Posted in ਚਰਚਾ

ਹੀਰ ਵੰਨਾ ਪੰਜਾਬ!!

ਸੁਮੇਲ ਸਿੰਘ ਸਿੱਧੂ ਦਾ ਲੇਖ “ਹੀਰਵੰਨੇ ਪੰਜਾਬ ਦੀ ਸਿਰਜਣਾ ਲਈ ਧਰਮ ਯੁੱਧ ਦੀ ਸੇਧ ਦਾ ਸਵਾਲ” ਹਾਲ ਵਿੱਚ ਹੀ ਪੰਜਾਬੀ ਟ੍ਰਿਬਿਊਨ ਵਿੱਚ ਦੋ ਕਿਸ਼ਤਾਂ ਵਿੱਚ ਛਪਿਆ ਹੈ। ਜਿਸਦੀ ਪਹਿਲੀ ਕਿਸ਼ਤ ਇਥੇ ਅਤੇ ਦੂਜੀ ਕਿਸ਼ਤ ਇਥੇ ਪੜ੍ਹੀ ਜਾ ਸਕਦੀ ਹੈ।

ਮੈਂ ਦੋਵੇਂ ਲੇਖ ਇਕ ਨਹੀਂ ਸਗੋਂ ਦੋ-ਦੋ ਵਾਰ ਪੜ੍ਹੇ ਹਨ। ਦੂਜੀ ਵਾਰ ਪੜ੍ਹਦੇ ਵੇਲ਼ੇ ਮੈਂ ‘ਸੇਧ ਦਾ ਸਵਾਲ’ ਉੱਤੇ ਹੀ ਅੱਖ ਰੱਖੀ। ਮੈਂ ਵਾਕ-ਦਰ-ਵਾਕ ਲੇਖ ਨੂੰ ਮੋਟਾ-ਮੋਟਾ ਸਮਝਣ ਦੀ ਕੋਸ਼ਿਸ਼ ਕੀਤੀ ਹੈ।

ਲੇਖ ਦੀ ਸ਼ੁਰੂਆਤ ਸਵਰਾਜਬੀਰ ਦੇ ਹਵਾਲੇ ਦੇ ਨਾਲ ਹੁੰਦੀ ਹੈ। ਮੈਨੂੰ ਇਸ ਗੱਲ ਦਾ ਕੋਈ ਇਲਮ ਨਹੀਂ ਹੈ ਕਿ ਸਵਰਾਜਬੀਰ ਕੌਣ ਹੈ ਤੇ ਨਾ ਹੀ ਇਸ ਬਾਰੇ ਪਤਾ ਹੈ ਕਿ ਸਵਰਾਜਬੀਰ ਉਸ ਕਿਸ ਕਸਵੱਟੀ ਦੀ ਗੱਲ ਕਰਦਾ ਹੈ ਜਿਸ ਕਰਕੇ ਸੁਮੇਲ ਨੇ ਉਸ ਨੂੰ ਪਹਿਲੇ ਹੀ ਵਾਕ ਵਿੱਚ ਲਿਆ ਖੜ੍ਹਾ ਕੀਤਾ ਹੈ। ਨਿਊਜ਼ੀਲੈਂਡ ਵਿੱਚ ਰਹਿਣ ਕਰਕੇ ਪੰਜਾਬੀ ਸਾਹਿਤ ਨਾਲ ਮੇਰੀ ਤੰਦ ਸਿਰਫ਼ ਇੰਟਰਨੈਟ ਕਰਕੇ ਹੀ ਜੁੜੀ ਹੋਈ ਹੈ। ਖੋਜ ਕਰਣ ਤੇ ਇਹ ਤਾਂ ਪਤਾ ਲੱਗ ਗਿਆ ਕਿ ਸਵਰਾਜਬੀਰ ਕੌਣ ਹੈ ਪਰ ਉਸਦੀ ਕੋਈ ਲਿਖਤ ਪੜ੍ਹਣ ਜਾਂ ਖਰੀਦਣ ਲਈ ਕਿਤੇ ਨਹੀਂ ਲੱਭੀ। ਅੱਗੇ ਚੱਲ ਕੇ ਲੇਖਕ ਨੇ ਸਵਰਾਜਬੀਰ ਦੀ ‘ਅਟਕਲ’ ਦੀ ਗੱਲ ਕੀਤੀ ਹੈ ਜਿਸ ਵਿੱਚ ਇਹ ਤੁਕ ਸ਼ਾਮਲ ਹੈ:
“ਥੋੜ੍ਹਾ ਸੱਚ ਤੇ ਥੋੜ੍ਹਾ ਝੱਲ ਹੋਵੇ”

ਝੱਲ ਸ਼ਬਦ ਦੀ ਵਰਤੋਂ ਮੈਨੂੰ ਥੋੜ੍ਹਾ ਜਿਹਾ ਸ਼ਸ਼ੋਪੰਜ ਵਿੱਚ ਪਾ ਦਿੰਦੀ ਹੈ। ਸਵਰਾਜਬੀਰ ਨੂੰ ਤਾਂ ਆਪਣੀ ਲਿਖਤ ਵਿੱਚ ਬਤੌਰ ਲੇਖਕ ਕੁਝ ਵੀ ਕਹਿਣ ਦਾ ਹੱਕ ਹੈ ਪਰ ਜਦ ਸਾਡਾ ਧਿਆਨ ‘ਧਰਮ ਯੁੱਧ’ ਅਤੇ ‘ਸੇਧ’ ਵਰਗੇ ਸ਼ਬਦਾਂ ਤੇ ਹੋਵੇ ਤਾਂ ਝੱਲ ਜਾਂ ਸ਼ਰਧਾਵਾਨ ਰੂਪੀ ਪਹੁੰਚ ਤਾਂ ਸਾਨੂੰ ਖੁਆਰ ਕਰਨ ਵਿੱਚ ਬਹੁਤਾ ਚਿਰ ਨਹੀਂ ਲਾਵੇਗੀ।

