Posted in ਚਰਚਾ, Punjab

ਫਿਰ ਕਸੂਰ ਪੁਛਦੇ!

ਬੀਤੇ ਦਿਨੀਂ ਬੀਰ ਸਿੰਘ ਦਾ ਲਿਖਿਆ ਅਤੇ ਰਣਜੀਤ ਬਾਵਾ ਦਾ ਗਾਇਆ ਗਾਣਾ “ਮੇਰਾ ਕੀ ਕਸੂਰ” ਕਾਫ਼ੀ ਚਰਚਾ ਵਿੱਚ ਰਿਹਾ ਅਤੇ ਫਿਰ ਵਿਵਾਦ ਨਾਲ ਖਤਮ ਹੋ ਗਿਆ।  

ਇਹ ਵੀ ਪਤਾ ਲੱਗਾ ਕਿ ਕੁਝ ਧਿਰਾਂ ਨੇ ਪੁਲਿਸ ਕੋਲ ਸ਼ਿਕਾਇਤ ਵੀ ਕੀਤੀ ਅਤੇ ਬਾਅਦ ਵਿੱਚ ਇਹ ਗਾਣਾ ਯੂਟਿਊਬ ਤੋਂ ਹਟਾ ਵੀ ਦਿੱਤਾ ਗਿਆ। ਉਸ ਤੋਂ ਬਾਅਦ ਹਰ ਪਾਸੇ ਚਰਚਾ ਸ਼ੁਰੂ ਹੋ ਗਈ। ਸਮਾਜਿਕ ਮਾਧਿਅਮ ਦੇ ਉੱਤੇ ਧਾਰਮਕ ਰੰਗਤ ਵਿੱਚ ਧਿਰਾਂ ਵੰਡੀਆਂ ਗਈਆਂ। ਲੱਗਦਾ ਇਹੀ ਸੀ ਕਿ ਕਿ ਲੋਕੀਂ ਧਰਮ ਦੇ ਨਾਂ ਉੱਤੇ ਵੰਡੇ ਹੋਏ ਜਿੰਨੇ ਮੂੰਹ ਓਨੀਆਂ ਗੱਲਾਂ ਸੁਣਨ ਨੂੰ ਮਿਲ ਰਹੀਆਂ ਸਨ। ਨਵੀਆਂ ਨਵੀਆਂ ਬੇਸਿਰ ਪੈਰ ਦਲੀਲਾਂ – ਵਿੱਚੇ ਹੀ ਬੋਲਣ ਦੀ ਅਜ਼ਾਦੀ ਦਾ ਰੋਲ਼-ਘਚੋਲ਼।   

ਇਸ ਦੌਰਾਨ ਕਈ ਤਰ੍ਹਾਂ ਦੇ ਲੇਖ ਵੀ ਪੜ੍ਹਨ ਨੂੰ ਮਿਲੇ ਜਿਨ੍ਹਾਂ ਨੂੰ ਮੈਂ ਇੱਥੇ ਚਰਚਾ ਕਰਨ ਦੇ ਯੋਗ ਨਹੀਂ ਸਮਝਦਾ ਪਰ ਦੋ ਲੇਖਾਂ ਬਾਰੇ ਮੈਂ ਜ਼ਰੂਰ ਗੱਲ ਕਰਾਂਗਾ। ਇੱਕ ਲੇਖ ਲੁਧਿਆਣਾ ਤੋਂ ਮਿੱਤਰ ਸੈਨ ਮੀਤ ਹੋਣਾ ਦਾ ਹੈ ਜਿੰਨਾ ਨੇ ਧਰਮ ਦੀ ਬੇਅਦਬੀ ਦਾ ਮੁੱਦਾ ਕਨੂੰਨੀ ਦਲੀਲ ਦੇ ਨਾਲ ਸਮਝਾਇਆ ਹੈ ਜੋ ਕਿ ਇੱਥੇ ਕਲਿਕ ਕਰਕੇ ਪੜ੍ਹਿਆ ਜਾ ਸਕਦਾ ਹੈ। 

ਦੂਜਾ ਲੇਖ ਐਡੀਲੇਡ ਵਾਲੇ ਮਿੰਟੂ ਬਰਾੜ ਹੋਰਾਂ ਦਾ ਲਿਖਿਆ ਹੋਇਆ ਹੈ ਅਤੇ ਉਨ੍ਹਾਂ ਨੇ ਲੋਕ ਗਾਇਕੀ ਤੋਂ ਮੋਕ ਗਾਇਕੀ ਦੀ ਗੱਲ ਕੀਤੀ ਹੈ ਜੋ ਕਿ ਇੱਥੇ ਕਲਿਕ ਕਰਕੇ ਪੜ੍ਹਿਆ ਜਾ ਸਕਦਾ ਹੈ। ਮਿੰਟੂ ਹੋਰਾਂ ਨੇ ਇੱਕ ਵੱਖਰੀ ਕਿਸਮ ਦਾ ਨਜ਼ਰੀਆ ਪੇਸ਼ ਕੀਤਾ ਹੈ ਜੋ ਕਿ ਕਾਬਲੇ ਤਾਰੀਫ਼ ਹੈ ਤੇ ਇਹ ਲੇਖ ਪੜ੍ਹਨਯੋਗ ਹੈ।  

ਇਸ ਤੋਂ ਪਹਿਲਾਂ ਕਿ ਮੈਂ ਆਪਣੀ ਗੱਲ ਅੱਗੇ ਜਾਰੀ ਰੱਖਾਂ, ਮੈਂ ਇੱਥੇ ਇੱਕ ਅਕਾਦਮਕ ਮਿਸਾਲ ਦੇਣੀ ਚਾਹਵਾਂਗਾ। ਨਿਊਜ਼ੀਲੈਂਡ ਮੁਲਕ ਦੇ ਮੂਲ ਵਾਸੀ ਮਾਓਰੀ ਲੋਕ ਹਨ। ਇਨ੍ਹਾਂ ਬਾਰੇ ਯੂਨੀਵਰਸਿਟੀ ਪੱਧਰ ਦੇ ਉੱਤੇ ਕਾਫ਼ੀ ਖੋਜ ਹੁੰਦੀ ਰਹਿੰਦੀ ਹੈ ਤੇ ਕਿਤਾਬਾਂ ਵੀ ਲਿਖੀਆਂ ਜਾਂਦੀਆਂ ਹਨ। ਖੋਜ ਪੱਤਰ ਹਾਲਾਂਕਿ ਯੂਨੀਵਰਸਿਟੀ ਪੱਧਰ ਤੇ ਹੁੰਦੀ ਖੋਜ ਬਾਰੇ ਹੁੰਦੇ ਹਨ ਪਰ ਇਹ ਖਾਸ ਖਿਆਲ ਰੱਖਿਆ ਜਾਂਦਾ ਹੈ ਕਿ ਕਿਸੇ ਵੀ ਕਿਸਮ ਦੀ ਖੋਜ ਵਿੱਚ ਪੱਖਪਾਤ ਨਹੀਂ ਨਜ਼ਰ ਆਉਣਾ ਚਾਹੀਦਾ।  

