿੰਮੇਵਾਰੀ ਤੇ ਜ਼ੋਰ ਦਿੰਦਾ ਹੈ।
ਇਸ ਮੁਲਾਕਾਤ ਦੌਰਾਨ ਸਿੱਖ ਭਾਈਚਾਰੇ ਦੇ ਤਜਰਬਿਆਂ, ਨਸਲਵਾਦ ਦੀਆਂ ਰੋਜ਼ਾਨਾ ਦਰਪੇਸ਼ ਕਿਸਮਾਂ, ਅਤੇ ਭਾਈਚਾਰੇ ਦੇ ਪੱਧਰ ਤੇ ਚਲ ਰਹੀਆਂ ਪਹਿਲਕਦਮੀਆਂ ਨੂੰ ਉਜਾਗਰ ਕਰਨ ਦੇ ਨਾਲ-ਨਾਲ ਨੀਤੀਗਤ ਸੁਝਾਅ ਵੀ ਸਾਂਝੇ ਕੀਤੇ ਗਏ। ਇਹ ਗੱਲ ਚਰਚਾ ਦਾ ਕੇਂਦਰ ਰਹੀ ਕਿ CERD ਦੇ ਦਾਇਰੇ ਹੇਠ ਨਿਊਜ਼ੀਲੈਂਡ ਸਰਕਾਰ ਨੇ ਕੀ ਉਪਰਾਲੇ ਕੀਤੇ ਹਨ ਅਤੇ ਕਿਹੜੀਆਂ ਖ਼ਾਮੀਆਂ ਅਜੇ ਵੀ ਬਾਕੀ ਹਨ।
ਨਿਊਜ਼ੀਲੈਂਡ ਕੌਂਸਲ ਆਫ਼ ਸਿੱਖ ਅਫ਼ੇਅਰਜ਼ ਦੀ ਕਾਰਜਕਾਰੀ ਟੀਮ ਵੱਲੋਂ ਇਸ ਮੌਕੇ ਡਾ. ਡਰਬੀ ਨੂੰ ਜਪੁਜੀ ਸਾਹਿਬ ਦੀ ਤੇ ਰਿਓ ਮਾਓਰੀ ਵਿੱਚ ਅਨੁਵਾਦਿਤ ਕਾਪੀ ਭੇਟ ਕੀਤੀ ਗਈ।

ਟੀਮ ਵੱਲੋਂ ਇਸ ਬੈਠਕ ਦੌਰਾਨ ਪੇਸ਼ ਕੀਤੇ ਪਰਚੇ ਵਿੱਚ ਹੋਰ ਵਿਸਤਾਰ ਤੋਂ ਇਲਾਵਾ ਸਮਾਜਿਕ ਸਾਂਝ ਅਤੇ ਸੱਭਿਆਚਾਰਕ ਜੋੜ ਮੇਲ ਨੂੰ ਵਧਾਉਣ ਲਈ ਸੁਝਾਅ ਵੀ ਦਿੱਤੇ ਗਏ। ਇਸ ਪਰਚੇ ਨੂੰ ਪੜ੍ਹਨ ਲਈ ਇੱਥੇ ਕਲਿੱਕ ਕਰੋ।