ਅੱਗੇ ਚੱਲ ਕੇ ਲੇਖਕ ਨੇ ‘ਨਵੀਂ ਗੱਲ’ ਦੇ ‘ਜੇਰਾ’ ਲੈ ਕੇ ‘ਮਸਲੇ ਵਿਚਾਰਨ-ਨਿਤਾਰਨ ਦੀਆਂ ਸਿਲਸਿਲੇਵਾਰ ਬੈਠਕਾਂ’ ਤੇ ਨਜ਼ਰਸਾਨੀ ਕੀਤੀ ਹੈ। ਉਪਰ ਗੱਲ ਧਰਮ ਯੁੱਧ ਦੀ ਚੱਲਦੀ ਸੀ ਪਰ 1947 ਤੋਂ ਪਹਿਲਾ ਦਾ ਪੰਜਾਬ, 1947 ਤੋਂ ਬਾਅਦ ਦੇ ਪੰਜਾਬ ਨਾਲ ਧਰਮ ਯੁੱਧ ਰਾਹੀਂ ਕਿਵੇਂ ਜੁੜਦਾ ਹੈ ਇਸ ਦਾ ਕੋਈ ਸੂਤਰ ਬੰਨ੍ਹੇ ਬਿਨਾਂ ਲੇਖਕ ਨੇ ਸਾਡੇ ਦਰਮਿਆਨ ‘ਹੀਰਵੰਨੀ’ ਲਿਸ਼ਕ ਲਿਆ ਖੜ੍ਹੀ ਕਰ ਦਿੱਤੀ। ਜੇਕਰ ‘1947 ਵੰਡ ਦੀ ਮਾਰੂ ਫ਼ਸਲ ਤੋਂ ਅਸੀਂ ਅੱਜ ਵੀ ਹਰ ਪੱਧਰ ’ਤੇ ਹਾਰੇ ਹੋਏ ਹਾਂ’ ਤਾਂ ਕੀ 1966 ਵਿੱਚ ਸਾਡੀ ਜਿੱਤ ਹੋਈ ਸੀ ਕਿ ਹਾਰ? ਜੇਕਰ ਇਹ ਜਿੱਤ ਸੀ ਤਾਂ ਉਪਰ ਲਿਖਿਆ ਗਿਆ 1947 ਤੋਂ ਬਾਅਦ ਦੀ ਹਰ ਪੱਧਰ ਦੀ ਹਾਰ ਦਾ ਬਿਰਤਾਂਤ ਕੀ ਟੁੱਟ ਨਹੀਂ ਗਿਆ? ਜੇਕਰ ਇਹ ਹਾਰ ਸੀ ਤਾਂ 1947 ਵਾਲੀ ਇਕ ਹਾਰ ਤੋਂ ਬਾਅਦ 1966 ਵਿੱਚ ਦੂਜੀ ਹਾਰ ਬਾਰੇ ਲੇਖਕ ਨੇ ਤਰੱਕੀ ਅਤੇ ਖੁਸ਼ਹਾਲੀ ਦੀਆਂ ਗੱਲਾਂ ਕਰਨ ਦੀ ਕਾਹਲ ਕਿਉਂ ਕੀਤੀ?

ਲੇਖਕ ਨੇ ਸਟਾਲਿਨਪ੍ਰਸਤਾਂ ਦਾ ਹਵਾਲਾ ਦੇ “ਸਿੱਖੀ ਨੂੰ ਸਾਧਾਂ-ਸੰਤਾਂ ਦੀ ਅੰਨ੍ਹੀ-ਬੋਲ਼ੀ ਸ਼ਰਧਾ ਦੇ ਕਿੱਲੀਂ ਬੰਨ੍ਹ” ਦਿੱਤੇ ਜਾਣ ਦੀ ਗੱਲ ਜ਼ਰੂਰ ਕੀਤੀ ਹੈ ਪਰ ਉਸੇ ਤਰ੍ਹਾਂ ਹੀ ‘ਸਭੈ ਸਾਂਝੀਵਾਲ ਸਦਾਇਨਿ’, ‘ਸਗਲਿ ਸੰਗ ਹਮ ਕਉ ਬਨਿ ਆਈ’ ਜਾਂ ‘ਖ਼ਾਲਕ ਖ਼ਲਕ ਮਾਹਿ’ ਵਰਗੇ ਸੂਖਮ ਸਿਧਾਂਤਕ ਗੁਣਾਂ ਤੋਂ ਮੂੰਹ ਭੁਆਂ ਲੈਣ ਨੂੰ ਵੀ ਗੋਲ ਮੋਲ ਕਰ ਦਿੱਤਾ ਹੈ। ਲੇਖਕ ਨੂੰ ਚਾਹੀਦਾ ਸੀ ਕਿ ਉਹ ਇੱਥੇ ਹੀ ਰੁਕ ਜਾਂਦਾ ਤੇ ਛਾਨਣਾ ਲਾ ਕੇ ਕੁਝ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕਰਦਾ। ਮਿਸਾਲ ਦੇ ਤੌਰ ਤੇ ਜਲੰਧਰ ਦੇ ਇਕ ਅਖ਼ਬਾਰ ਦਾ ਸਟਾਲਿਨਪ੍ਰਸਤ ਸੰਪਾਦਕ ਜੋ ਟੈਲੀਵਿਜ਼ਨ ਤੇ ਵੀ ਆਉਂਦਾ ਹੈ, ਉਸ ਨੂੰ ਗੱਲਾਂ ਕਰਕੇ ਗੁਰਬਾਣੀ ਦੀ ਕੋਈ ਤੁਕ ਵਰਤ ਕੇ ਉਸ ਦੇ ਮਨਘੜੰਤ ਮਤਲਬ ਕੱਢਣ ਦੀ ਲੋੜ ਕਿਉਂ ਮਹਿਸੂਸ ਹੁੰਦੀ ਹੈ। ਜਾਂ ਫਿਰ ਦੂਜੇ ਬੰਨੇ ਇਹ ਗੱਲ ਕਿ ਡੇਰਿਆਂ ਦੀ ਸਿੱਖੀ ਵਿੱਚ ਘੁਸਪੈਠ ਕਿਵੇਂ ਹੋਈ? ਕੀ ਇਨ੍ਹਾਂ ਡੇਰਿਆਂ ਦੀ ਗੁਰੂ ਕੇ ਬਾਗ਼ ਜਾਂ ਚਾਬੀਆਂ ਵਾਲੇ ਮੋਰਚੇ ਦੌਰਾਨ ਕੋਈ ਹੈਸੀਅਤ ਵੀ ਸੀ? ਇਨ੍ਹਾਂ ਮੁੱਦਿਆਂ ਤੇ ਵਿਸਤਾਰ ਸਹਿਤ ਗੱਲ ਕੀਤੇ ਬਿਨਾਂ ਅਸੀਂ ਜੋ ਮਰਜ਼ੀ ਲਫ਼ਜ਼ੀ ਛੱਲੇ ਛੱਡੀ ਚਲੀਏ ਸੰਵਾਦ ਕਿਸੇ ਵੀ ਤਰ੍ਹਾਂ ਅੱਗੇ ਨਹੀਂ ਵੱਧੇਗਾ।

