ਬੀਤੀ ਅਪ੍ਰੈਲ (2024) ਦੇ ਮੱਧ ਵਿੱਚ ਪਾਕਿਸਤਾਨ ਜਾਣ ਦਾ ਮੌਕਾ ਲੱਗਾ। ਇਸ ਯਾਤਰਾ ਦਾ ਮੁੱਖ ਮਕਸਦ ਤਾਂ ਸਿੱਖ ਇਤਿਹਾਸ ਨਾਲ ਸੰਬੰਧਿਤ ਥਾਵਾਂ ਅਤੇ ਗੁਰਦੁਆਰਿਆਂ ਦੀ ਯਾਤਰਾ ਕਰਨਾ ਸੀ। ਪਰ ਇਸ ਦੇ ਨਾਲ ਇਹ ਵੀ ਕੋਸ਼ਿਸ਼ ਕੀਤੀ ਕਿ ਉੱਥੇ ਅਜਾਇਬ ਘਰਾਂ ਵਿੱਚ ਵੀ ਜਾਇਆ ਜਾਵੇ ਤੇ ਹੋਰ ਵੀ ਇਤਿਹਾਸਿਕ ਥਾਵਾਂ ਤੇ ਜਾਇਆ ਜਾਵੇ।
ਇਸੇ ਸਿਲਸਿਲੇ ਦੇ ਵਿੱਚ ਇੱਕ ਦਿਨ ਲਾਹੌਰ ਤੋਂ ਦੱਖਣ ਵਾਲੇ ਪਾਸੇ ਪਾਕਪੱਟਨ ਦੇ ਸਫ਼ਰ ਤੇ ਨਿਕਲੇ ਗਏ। ਸਾਡੀ ਢਾਣੀ ਨੇ ਪਹਿਲਾਂ ਬਾਬਾ ਫਰੀਦ ਦੀ ਮਜ਼ਾਰ ਤੇ ਜਾ ਕੇ ਫੁੱਲ ਚੜ੍ਹਾਏ ਅਤੇ ਉਸ ਤੋਂ ਬਾਅਦ ਦੁਪਹਿਰ ਹੜੱਪਾ ਵੱਲ ਚਾਲੇ ਪਾਏ।
ਹੜੱਪਾ ਅਜਾਇਬ ਘਰ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਹੜੱਪਾ ਸ਼ਹਿਰ ਵਿੱਚ ਸਥਿਤ ਹੈ। ਇਹ ਅਜਾਇਬ ਘਰ ਸਿੰਧ ਘਾਟੀ ਸੱਭਿਅਤਾ ਦੇ ਇਤਿਹਾਸ ਅਤੇ ਵਿਰਾਸਤ ਨੂੰ ਸਮਰਪਿਤ ਹੈ। ਇੱਥੇ ਪੁਰਾਤਨ ਵਸਤੂਆਂ, ਜਿਵੇਂ ਕਿ ਮਿੱਟੀ ਦੇ ਭਾਂਡੇ, ਮੋਹਰਾਂ, ਮੂਰਤੀਆਂ, ਗਹਿਣੇ ਅਤੇ ਹੋਰ ਕਲਾਕ੍ਰਿਤੀਆਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ, ਜੋ ਸਿੰਧ ਘਾਟੀ ਦੀ ਸੱਭਿਅਤਾ ਦੀ ਉੱਨਤ ਸ਼ਹਿਰੀ ਜੀਵਨ ਸ਼ੈਲੀ ਅਤੇ ਸੱਭਿਆਚਾਰਕ ਵਿਕਾਸ ਬਾਰੇ ਜਾਣਕਾਰੀ ਪ੍ਰਦਾਨ ਕਰਦੇ ਹਨ।