Photo by Markus Spiske on Unsplash

ਪਰ ਇਸ ਸਭ ਦੇ ਬਾਵਜੂਦ ਮਾਓਰੀ ਵਿਦਵਾਨਾਂ ਨੇ ਇਹ ਸਾਬਤ ਕੀਤਾ ਹੈ ਕਿ ਖੋਜ ਪ੍ਰਣਾਲੀ ਵਿੱਚ ਗੋਰਿਆਂ ਨੇ ਜਦ ਵੀ ਮਾਓਰੀ ਵਿਸ਼ੇ ਉੱਤੇ ਕੋਈ ਖੋਜ ਕੀਤੀ ਹੈ ਤਾਂ ਉਹ ਹਮੇਸ਼ਾਂ ਪੱਖਪਾਤੀ ਰਹੇ ਹਨ। ਮਾਓਰੀ ਵਿਦਵਾਨਾਂ ਨੇ ਖੋਜ ਪ੍ਰਣਾਲੀਆਂ ਸੁਧਾਰਣ ਲਈ ਕਈ ਸੁਝਾਅ ਵੀ ਦਿੱਤੇ ਹਨ ਜੋ ਕਿ ਅੱਜ ਕੱਲ੍ਹ ਨਿਊਜ਼ੀਲੈਂਡ ਦੀਆਂ ਯੂਨੀਵਰਸਿਟੀਆਂ ਬੜੇ ਕਰੜੇ ਤਰੀਕੇ ਨਾਲ ਲਾਗੂ ਕਰਦੀਆਂ ਹਨ।    

ਸੋ ਲੋੜ ਹੈ ਕਿ ਡੈਰੀਡਾ ਦੀ ਡੀਕੰਸਟ੍ਰਕਸ਼ਨ ਥਿਊਰੀ ਮੁਤਾਬਿਕ ਗੀਤ ਦੇ ਬੋਲਾਂ ਦੇ ਮਤਲਬ ਕੱਢੇ ਜਾਣ ਤਾਂ ਜੋ ਇਹ ਪਤਾ ਲੱਗ ਸਕੇ ਕਿ ਕੀ ਇਹ ਗੀਤ ਗੰਭੀਰਤਾ ਨਾਲ ਲਿਖਿਆ ਗਿਆ ਹੈ ਜਾਂ ਫਿਰ ਹਵਾ ਵਿੱਚ ਡਾਂਗਾਂ ਚਲਾਈਆਂ ਗਈਆਂ ਹਨ? ਇਸੇ ਅਕਾਦਮਕ ਨਜ਼ਰੀਏ ਨਾਲ ਹੀ ਮੈਂ ਬੀਰ ਸਿੰਘ ਦੇ ਲਿਖੇ ਗੀਤ ਦੇ ਉੱਤੇ ਇੱਕ ਦੋ ਸਵਾਲ ਖੜ੍ਹੇ ਕਰ ਰਿਹਾ ਹਾਂ ਅਤੇ ਕੋਈ ਵੀ ਕਿਸੇ ਕਿਸਮ ਦੀ ਟਿੱਪਣੀ ਦੇਣ ਤੋਂ ਗੁਰੇਜ਼ ਕਰਾਂਗਾ। ਸਭ ਤੋਂ ਪਹਿਲਾ ਸੁਆਲ ਤੇ ਇਹ ਉਠਦਾ ਹੈ ਕਿ ਇਸ ਗੀਤ ਨੂੰ ਲਿਖਿਆ ਕਿਉਂ ਗਿਆ?

ਮੈਨੂੰ ਇਸ ਗੱਲ ਦਾ ਵੀ ਪਤਾ ਹੈ ਕਿ ਬੀਰ ਸਿੰਘ ਬੜੀ ਸਾਫ ਸੁਥਰੇ ਗੀਤ ਲਿਖਦਾ ਹੈ ਅਤੇ ਉਸ ਦੇ ਫਿਲਮਾਂ ਦੇ ਵਿੱਚ ਵੀ ਇਸ਼ਕ ਮਿਜ਼ਾਜੀ ਵਾਲੇ ਕਾਫ਼ੀ ਗੀਤ ਮਸ਼ਹੂਰ ਹੋਏ ਹਨ। ਬੀਰ ਸਿੰਘ “ਜੀਵੇ ਪੰਜਾਬ” ਵਰਗੇ ਉਦਮ ਵਿੱਚ ਵੀ ਕਾਫ਼ੀ ਸਰਗਰਮ ਹੈ।  

ਪਰ ਮੈਂ ਆਪਣਾ ਸਾਰਾ ਧਿਆਨ ਇਸੇ ਗੀਤ ਦੇ ਉੱਤੇ ਕੇਂਦਰਤ ਕਰ ਰਿਹਾ ਹਾਂ। ਜਦੋਂ ਬੀਰ ਸਿੰਘ ਇਹ ਲਿਖਦਾ ਹੈ ਕਿ ਮਾੜੇ ਘਰ ਜੰਮਿਆ ਤਾਂ ਮੇਰਾ ਕੀ ਕਸੂਰ ਹੈ, ਇਸ ਗੀਤ ਦੇ ਵਿੱਚ ਉਸ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਉਹ ਕਿਸ ਮਾੜੇ ਘਰ ਦੀ ਗੱਲ ਕਰ ਰਿਹਾ ਹੈ। ਨਾ ਹੀ ਉਹ ਇਹ ਸਪਸ਼ਟ ਕਰਦਾ ਹੈ ਕਿ ਇਹ ਮਾੜਾ ਘਰ ਪੱਥਰਾਂ ਨੂੰ ਦੁੱਧ ਪਿਆਉਣ ਵਾਲਿਆਂ ਨਾਲੋਂ ਅਤੇ ਗਊ ਦੇ ਮੂਤ ਨੂੰ ਸ਼ੁੱਧ ਮੰਨਣ ਵਾਲਿਆਂ ਨਾਲੋਂ ਵੱਖ ਕਿਵੇਂ ਹੈ? ਕੀ ਮਾੜੇ ਘਰਾਂ ਵਿੱਚ ਜੰਮੇ ਲੋਕ ਪੱਥਰਾਂ ਨੂੰ ਦੁੱਧ ਨਹੀਂ ਪਿਆਉਂਦੇ ਜਾਂ ਗਊ ਦਾ ਮੂਤ ਸ਼ੁੱਧ ਨਹੀਂ ਮੰਨਦੇ? ਇਥੇ ਲੋਕਾਚਾਰੀ ਨੂੰ ਲੈ ਕੇ ਮੈਂ ਗੱਲ ਕੀਤੀ ਹੈ ਤੇ ਕਿਸੇ ਰਾਜਨੀਤੀ ਦੀ ਜੁਆਬ ਰੂਪੀ ਦਲੀਲ ਇਥੇ ਵਾਜਬ ਨਹੀਂ ਗਿਣੀ ਜਾਵੇਗੀ।  