1984 ਨੂੰ ਲੈ ਕੇ ਭਾਵੇਂ ਸਟਾਲਿਨਪ੍ਰਸਤਾਂ ਦੀ ਗੱਲ ਕਰ ਲਈਏ ਤੇ ਭਾਵੇਂ ਖਾੜਕੂਆਂ ਦੀ। ਮੇਰੇ ਮਨ ਵਿੱਚ ਇਕ ਸਵਾਲ ਵਾਰ ਵਾਰ ਉਠਦਾ ਹੈ ਜਿਸ ਦਾ ਜਵਾਬ ਕੋਈ ਵੀ ਲੇਖਕ ਦੇਣ ਦੀ ਕੋਸ਼ਿਸ਼ ਨਹੀਂ ਕਰਦਾ। ਜੇਕਰ ਸਟਾਲਿਨਪ੍ਰਸਤ ਅਤੇ ਖਾੜਕੂ ਲਕੀਰ ਦੇ ਦੋ ਵੱਖਰਿਆਂ ਪਾਸਿਆਂ ਤੇ ਖੜ੍ਹੇ ਸਨ ਤਾਂ ਕੀ ਗੱਲ ਸੀ ਕਿ ਪੰਜਾਬ ਤੋਂ ਬਾਹਰ ਦੋਹੇਂ ਧਿਰਾਂ ਸਿਰਫ਼ ਅਮਰੀਕਾ-ਇੰਗਲੈਂਡ-ਕੈਨੇਡਾ ਜਾ ਕੇ ਹੀ ਵੱਸਦੀਆਂ ਰਹੀਆਂ? ਸਟਾਲਿਨਪ੍ਰਸਤ ਕਿਸੇ ਸਟਾਲਿਨ ਪੱਖੀ ਮੁਲਕ ਵਿੱਚ ਜਾ ਕੇ ਕਿਉਂ ਨਹੀਂ ਵੱਸ ਗਏ?

ਲੇਖ ਦੀ ਪਹਿਲੀ ਕਿਸ਼ਤ ਦੇ ਅਖੀਰ ਵਿੱਚ ਲੇਖਕ ਨੇ ਇਤਿਹਾਸਕ ਰੋਲ ਦੀ ਨਿਰਭਉ ਪੜਚੋਲ ਨੂੰ ਹੱਥ ਪਾਉਣ ਦੀ ਗੱਲ ਕੀਤੀ ਹੈ ਜਿਸ ਨਾਲ ਮੈਂ ਪੂਰੀ ਤਰ੍ਹਾਂ ਸਹਿਮਤ ਹਾਂ।

ਲੇਖ ਦੀ ਦੂਜੀ ਕਿਸ਼ਤ ਵਿੱਚ ਸੁਮੇਲ ਸਿੰਘ ਸਿੱਧੂ ਨੇ ਬਹੁਤਾ ਕਰਕੇ ਇਤਿਹਾਸ ਨੂੰ ਫਰੋਲਦਿਆਂ ਹੋਇਆਂ ਟਿੱਪਣੀਆਂ ਕੀਤੀਆਂ ਹਨ ਜੋ ਭਾਵੇਂ ਬਿਲਕੁਲ ਠੀਕ ਹਨ ਪਰ ਮੇਰੀ ਜਾਚੇ ‘ਧਰਮ ਯੁੱਧ ਦੀ ਸੇਧ’ ਦੇ ਸੰਦਰਭ ਵਿੱਚੋਂ ਉੱਕਾ ਹੀ ਬਾਹਰ ਹਨ। ਅੱਜ ਜੇ ਕੋਈ ਲੋੜ ਤਾਂ ਉਹ ਹੈ ਸਿਰਫ਼ ਔਖੇ ਸਵਾਲ ਪੁੱਛਣ ਦੀ ਸ਼ੁਰੂਆਤ ਕਰਨ ਦੀ। ਸਭ ਤੋਂ ਪਹਿਲੀ ਲੋੜ ਹੈ ਸਟਾਲਿਨਪ੍ਰਸਤਾਂ ਨੂੰ ਸ਼ੀਸ਼ਾ ਵਖਾਉਣ ਦੀ। ਉਨ੍ਹਾਂ ਨੂੰ ਇਹ ਦੱਸਣ ਦੀ ਕਿ ਉਹ ਆਰਥਕ-ਰਾਜਨੀਤਕ-ਸਮਾਜਕ ਸੱਚਾਈਆਂ ਤੋਂ ਕੋਰੇ ਹੋਏ ਕਿਵੇਂ ਕਿਸੇ ਖਿਆਲੀ ਸਟਾਲਿਨੀ ਕਿਲ੍ਹੇ ਵਿੱਚ ਸ਼ਰਧਾਵਾਨ ਹੋਏ ਬੈਠੇ ਹਨ ਅਤੇ ਦੂਜਾ ਇਹ ਕਿ ਉਨ੍ਹਾਂ ਨੂੰ ਗੁਰਬਾਣੀ ਦੀ ਉੱਕਾ ਹੀ ਸਮਝ ਨਹੀਂ।

ਦੂਜੇ ਪਾਸੇ ਜਿਹੜੇ ਡੇਰੇ ਆਪਣੇ ਆਪ ਨੂੰ ਇਤਿਹਾਸਕ ਦੱਸਦੇ ਹੋਏ ਸਿੱਖੀ ਨੂੰ ਝੂਠ ਦਾ ਜੱਫਾ ਮਾਰੀ ਬੈਠੇ ਹਨ, ਲੋੜ ਹੈ ਉਸ ਝੂਠ ਨੂੰ ਨੰਗਾ ਕਰਨ ਦੀ ਅਤੇ ਉਸ ਜੱਫੇ ਨੂੰ ਤੋੜਨ ਦੀ। ਪਿਛਲੇ ਤਿੰਨ ਦਹਾਕਿਆਂ ਤੋਂ ਅਸੀਂ 1984 ਦਾ ਬਿਰਤਾਂਤ ਸ਼ਰਧਾ ਦੇ ਚਸ਼ਮੇਂ ਰਾਹੀਂ ਪੜ੍ਹਦੇ-ਵੇਖਦੇ ਆ ਰਹੇ ਹਾਂ। ਲੋੜ ਹੈ 1966 ਤੋਂ ਬਾਅਦ ਦੇ ਪੰਜਾਬ ਦੇ ਇਤਿਹਾਸ ਨੂੰ ਸਿਰਫ ਸੱਚ ਅਤੇ ਸਬੂਤਾਂ ਦੀ ਕਸਵੱਟੀ ਤੇ ਪਰਖਣ ਅਤੇ ਲਿਖਣ ਦੀ। ਇਸ ਤਰ੍ਹਾਂ ਲਿਖਿਆ ਇਤਿਹਾਸ ਸਾਨੂੰ 1984 ਸਮਝਣ ਵਿੱਚ ਬਹੁਤ ਮਦਦ ਕਰੇਗਾ।  ਜੇਕਰ ਅਸੀਂ ਅਜਿਹੇ ਇਤਿਹਾਸ ਨੂੰ ਲਿਖਣ-ਸਾਂਭਣ ਵਿੱਚ ਕਾਮਯਾਬ ਹੋ ਜਾਵਾਂਗੇ ਤਾਂ ਸਾਨੂੰ ਦੋ ਫਾਇਦੇ ਹੋ ਜਾਣਗੇ। ਇਕ ਤਾਂ ਉਸ ਕਲੰਕ ਤੋਂ ਛੁਟਕਾਰਾ ਹੋ ਜਾਵੇਗਾ ਜਿਸਦੇ ਗੋਚਰੇ ਇਹ ਕਿਹਾ ਜਾਂਦਾ ਹੈ ਕਿ ਸਿੱਖਾਂ ਨੂੰ ਇਤਹਾਸ ਬਣਾਉਣਾ ਤਾਂ ਆਉਂਦਾ ਹੈ ਪਰ ਲਿਖਣਾ ਨਹੀਂ। ਦੂਜਾ ਸਾਡੇ ਵਿੱਚ ਸੱਚਾਈ ਦਾ ਕੌੜਾ ਘੁੱਟ ਪੀ ਜਾਣ ਦੀ ਹਿੰਮਤ ਆ ਜਾਵੇਗੀ ਤੇ ਸ਼ਰਧਾ ਦੀ ਚਾਸ਼ਣੀ ਦੀ ਮੁਥਾਜੀ ਤੋਂ ਨਿਜਾਤ ਮਿਲ ਜਾਵੇਗੀ।

 

Posted in ਚਰਚਾ, ਸਮਾਜਕ

ਵਿਰਸਾ, ਵਿਰਾਸਤ ਅਤੇ ਅਗਵਾਈ—ਸਿੱਖ ਨਜ਼ਰੀਆ

ਸਿੱਖ ਇਤਿਹਾਸ ਸੁਨਹਿਰੇ ਪੰਨਿਆਂ ਨਾਲ ਭਰਿਆ ਪਿਆ ਹੈ। ਇਨ੍ਹਾਂ ਪੰਨਿਆਂ ਵਿੱਚ ਗੁਰੂ ਸਾਹਿਬਾਨ ਦਾ ਵਕਤ ਹੈ ਅਤੇ “ਸਬਦੁ” ਦੀ ਉੱਚਤਾ ਹੈ:

ਪਵਨ ਅਰੰਭੁ ਸਤਿਗੁਰ ਮਤਿ ਵੇਲਾ ॥ ਸਬਦੁ ਗੁਰੂ ਸੁਰਤਿ ਧੁਨਿ ਚੇਲਾ ॥ ਅਕਥ ਕਥਾ ਲੇ ਰਹਉ ਨਿਰਾਲਾ ॥ ਨਾਨਕ ਜੁਗਿ ਜੁਗਿ ਗੁਰ ਗੋਪਾਲਾ ॥ ਏਕੁ ਸਬਦੁ ਜਿਤੁ ਕਥਾ ਵੀਚਾਰੀ ॥ ਗੁਰਮੁਖਿ  ਹਉਮੈ ਅਗਨਿ ਨਿਵਾਰੀ ॥੪੪॥ ਪੰਨਾ ੯੪੩ ਸਿਧ ਗੋਸਟ

ਪ੍ਰੋ: ਸਾਹਿਬ ਸਿੰਘ ਜੀ ਦੇ ਟੀਕੇ ਮੁਤਾਬਿਕ ਪ੍ਰਾਣ ਹੀ ਹਸਤੀ ਦਾ ਮੁੱਢ ਹਨ। (ਇਹ ਮਨੁੱਖਾ ਜਨਮ ਦਾ) ਸਮਾ ਸਤਿਗੁਰੂ ਦੀ ਸਿੱਖਿਆ ਲੈਣ ਦਾ ਹੈ। ਸ਼ਬਦ (ਮੇਰਾ) ਗੁਰੂ ਹੈ, ਮੇਰੀ ਸੁਰਤ ਦਾ ਟਿਕਾਉ (ਉਸ ਗੁਰੂ ਦਾ) ਸਿੱਖ ਹੈ।  ਮੈਂ ਅਕੱਥ ਪ੍ਰਭੂ ਦੀਆਂ ਗੱਲਾਂ ਕਰ ਕੇ (ਭਾਵ, ਗੁਣ ਗਾ ਕੇ) ਮਾਇਆ ਤੋਂ ਨਿਰਲੇਪ ਰਹਿੰਦਾ ਹਾਂ।ਤੇ, ਹੇ ਨਾਨਕ! ਉਹ ਗੁਰ-ਗੋਪਾਲ ਹਰੇਕ ਜੁਗ ਵਿਚ ਮੌਜੂਦ ਹੈ। ਕੇਵਲ ਗੁਰ-ਸ਼ਬਦ ਹੀ ਹੈ ਜਿਸ ਦੀ ਰਾਹੀਂ ਪ੍ਰਭੂ ਦੇ ਗੁਣ ਵਿਚਾਰੇ ਜਾ ਸਕਦੇ ਹਨ, (ਇਸ ਸ਼ਬਦ ਦੀ ਰਾਹੀਂ ਹੀ) ਗੁਰਮੁਖ ਮਨੁੱਖ ਨੇ ਹਉਮੈ (ਖ਼ੁਦ-ਗ਼ਰਜ਼ੀ ਦੀ) ਅੱਗ (ਆਪਣੇ ਅੰਦਰੋਂ) ਦੂਰ ਕੀਤੀ ਹੈ ॥੪੪॥

