ਨਵਾਂ ਸਾਲ 2025 ਦੇ ਆਗਮਨ ਤੇ ਸਾਰੇ ਦੁਨੀਆ ਵਿੱਚ ਖ਼ੁਸ਼ੀਆਂ ਮਨਾਈਆਂ ਜਾ ਰਹੀਆਂ ਹਨ। ਇਹ ਦਿਨ, 1 ਜਨਵਰੀ, ਪੱਛਮੀ ਕੈਲੰਡਰ ਦੇ ਅਧਾਰ ਤੇ ਨਵਾਂ ਸਾਲ ਸ਼ੁਰੂ ਹੋਣ ਦਾ ਸੰਕੇਤ ਦਿੰਦਾ ਹੈ। ਪਰ ਜੇਕਰ ਅਸੀਂ ਇਤਿਹਾਸ ਤੇ ਨਜ਼ਰ ਮਾਰਦੇ ਹਾਂ ਤਾਂ ਪਤਾ ਲਗਦਾ ਹੈ ਕਿ ਇਹ ਮਿਤੀ ਹਮੇਸ਼ਾ ਨਵਾਂ ਸਾਲ ਸ਼ੁਰੂ ਹੋਣ ਦਾ ਦਿਨ ਨਹੀਂ ਸੀ। ਗ੍ਰੈਗੋਰੀਅਨ ਕੈਲੰਡਰ, ਜੋ ਅੱਜ ਖੁੱਲੇ ਤੌਰ ‘ਤੇ ਵਰਤਿਆ ਜਾਂਦਾ ਹੈ, ਪਹਿਲਾਂ ਦੇ ਕੈਲੰਡਰਾਂ ਦਾ ਸੁਧਾਰ ਸੀ। ਇਟਲੀ ਦੇ ਪੋਪ ਗ੍ਰੇਗਰੀ XIII ਨੇ ਇਸਨੂੰ 1582 ਵਿੱਚ ਪੇਸ਼ ਕੀਤਾ। ਪਰ ਇਸਦੇ ਮੂਲ ਵਿੱਚ ਇੱਕ ਦਿਲਚਸਪ ਤੱਥ ਹੈ ਕਿ ਦਸੰਬਰ ਦਾ ਅਰਥ ਹੈ “ਦਸਵਾਂ ਮਹੀਨਾ”, ਜਿਸਦਾ ਮੂ਼ਲ ਲਾਤੀਨੀ ਸ਼ਬਦ ‘ਦੈਕਾ’ ਵਿੱਚ ਹਨ। ਇਸਦੇ ਮਤਲਬ ਸਪੱਸ਼ਟ ਕਰਦੇ ਹਨ ਕਿ ਜਨਵਰੀ ਅਤੇ ਫਰਵਰੀ ਨੂੰ ਪਿਛੋਂ ਸ਼ਾਮਲ ਕੀਤਾ ਗਿਆ ਸੀ।
ਦੱਖਣੀ ਅਤੇ ਪੱਛਮੀ ਏਸ਼ੀਆ ਦੇ ਕਈ ਖੇਤਰਾਂ ਵਿੱਚ, ਨਵਾਂ ਸਾਲ ਪੁਰਾਣੀ ਰੀਤਾਂ ਅਤੇ ਕੁਦਰਤੀ ਚੱਕਰਾਂ ਦੇ ਅਨੁਸਾਰ ਬਸੰਤ ਰੁੱਤ ਵਿੱਚ ਸ਼ੁਰੂ ਹੁੰਦਾ ਹੈ। ਇਹ ਸਮਾਂ ਨਵੀਂ ਸ਼ੁਰੂਆਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਕਿਉਂਕਿ ਇਨ੍ਹਾਂ ਖੇਤਰਾਂ ਵਿੱਚ ਬਸੰਤ ਫਸਲ ਦੀ ਕਟਾਈ ਅਤੇ ਮੌਸਮ ਦੀ ਨਵੀਂ ਸ਼ੁਰੂਆਤ ਦਾ ਸਮਾਂ ਹੁੰਦਾ ਹੈ। ਇਹ ਰੀਤ ਦੱਖਣੀ ਏਸ਼ੀਆ ਵਿੱਚ ਵਖਾਈ ਦਿੰਦੀ ਹੈ, ਜਿਵੇਂ ਕਿ ਪੰਜਾਬ ਵਿੱਚ ਨਾਨਕਸ਼ਾਹੀ ਕੈਲੰਡਰ ਅਨੁਸਾਰ ਨਵਾਂ ਸਾਲ ਚੇਤ ਮਹੀਨੇ ਵਿੱਚ ਸ਼ੁਰੂ ਹੁੰਦਾ ਹੈ। ਇਸੇ ਤਰ੍ਹਾਂ, ਫਾਰਸੀ ਨਵਰੋਜ਼ ਮਾਰਚ ਵਿੱਚ ਮਨਾਇਆ ਜਾਂਦਾ ਹੈ।
ਫਾਰਸੀ ਨਵਰੋਜ਼ 21 ਮਾਰਚ ਦੇ ਕਰੀਬ ਆਉਂਦਾ ਹੈ, ਜਿਸ ਦਿਨ, ਦਿਨ ਅਤੇ ਰਾਤ ਦੀ ਲੰਮਾਈ ਬਰਾਬਰ ਹੁੰਦੀ ਹੈ। ਇਸੇ ਤਰ੍ਹਾਂ, ਦੱਖਣੀ ਏਸ਼ੀਆ ਖੇਤਰਾਂ ਵਿੱਚ ਚੇਤ ਮਹੀਨੇ ਦੀ ਸ਼ੁਰੂਆਤ ਨਵਾਂ ਸਾਲ ਲਿਆਉਂਦੀ ਹੈ। ਇਹ ਸਮਾਂ ਵਿਸਾਖੀ, ਪੋਹਲਾ ਬੈਸਾਖੀ, ਅਤੇ ਹੋਲੀ ਨਾਲ ਵੀ ਜੁੜਿਆ ਹੁੰਦਾ ਹੈ, ਜੋ ਜੀਵਨ ਦੇ ਨਵੇਂ ਪੜਾਅ ਦੀ ਸ਼ੁਰੂਆਤ ਦੇ ਤਿਉਹਾਰ ਹਨ।

ਗ੍ਰੈਗੋਰੀਅਨ ਕੈਲੰਡਰ ਵਿੱਚ, ਦਸੰਬਰ ਸ਼ਬਦ ਦੇ ਅਰਥ ‘ਦਸਵੇਂ ਮਹੀਨੇ’ ਨਾਲ ਸੰਬੰਧਿਤ ਹਨ, ਜਿਸ ਤੋਂ ਇਹ ਸਾਫ ਹੈ ਕਿ ਕੈਲੰਡਰ ਵਿੱਚ ਪਹਿਲਾਂ ਸਾਲ ਮਾਰਚ ਨਾਲ ਸ਼ੁਰੂ ਹੁੰਦਾ ਸੀ। ਜਨਵਰੀ ਅਤੇ ਫਰਵਰੀ ਦੇ ਮਹੀਨੇ ਬਾਅਦ ਵਿੱਚ ਕੈਲੰਡਰ ਵਿੱਚ ਸ਼ਾਮਲ ਕੀਤੇ ਗਏ। 46 ਬੀਸੀਈ ਵਿੱਚ, ਜੂਲੀਅਸ ਸੀਜ਼ਰ ਨੇ ਨਵੇਂ ਕੈਲੰਡਰ ਦਾ ਐਲਾਣ ਕੀਤਾ, ਜਿਸ ਨੇ ਜਨਵਰੀ ਨੂੰ ਸਾਲ ਦੀ ਸ਼ੁਰੂਆਤ ਦੱਸਿਆ। ਜਨਵਰੀ ਮਹੀਨਾ ਰੋਮ ਦੇ ਦੇਵਤਾ ਜੈਨਸ ਦੇ ਨਾਮ ‘ਤੇ ਰੱਖਿਆ ਗਿਆ, ਜੋ ਦੋ ਚਿਹਰੇ ਵਾਲੇ ਦੇਵਤਾ ਸਨ—ਇਕ ਪਿਛਲੇ ਸਾਲ ਵੱਲ ਅਤੇ ਦੂਸਰਾ ਅਗਲੇ ਸਾਲ ਵੱਲ ਵੇਖਣ ਵਾਲਾ। ਇਹ ਰੀਤ ਬਾਅਦ ਵਿੱਚ ਇਸਾਈ ਧਰਮ ਦੇ ਪ੍ਰਸਾਰ ਨਾਲ ਯੂਰਪ ਵਿੱਚ ਪ੍ਰਸਿੱਧ ਹੋਈ। 1582 ਵਿੱਚ ਗ੍ਰੈਗੋਰੀਅਨ ਕੈਲੰਡਰ ਦੇ ਅਪਨਾਉਣ ਨਾਲ ਇਹ ਤਰੀਕ ਪ੍ਰਚਲਿਤ ਹੋ ਗਈ।