ਫਿਰ ਬੀਰ ਸਿੰਘ ਜਾਤਾਂ ਦੇ ਨਾਂਅ ਤੇ ਬਣੇ ਗੁਰਦੁਆਰਿਆਂ ਦੀ ਵੀ ਗੱਲ ਕਰਦਾ ਹੈ। ਪਰ ਉਹ ਇਹ ਵੀ ਨਹੀਂ ਸਪੱਸ਼ਟ ਕਰਦਾ ਕਿ ਜਾਤਾਂ ਦੇ ਨਾਂ ਤੇ ਬਣੇ ਗੁਰਦੁਆਰੇ ਕਿਰਿਆ ਹਨ ਕਿ ਪ੍ਰਤੀਕਿਰਿਆ ਹਨ ਅਤੇ ਕੀ ਜਾਤਾਂ ਦੇ ਨਾਂਅ ਤੇ ਬਣੇ ਗੁਰਦੁਆਰਿਆਂ ਦਾ ਮਾੜੇ ਘਰ ਜੰਮਣ ਦੇ ਨਾਲ ਕੋਈ ਸੰਬੰਧ ਹੈ ਜਿਸ ਨੂੰ ਬੀਰ ਸਿੰਘ ਨੇ ਆਪਣੇ ਗੀਤ ਦਾ ਧੁਰਾ ਬਣਾਇਆ ਹੋਇਆ ਹੈ? ਕਿ ਜਾਂ ਫਿਰ ਜਾਤਾਂ ਦੇ ਨਾਂਅ ਤੇ ਬਣੇ ਗੁਰਦੁਆਰੇ ਤਗੜੇ ਘਰਾਂ ਵਿੱਚ ਜੰਮੇ ਹੋਣ ਦੇ ਸੂਚਕ ਹਨ?

Posted in ਚਰਚਾ, Punjab

ਰਵਾਇਤੀ ਅਨਾਜ ਦੀ ਬੁਝਾਰਤ

ਛੋਟੇ ਹੁੰਦਿਆਂ ਇੱਕ ਕਹਾਵਤ ਆਮ ਹੀ ਸੁਣਦੇ ਹੁੰਦੇ ਸਾਂ ਕਿ ਕੁਝ ਲੋਕ ਜਿਊਣ ਲਈ ਖਾਂਦੇ ਹਨ ਤੇ ਕੁਝ ਖਾਣ ਲਈ ਜਿਊਂਦੇ ਹਨ। ਗੱਲ ਉਦੋਂ ਕਾਫੀ ਗੁੰਝਲਦਾਰ ਲੱਗਦੀ ਹੁੰਦੀ ਸੀ ਪਰ ਹੁਣ ਇਹਦੇ ਹੋਰ ਕਈ ਪਹਿਲੂ ਵੀ ਸਾਹਮਣੇ ਆ ਰਹੇ ਹਨ।

ਅੱਜ ਭਾਵੇਂ ਕਿਸੇ ਸੁਪਰਮਾਰਕਿਟ ਚਲੇ ਜਾਵੋ ਤੇ ਭਾਵੇਂ ਕਿਤੇ ਘੁੰਮਣ-ਫਿਰਨ। ਸਭ ਰਸਤੇ ਅਤੇ ਰਾਹ ਖਾਣ ਪੀਣ ਵਾਲੀਆਂ ਥਾਵਾਂ ਨਾਲ ਭਰੇ, ਸੁਪਰ ਮਾਰਕੀਟਾਂ ਦੇ ਖਾਨੇ ਖਾਣ ਪੀਣ ਵਾਲੀਆਂ ਵਸਤਾਂ ਨਾਲ ਭਰੇ ਅਤੇ ਸੰਚਾਰ ਮਾਧਿਅਮਾਂ ਉੱਤੇ ਖਾਸ ਤੌਰ ਤੇ ਟੀਵੀ ਦੇ ਉੱਤੇ ਚੱਲਦੇ ਖਾਣੇ ਬਣਾਉਣ ਦੇ ਪ੍ਰੋਗਰਾਮ ਵੇਖ ਕੇ ਇਹ ਲੱਗਦਾ ਹੈ ਕਿ ਸ਼ਾਇਦ ਮਨੁੱਖਤਾ ਦਾ ਸਾਰਾ ਧਿਆਨ ਹੁਣ ਸਿਰਫ਼ ਖਾਣ ਪੀਣ ਦੇ ਉਪਰ ਹੀ ਹੈ।  

ਇਸ ਸਭ ਦੇ ਚੱਲਦੇ, ਅੱਜ ਕੱਲ੍ਹ ਇਨਸਾਨੀ ਸਰੀਰ ਦੀ ਬਨਾਵਟ ਅਤੇ ਸਰੀਰਕ ਸਮਤੋਲ ਖਾਣ ਪੀਣ ਦੇ ਉੱਤੇ ਹੀ ਨਿਰਭਰ ਹੋ ਗਿਆ ਹੈ ਖਾਸ ਤੌਰ ਤੇ ਉਸ ਵੇਲੇ ਜਦਕਿ ਹੁਣ ਸਰੀਰਕ ਕੰਮ ਘਟਦਾ ਜਾ ਰਿਹਾ ਹੈ ਤੇ ਉਸ ਦਾ ਖੱਪਾ ਪੂਰਾ ਕਰਨ ਦੇ ਲਈ ਕਸਰਤ ਕਰਣ ਲਈ ਜਿੰਮ ਵਿੱਚ ਜਾਣ ਦੇ ਰੁਝਾਨ ਵੱਧ ਰਹੇ ਹਨ।  