ਸ਼ਬਦ ਤੋਂ ਬਾਅਦ ਸਿਖ ਇਤਿਹਾਸ ਲਾਸਾਨੀ ਸ਼ਹੀਦੀਆਂ ਨਾਲ ਭਰਿਆ ਪਿਆ ਹੈ। ਗੁਰੂ ਸਾਹਿਬਾਨ, ਸਾਹਿਬਜ਼ਾਦੇ, ਪਿਆਰੇ, ਮੁਕਤੇ । ਖਾਲਸਾਈ ਸ਼ਾਨੋ ਸ਼ੌਕਤ।  ਤੇ ਫਿਰ ਨਾਨਕ ਸ਼ਾਹੀ ਸਿੱਕਾ:

ਸਿੱਕਾ ਜ਼ਦ ਬਰ ਹਰ ਦੋ ਆਲਮ ਫਜ਼ਲ ਸੱਚਾ ਸਾਹਿਬ ਅਸਤ। ਗੁਰੂ ਗੋਬਿੰਦ ਸਿੰਘ ਸ਼ਾਹ ਏ ਸ਼ਾਹਾਨ ਤੇਗ਼ ਏ ਨਾਨਕ ਵਾਹਿਬ ਅਸਤ
ਪਿਛਲੇ ਪਾਸੇ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਦੀ ਮੁਹਰ।

ਨਾਨਕ ਸ਼ਾਹੀ ਸਿੱਕਾ ਨਾਨਕ ਦੀ ਤੇਗ਼ ਤੋਂ ਚੱਲਿਆ ਸੀ। ਅਸੀਂ ਅੱਜ ਗੁਰੂ ਨਾਨਕ ਸਾਹਿਬ ਦੀ ਤੇਗ਼ ਨੂੰ ਭੁੱਲੇ ਬੈਠੇ ਹਾਂ ਤੇ ਭਟਕੇ ਹੋਏ ਨਾਨਕ ਨੂੰ ਸ਼ਬਦ ਵਿੱਚੋਂ ਨਾ ਲੱਭ ਕੇ, ਅਸੀਂ ਕਦੇ ਕਿਸੇ ਤਸਵੀਰ ਵੱਲ ਝਾਕਦੇ ਹਾਂ ਤੇ ਕਦੀ ਕਿਸੇ ਵੱਲ। ਇਕ ਵੀ ਤਸਵੀਰ ਅਜਿਹੀ ਨਹੀਂ ਜਿਹੜੀ ਨਾਨਕ ਸ਼ਾਹੀ ਸਿੱਕੇ ਵਾਲੇ ਨਾਨਕ ਦੀ ਤਰਜ਼ੁਮਾਨੀ ਕਰਦੀ ਹੋਵੇ। ਨਾਨਕ ਦੀ ਤਲਵਾਰ ਤਾਂ ਸਾਡੀ ਯਾਦਾਸ਼ਤ ਵਿੱਚੋਂ ਗੁੰਮ ਹੀ ਕਰ ਦਿੱਤੀ ਗਈ ਹੈ। ਕਿਸੇ ਤਸਵੀਰ ਵਿੱਚ ਹੱਥੀਂ ਮਾਲਾ ਫੜੀ ਨਜ਼ਰ ਆਉਂਦੀ ਹੈ ਕਿਤੇ ਗੁੱਟ ਤੇ ਰੱਖੜੀ। ਕਾਲੀ ਬੇਈਂ ਵਾਲਾ ਵਾਕਿਆ ਗੁਰੂ ਨਾਨਕ ਸਾਹਿਬ ਦੀ ਉਮਰ ਦੇ ੩੦ਵਿਆਂ ਵਿੱਚ ਅਤੇ ਉਦਾਸੀਆਂ ੫੦ ਸਾਲ ਦੀ ਉਮਰ ਤੋਂ ਪਹਿਲਾਂ-ਪਹਿਲਾਂ ਕਰਣ ਦੇ ਬਾਵਜੂਦ ਵੀ ਤਸਵੀਰਾਂ ਵਾਲਿਆਂ ਦਾ ਸਾਰਾ ਜ਼ੋਰ ਨਾਨਕ ਨੂੰ ਸੱਤਰ ਸਾਲ ਦਾ ਵਖਾਉਣ ਵੱਲ ਹੈ। ਇਹ ਸਾਡੇ ਸਾਰਿਆਂ ਲਈ ਇਕ ਸੋਚਣ ਵਾਲਾ ਸੁਆਲ ਹੈ।

ਨਾਨਕ ਸ਼ਾਹੀ ਸਿੱਕੇ ਤੋਂ ਕੁਝ ਦਹਾਕੇ ਬਾਅਦ ਸ਼ੁਰੂ ਹੋਇਆ ਮਿਸਲਾਂ ਦਾ ਵਕਤ।  ਅੰਦਰੂਨੀ ਝਗੜੇ ਵੀ ਸਨ ਪਰ ਸਿਰਮੌਰਤਾ ਸਿੱਖ ਰਾਜ ਦੀ ਸਥਾਪਨਾ ਨਾਲ ਬੱਝਦੀ ਹੀ ਗਈ। ਇਨ੍ਹਾਂ ਦਹਾਕਿਆਂ ਦੌਰਾਨ ਬੇਅੰਤ ਮਿਸਾਲਾਂ ਇਸ ਗੱਲ ਦੀਆਂ ਮਿਲਦੀਆਂ ਹਨ ਕਿ ਅਗਵਾਈ ਕੀ ਹੁੰਦੀ ਹੈ ਤੇ ਕਿਵੇਂ ਕਰੀਦੀ ਹੈ। ਸਿਖ ਰਾਜ ਦੀਆਂ ਹੱਦਾਂ ਫੈਲਦੀਆਂ ਵੀ ਗਈਆਂ ਤੇ ਮਜ਼ਬੂਤ ਵੀ ਹੁੰਦੀਆਂ ਗਈਆਂ।  ਤੇ ਫੇਰ ਉਹ ਵਕਤ ਵੀ ਆ ਗਿਆ ਜਦ ਈਰਖਾ ਨੇ ਅੰਦਰੋਂ ਅੰਦਰ ਹੀ  ਸਿੱਖ ਸਿਰਮੌਰਤਾ ਨੂੰ ਡੰਗ ਦਿੱਤਾ।