ਇਸਦੇ ਬਾਵਜੂਦ, ਜਦੋਂ ਅਸੀਂ ਦੱਖਣੀ ਏਸ਼ੀਆ ਦੇ ਸੰਸਕਾਰਾਂ ਤੇ ਤਿਉਹਾਰਾਂ ਵੱਲ ਵੇਖਦੇ ਹਾਂ, ਤਾਂ ਬਸੰਤ ਰੁੱਤ ਨੂੰ ਕਦੇ ਵੀ ਉਸ ਵੱਡੇ ਪੱਧਰ ਤੇ ਮਨਾਇਆ ਨਹੀਂ ਗਿਆ ਜਿਵੇਂ ਪੱਛਮੀ ਸੰਸਕਾਰ 1 ਜਨਵਰੀ ਨੂੰ ਮਨਾਉਂਦੇ ਹਨ। ਸ਼ਾਇਦ ਇਹੀ ਕਾਰਨ ਹੈ ਕਿ ਇਥੋਂ ਦਾ ਸੱਭਿਆਚਾਰਕ ਰੁਝਾਨ ਵਿਸਾਖੀ, ਪੋਹਲਾ ਬੈਸਾਖੀ, ਅਤੇ ਹੋਲੀ ਆਦਿ ਤਿਓਹਾਰਾਂ ਨਾਲ ਬਹੁਤਾ ਜੁੜ ਗਿਆ।
ਜੇਕਰ ਚੇਤ ਵਿੱਚ ਨਵਾਂ ਸਾਲ ਵੱਡੇ ਪੱਧਰ ਤੇ ਨਹੀਂ ਮਨਾਇਆ ਜਾਵੇਗਾ ਤਾਂ ਲੋਕ ਕਿਸੇ ਵੀ ਹੋਰ ਨਵੇਂ ਸਾਲ ਦੇ ਜਸ਼ਨਾਂ ਵਿੱਚ ਸ਼ਾਮਲ ਹੋਣ ਲਈ ਆਪੇ ਹੀ ਕਾਹਲੇ ਪੈਣਗੇ। ਅੱਜ ਦੇ ਸਮਾਜ ਵਿੱਚ, ਜਦੋਂ ਸਾਰਾ ਜਗਤ ਗ੍ਰੈਗੋਰੀਅਨ ਕੈਲੰਡਰ ਦੇ ਨਵੇਂ ਸਾਲ ਨੂੰ ਮਨਾਉਣ ਵਿੱਚ ਲੱਗਾ ਹੁੰਦਾ ਹੈ, ਤਾਂ ਦੱਖਣੀ ਏਸ਼ੀਆ ਦੇ ਲੋਕ ਚੇਤ ਮਹੀਨੇ ਦੇ ਖੱਪੇ ਨੂੰ ਪੂਰਨ ਲਈ 1 ਜਨਵਰੀ ਨੂੰ ਜਸ਼ਨ ਮਨਾਉਣਗੇ। 2025 ਦੇ ਨਵੇਂ ਸਾਲ ਤੇ, ਸਾਡੇ ਲਈ ਇਹ ਮਹੱਤਵਪੂਰਨ ਹੈ ਕਿ ਅਸੀਂ ਆਪਣੀ ਸਭਿਆਚਾਰਕ ਵਿਰਾਸਤ ਨੂੰ ਯਾਦ ਕਰੀਏ ਅਤੇ ਜਿੱਥੇ ਵੀ ਸਮਾਜਕ ਤੌਰ ਤੇ ਜਸ਼ਨ ਮਨਾਉਣ ਨੂੰ ਮਿਲੇ ਤਾਂ ਉਸ ਵਿੱਚ ਹਿੱਸਾ ਲਈਏ।