ਅੱਜ ਕੱਲ੍ਹ ਸਰੀਰਾਂ ਨੂੰ ਕਈ ਕਿਸਮ ਦੀਆਂ ਬਿਮਾਰੀਆਂ ਨੇ ਵੀ ਆਣ ਘੇਰਿਆ ਹੈ। ਪੰਜਾਬ ਦੇ ਮਾਲਵੇ ਦੀ ਬੈਲਟ ਦੇ ਵਿੱਚ ਜਦੋਂ ਕੈਂਸਰ ਆਮ ਹੋਣਾ ਸ਼ੁਰੂ ਹੋ ਗਿਆ ਤਾਂ ਕਈ ਸਮਾਜ ਸੇਵੀ ਸੰਸਥਾਵਾਂ ਵੀ ਲੋਕ ਭਲਾਈ ਦੇ ਉੱਦਮ ਵਿੱਚ ਜੁਟ ਗਈਆਂ ਤਾਂ ਜੋ ਲੋਕਾਂ ਦੀ ਮਦਦ ਕੀਤੀ ਜਾਵੇ।  ਅਜਿਹੀ ਇੱਕ ਸੰਸਥਾ ਨੇ ਲੋਕਾਂ ਨੂੰ ਘਾਹ ਦਾ ਰਸ (wheat grass) ਪੀਣ ਦੇ ਰਾਹ ਪਾ ਦਿੱਤਾ ਅਤੇ ਆਮ ਜਿਵੇਂ ਫਲਾਂ ਦੇ ਰਸਾਂ ਦੀਆਂ ਰੇਹੜੀਆਂ ਲੱਗੀਆਂ ਹੁੰਦੀਆਂ ਹਨ ਉਸੇ ਤਰ੍ਹਾਂ ਘਾਹ ਦਾ ਰਸ ਵੀ ਰੇਹੜੀਆਂ ਤੇ ਮਿਲਣਾ ਸ਼ੁਰੂ ਹੋ ਗਿਆ।

ਅਸੀਂ ਜਿਸ ਚੀਜ਼ ਨੂੰ ਆਮ ਕਰਕੇ ਨਹੀਂ ਸਮਝਦੇ ਹੋ ਇਹ ਹੈ ਕਿ ਚੰਗੀ ਖ਼ੁਰਾਕ ਦਾ ਫ਼ਾਇਦਾ ਜ਼ਰੂਰ ਹੁੰਦਾ ਹੈ ਪਰ ਕਿਸੇ ਦਵਾਈ ਮਾਫ਼ਕ ਨਹੀਂ। ਚੰਗੀ ਅਤੇ ਸੰਤੁਲਿਤ ਖ਼ੁਰਾਕ ਦਾ ਫ਼ਾਇਦਾ ਇਕ ਰਾਤ ਜਾਂ ਹਫ਼ਤੇ ਵਿੱਚ ਨਹੀਂ ਪਤਾ ਲੱਗ ਜਾਂਦਾ ਇਸ ਦਾ ਫ਼ਾਇਦਾ ਹੁੰਦਿਆਂ ਮਹੀਨੇ ਸਾਲ ਲੱਗ ਜਾਂਦੇ ਹਨ।  

ਇਸੇ ਤਰ੍ਹਾਂ ਇਨ੍ਹਾਂ ਖ਼ੁਰਾਕਾਂ ਦੀ ਗੱਲ ਕਰਦੇ ਕਰਦੇ ਅੱਜ ਕੱਲ੍ਹ ਕੋਧਰੇ (Paspalum scrobiculatum) ਬਾਰੇ ਕਾਫ਼ੀ ਪ੍ਰਚਾਰ ਕੀਤਾ ਜਾ ਰਿਹਾ ਹੈ। ਕਈ ਤਾਂ ਇੱਥੋਂ ਤੱਕ ਕਹਿਣ ਲੱਗ ਪਏ ਹਨ ਕਿ ਇਹ ਤਾਂ ਰਵਾਇਤੀ ਖ਼ੁਰਾਕ ਹੁੰਦਾ ਸੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਕੋਧਰਾ ਆਮ ਹੀ ਖਾਧਾ ਜਾਂਦਾ ਸੀ ਅਤੇ ਖਾਸ ਤੌਰ ਤੇ ਗੁਰੂ ਨਾਨਕ ਸਾਹਿਬ ਦੇ ਵਕਤ ਕੋਧਰੇ ਦੀਆਂ ਰੋਟੀਆਂ ਖਾਣ ਦਾ ਰਿਵਾਜ਼ ਆਮ ਸੀ।  

ਕੋਧਰੇ ਦਾ ਖੇਤ

ਜੇਕਰ ਅਸੀਂ ਇਤਿਹਾਸ ਉੱਤੇ ਨਜ਼ਰ ਮਾਰੀਏ ਤਾਂ ਸਾਨੂੰ ਇਸ ਤਰ੍ਹਾਂ ਦਾ ਕੋਈ ਵੀ ਸਰੋਤ ਜਾਂ ਹਵਾਲਾ ਨਹੀਂ ਲੱਭਦਾ ਜਿਹੜਾ ਕਿ ਇਸ ਕਥਨ ਦੀ ਪੁਸ਼ਟੀ ਕਰਦਾ ਹੋਵੇ। ਇਹ ਗੱਲ ਬਿਨਾਂ ਸ਼ੱਕ ਜ਼ਰੂਰ ਕਹੀ ਜਾ ਸਕਦੀ ਹੈ ਕਿ ਕੋਧਰਾ ਇੱਕ ਚੰਗਾ ਅਨਾਜ ਹੈ ਪਰ ਇਹ ਵੀ ਨਾਲ ਦੱਸਣਾ ਜ਼ਰੂਰੀ ਹੈ ਕਿ ਇਹ ਕਾਫੀ ਭਾਰਾ ਹੁੰਦਾ ਹੈ ਅਤੇ ਪਚਣ ਦੇ ਲਈ ਮਿਹਦੇ ਦੇ ਉੱਤੇ ਕਾਫ਼ੀ ਜ਼ੋਰ ਪਾਉਂਦਾ ਹੈ।  