ਹੜੱਪਾ ਆਪਣੇ ਆਪ ਵਿੱਚ ਇੱਕ ਮਹੱਤਵਪੂਰਨ ਖੁਦਾਈ ਵਾਲੀ ਥਾਂ ਹੈ। ਇੱਥੇ ਕੀਤੀਆਂ ਗਈਆਂ ਖੁਦਾਈਆਂ ਤੋਂ ਪਤਾ ਚੱਲਦਾ ਹੈ ਕਿ ਇਹ ਸ਼ਹਿਰ ਸਿੰਧ ਘਾਟੀ ਸੱਭਿਅਤਾ ਦਾ ਇੱਕ ਵੱਡਾ ਕੇਂਦਰ ਸੀ। ਸਿੰਧ ਘਾਟੀ ਸੱਭਿਅਤਾ ਦੁਨੀਆ ਦੀਆਂ ਸਭ ਤੋਂ ਪੁਰਾਣੀਆਂ ਅਤੇ ਉੱਨਤ ਸੱਭਿਅਤਾਵਾਂ ਵਿੱਚੋਂ ਇੱਕ ਸੀ। ਇਹ ਸੱਭਿਅਤਾ ਲਗਭਗ 3300 ਈਸਾ ਪੂਰਵ ਤੋਂ 1300 ਈਸਾ ਪੂਰਵ ਤੱਕ ਆਪਣੇ ਸਿਖਰ ‘ਤੇ ਸੀ ਅਤੇ ਇਸ ਦਾ ਵਿਸਥਾਰ ਮੁੱਖ ਤੌਰ ‘ਤੇ ਆਧੁਨਿਕ ਪਾਕਿਸਤਾਨ ਅਤੇ ਉੱਤਰ-ਪੱਛਮੀ ਭਾਰਤ ਦੇ ਖੇਤਰਾਂ ਵਿੱਚ ਸੀ। ਇਸ ਸੱਭਿਅਤਾ ਦੇ ਲੋਕ ਖੇਤੀਬਾੜੀ, ਵਪਾਰ, ਸ਼ਿਲਪਕਾਰੀ ਅਤੇ ਸ਼ਹਿਰੀ ਯੋਜਨਾਬੰਦੀ ਵਿੱਚ ਮਾਹਰ ਸਨ। ਉਨ੍ਹਾਂ ਨੇ ਇੱਕ ਲਿਪੀ ਦਾ ਵਿਕਾਸ ਕੀਤਾ ਸੀ, ਜਿਸ ਨੂੰ ਅਜੇ ਤੱਕ ਪੂਰੀ ਤਰ੍ਹਾਂ ਨਾਲ ਸਮਝਿਆ ਨਹੀਂ ਜਾ ਸਕਿਆ ਹੈ।
ਹੜੱਪਾ ਵਿੱਚ ਅਜਾਇਬ ਘਰ ਅਤੇ ਖੁਦਾਈ ਵਾਲੀਆਂ ਜਗ੍ਹਾਵਾਂ ਵੇਖਣ ਤੋਂ ਬਾਅਦ ਅਸੀਂ ਹਾਲੇ ਚਾਹ-ਪਾਣੀ ਤੋਂ ਵਿਹਲੇ ਹੋ ਰਹੇ ਸੀ ਕਿ ਹੜੱਪਾ ਥਾਣੇ ਦੇ ਥਾਣੇਦਾਰ ਵੱਲੋਂ ਇਹ ਬੇਨਤੀ ਆ ਗਈ ਕਿ ਇਥੇ ਥਾਣੇ ਵਿੱਚ ਜ਼ਰੂਰ ਹੋ ਕੇ ਜਾਵੋ। ਪਹਿਲਾਂ ਤਾਂ ਸਾਡਾ ਕੋਈ ਵਿਚਾਰ ਨਹੀਂ ਸੀ ਪਰ ਜਦੋਂ ਸਾਨੂੰ ਮਿਲੀ ਹੋਈ ਪੁਲਿਸ ਗਾਰਦ ਨੇ ਵੀ ਬੇਨਤੀ ਦੁਹਰਾਈ ਤਾਂ ਅਸੀਂ ਸੋਚਿਆ ਕਿ ਥਾਣੇ ਥਾਣੀਂ ਲੰਘ ਚੱਲਦੇ ਹਾਂ, ਕੀ ਹਰਜ਼ ਹੈ?