ਦੇਰ ਨਾ ਲੱਗੀ ਉਸ ਵਕਤ ਲਈ ਜਦ ਅਸੀਂ ਆਪਣੇ ਹੀ ਵਿਰਸੇ  ਤੇ ਵਿਰਾਸਤ ਨੂੰ ਭੁੱਲਣ ਲੱਗ ਪਏ। ਕੀ ਗੱਲ ਸੀ ਕਿ ਅਸੀਂ ਆਪਣਾ ਵਿਰਸਾ ਤੇ ਵਿਰਾਸਤ ਹੀ ਸੰਭਾਲਣ ਦੇ ਯੋਗ ਨਹੀਂ ਰਹੇ? ਸਾਰਾ ਜ਼ੋਰ  ਇਤਿਹਾਸ ਦੀ ਬਜਾਏ ਮਨਘੜੰਤ ਕਹਾਣੀਆਂ ਨੂੰ ਯਾਦ ਕਰਣ ਉੱਤੇ ਲਾਉਣ ਲੱਗ ਪਏ। ਅਸੀਂ ਸ਼ਬਦ ਗੁਰੂ ਨੂੰ ਹੀ ਪਿੱਠ ਦੇਣੀ ਸ਼ੁਰੂ ਕਰ ਦਿੱਤੀ।

ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵੀ ਲੱਭਣ ਲੱਗਿਆਂ ਕਈ ਖ਼ਾਮੀਆਂ ਲੱਭ ਸਕਦੀਆਂ ਹਨ ਪਰ ਪੰਜਾਬ ਫ਼ਤਿਹ ਕਰਣ ਤੋਂ ਬਾਅਦ ਜਦ ਲਾਰਡ ਡਲਹਾਊਜ਼ੀ ਨੇ ਜਦ ਆਪਣੀ ਸਿੱਖਿਆ ਪ੍ਰਣਾਲੀ ਦਾ ਪਸਾਰਾ “ਅਨਪੜ੍ਹ ਪੰਜਾਬੀਆਂ” ਲਈ ਕਰਨ ਵਾਸਤੇ ਈਸਟ ਇੰਡੀਆ ਕੰਪਨੀ ਬੋਰਡ ਨੂੰ ਕਿਹਾ ਤਾਂ ਬੋਰਡ ਇਹ ਵੇਖ ਕੇ ਹੈਰਾਨ ਰਹਿ ਗਿਆ ਕਿ ਲਾਹੌਰ ਸ਼ਹਿਰ ਵਿੱਚ ੮੦ ਫ਼ੀ ਸਦੀ ਲੋਕ ਪੜ੍ਹ ਲਿਖ ਸਕਦੇ ਸਨ ਯਾਨੀ ਚਿੱਠੀ-ਰੁੱਕਾ ਆਦਿ ਲਿਖ ਸਕਦੇ ਸਨ। ਅੱਜ ਦੇ ਪੰਜਾਬ ਵਿੱਚ ਅਨਪੜ੍ਹਤਾ ਦੇ ਬੋਲ ਬਾਲੇ ਤੋਂ ਆਪ ਸਭ ਤਾਂ ਭਲੀ ਭਾਂਤ ਜਾਣੂ ਹੀ ਹੋ। ਕਿਸੇ ਨੂੰ ਕੋਈ ਫਾਰਮ ਭਰਨ ਲਈ ਕਹਿ ਦਿਓ ਤਾਂ ਉਪਰ ਥੱਲੇ ਝਾਕਦੇ ਹਨ। ਗੱਲ ਇਥੇ ਹੀ ਨਹੀਂ ਮੁੱਕਦੀ। ਸੰਨ ੧੮੧੨ ਵਿੱਚ ਕਲਕੱਤੇ ਫ਼ੋਰਟ ਵਿਲਿਅਮ ਵਿਖੇ ਪੰਜਾਬੀ ਵਿਆਕਰਣ ਲਿਖਣ ਵਾਲੇ ਡਾ: ਕੈਰੀ ਨੇ ਇਹ ਵਿਆਕਰਣ ਪੰਜਾਬੀ ਕਾਇਦੇ ਦੀ ਬੁਨਿਆਦ ਤੇ ਲਿਖੀ ਸੀ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਹਰ ਪਿੰਡ ਦੇ ਲੰਬੜਦਾਰ ਦੀ ਜ਼ਿੰਮੇਵਾਰੀ ਹੁੰਦੀ ਸੀ ਕਿ ਇਹ ਪੰਜਾਬੀ ਕਾਇਦਾ ਹਰ ਪਿੰਡ ਦੇ ਹਰ ਘਰ ਦੀ ਜ਼ਨਾਨੀ ਲਈ ਪੜ੍ਹਨਾ ਲਾਜ਼ਮੀ ਸੀ। ਜੇਕਰ ਪੜ੍ਹੀ ਲਿਖੀ ਜ਼ਨਾਨੀ ਤਾਂ ਫਿਰ ਪੜ੍ਹਿਆ ਲਿਖਿਆ ਸਾਰਾ ਘਰ।

ਅਸੀਂ ਇਹ ਤਾਂ ਬਹੁਤ ਸ਼ਾਨ ਨਾਲ ਦੱਸਦੇ ਹਾਂ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਖਤਮ ਹੋਣ ਤੋਂ ਬਾਅਦ ਅੰਗਰੇਜ਼ਾਂ ਨੇ ਇਕ ਲੱਖ ਵੀਹ ਹਜ਼ਾਰ ਗੱਡੇ ਭਰ ਕੇ ਹਥਿਆਰ ਜ਼ਬਤ ਕਰ ਲਏ ਪਰ ਪਤਾ ਨਹੀਂ ਕਿਉਂ ਅਸੀਂ ਇਹ ਗੱਲ ਦੱਸਣ ਤੋਂ ਸੰਗ ਜਾਂਦੇ ਹਾਂ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਖਤਮ ਹੋਣ ਤੋਂ ਬਾਅਦ ਪੰਜਾਬ ਦੇ ਪਿੰਡਾਂ ਵਿੱਚੋਂ ਪੰਜਾਬੀ ਕਾਇਦਾ ਵੀ ਗਾਇਬ ਕਰ ਦਿੱਤਾ ਗਿਆ।

ਦੂਜੇ ਪਾਸੇ, ਗੁਰੂ ਸਾਹਿਬਾਨ ਦੇ ਵਕਤ ਤੋਂ ਚੱਲਿਆ ਆ ਰਿਹਾ ਔਰਤ ਦਾ ਉੱਚਾ ਰੁਤਬਾ ਵੀ ਹੇਠਲੇ ਪੌੜੇ ਵੱਲ ਧੱਕ ਦਿੱਤਾ ਗਿਆ ਹੈ। ਅੱਜ ਦੀ ਪੰਜਾਬੀ ਗਾਇਕੀ ਦੇ ਬੋਲ ਇਕ ਆਮ ਮਿਸਾਲ ਹਨ।

ਵਿਰਾਸਤ:

ਵਿਰਾਸਤ ਦੀ ਕੀ ਗੱਲ ਕਰੀਏ ਜਦ ਆਪਣੇ ਇਤਿਹਾਸ ਬਾਰੇ ਹੀ ਸਾਡੀ ਯਾਦਾਸ਼ਤ ਧੁੰਦਲੀ ਹੋਣ ਲੱਗ ਪੈਂਦੀ ਹੈ। ਅੱਜ ਵੀ ਪੰਜਾਬ ਵਿੱਚ ਜੇਕਰ ਕੋਈ ਕਹੇ ਕਿ ਮੈਂ ਬੀ ਏ ਵਿੱਚ ਇਤਿਹਾਸ ਦਾ ਵਿਸ਼ਾ ਪੜ੍ਹਨਾ ਚਾਹੁੰਦਾ ਹਾਂ ਤਾਂ ਉਸ ਨੂੰ ਮਜ਼ਾਹੀਆ ਲਹਿਜੇ ਨਾਲ ਵੇਖਿਆ ਜਾਂਦਾ ਹੈ। ਪਰ ਨਾਲ ਹੀ ਨਾਲ ਅਸੀਂ ਭੁੱਲ ਜਾਂਦੇ ਹਾਂ ਕਿ ਭਾਰਤ ਦੀਆਂ ਚੋਟੀ ਦੀਆਂ ਨੌਕਰੀਆਂ ਲਈ ਜੋ ਇਮਤਿਹਾਨ ਰੱਖੇ ਜਾਂਦੇ ਹਨ ਉਨ੍ਹਾਂ ਵਿੱਚ ਇਤਿਹਾਸ ਦੇ ਪਰਚੇ ਦਾ ਕੀ ਮਹੱਤਵ ਹੈ? ਇਹ ਵੱਖਰੀ ਗੱਲ ਹੈ ਉਸ ਇਤਿਹਾਸ ਦਾ ਪਟਾ ਅੱਜ ਕਿਵੇਂ ਚੜ੍ਹਾਇਆ ਜਾ ਰਿਹਾ ਹੈ ਜੋ ਕਿ ਸਾਡੀ ਅੱਜ ਦੀ ਗੱਲ ਦੇ ਘੇਰੇ ਤੋਂ ਥੋੜ੍ਹਾ ਬਾਹਰ ਹੈ।

ਪੱਛਮੀ ਮੁਲਖਾਂ ਵਿੱਚ ਵੀ ਚੋਟੀ ਦੀਆਂ ਅੰਦਰੂਨੀ ਸੇਵਾਵਾਂ ਵਿੱਚ ਇਤਿਹਾਸ ਦੀ ਪੜ੍ਹਾਈ ਇਕ ਲਾਜ਼ਮੀ ਮਜ਼ਮੂਨ ਹੈ। ਸਾਡਾ ਸਾਰਾ ਜ਼ੋਰ ਲੱਗਦਾ ਹੈ ਇਸ ਗੱਲ ਤੇ ਲੱਗਾ ਹੈ ਕਿ ਇਤਿਹਾਸ ਨੂੰ ਕਿਵੇਂ ਭੁੱਲਣਾ ਹੈ ਖਾਸ ਤੌਰ ਤੇ ਉਸ ਖੇਤਰ ਵਿੱਚ ਜੋ ਸਾਨੂੰ ਸੁਚੱਜੇ ਆਗੂ ਬਣਨ ਵਿੱਚ ਮਦਦ ਕਰਦਾ ਹੋਵੇ।  ਅਸੀਂ ੮੪-੮੪ ਤਾਂ ਬਹੁਤ ਕਰਦੇ ਹਾਂ ਪਰ ਆਪਣੇ ਅੰਦਰ ਝਾਤ ਮਾਰ ਕੇ ਪੱਛੋ ਕਿ ਅਸੀਂ ੮੪ ਬਾਰੇ ਕਿੰਨੀਆਂ ਕੁ ਕਿਤਾਬਾਂ ਪੜ੍ਹੀਆਂ ਹਨ? ਸ਼ਬਦ ਗੁਰੂ ਦੀ ਵਿਰਾਸਤ ਦੇ ਬਾਵਜੂਦ ਮੂੰਹ ਜ਼ੁਬਾਨੀ ਤੋਂ ਵੱਧ ਸਾਡੇ ਪੱਲੇ ਕੁਝ ਨਹੀਂ ਹੈ। ਠੀਕ ਹੈ, ਨੌਕਰੀ ਖਾਤਰ ਪੜ੍ਹਾਈ ਲਈ ਹਰ ਕੋਈ ਇਤਿਹਾਸ ਨਹੀਂ ਪੜ੍ਹ ਸਕਦਾ ਪਰ ਸ਼ੌਕੀਆ ਤੌਰ ਤੇ ਇਤਿਹਾਸ ਪੜ੍ਹਨ ਤੋਂ ਤੁਹਾਨੂੰ ਕੌਣ ਰੋਕਦਾ ਹੈ?