ਅੱਜ ਤੋਂ ਨੂੰ ਕੋਈ ਸੱਤਰ-ਅੱਸੀ ਸਾਲ ਪਹਿਲਾਂ ਤੱਕ ਪੰਜਾਬ ਦੇ ਹਰ ਪਿੰਡ ਤੱਕ ਬਿਜਲੀ ਨਹੀਂ ਸੀ ਪਹੁੰਚੀ ਹੋਈ ਅਤੇ ਨਾ ਹੀ ਥਾਂ-ਥਾਂ ਟਿਊਬਵੈੱਲ ਹੁੰਦੇ ਸਨ ਇਸ ਕਰਕੇ ਖੇਤੀ ਖੂਹਾਂ ਦੇ ਪਾਣੀ ਅਤੇ ਸੂਇਆਂ ਨਾਲਿਆਂ ਦੇ ਪਾਣੀ ਦੇ ਉੱਤੇ ਜਾਂ ਬਰਸਾਤ ਦੇ ਉੱਤੇ ਨਿਰਭਰ ਹੁੰਦੀ ਸੀ। ਉਦੋਂ ਲੋਕ ਆਮ ਤੌਰ ਤੇ ਇੱਕ ਦੋ ਖੇਤ ਕੋਧਰਾ ਇਸ ਕਰਕੇ ਬੀਜ ਦਿੰਦੇ ਸਨ ਕਿ ਜੇਕਰ ਕਿਤੇ ਸੋਕਾ ਪੈ ਗਿਆ ਤਾਂ ਚਲੋ ਘਰੇ ਖਾਣ ਜੋਗੇ ਦਾਣੇ ਕੋਧਰੇ ਦੇ ਹੋ ਜਾਣਗੇ ਕਿਉਂਕਿ ਕੋਧਰਾ ਇੱਕ ਜਿਹੋ ਜਿਹਾ ਬੂਟਾ ਹੈ ਜਿਸ ਨੂੰ ਕਿ ਵਧਣ ਫੁੱਲਣ ਦੇ ਲਈ ਜ਼ਿਆਦਾ ਪਾਣੀ ਅਤੇ ਚੰਗੇ ਮੌਸਮ ਦੀ ਲੋੜ ਨਹੀਂ ਹੈ।  

ਜੇਕਰ ਸੋਕਾ ਨਹੀਂ ਸੀ ਪੈਂਦਾ ਅਤੇ ਫਸਲ ਵੀ ਹੋ ਜਾਂਦੀ ਸੀ ਤਾਂ ਫਿਰ ਲੋਕ ਕੋਧਰੇ ਨੂੰ ਆਮ ਤੌਰ ਤੇ ਡੰਗਰ-ਮਾਲ ਦੇ ਖਾਣ ਦੇ ਲਈ ਰੱਖ ਲੈਂਦੇ ਸਨ।  ਜਿਵੇਂ-ਜਿਵੇਂ ਟਿਊਬਵੈੱਲ ਵਧਦੇ ਗਏ, ਪੰਜਾਬ ਵਿੱਚ ਕੋਧਰਾ ਬੀਜਣ ਦੀ ਲੋੜ ਖ਼ਤਮ ਹੋ ਗਈ। ਹਰੇ ਇਨਕਲਾਬ ਕਰਕੇ ਹੋਏ ਮਸ਼ੀਨੀਕਰਨ ਕਰਕੇ ਪੰਜਾਬ ਵਿੱਚ ਡੰਗਰ-ਮਾਲ ਵੀ ਘਟਣਾ ਸ਼ੁਰੂ ਹੋ ਗਿਆ।   

ਇਸ ਤਰ੍ਹਾਂ ਕੋਧਰਾ ਕਦੀ ਵੀ ਪੰਜਾਬ ਦੇ ਵਿੱਚ ਆਮ ਖੁਰਾਕ ਨਹੀਂ ਸੀ ਬਣਿਆ। ਹਾਂ, ਮਜਬੂਰੀ ਦੇ ਵਿੱਚ ਜਦੋਂ ਕਦੀ ਸੋਕਾ ਪੈਂਦਾ ਸੀ ਤਾਂ ਲੋਕ ਇਸ ਨੂੰ ਜ਼ਰੂਰ ਖਾਂਦੇ ਰਹੇ।

Posted in ਚਰਚਾ, Punjab

ਪੰਜਾਬੀ ਭਾਸ਼ਾ ਬਾਰੇ ਮਤੇ

ਪਿਛਲੇ ਹਫ਼ਤੇ ਜਦ ਮੈਂ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਦੇ ਉਦੇਸ਼ਾਂ ਬਾਰੇ ਲਿਖਿਆ ਸੀ ਤਾਂ ਛੇਤੀ ਹੀ ਮੈਨੂੰ ਕਈ ਕਿਸਮ ਦੇ ਸੁਨੇਹੇ ਆਉਣੇ ਸ਼ੁਰੂ ਹੋ ਗਏ ਕਿ ਫਿਕਰ ਨਾ ਕਰੋ ਅਗਲੇ ਹਫ਼ਤੇ ਬਹੁਤ ਕੁਝ ਹੋਣ ਜਾ ਰਿਹਾ ਹੈ। ਪੰਜਾਬੀ ਭਾਸ਼ਾ ਦੇ ਬਾਰੇ ਪੰਜਾਬ ਸਰਕਾਰ ਛੇਤੀ ਹੀ ਕੋਈ ਬਹੁਤ ਵੱਡਾ ਐਲਾਨ ਕਰ ਸਕਦੀ ਹੈ। ਇਹ ਗੱਲਾਂ ਸੁਣ ਕੇ ਮੈਂ ਵਾਕਿਆ ਹੀ ਸਾਹ ਰੋਕ ਕੇ ਬਹਿ ਗਿਆ ਅਤੇ ਉਡੀਕਣ ਲੱਗਾ ਕਿ ਚਲੋ ਵੇਖਦੇ ਹਾਂ ਕਿ ਏਡਾ ਵੱਡਾ ਕਿਹੜਾ ਐਲਾਨਨਾਮਾ ਹੁੰਦਾ ਹੈ ਜਿਸਦੇ ਕਰਕੇ ਪੰਜਾਬੀ ਭਾਸ਼ਾ ਪ੍ਰਫੁੱਲਤ ਹੋਏਗੀ।  

