ਦੁਨੀਆਂ ਭਰ ਦੇ ਸਮਾਜ ਆਪੋ ਆਪਣੀਆਂ ਪਹਿਲ ਕਦਮੀਆਂ ਦੇ ਉੱਤੇ ਅਧਾਰਤ ਹੁੰਦੇ ਹਨ। ਸੱਭਿਆਚਾਰਕ ਆਦਾਨ-ਪ੍ਰਦਾਨ ਕਈ ਵਾਰ ਬਹੁਤ ਦਿਲਚਸਪ ਹੋ ਨਿੱਬੜਦੇ ਹਨ। ਹਾਲ ਵਿੱਚ ਹੀ ਵੈਲਿੰਗਟਨ ਵਿਖੇ ਇੱਕ ਸਮਾਜਿਕ ਇਕੱਠ ਵਿੱਚ ਸ਼ਾਮਲ ਹੋਣ ਦੇ ਮੌਕੇ ਨੇ ਮੈਨੂੰ ਅਜਿਹਾ ਹੀ ਅਹਿਸਾਸ ਕਰਵਾ ਦਿੱਤਾ।
ਵੈਲਿੰਗਟਨ ਦੇ ਵਿੱਚ ਇਸ ਸਮਾਜਿਕ ਇਕੱਠ ਵਿੱਚ ਸ਼ਾਮ ਦੇ ਭੋਜਨ ਵੇਲੇ ਕਈਆਂ ਮਹਿਮਾਨਾਂ ਨਾਲ ਗੱਲਬਾਤ ਕਰਨ ਦਾ ਵੀ ਮੌਕਾ ਲੱਗਾ। ਪੱਛਮੀ ਮੂਲ ਦੇ ਇਕ ਬੀਬੀ ਜੀ ਨਾਲ ਗੱਲ ਕਰਦਿਆਂ ਪਤਾ ਲੱਗਾ ਕਿ ਉਹ ਦੋ ਕੁ ਮਹੀਨੇ ਪਹਿਲਾਂ ਹੀ ਪੰਜਾਬ ਹੋ ਕੇ ਆਏ ਸਨ। ਮੈਂ ਸੁਭਾਵਕ ਹੀ ਪੁੱਛ ਲਿਆ ਕਿ ਕਿਸੇ ਵਿਆਹ ਦਾ ਸੱਦਾ ਹੋਵੇਗਾ। ਉਨ੍ਹਾਂ ਨਾਂਹ ਦੇ ਵਿੱਚ ਸਿਰ ਹਿਲਾਉਂਦਿਆਂ ਕਿਹਾ ਕਿ ਨਹੀਂ ਉਹ ਤਾਂ ਉਨ੍ਹਾਂ ਦੇ ਸਥਾਣਕ ਪਰਿਵਾਰਕ ਦੋਸਤ ਦੇ ਬਜ਼ੁਰਗ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਲਈ ਪੰਜਾਬ ਗਏ ਸਨ।
ਅੰਤਿਮ ਸੰਸਕਾਰਾਂ ਬਾਰੇ ਰਸਮੀ ਗੱਲਬਾਤ ਕਰਨ ਤੋਂ ਬਾਅਦ ਮੈਂ ਪੁੱਛਿਆ ਕਿ ਕਿਤੇ ਘੁੰਮਣ-ਫਿਰਣ ਦਾ ਵੀ ਮੌਕਾ ਲੱਗਾ? ਜੁਆਬ ਸੀ ਕਿ ਬਿਲਕੁਲ ਉਹ ਆਗਰਾ-ਜੈਪੁਰ ਘੁੰਮ ਆਏ ਸੀ। ਮੇਰੇ ਦਿਮਾਗ਼ ਵਿੱਚ ਪੰਜਾਬ ਦੀਆਂ ਸੈਰ-ਸਪਾਟਾ ਕਰਨ ਵਾਲੀਆਂ ਥਾਵਾਂ ਅਤੇ ਪੰਜਾਬ ਦੀ ਅਮੀਰ ਵਿਰਾਸਤ ਨੂੰ ਨਜ਼ਰਅੰਦਾਜ਼ ਕਰਨ ਦੇ ਰੁਝਾਨ ਦੇ ਵਿਚਾਰ ਆਉਂਦੇ ਹੀ ਮੈਂ ਅੱਗੇ ਕਿਹਾ ਕਿ ਪੰਜਾਬ ਵਿੱਚ ਵੀ ਬਹੁਤ ਕੁਝ ਵੇਖਣ ਲਈ ਹੈ ਜਿਵੇਂ ਕਿ ਸਿੰਧ ਘਾਟੀ ਦੀ ਸਭਿਅਤਾ ਵਾਲੀਆਂ ਜਗ੍ਹਾਵਾਂ, ਹਰੀ ਕੇ ਪੱਤਣ ਦਾ ਇਲਾਕਾ ਅਤੇ ਹੋਰ ਇਤਿਹਾਸਿਕ ਕਿਲੇ ਅਤੇ ਪੁਰਾਣੇ ਕੋਹ-ਮਿਨਾਰ ਆਦਿ। ਮੈਂ ਇਨਾਂ ਜਗ੍ਹਾਵਾਂ ਬਾਰੇ ਉਨ੍ਹਾਂ ਨੂੰ ਵਿਸਥਾਰ ਵਿੱਚ ਦੱਸਿਆ ਅਤੇ ਰੋਪੜ, ਸੰਘੋਲ ਆਦਿ ਦਾ ਅਤੇ ਕਈ ਕਿਲਿਆਂ ਦਾ ਵੀ ਜ਼ਿਕਰ ਕੀਤਾ।

ਗੱਲਬਾਤ ਜਾਰੀ ਰੱਖਦਿਆਂ, ਉਨ੍ਹਾਂ ਜਵਾਬ ਦਿੱਤਾ ਕਿ ਉਨ੍ਹਾਂ ਦੇ ਦੋਸਤ ਪਰਿਵਾਰ ਨੇ ਉਨ੍ਹਾਂ ਨੂੰ ਬਹੁਤ ਸਾਰੇ ਗੁਰਦੁਆਰੇ ਘੁਮਾਏ। ਪਰ ਫਿਰ ਉਨ੍ਹਾਂ ਨੇ ਇਸ ਗੱਲ ਨੂੰ ਤਾੜ ਲਿਆ ਕਿ ਮੇਰੀ ਪਹੁੰਚ ਕਿਸ ਗੱਲ ਬਾਰੇ ਸੀ। ਉਨ੍ਹਾਂ ਕਿਹਾ ਕਿ ਹਾਂ ਅਸੀਂ ਗੂਗਲ ਨਕਸ਼ੇ ਵਿੱਚ ਵੇਖਿਆ ਸੀ ਜਿੱਥੇ ਅਸੀਂ ਠਹਿਰੇ ਹੋਏ ਸੀ ਉਥੋਂ ਥੋੜੇ ਕਿਲੋਮੀਟਰ ਦੂਰ ਹੀ ਕੋਈ ਇਤਿਹਾਸਿਕ ਖੰਡਰ ਸੀ ਤੇ ਉਹ ਅਸੀਂ ਮਾਵਾਂ ਧੀਆਂ ਆਪੇ ਜਾ ਕੇ ਵੇਖ ਆਈਆਂ ਸੀ। ਉਨ੍ਹਾਂ ਵਾਪਸ ਆ ਕੇ ਜਦ ਦੋਸਤ ਪਰਿਵਾਰ ਨੂੰ ਇਸ ਬਾਰੇ ਦੱਸਿਆ ਤਾਂ ਉਨ੍ਹਾਂ ਅੱਗੋਂ ਹੱਸ ਕਿ ਕਿਹਾ, “ਲਓ, ਅਸੀਂ ਤਾਂ ਇਥੋਂ ਦੇ ਜੰਮਪਲ ਹਾਂ ਤੇ ਸਾਨੂੰ ਇਸ ਬਾਰੇ ਪਤਾ ਵੀ ਨਹੀਂ ਸੀ।”
ਮੈਂ ਇਹ ਸੁਣ ਕੇ ਦੰਗ ਰਹਿ ਗਿਆ। ਤੁਹਾਡਾ ਕੀ ਵਿਚਾਰ ਹੈ? ਕੀ ਅਸੀਂ ਆਪਣੇ ਇਤਿਹਾਸਕ ਖਜ਼ਾਨਿਆਂ ਬਾਰੇ ਜਾਗਰੂਕ ਹਾਂ?