ਥਾਣੇਦਾਰ ਵੱਕਾਸ ਨੇ ਬਹੁਤ ਹੀ ਖਲੂਸ ਨਾਲ ਸਾਡਾ ਸੁਆਗਤ ਕੀਤਾ ਤੇ ਬੇਨਤੀ ਕੀਤੀ ਕਿ ਥਾਣੇ ਅੰਦਰ ਆ ਕੇ ਜ਼ਰੂਰ ਵੇਖੋ। ਅੰਦਰ ਜਾ ਕੇ ਪਹਿਲੀ ਨਜ਼ਰ ‘ਚ ਹੀ ਬਹੁਤ ਹੈਰਾਨੀ ਹੋਈ ਕਿਉਂਕਿ ਜਿਹੜੀ ਆਮਦ ਸੀ (ਜਿੱਥੇ ਮੁਨਸ਼ੀ ਬੈਠਦਾ ਹੈ) ਉਥੇ ਸੁਆਗਤੀ ਲਾਲ ਗਲੀਚਾ ਵਿਛਿਆ ਹੋਇਆ ਸੀ ਤੇ ਨਾਲ ਹੀ ਕੰਪਿਊਟਰ ਵਾਲੀ ਪੋਰਟਲ ਜਿਸ ਦੇ ਉੱਤੇ ਤੁਸੀਂ ਆਪਣੀ ਸ਼ਿਕਾਇਤ ਦਰਜ ਕਰ ਸਕਦੇ ਸੀ।
ਇਸ ਤੋਂ ਇਲਾਵਾ ਥਾਣੇ ਦੇ ਅੰਦਰ ਹੜੱਪਾ ਦੇ ਪ੍ਰਸੰਗ ਨੂੰ ਲੈ ਕੇ ਉਸੇ ਤਰ੍ਹਾਂ ਹੀ ਇਮਾਰਤਸਾਜ਼ੀ ਕੀਤੀ ਗਈ ਸੀ। ਥਾਣੇਦਾਰ ਵੱਕਾਸ ਨੇ ਦੱਸਿਆ ਕਿ ਹੜੱਪਾ ਥਾਣਾ ਸਮਾਜਿਕ ਮਾਧਿਅਮ ਤੇ ਵੀ ਕਾਫ਼ੀ ਸਰਗਰਮ ਹੈ। ਇਹ ਸਾਰਾ ਵੇਖ ਕੇ ਹੈਰਾਨੀ ਹੋਈ ਕਿ ਵਾਕਿਆ ਹੀ ਇਹ ਪੁਲਿਸ ਸਟੇਸ਼ਨ ਹੈ ਜਾਂ ਕੋਈ ਐਵੇਂ ਨੁਮਾਇਸ਼ੀ ਜਗ੍ਹਾ? ਥਾਣੇਦਾਰ ਵੱਕਾਸ ਨੇ ਦੱਸਿਆ ਕਿ ਇਕੱਲਾ ਹੜੱਪਾ ਥਾਣਾ ਹੀ ਨਹੀਂ ਸਗੋਂ ਇਹ ਤਕਨਾਲੋਜੀ ਪਾਕਿਸਤਾਨੀ ਪੰਜਾਬ ਦੇ ਹਰ ਥਾਣੇ ਵਿੱਚ ਆ ਰਹੀ ਹੈ।
ਇਸ ਤਰ੍ਹਾਂ ਹੜੱਪਾ ਥਾਣੇ ਦੀ ਫੇਰੀ ਨੇ ਸਾਡੇ ਤੇ ਕਾਫ਼ੀ ਸੁਚਾਰੂ ਪ੍ਰਭਾਵ ਛੱਡਿਆ ਤੇ ਅਸੀਂ ਦੇਰ ਸ਼ਾਮ ਲਾਹੌਰ ਨੂੰ ਵਾਪਸ ਚਾਲੇ ਪਾ ਲਏ।
ਹੜੱਪਾ ਥਾਣੇ ਦੀਆਂ ਤਸਵੀਰਾਂ ਦਾ ਵੀਡੀਓ ਵੇਖਣ ਲਈ ਹੇਠਾਂ ਕਲਿੱਕ ਕਰੋ:
