Posted in ਸਭਿਆਚਾਰ

ਪੰਜਾਬੀ ਗਿੱਧਾ ਲੋਕ ਬੋਲੀਆਂ

ਦੇਸ ਪਰਦੇਸ ਵਿੱਚ ਰਹਿੰਦਿਆਂ ਕਈ ਵਾਰੀ ਸਾਨੂੰ ਸੱਭਿਆਚਾਰਕ ਪ੍ਰੋਗਰਾਮਾਂ-ਮੇਲਿਆਂ ਦੇ ਵਿੱਚ ਸ਼ਾਮਿਲ ਹੋਣਾ ਦਾ ਮੌਕਾ ਲੱਗਦਾ ਹੈ। ਉਸ ਵੇਲੇ ਸਾਨੂੰ ਪੰਜਾਬੀ ਬੋਲੀਆਂ ਦੀ ਬਹੁਤ ਲੋੜ ਪੈਂਦੀ ਹੈ। ਪਰ ਉਹ ਲਿਖਤੀ ਰੂਪ ਵਿੱਚ ਇੰਟਰਨੈਟ ਤੇ ਨਹੀਂ ਲੱਭਦੀਆਂ। ਜਾਂ ਤਾਂ ਉਹ ਤਸਵੀਰ ਰੂਪ ਵਿੱਚ ਹੁੰਦੀਆਂ ਹਨ ਤੇ ਜਾਂ ਫਿਰ ਆਡੀਓ ਵਿੱਚ ਹੀ ਹੁੰਦੀਆਂ ਹਨ ਜੋ ਕਿ ਆਮ ਕਰਕੇ ਵਰਤਨਯੋਗ ਨਹੀਂ ਹੁੰਦੀਆਂ। ਜੇਕਰ ਇਹ ਬੋਲੀਆਂ ਸ਼ਾਬਦਿਕ ਰੂਪ ਵਿੱਚ ਟਾਈਪ ਕੀਤੀਆਂ ਹੋਈਆਂ ਇੰਟਰਨੈਟ ਤੇ ਹੋਣ ਤਾਂ ਛੇਤੀ ਲੱਭ ਸਕਦੀਆਂ ਹਨ।

ਇਸ ਮਸਲੇ ਨੂੰ ਮੱਦੇ ਨਜ਼ਰ ਰੱਖਦਿਆਂ ਮੈਂ ਸੋਚਿਆ ਕਿ ਆਪਣੇ ਹੱਥੀਂ ਟਾਈਪ ਕਰਕੇ ਪੰਜਾਬੀ ਵਿੱਚ ਇਸ ਨੂੰ ਹੋਰਾਂ ਨਾਲ ਸਾਂਝਾ ਕੀਤਾ ਜਾਵੇ ਤਾਂ ਕਿ ਹਰ ਕੋਈ ਇਸ ਦੀ ਖੁੱਲੀ ਵਰਤੋਂ ਕਰ ਸਕਣ।

  1. ਗੱਡੀ ਗੱਡੀਰੇ ਵਾਲਿਆ     
    ਵੇ ਗੱਡਾ ਹੌਲੀ ਹੌਲੀ ਤੋਰ
    ਹਿੱਲਣ ਕੰਨਾਂ ਦੀਆਂ ਵਾਲੀਆਂ     
    ਵੇ ਮੇਰੇ ਦਿਲ ਵਿੱਚ ਪੈਂਦਾ ਡੋਲ
    ਮੇਰਾ ਮਾਹੀ ਗੜਵਾ ਵੇ      
    ਮੈਂ ਗੜਵੇ ਦੀ ਡੋਰ
  2. ਚਾਵਲਾਂ ਦਾ ਪਾਣੀ ਮੈਂ ਬੂਹੇ ਅੱਗੇ ਰੋੜਿਆ  
    ਚਾਵਲਾਂ ਦਾ ਪਾਣੀ ਨੀ ਮੈਂ ਬੂਹੇ ਅੱਗੇ ਡੋਲਿਆ
    ਆਉਂਦਾ ਜਾਣਦਾ ਫਿਸਲ ਗਿਆ
    ਨੀਂ ਮੇਰਾ ਰੋਂਦੀ ਦਾ ਹਾਸਾ ਨਿਕਲ ਗਿਆ
    ਨੀਂ ਮੇਰਾ ਰੋਂਦੀ ਦਾ ਹਾਸਾ
  3. ਜੋਗੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੁੰਦਰਾਂ    
    ਮੁੰਦਰਾਂ ਦੇ ਵਿੱਚੋਂ ਤੇਰਾ ਮੂੰਹ ਦਿਸਦਾ 
    ਵੇ ਮੈਂ ਜਿਹੜੇ ਪਾਸੇ ਵੇਖਾਂ  
    ਮੈਨੂੰ ਤੂੰ ਦਿਸਦਾ
  4. ਚਿੱਟਾ ਚਾਦਰਾ ਪੱਗ ਗੁਲਾਬੀ     
    ਖੂਹ ਤੇ ਕੱਪੜੇ ਧੋਵੇ        
    ਸਾਬਣ ਥੋੜਾ ਮੈਲ ਬਥੇਰੀ      
    ਉੱਚੀ ਉੱਚੀ ਰੋਵੇ
    ਛੜੇ ਵਿਚਾਰੇ ਦੇ     
    ਕੌਣ ਚਾਦਰੇ ਧੋਵੇ
    ਛੜੇ ਵਿਚਾਰੇ ਦੇ       
    ਕੌਣ ਚਾਦਰੇ ਧੋਵੇ 
  5. ਸੁਣ ਨੀਂ ਕੁੜੀਏ ਨੱਚਣ ਵਾਲੀਏ ਗਿੱਧਾ ਖੂਬ ਰਚਾਈਏ    
    ਚੰਦਰੇ ਜੱਗ ਦੀਆਂ ਨਜ਼ਰਾਂ ਬੁਰੀਆਂ
    ਨਜ਼ਰਾਂ ਤੋਂ ਬਚਾਈਏ 
    ਨਾ ਕਿਸੇ ਨੂੰ ਮੰਦਾ ਬੋਲੀਏ  
    ਨਾ ਬੁਰਾ ਅਖਵਾਈਏ
    ਮੇਲੇ ਖੁਸ਼ੀਆਂ ਦੇ       
    ਰਲ ਕੇ ਬੋਲੀਆਂ ਪਾਈਏ
  6. ਮੇਰੀ ਸੱਸ ਬੜੀ ਕੁਪੱਤੀ       
    ਮੈਨੂੰ ਪਾਉਣ ਨਾ ਦੇਵੇ ਜੁੱਤੀ
    ਮੈਂ ਵੀ ਜੁੱਤੀ ਪਾਣੀ ਹੈ      
    ਮੁੰਡਿਆ ਰਾਜੀ ਰਹਿ ਜਾ ਰੁੱਸੇ
    ਵੇ ਮੈਂ ਤੇਰੀ ਮਾਂ ਖੜਕਾਉਣੀ ਹੈ 
  7. ਜੇ ਜੱਟੀਏ ਜੱਟ ਕੁੱਟਣਾ ਹੋਵੇ     
    ਕੁੱਟੀਏ ਸੰਦੂਕਾਂ ਓਹਲੇ
    ਪਹਿਲਾਂ ਤਾਂ ਜੱਟ ਤੋਂ ਦਾਲ ਦਲਾਈਏ       
    ਫਿਰ ਦਲਾਈਏ ਛੋਲੇ
    ਜੱਟੀਏ ਦੇਅ ਦਬਕਾ    ਜੱਟ ਨਾ ਬਰਾਬਰ ਬੋਲੇ
    ਜੱਟੀਏ ਦੇਅ ਦਬਕਾ    ਜੱਟ ਨਾ ਬਰਾਬਰ ਬੋਲੇ 
  8. ਪਿੰਡਾਂ ਵਿੱਚੋਂ ਪਿੰਡ ਸੁਣੀ ਦਾ     
    ਪਿੰਡ ਸੁਣੀ ਦਾ ਧੂਰੀ
    ਧੂਰੀ ਦੇ ਦੋ ਮੁੰਡੇ ਸੁਣੀ ਦੇ       
    ਕੋਲੇ ਰੱਖਣ ਕਤੂਰੀ
    ਪਹਿਲਾਂ ਉਹਨੂੰ ਦੁੱਧ ਪਿਆਉਂਦੇ     
    ਫਿਰ ਖਵਾਉਂਦੇ ਚੂਰੀ
    ਮੇਰੇ ਹਾਣ ਦੀਏ           
    ਨੱਚ ਨੱਚ ਹੋ ਜਾ ਦੂਹਰੀ 
  9. ਸੱਸ ਮੇਰੀ ਨੇ ਮੁੰਡੇ ਜੰਮੇ        
    ਜੰਮ ਜੰਮ ਲਾਅ ਤੇ ਢੇਰ
    ਇੱਥੇ ਨਹੀਂ ਵਿਕਣੇ       
    ਲੈ ਜਾ ਬੀਕਾਨੇਰ 
  10. ਕੱਦ ਸਰੂ ਦੇ ਬੂਟੇ ਵਰਗਾ     
    ਕੱਦ ਸਰੂ ਦੇ ਬੂਟੇ ਵਰਗਾ       
    ਤੁਰਦਾ ਨੀਵੀਂ ਪਾ ਕੇ   
    ਨੀਂ ਬੜਾ ਮੋੜਿਆ ਨਹੀਓਂ ਮੁੜਿਆ     
    ਬੱਲੇ ਬੱਲੇ ਬੱਲੇ
    ਨੀਂ ਬੜਾ ਮੋੜਿਆ ਨਹੀਓਂ ਮੁੜਦਾ      
    ਅਸੀਂ ਵੇਖ ਲਿਆ ਸਮਝਾ ਕੇ        
    ਸਈਓਂ ਨੀ ਮੈਨੂੰ ਰੱਖਣਾ ਪਿਆ       
    ਮੁੰਡਾ ਗੱਲ ਦਾ ਤਵੀਤ ਬਣਾ ਕੇ 
  11. ਕੋਰੇ ਕੋਰੇ ਸੋਨੇ ਦੀ
    ਸੱਗੀ ਮੈਂ ਘੜਾਉਨੀ ਆ        
    ਉੱਤੇ ਲਗਾਉਨੀਆ ਚੀਰ ਨਣਦੇ
    ਮੈਨੂੰ ਰਤਾ ਨਾ ਪਸੰਦ       
    ਤੇਰਾ ਵੀਰ ਨਾਣਦੇ 
  12. ਬਾਰੀ ਬਰਸੀ ਖਟਣ ਗਿਆ ਸੀ       
    ਖਟ ਕੇ ਲਿਆਂਦੇ ਛੋਲੇ      
    ਨੀ ਮੈਂ ਸੱਸ ਕੁੱਟਣੀ      
    ਕੁੱਟਣੀ ਸੰਦੂਕਾਂ ਉਹਲੇ 
  13. ਊਰੀ ਊਰੀ ਊਰੀ ਨੀ     
    ਨੀ ਅੱਜ ਦਿਨ ਸ਼ਗਣਾਂ ਦਾ
    ਨੱਚ ਨੱਚ ਹੋ ਜਾ ਦੂਹਰੀ   
    ਨੀ ਅੱਜ ਦਿਨ ਸ਼ਗਣਾਂ ਦਾ      
    ਨੱਚ ਨੱਚ ਹੋ ਜਾ ਦੂਹਰੀ 
  14. ਇਧਰ ਕਣਕਾਂ ਉਧਰ ਕਣਕਾਂ        
    ਵਿਚ ਕਣਕਾਂ ਦੇ ਛੋਲੇ     
    ਨੀਂ ਅੱਜ ਮੇਰੇ ਵੀਰੇ ਦੇ    
    ਕੌਣ ਬਰਾਬਰ ਬੋਲੇ 
  15. ਵੇ ਤੂੰ ਮੁੰਡਾ ਅਣਜਾਣ      
    ਮੇਰੀ ਕਰ ਲੈ ਪਛਾਣ
    ਗੋਰੇ ਰੰਗ ਤੇ ਡੋਰੀਏ ਕਾਲੇ ਦੀ   
    ਵੇ ਮੈਂ ਕੁੜੀ ਹਾਂ ਸ਼ਹਿਰ ਪਟਿਆਲੇ ਦੀ 
  16. ਰੰਗ ਸੱਪਾਂ ਦੇ ਵੀ ਕਾਲੇ         
    ਰੰਗ ਸਾਧਾਂ ਦੇ ਵੀ ਕਾਲੇ        
    ਸੱਪ ਕੀਲ ਕੇ ਪਟਾਰੇ ਵਿੱਚ ਬੰਦ ਹੋ ਗਿਆ
    ਮੁੰਡਾ ਗੋਰਾ ਰੰਗ ਓਏ
    ਮੁੰਡਾ ਗੋਰਾ ਰੰਗ ਵੇਖ ਕੇ ਮਲੰਗ ਹੋ ਗਿਆ 
  17. ਸੁਣ ਵੇ ਮੁੰਡਿਆ ਜੈਕਟ ਵਾਲਿਆ   
    ਜੈਕਟ ਲੱਗੇ ਪਿਆਰੀ
    ਇੱਕ ਦਿਲ ਕਰਦਾ     ਲਾ ਲਵਾਂ ਦੋਸਤੀ    
    ਵੇ ਇੱਕ ਦਿਲ ਕਰਦਾ ਲਾ ਲਵਾਂ ਦੋਸਤੀ
    ਇੱਕ ਦਿਲ ਕਰਦਾ ਯਾਰੀ       
    ਤੇਰੀ ਜੈਕਟ ਨੇ ਪੱਟ ‘ਤੀ ਕੁੜੀ ਕਵਾਰੀ
    ਤੇਰੀ ਜੈਕਟ ਨੇ ਪੱਟ ‘ਤੀ ਕੁੜੀ ਕਵਾਰੀ 
  18. ਦਰਾਣੀ ਦੁੱਧ ਰਿੜਕੇ          
    ਜਠਾਣੀ ਦੁੱਧ ਰਿੜਕੇ         
    ਮੈਂ ਲੈਨੀ ਹਾਂ ਬਿੜਕਾਂ ਵੇ
    ਸਿੰਘਾ ਲਿਆ ਬੱਕਰੀ
    ਦੁੱਧ ਰਿੜਕਾਂਗੇ
  19. ਜੇ ਤੂੰ ਸੁਨਿਆਰੇ ਕੋਲੋਂ ਨੱਤੀਆਂ ਕਢਾਉਣੀਆਂ      
    ਸਾਨੂੰ ਵੀ ਕਢਾਅ ਦੇ ਗੁੱਟ ਮੁੰਡਿਆ
    ਨਹੀਂ ਤਾਂ ਜਾਣਗੇ   ਓਏ!    
    ਨਹੀਂ ਤਾਂ ਜਾਣਗੇ             
    ਮੁਲਾਹਜੇ ਟੁੱਟ ਮੁੰਡਿਆ 
  20. ਸੁਣ ਨੀਂ ਭਾਬੀ ਨੱਚਣ ਵਾਲੀਏ  
    ਸੁਣ ਨੀਂ ਭਾਬੀ ਨੱਚਣ ਵਾਲੀਏ
    ਤੇਰੇ ਤੋਂ ਕੀ ਮਹਿੰਗਾ     
    ਨੀ ਤੇਰੇ ਮੂਹਰੇ ਥਾਣ ਸੁੱਟਿਆ
    ਭਾਵੇਂ ਸੁੱਥਣ ਸਵਾ ਲਈਂ ਭਾਵੇਂ ਲਹਿੰਗਾ 
  21. ਸੁਣ ਵੇ ਦਿਉਰਾ ਸ਼ਿਮਲੇ ਵਾਲਿਆ    
    ਸੁਣ ਵੇ ਦਿਉਰਾ ਸ਼ਿਮਲੇ ਵਾਲਿਆ     
    ਲੱਗੇ ਜਾਨ ਤੋਂ ਮਹਿੰਗਾ
    ਵੇ ਲੈ ਜਾ ਮੇਰਾ ਲੱਕ ਮਿਣ ਕੇ   
    ਮੇਲੇ ਗਿਆ ਤੇ ਲਿਆ ਦਈਓਂ ਲਹਿੰਗਾ  
    ਵੇ ਲੈ ਜਾ ਮੇਰਾ ਲੱਕ ਮਿਣ ਕੇ 
  22. ਜੇ ਮੁੰਡਿਆ ਮੈਨੂੰ ਨੱਚਦੀ ਦੇਖਣਾ        
    ਧਰਤੀ ਨੂੰ ਕਲੀ ਕਰਾ ਦੇ
    ਨੱਚੂੰਗੀ ਸਾਰੀ ਰਾਤ ਵੇ
    ਝਾਂਜਰਾਂ ਕਿਤੋਂ ਲਿਆ ਦੇ
    ਨੱਚੂੰਗੀ ਸਾਰੀ ਰਾਤ ਵੇ 
  23. ਨੀਂ ਮੈਂ ਗਈ ਸੀ ਮੇਲੇ  
    ਨੀ ਫੇਰ ਕੀ ਹੋਇਆ ??????
    ਝੁੱਡੂ ਮਗਰੇ ਮਗਰੇ ਆ ਗਿਆ
    ਮੈਂ ਗਈ ਸੀ ਮੇਲੇ      
    ਝੁੱਡੂ ਮਗਰੇ ਮਗਰੇ ਆ ਗਿਆ
    ਮੈਂ ਖਾਧੀਆਂ ਖਿੱਲਾਂ  
    ਝੁੱਡੂ ਗੋਲ ਗੱਪੇ ਖਾ ਗਿਆ
    ਨੀ ਫੇਰ ਕੀ ਹੋਇਆ ??????
    ਨੀ ਹੋਣਾ ਕੀ ਸੀ ! 
    ਅੜ ਗਿਆ ਨੀ , ਗੋਲ ਗੱਪਾ ਉਹਦੇ ਸੰਘ ਵਿੱਚ
  24. ਲੈ ਭੈਣੇਂ ਮੈਂ ਅੱਜ ਤੈਨੂੰ ਮੇਰੇ ਆਲੇ ਦੀ ਗੱਲ ਸੁਣਾਉਂਦੀ ਆਂ
    ਊਠਾਂ ਵਾਲਿਆਂ ਨੇ ਉੱਠ ਲੱਦੇ ਨੇ ਮਰਿੰਡੇ ਨੂੰ   
    ਨੀ ਫੇਰ? ?
    ਮੈਂ ਨਹੀਂ ਸਹੁਰੇ ਜਾਣਾ ਸਾਬਣ ਲਾਉਂਦਾ ਨੀਂ ਪਿੰਡੇ ਨੂੰ
    ਮੈਂ ਨਹੀਂ ਸਹੁਰੇ ਜਾਣਾ ਸਾਬਣ ਲਾਉਂਦਾ ਨੀਂ ਪਿੰਡੇ ਨੂੰ 
  25. ਹੱਸ ਲਓ ਨੀਂ ਕੁੜੀਓ
    ਖੇਡ ਲਓ ਨੀਂ ਕੁੜੀਓ    
    ਹੱਸਣਾ ਖੇਡਣਾ ਰਹਿ ਜਾਊਗਾ
    ਨੀ ਕੋਈ ਬੂਝੜ ਜਿਹਾ ਜੱਟ ਲੈ ਜਾਊਗਾ। 
  26. ਗੱਡੇ ਗਡੀਰੇ ਵਾਲਿਆ
    ਗੱਡਾ ਹੌਲੀ ਹੌਲੀ ਤੋਰ       
    ਮੇਰੀਆਂ ਦੁਖਣ ਕੰਨਾਂ ਦੀਆਂ ਵਾਲੀਆਂ
    ਨਾਲੇ ਦਿਲ ਵਿੱਚ ਪੈਂਦਾ ਹੌਲ
    ਮੇਰਾ ਮਾਹੀ ਗੜਵਾ        
    ਨੀਂ ਮੈਂ ਗੜਵੇ ਦੀ ਡੋਰ 
  27. ਸਾਗ ਸਰੋਂ ਦਾ, ਮੱਕੀ ਦੀ ਰੋਟੀ
    ਕਿਉਂ ਨਹੀਂ ਅੱਜ ਕੱਲ ਖਾਂਦੀ    X 2
    ਨੀਂ ਗਿੱਝ ਗਈ     
    ਨੀਂ ਗਿੱਝ ਗਈ ਪੀਤਜ਼ੇ ਦੇ
    ਮੋਟੀ ਹੁੰਦੀ ਜਾਂਦੀ     
    ਨੀਂ ਗਿੱਝ ਗਈ ਪੀਤਜ਼ੇ ਦੇ
    ਮੋਟੀ ਹੁੰਦੀ ਜਾਂਦੀ 
  28. ਸੱਸ ਮੇਰੀ ਨੇ ਮੁੰਡੇ ਜੰਮੇ    
    ਸੱਸ ਮੇਰੀ ਨੇ ਮੁੰਡੇ ਜੰਮੇ
    ਜੰਮ ਜੰਮ ਭਰੀ ਰਸੋਈ     
    ਸਾਰੇ ਮਾਂ ਵਰਗੇ
    ਪਿਓ ਵਰਗਾ ਨਾ ਕੋਈ 
  29. ਹੋਰਾਂ ਦੇ ਮਾਹੀਏ ਤਾਂ   
    ਕੌਡੀ ਕੌਡੀ ਖੇਡਦੇ
    ਮੇਰਾ ਤੇ ਮਾਹੀਆ ਗਾਉਂਦਾ ਨੀਂ     
    ਟੁੱਟ ਪੈਣਾ
    ਵਾਲਾਂ ਨੂੰ ਜੈੱਲ ਲਾਉਂਦਾ ਨੀਂ 
  30. ਕਿਸੇ ਦਾ ਮਾਹੀਆ ਡੀਸੀ ਲੱਗਿਆ    
    ਕਿਸੇ ਦਾ ਠਾਣੇਦਾਰ
    ਮੇਰੇ ਮਾਹੀਏ ਦੀ ਪੱਕੀ ਨੌਕਰੀ      
    ਰਹਿੰਦਾ ਵਿੱਚ ਬਾਜ਼ਾਰ ……ਨੀ ਉਹ ਕੀ ਕਰਦਾ?
    ਗੋਲ ਗੱਪੇ ਵੇਚਦਾ  ਨੀ ਗੋਲ ਗੱਪੇ ਵੇਚਦਾ      
    ਗੋਲ ਗੱਪੇ ਵੇਚਦਾ ਨੀ ਗੋਲ ਗੱਪੇ ਵੇਚਦਾ
  31. ਜੇ ਮੁੰਡਿਆ ਮੈਨੂੰ ਨੱਚਦੀ ਵੇਖਣਾ
    ਸੂਟ ਸਵਾ ਦੇ ਫਿੱਟ ਮੁੰਡਿਆ
    ਮੇਰੀ ਨੱਚਦੀ ਦੀ ਫੋਟੋ ਖਿੱਚ ਮੁੰਡਿਆ
    ਮੇਰੀ ਨੱਚਦੀ ਦੀ ਫੋਟੋ ਖਿੱਚ ਮੁੰਡਿਆ
  32. ਪਿੰਡਾਂ ਵਿੱਚੋਂ ਪਿੰਡ ਸੁਣੀਂਦਾ
    ਪਿੰਡ ਸੁਣੀਂਦਾ ਮੋਗਾ
    ਨੀ ਉਥੋਂ ਦਾ ਇੱਕ ਸਾਧ ਸੁਣੀਂਦਾ  
    ਬੜੀ ਉਸਦੀ ਸੋਭਾ
    ਨੀ ਆਉਂਦੀ ਜਾਂਦੀ ਨੂੰ ਘੜਾ ਚੁਕਾਉਂਦਾ  
    ਮਗਰ ਮਾਰਦਾ ਗੋਡਾ
    ਲੱਕ ਮੇਰਾ ਪਤਲਾ ਜਿਹਾ      
    ਭਾਰ ਸਹਿਣ ਨਾ ਜੋਗਾ