ਹਰਜੀਤ ਸਿੰਘ ਸੱਜਣ ਨੇ ਵੀ ਇਕ ਵਾਰ ਕਿਤੇ ਟਿੱਪਣੀ ਕੀਤੀ ਸੀ ਕਿ ਸਿੱਖ ਘੱਟ ਗਿਣਤੀ ਹੋਣ ਦੇ ਬਾਵਜੂਦ ਬਹੁਗਿਣਤੀ ਹੋਣ ਦਾ ਭਰਮ ਪਾਲ ਕੇ ਰੱਖਦੇ ਹਨ। ਇਸ ਦਾ ਕਾਰਣ ਵੀ ਉਪਰੋਕਤ ਤੋਂ ਸਾਫ਼ ਜ਼ਾਹਰ ਹੈ। ਪਰ ਇਹ ਵੀ ਇਕ ਲੰਮੀ ਚਰਚਾ ਦਾ ਵਿਸ਼ਾ ਹੈ ਜੋ ਸਾਡੀ ਅੱਜ ਦੀ ਗੱਲਬਾਤ ਦੇ ਦਾਇਰੇ ਤੋਂ ਬਾਹਰ ਹੈ।

ਅਗਵਾਈ:

ਅੱਜ ਜੇਕਰ ਅਸੀਂ ਵਿਰਸੇ ਅਤੇ ਵਿਰਾਸਤ ਬਾਰੇ ਘੜ ਮੱਸ ਵਿੱਚ ਪੈ ਗਏ ਹਾਂ ਤਾਂ ਅਗਵਾਈ ਦੀ ਗੱਲ ਕਰਣ ਜੋਗੇ ਵੀ ਨਹੀਂ ਰਹੇ ਹਾਂ। ਮਕਾਨ ਦੀ ਉਪਰਲੀ ਮੰਜ਼ਲ ਤਾਂ ਹੀ ਪੈ ਸਕਦੀ ਹੈ ਜੇਕਰ ਹੇਠਲੀ ਠੋਸ ਅਤੇ ਮਜ਼ਬੂਤ ਹੋਵੇ।  ਪਰ ਹੇਠਲੀ ਮੰਜ਼ਲ ਨੂੰ ਠੋਸ ਕਰਣ ਲਈ ਜਦ ਸ਼ਬਦ ਗੁਰੂ ਦੀ ਗੱਲ ਕਰੀਏ ਤਾਂ ਬਿਪਰਵਾਦੀ ਲੋਕ ਝੱਟ ਕਹਿੰਦੇ ਹਨ ਕਿ ਅਸੀਂ ਪੜ੍ਹਨ-ਪੜ੍ਹਾਉਣ ਤੋਂ ਕੀ ਲੈਣਾ? ਗਲਤ ਹਵਾਲਾ ਦਿੰਦੇ ਹੋਏ ਉਹ ਇਹ ਕਹਿੰਦੇ ਹਨ ਕਿ ਕੀ ਕਰੀਏ ਗੁਰਬਾਣੀ ਵਿੱਚ ਲਿਖਿਆ ਹੈ: ਪੜਿ ਪੜਿ ਗਡੀ ਲਦੀਅਹਿ। ਉਹ ਭੁੱਲ ਜਾਂਦੇ ਹਨ ਕਿ ਇਸ ਸ਼ਬਦ ਵਿੱਚ ਵਿਚਾਰ ਹਉਮੈ ਦੇ ਸੰਦਰਭ ਵਿੱਚ ਹੋ ਰਹੀ ਹੈ ਨਾ ਕਿ ਸ਼ਬਦ ਵੀਚਾਰ ਬਾਰੇ। ਸ਼ਬਦ ਵਿਚਾਰ ਬਾਰੇ ਤਾਂ ਗੁਰਬਾਣੀ ਵਿੱਚ ਬਹੁਤ ਸਪਸ਼ਟ ਲਿਖਿਆ ਹੇ:

  • ਸੇਵਾ ਸੁਰਤਿ ਰਹਸਿ ਗੁਣ ਗਾਵਾ ਗੁਰਮੁਖਿ ਗਿਆਨੁ ਬੀਚਾਰਾ ॥ ਖੋਜੀ ਉਪਜੈ ਬਾਦੀ ਬਿਨਸੈ ਹਉ ਬਲਿ ਬਲਿ ਗੁਰ ਕਰਤਾਰਾ ॥ (੧੨੫੫)
  • ਸਭਸੈ ਊਪਰਿ ਗੁਰ ਸਬਦੁ ਬੀਚਾਰੁ ॥ ਹੋਰ ਕਥਨੀ ਬਦਉ ਨ ਸਗਲੀ ਛਾਰੁ ॥੨॥ (੯੦੪)
  • ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ ॥ ਅਕਲੀ ਪੜ੍ਹ੍ਹਿ ਕੈ ਬੁਝੀਐ ਅਕਲੀ ਕੀਚੈ ਦਾਨੁ ॥ ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ ॥੧॥ ਮਃ ੨ ॥ (੧੨੪੫)
  • ਖੋਜਤ ਖੋਜਤ ਪਾਇਆ ਡਰੁ ਕਰਿ ਮਿਲੈ ਮਿਲਾਇ ॥ ਆਪੁ ਪਛਾਣੈ ਘਰਿ ਵਸੈ ਹਉਮੈ ਤ੍ਰਿਸਨਾ ਜਾਇ ॥ (੫੭)

ਜੇਕਰ ਅਸੀਂ ਸ਼ਬਦ ਗੁਰੂ ਦੇ ਗਾਡੀ ਰਾਹ ਤੋਂ ਨਾ ਭਟਕੀਏ ਤਾਂ ਕੋਈ ਵੀ ਸਾਡਾ ਭਵਿੱਖ ਸਾਡੇ ਕੋਲੋਂ ਖੋਹ ਨਹੀਂ ਸਕਦਾ।

(ਇਹ ਵਿਚਾਰ ਲੇਖਕ ਵੱਲੋਂ ਪਹਿਲੀ ਵਾਰ ੨੮ ਨਵੰਬਰ ੨੦੧੫ ਨੂੰ ਵਰਲਡ ਕਾਊਂਸਲ ਆਫ਼ ਸਿੱਖ ਅਫ਼ੇਅਰਜ਼, ਨਿਊਜ਼ੀਲੈਂਡ ਵੱਲੋਂ ਆਕਲੈਂਡ ਵਿਖੇ ਕਰਵਾਏ ਗਏ “ਸਿੱਖ ਕੌਮ ਦਾ ਭਵਿੱਖ” ਸੈਮੀਨਾਰ ਵਿੱਚ ਪੜ੍ਹੇ ਗਏ)