ਦੋ ਦਹਾਕੇ ਪਹਿਲਾਂ ਮੈਨੂੰ ਤੌਰੰਗਾ ਗੁਰਦੁਆਰਾ ਸਾਹਿਬ ਜਾਣ ਦਾ ਮੌਕਾ ਮਿਲਿਆ। ਇਹ ਇੱਕ ਖ਼ਾਸ ਕੀਰਤਨ ਦਰਬਾਰ ਸੀ। ਮੈਂ ਵੈਲਿੰਗਟਨ ਤੋਂ ਸੜਕੀ ਪੰਧ ਕੀਤਾ ਸੀ ਅਤੇ ਕੀਰਤਨ ਦਰਬਾਰ ਤੋਂ ਬਾਅਦ ਉੱਥੇ ਇੱਕ ਹੋਟਲ ਵਿੱਚ ਰੁਕਿਆ ਸੀ। ਅੱਜ ਵੀ ਉਹ ਯਾਤਰਾ ਤੇ ਕੀਰਤਨ ਦੀ ਰੂਹਾਨੀ ਗੂੰਜ ਮੇਰੇ ਮਨ ਵਿਚ ਤਾਜ਼ਾ ਹੈ।
ਉਹ ਇਕ ਹੋਰ ਵਕ਼ਤ ਸੀ — ਜਿੱਥੇ ਸੰਗਤ ਸੀ, ਥਪਾਕ ਸੀ।
ਅਫ਼ਸੋਸ ਹੈ ਕਿ ਹਾਲੀ ਸਮਿਆਂ ਵਿੱਚ ਤੌਰੰਗਾ ਵਿੱਚ ਕਾਫੀ ਉਥਲ-ਪੁਥਲ ਹੋਈ ਹੈ। ਮੇਰੀ ਸਮਝ ਮੁਤਾਬਕ ਇਹ ਗੜਬੜ ਸਥਾਨਕ ਨਹੀਂ, ਬਲਕਿ ਬਾਹਰਲੇ ਘੜ੍ਹੰਮ ਚੌਧਰੀਆਂ ਵਲੋਂ ਹੋਈ ਹੈ। ਤੇ ਇਹ ਵੀ ਸਾਫ਼ ਹੈ — ਇਹ ਦਖ਼ਲਅੰਦਾਜ਼ੀ ਸੇਵਾ ਦੇ ਜਜ਼ਬੇ ਤਹਿਤ ਨਹੀਂ, ਨਿਜੀ ਚੌਧਰ ਦੇ ਲਾਲਚ ਕਾਰਨ ਹੋਈ ਹੈ। ਜਦੋਂ ਨਿਜੀ ਚੌਧਰ ਸਾਂਝੀਵਾਲਤਾ ਅਤੇ ਸੰਗਤੀ ਮਿਲਵਰਤਨ ਤੋਂ ਉਪਰ ਹੋ ਕੇ ਲਾਲਚੀ ਹੋ ਜਾਵੇ, ਤਾਂ ਕੌਮੀ ਸੰਸਥਾਵਾਂ ਨੂੰ ਬਹੁਤ ਨੁਕਸਾਨ ਪਹੁੰਚਦਾ ਹੈ।
ਹੁਣ ਵੇਲ਼ਾ ਆ ਗਿਆ ਹੈ ਕਿ ਮੁੜ ਇੱਕ ਹੋਣ ਦਾ। ਵਿਚਾਰ ਕਰਨ ਦਾ, ਗਿਲ਼ੇ-ਸ਼ਿਕਵੇ ਅਤੇ ਉਲਾਹਮੇ ਲਾਹੁਣ ਦਾ, ਸੁਹਿਰਦ ਹੋਣ ਦਾ ਅਤੇ ਇਕੱਠੇ ਹੋ ਕੇ ਅੱਗੇ ਵਧਣ ਦਾ।
ਤੌਰੰਗਾ ਸਿੱਖ ਸੋਸਾਇਟੀ ਦੇ ਲਾਈਫ ਮੈਂਬਰਾਂ ਨੂੰ ਲੋੜ ਹੈ ਕਿ ਉਹ ਬਿਨਾਂ ਕਿਸੇ ਬਾਹਰੀ ਦਖ਼ਲ ਦੇ, ਆਪਸੀ ਸਲਾਹ ਨਾਲ, ਸੇਵਾ ਭਾਵ ਅਤੇ ਪੰਥਕ ਵਚਨਬੱਧਤਾ ਨਾਲ, ਸੋਸਾਇਟੀ ਨੂੰ ਮੁੜ ਰਾਹ ਤੇ ਲਿਆਉਣ। ਮੈਨੂੰ ਪੱਕਾ ਯਕੀਨ ਹੈ ਕਿ ਜੇਕਰ ਤੌਰੰਗਾ ਸਿੱਖ ਸੋਸਾਇਟੀ ਦੇ ਲਾਈਫ ਮੈਂਬਰ, ਪਰਿਵਾਰਾਂ ਸਮੇਤ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਜੁੜ ਬੈਠਣਗੇ ਤਾਂ ਹੱਲ ਆਪੇ ਨਿਕਲ ਆਉਣਗੇ।
