Posted in ਚਰਚਾ

ਕਿਸਮਤ ਦੀ ਛੋਹ

ਪਿਛਲੇ ਹਫ਼ਤੇ ਮੈਂ ਨਿਊਯਾਰਕ ਦੀ ਮਸ਼ਹੂਰ ਵਾਲ ਸਟ੍ਰੀਟ ‘ਤੇ ਘੁੰਮ ਰਿਹਾ ਸੀ। ਦਿਨ ਲਿਸ਼ਕਿਆ ਹੋਇਆ ਸੀ। ਬੀਤੇ ਦਿਨਾਂ ਦੇ ਮੁਕਾਬਲੇ, ਹਵਾ ਵਿੱਚ ਠੰਢ ਵਧ ਰਹੀ ਸੀ। ਅੰਬਰ ਦੀਆਂ ਉਚਾਈਆਂ ਛੂਹਣ ਵਾਲੀਆਂ ਇਮਾਰਤਾਂ ਅਤੇ ਆਸੇ ਪਾਸੇ ਦੁਨੀਆਂ ਭਰ ਦੀਆਂ ਭਾਖਾਵਾਂ ਬੋਲਦੇ ਲੋਕਾਂ ਦੀ ਭੀੜ। ਮੌਕਾ ਸੀ ਚਾਰਜਿੰਗ ਬੁੱਲ ਦੇ ਆਲੇ ਦੁਆਲੇ ਦਾ। ਇਹ ਬੁੱਤ, ਜੋ ਆਰਥਕ ਮੰਡੀ ਦੀ ਤਾਕਤ ਅਤੇ ਹਿੰਮਤ ਦਾ ਪ੍ਰਤੀਕ ਹੈ, ਸਾਫ਼ ਹੀ ਲੋਕਾਂ ਨੂੰ ਆਪਣੇ ਵੱਲ ਖਿੱਚ ਰਿਹਾ ਸੀ।

ਚਾਰਜਿੰਗ ਬੁੱਲ, ਜਿਸ ਨੂੰ ਅਸੀਂ ਭੂਤਰਿਆ ਸਾਨ੍ਹ ਵੀ ਕਹਿ ਸਕਦੇ ਹਾਂ, ਉਸ ਦੇ ਨਾਲ ਆਪਣੀ ਤਸਵੀਰ ਖਿਚਵਾਉਣ ਲਈ ਵੱਡੀ ਗਿਣਤੀ ਵਿੱਚ ਲੋਕ ਕਤਾਰਾਂ ਬੰਨ੍ਹੀਂ ਖੜ੍ਹੇ ਸਨ। ਅਜੀਬ ਗੱਲ ਇਹ ਸੀ ਕਿ ਅਗੇ ਵਾਲੀ ਕਤਾਰ ਤਾਂ ਸਮਝ ਆਉਂਦੀ ਹੈ ਕਿ ਸਾਨ੍ਹ ਦੇ ਬੁੱਤ ਦੇ ਅੱਗੇ ਖੜ੍ਹ ਕੇ ਤਸਵੀਰਾਂ ਖਿਚਵਾ ਰਹੇ ਸਨ, ਪਰ ਸਾਨ੍ਹ ਦੇ ਪਿੱਛੇ ਬੱਝੀ ਕਤਾਰ ਤਾਂ ਹੋਰ ਵੀ ਵੱਡੀ ਸੀ। ਦੋ ਦੋ ਕਰਕੇ ਲੋਕ ਸਾਨ੍ਹ ਦੇ ਪਿੱਛੇ ਬੈਠਦੇ ਅਤੇ ਉਸ ਦੇ ਪਤਾਲੂ ਫੜ੍ਹ ਕੇ ਤਸਵੀਰਾਂ ਖਿਚਵਾਉਂਦੇ। ਏਨੇ ਸਾਰੇ ਹੱਥ ਲੱਗੇ ਹੋਣ ਕਰਕੇ ਸਾਨ੍ਹ ਦੇ ਪਤਾਲੂ ਚਮਕੇ ਹੋਏ ਸਨ।

ਇਹ ਤਸਵੀਰ ਲੇਖਕ ਨੇ ਖਿੱਚੀ ਹੈ।

ਇਹ ਇਕ ਚਮਤਕਾਰੀ ਨਜ਼ਾਰਾ ਸੀ, ਜੋ ਮੈਂ ਸ਼ੁਰੂ ਵਿੱਚ ਨਾ ਸਮਝ ਸਕਿਆ। ਫੇਰ ਲੱਗਿਆ ਕਿ ਇਸ ਸਭ ਕਾਸੇ ਪਿੱਛੇ ਜ਼ਰੂਰ ਕਿਸਮਤ ਚਮਕਣ ਦੀ ਕੋਈ ਧਾਰਨਾ ਜੁੜੀ ਹੋਵੇਗੀ। ਹੋ ਸਕਦਾ ਹੈ ਕਿ ਇਹ ਅਮਰੀਕੀ ਸਭਿਆਚਾਰ ਦਾ ਹਿੱਸਾ ਹੋਵੇਗਾ। ਘੋਖਣ ਤੇ ਪਤਾ ਲੱਗਿਆ ਕਿ ਭੂਤਰੇ ਸਾਨ੍ਹ ਦੇ ਪਤਾਲੂ ਛੋਹਣ ਨਾਲ ਚੰਗੇ ਨਸੀਬ ਜਾਗ ਜਾਂਦੇ ਹਨ ਅਤੇ ਮਾਲ-ਧੰਨ ਵਿੱਚ ਵਾਧਾ ਹੁੰਦਾ ਹੈ। ਲੋਕ ਆਸ ਕਰਦੇ ਹਨ ਕਿ ਇਸ ਨੂੰ ਹੱਥ ਲਾ ਕੇ ਉਹ ਆਪਣੀ ਮਾਲੀ ਹਾਲਤ ਨੂੰ ਸੁਧਾਰ ਸਕਣਗੇ।

ਇਹ ਵੀ ਮੁਮਕਨ ਹੈ ਕਿ ਬਹੁਤ ਸਾਰੇ ਸੈਲਾਨੀ ਇਸ ਨੂੰ ਸਿਰਫ਼ ਮਜ਼ਾਕ ਦੇ ਤੌਰ ‘ਤੇ ਹੀ ਕਰਦੇ ਹੋਣਗੇ, ਆਪਣੀ ਯਾਤਰਾ ਨੂੰ ਹੋਰ ਵੀ ਮਨੋਰੰਜਕ ਕਰਨ ਦੀ ਖ਼ਾਤਰ। ਪਰ ਇਹ ਸਾਰਾ ਨਜ਼ਾਰਾ ਮੈਨੂੰ ਅਨੋਖਾ ਅਤੇ ਮਜ਼ੇਦਾਰ ਲੱਗਾ।