ਮੰਗਲਵਾਰ ਵਾਲੇ ਦਿਨ 3 ਮਾਰਚ ਨੂੰ ਇਹ ਪਤਾ ਲੱਗਾ ਕਿ ਪੰਜਾਬ ਦੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ, ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ ਅਤੇ ਰੁਜ਼ਗਾਰ ਉੱਤਪਤੀ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮਤਾ ਪੇਸ਼ ਕੀਤਾ ਤੇ ਜਿਹੜਾ ਸਰਬਸੰਮਤੀ ਨਾਲ ਸਾਰੀਆਂ ਹੀ ਰਾਜਸੀ ਧਿਰਾਂ ਵੱਲੋਂ ਪ੍ਰਵਾਨ ਚੜ੍ਹ ਗਿਆ।

ਉਸਾਰੂ ਅਤੇ ਹਾਂ-ਪੱਖੀ ਸੋਚ ਰੱਖਦੇ ਹੋਏ ਜੇ ਕੋਈ ਨਵਾਂ ਮਤਾ ਆਇਆ ਹੈ ਤਾਂ ਉਹਦਾ ਜ਼ਰੂਰ ਸੁਆਗਤ ਕਰਨਾ ਬਣਦਾ ਹੈ ਅਤੇ ਆਸ ਵੀ ਰੱਖਣੀ ਬਣਦੀ ਹੈ ਕਿ ਚਲੋ ਸ਼ਾਇਦ ਕੁਝ ਭਲਾ ਹੋਵੇਗਾ। ਪਰ ਵਾਕਿਆ ਹੀ ਉਸਾਰੂ ਅਤੇ ਹਾਂ-ਪੱਖੀ ਰਹਿ ਕੇ ਕੋਈ ਆਸ ਰੱਖਣੀ ਬਣਦੀ ਹੈ ਜਾਂ ਫਿਰ ਇਹ ਜੋ ਕੁਝ ਹੋਇਆ ਇਹ ਸਭ ਕੁਝ ਗੋਂਗਲੂਆਂ ਤੋਂ ਮਿੱਟੀ ਝਾੜਣ ਤੋਂ ਵੱਧ ਕੁਝ ਨਹੀਂ ਸੀ?  

ਇਸ ਗੱਲ ਦਾ ਅੰਦਾਜ਼ਾ ਹੁਣ ਤੁਸੀਂ ਆਪ ਹੀ ਲਾਓ ਕਿ ਇਹ ਮਤਾ ਕਿੰਨੀ ਕੁ ਗੰਭੀਰਤਾ ਨਾਲ ਲਿਆ ਗਿਆ ਹੋਵੇਗਾ। ਜਦੋਂ ਇਹ ਮਤਾ ਪੇਸ਼ ਕੀਤਾ ਜਾ ਰਿਹਾ ਸੀ ਤਾਂ ਉਸ ਵਕਤ ਪੰਜਾਬ ਵਿਧਾਨ ਸਭਾ ਦੇ ਵਿੱਚ ਨਾ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੌਜੂਦ ਸੀ ਅਤੇ ਨਾ ਹੀ ਉਸ ਵੇਲੇ ਵਿਧਾਨ ਸਭਾ ਦੀ ਕਾਰਵਾਈ ਸਪੀਕਰ ਰਾਣਾ ਕੇ ਪੀ ਸਿੰਘ ਚਲਾ ਰਿਹਾ ਸੀ। ਕਾਰਵਾਈ ਉਸ ਮੌਕੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਦੇ ਹੱਥ ਸੀ।

ਚਲੋ ਮੰਨ ਲੈਂਦੇ ਹਾਂ ਕਿ ਦੋਵਾਂ ਨੂੰ ਕੋਈ ਖਾਸ ਕੰਮ ਪੈ ਗਏ ਹੋਣਗੇ ਜਾਂ ਕਿਤੇ ਹੋਰ ਬਾਹਰ ਚਲੇ ਗਏ ਹੋਣਗੇ। ਪਰ ਉਸ ਤੋਂ ਬਾਅਦ ਉਨ੍ਹਾਂ ਦੋਹਾਂ ਦਾ ਇਸ ਮਤੇ ਬਾਰੇ ਕੋਈ ਬਿਆਨ ਨਹੀਂ ਆਇਆ। ਚਲੋ ਇਹ ਵੀ ਮੰਨ ਲੈਂਦੇ ਹਾਂ ਕਿ ਉਹ ਕਿਤੇ ਰੁੱਝ ਗਏ ਸੀ ਪਰ ਕੈਪਟਨ ਅਮਰਿੰਦਰ ਸਿੰਘ ਦੀ ਸਮਾਜਿਕ ਮਾਧਿਅਮ ਉੱਤੇ ਚੰਗੀ ਪੈੜਛਾਪ ਹੈ ਜਿਹਦੇ ਵਿੱਚ ਟਵਿੱਟਰ ਵੀ ਹੈ। ਪਰ ਉਨ੍ਹਾਂ ਦੇ ਟਵਿੱਟਰ ਦੇ ਖਾਤੇ ਚੋਂ ਇਸ ਮਤੇ ਬਾਰੇ ਕੋਈ ਵੀ ਟਵੀਟ ਨਹੀਂ ਆਇਆ ਅਤੇ ਨਾ ਹੀ ਕਦੀ ਏਦਾਂ ਹੋਇਆ ਹੈ ਕਿ ਮੁੱਖ ਮੰਤਰੀ ਨੇ ਕਦੀ ਪੰਜਾਬੀ ਭਾਸ਼ਾ ਵਿੱਚ ਟਵੀਟ ਕੀਤਾ ਹੋਵੇ। ਜੇ ਕਿਤੇ ਇੱਕ ਅੱਧੀ ਵਾਰ ਹੋਇਆ ਵੀ ਹੋਵੇਗਾ ਤਾਂ ਇਹ ਗੱਲ ਕੋਈ ਵਜ਼ਨ ਨਹੀਂ ਰੱਖਦੀ।

ਕੀ ਮੰਤਰੀ ਚੰਨੀ ਨੇ ਇਸ ਮਤੇ ਬਾਰੇ ਮੁੱਖ ਮੰਤਰੀ ਨਾਲ ਕੋਈ ਸਲਾਹ ਕੀਤੀ ਵੀ ਸੀ? ਜੇਕਰ ਨਹੀਂ ਕੀਤੀ ਤਾਂ ਮਾੜੀ ਗੱਲ ਹੈ ਅਤੇ ਜੇਕਰ ਕੀਤੀ ਸੀ ਤਾਂ ਮੁੱਖ ਮੰਤਰੀ ਦੀ ਗ਼ੈਰ-ਹਾਜ਼ਰੀ ਇਹੀ ਦਰਸਾਉਂਦੀ ਹੈ ਕਿ ਮਤਾ ਸਿਰਫ ਕਾਰਵਾਈ ਪਾਉਣ ਤੱਕ ਹੀ ਸੀਮਤ ਸੀ। 

ਇੱਕ ਵਾਰੀ ਤਾਂ ਇਸ ਮਤੇ ਤੋਂ ਬਾਅਦ ਖ਼ਬਰਾਂ ਦਾ ਆਬਸ਼ਾਰ ਵਰ੍ਹ ਗਿਆ ਅਤੇ ਸਾਰੇ ਪਾਸੇ ਬੜੀਆਂ ਖੁਸ਼ੀਆਂ ਮਨਾਈਆਂ ਗਈਆਂ ਕਿ ਹੁਣ ਵੇਖੋ ਕਿਵੇਂ ਅੱਖ ਦੇ ਫੋਰ ਵਿੱਚ ਪੰਜਾਬੀ ਦਾ ਸੁੱਕ ਰਿਹਾ ਬੂਟਾ ਬੋਹੜ ਬਣ ਜਾਵੇਗਾ। ਪਰ ਕੋਈ ਵੀ ਇਹ ਗੱਲ ਨਹੀਂ ਸੋਚ ਰਿਹਾ ਕਿ ਰਾਜ ਭਾਸ਼ਾ ਐਕਟ 1967 ਵਿੱਚ ਬਣਿਆ ਅਤੇ ਫਿਰ ਸੰਨ 2009 ਵਿੱਚ ਕੁਝ ਸੁਧਾਈਆਂ ਕੀਤੀਆਂ ਗਈਆਂ ਪਰ ਲਾਗੂ ਕੁਝ ਨਹੀਂ ਹੋਇਆ। ਗੱਲ ਤਾਂ ਸਾਰੀ ਲਾਗੂ ਕਰਨ ਦੇ ਉੱਤੇ ਹੈ, ਜੇਕਰ ਕੋਈ ਕਾਨੂੰਨ ਲਾਗੂ ਹੀ ਨਹੀਂ ਹੁੰਦਾ ਤਾਂ ਉਹ ਭਾਵੇਂ ਐਕਟ ਬਣੀ ਜਾਣ ਤੇ ਭਾਵੇਂ ਉਸ ਦੇ ਬਾਰੇ ਮਤੇ ਪਾਸ ਹੁੰਦੇ ਰਹਿਣ, ਪਰਨਾਲਾ ਉੱਥੇ ਦਾ ਉੱਥੇ ਹੀ ਰਹੇਗਾ।  

ਭਾਵੇਂ ਹੋਵੇ ਰਾਜ ਭਾਸ਼ਾ ਐਕਟ, ਭਾਵੇਂ ਉਸ ਵਿੱਚ ਹੋਈਆਂ ਤਰਮੀਮਾਂ ਤੇ ਭਾਵੇਂ ਅਜਿਹੇ ਵਿਧਾਨ ਸਭਾ ਵਿੱਚ ਪਾਸ ਹੋਏ ਮਤੇ। ਅਸਲੀ ਕੰਮ ਜਿਵੇਂ ਪਿਛਲੇ ਦੋ-ਤਿੰਨ ਸਾਲਾਂ ਤੋਂ ਹੋ ਰਿਹਾ ਹੈ ਕਿ ਜ਼ਮੀਨੀ ਪੱਧਰ ਦੇ ਉੱਤੇ ਅਤੇ ਕਾਨੂੰਨੀ ਦਾਅ ਪੇਚ ਖੇਡ ਕੇ ਜਿਸ ਤਰ੍ਹਾਂ ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਨੇ ਕਈ ਥਾਵਾਂ ਤੇ ਪੰਜਾਬੀ ਲਾਗੂ ਕਰਵਾਈ ਹੈ, ਉਹ ਜਦੋਂ ਜਹਿਦ ਉਸੇ ਤਰ੍ਹਾਂ ਹੀ ਚੱਲਦੀ ਰਹਿਣੀ ਚਾਹੀਦੀ ਹੈ। ਇਹ ਵੇਲ਼ਾ ਮਤਿਆਂ ਦੀ ਖੁਸ਼ੀ ਵਿੱਚ ਖੀਵੇ ਹੋ ਕੇ ਅਵੇਸਲੇ ਹੋ ਜਾਣ ਦਾ ਨਹੀਂ ਹੈ। ਇਹ  ਬੁਲਬੁਲਾ ਫਟਦਿਆਂ ਜ਼ਿਆਦਾ ਦੇਰ ਨਹੀਂ ਲੱਗਣੀਂ!

ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਦੇ ਮਿੱਤਰ ਸੈਨ ਮੀਤ ਜਿਸ ਤਰ੍ਹਾਂ ਕਾਨੂੰਨ ਦੀ ਮਦਦ ਨਾਲ ਸਿਰਲੱਥ ਕੋਸ਼ਿਸ਼ ਕਰਦੇ ਰਹੇ ਹਨ, ਦੂਜੇ ਬੰਨੇ ਵੈਨਕੂਵਰ ਵਾਲੇ ਕੁਲਦੀਪ ਸਿੰਘ ਜਿਸ ਤਰ੍ਹਾਂ ਰੇਡੀਓ ਪ੍ਰੋਗਰਾਮਾਂ ਦੇ ਵਿੱਚ ਵੱਧ ਤੋਂ ਵੱਧ ਇਸ ਦਾ ਪ੍ਰਚਾਰ ਕਰਦੇ ਰਹੇ ਹਨ ਅਤੇ ਭਾਈਚਾਰੇ ਦੀਆਂ ਸਾਰੀਆਂ ਇਕਾਈਆਂ ਜਿਸ ਪੱਧਰ ਦੇ ਉੱਤੇ ਸਰਗਰਮ ਰਹੀਆਂ ਹਨ, ਇਨ੍ਹਾਂ ਸਭ ਨੂੰ ਇਸੇ ਤਰ੍ਹਾਂ ਆਪਣੀ ਗਤੀ ਕਾਇਮ ਰੱਖਣੀ ਪਵੇਗੀ।  