ਸੂਹੀ ਮਹਲਾ ੫ ॥ ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ ॥ ਧਰਤਿ ਸੁਹਾਵੀ ਤਾਲੁ ਸੁਹਾਵਾ ਵਿਚਿ ਅੰਮ੍ਰਿਤ ਜਲੁ ਛਾਇਆ ਰਾਮ ॥ ਅੰਮ੍ਰਿਤ ਜਲੁ ਛਾਇਆ ਪੂਰਨ ਸਾਜੁ ਕਰਾਇਆ ਸਗਲ ਮਨੋਰਥ ਪੂਰੇ ॥ ਜੈ ਜੈ ਕਾਰੁ ਭਇਆ ਜਗ ਅੰਤਰਿ ਲਾਥੇ ਸਗਲ ਵਿਸੂਰੇ ॥ ਪੂਰਨ ਪੁਰਖ ਅਚੁਤ ਅਬਿਨਾਸੀ ਜਸੁ ਵੇਦ ਪੁਰਾਣੀ ਗਾਇਆ ॥ ਅਪਨਾ ਬਿਰਦੁ ਰਖਿਆ ਪਰਮੇਸਰਿ ਨਾਨਕ ਨਾਮੁ ਧਿਆਇਆ ॥੧॥ {੭੮੩}
ਤੁਰੰਤ ਕਦਮ ਚੁੱਕਣ ਦੀ ਲੋੜ ਹੈ। ਸੋਸਾਇਟੀ ਦੀ ਚੈਰੀਟੀ ਰਿਟਰਨ ਹਾਲੇ ਤੱਕ ਦਾਖਲ ਨਹੀਂ ਹੋਈ। ਜੇ ਇਸ ਵਿੱਚ ਹੋਰ ਦੇਰੀ ਹੋਈ, ਤਾਂ ਸੋਸਾਇਟੀ ਡੀ-ਰਜਿਸਟਰ ਹੋ ਸਕਦੀ ਹੈ — ਜੋ ਸਿਰਫ਼ ਕਨੂੰਨੀ ਨਹੀਂ, ਸਗੋਂ ਸੰਸਥਾ ਰੂਪੀ ਨੁਕਸਾਨ ਵੀ ਹੋਵੇਗਾ।
ਇਸ ਤੋਂ ਇਲਾਵਾ, ਨਵੇਂ Incorporated Societies Act 2022 ਦੇ ਤਹਿਤ, ਹਰ ਸੋਸਾਇਟੀ ਨੂੰ ਅਪ੍ਰੈਲ 2026 ਤੱਕ ਨਵੇਂ ਸੰਵਿਧਾਨ ਅਨੁਸਾਰ ਮੁੜ ਰਜਿਸਟਰ ਹੋਣਾ ਪਵੇਗਾ। ਇਹ ਇੱਕ ਕਨੂੰਨੀ ਮੌਕਾ ਹੈ ਤੌਰੰਗਾ ਸਿੱਖ ਸੋਸਾਇਟੀ ਨੂੰ ਨਵੇਂ ਸੰਵਿਧਾਨ ਰਾਹੀਂ ਹੋਰ ਮਜ਼ਬੂਤ ਅਤੇ ਸੁਰੱਖਿਅਤ ਕਰਨ ਦਾ।
ਕੰਮ ਔਖਾ ਹੋ ਸਕਦਾ ਹੈ — ਪਰ ਏਕਾ ਹੋਵੇ ਤਾਂ ਇਹ ਅਸੰਭਵ ਨਹੀਂ। ਜਦੋਂ ਲਾਈਫ ਮੈਂਬਰ ਖੁੱਲ੍ਹੇ ਦਿਲ ਨਾਲ ਜੁੜ ਬੈਠਣਗੇ, ਤਾਂ ਰਾਹ ਆਪਣੇ ਆਪ ਨਿਕਲਦਾ ਹੈ।

ਆਓ ਤੌਰੰਗਾ ਗੁਰਦੁਆਰਾ ਸਾਹਿਬ ਦੇ ਸੰਗਤੀ ਏਕੇ ਲਈ ਅਰਦਾਸ ਕਰੀਏ।