Posted in Politics, Punjab

ਪੰਜਾਬ ਅਤੇ ਆਮ ਆਦਮੀ ਪਾਰਟੀ

ਹਾਲੀਆ ਦਿੱਲੀ ਚੋਣਾਂ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਆਪਣਾ ਰਾਜ-ਪਾਟ ਕਾਇਮ ਰੱਖਣ ਦੇ ਵਿੱਚ ਕਾਮਯਾਬ ਰਹੀ ਹੈ। ਉਂਞ ਤਾਂ ਭਾਵੇਂ ਮੈਂ ਇਨ੍ਹਾਂ ਚੋਣਾਂ ਦੇ ਬਾਰੇ ਕੋਈ ਬਲਾਗ ਨਾ ਹੀ ਲਿਖਦਾ ਪਰ ਕਿਉਂਕਿ ਦਿੱਲੀ ਤੋਂ ਬਾਹਰ ਆਮ ਆਦਮੀ ਪਾਰਟੀ ਦੀ ਇਸ ਜਿੱਤ ਦੀ ਖੁਸ਼ੀ ਸਭ ਤੋਂ ਜ਼ਿਆਦਾ ਪੰਜਾਬ ਵਿੱਚ ਮਣਾਈ ਗਈ ਹੈ ਇਸ ਲਈ ਮੈਂ ਇਸ ਦੇ ਬਾਰੇ ਥੋੜ੍ਹੀ ਜਿਹੀ ਗੱਲ ਜ਼ਰੂਰ ਕਰਨੀ ਚਾਹਵਾਂਗਾ।  

ਕੀ ਦਿੱਲੀ ਵਾਲਾ ਅਰਵਿੰਦ ਕੇਜਰੀਵਾਲ ਦਾ ਮਾਡਲ ਪੰਜਾਬ ਵਿੱਚ ਚੱਲ ਸਕਦਾ ਹੈ ਜਿੱਥੇ ਆਮ ਆਦਮੀ ਪਾਰਟੀ ਸਭ ਤੋਂ ਵੱਡੀ ਵਿਰੋਧੀ ਧਿਰ ਹੈ? ਇਸ ਦੇ ਬਾਰੇ ਗੱਲਬਾਤ ਅੱਗੇ ਜਾਰੀ ਰੱਖਣ ਤੋਂ ਪਹਿਲਾਂ ਸਾਨੂੰ ਇਹ ਜ਼ਰੂਰ ਸਮਝ ਲੈਣਾ ਚਾਹੀਦਾ ਹੈ ਕਿ ਦਿੱਲੀ ਦੀਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਅਤੇ ਦਿੱਲੀ ਦੇ ਸਥਾਨਕ ਨਗਰ ਨਿਗਮ ਦੀਆਂ ਚੋਣਾਂ ਵਿੱਚ ਭਾਜਪਾ ਨੇ ਆਮ ਆਦਮੀ ਪਾਰਟੀ ਨੂੰ ਦਿੱਲੀ ਵਿੱਚ ਹੀ ਬੁਰੀ ਤਰ੍ਹਾਂ ਹਰਾਇਆ ਸੀ। ਪਰ ਕੁਝ ਲੋਕ ਇਹ ਵੀ ਕਹਿ ਰਹੇ ਹਨ ਕਿ ਇਹ ਤਾਂ ਅਰਵਿੰਦ ਕੇਜਰੀਵਾਲ ਦੇ ਵਿਕਾਸ ਦੇ ਮੁੱਦੇ ਦੀ ਜਿੱਤ ਹੈ ਕਿਉਂਕਿ ਦਿੱਲੀ ਵਿੱਚ ਵਿੱਦਿਆ ਅਤੇ ਸਿਹਤ ਦੇ ਲਈ ਬਹੁਤ ਪੈਸਾ ਖ਼ਰਚਿਆ ਗਿਆ ਹੈ ਅਤੇ ਵਿਕਾਸ ਦੇ ਲਈ ਕਈ ਕੰਮ ਕੀਤੇ ਹਨ।

ਇੱਥੇ ਸਾਨੂੰ ਇਹ ਜ਼ਰੂਰ ਧਿਆਨ ਵਿੱਚ ਰੱਖਣਾ ਪਵੇਗਾ ਕਿ ਵਿਕਾਸ ਦਾ ਨਾਅਰਾ ਤਾਂ ਨਰਿੰਦਰ ਮੋਦੀ ਵੀ ਦੇ ਰਿਹਾ ਹੈ ਅਤੇ ਮੋਦੀ ਇਹ ਦਾਅਵਾ ਵੀ ਕਰਦਾ ਹੈ ਕਿ ਬਹੁਤ ਵਿਕਾਸ ਹੋਇਆ ਹੈ। ਕੀ ਚੋਣਾਂ ਸਿਰਫ਼ ਵਿਕਾਸ ਦੇ ਨਾਂ ਤੇ ਹੀ ਲੜੀਆਂ ਜਾਂਦੀਆਂ ਹਨ?

ਨਾਗਰਿਕਤਾ ਬਾਰੇ ਜਿਹੜੇ ਨਵੇਂ ਕਾਨੂੰਨ ਭਾਰਤੀ ਜਨਤਾ ਪਾਰਟੀ ਲਿਆਈ ਹੈ ਉਨ੍ਹਾਂ ਦੇ ਚੱਲਦੇ ਦਿੱਲੀ ਦੀਆਂ ਯੂਨੀਵਰਸਿਟੀਆਂ ਵਿੱਚ ਬਹੁਤ ਮੁਜ਼ਾਹਰੇ ਹੋਏ ਹਨ ਤੇ ਸ਼ਾਹੀਨ ਬਾਗ ਦੇ ਵਿੱਚ ਹਾਲੇ ਵੀ ਮੁਜ਼ਾਹਰਾ ਚੱਲ ਰਿਹਾ ਹੈ। ਪਰ ਇਸ ਸਭ ਕਾਸੇ ਬਾਰੇ ਆਮ ਆਦਮੀ ਪਾਰਟੀ ਚੁੱਪ ਚਾਪ ਬੈਠੀ ਰਹੀ। ਜੇਕਰ ਕਿਸੇ ਨੇ ਸਵਾਲ ਵੀ ਪੁੱਛਿਆ ਤਾਂ ਆਮ ਆਦਮੀ ਪਾਰਟੀ ਨੇ ਜ਼ਿੰਮੇਦਾਰੀ ਦਾ ਸਾਰਾ ਗਲਾਵਾਂ ਕੇਂਦਰ ਸਰਕਾਰ ਤੇ ਗਲ਼ ਪਾ ਦਿੱਤਾ ਜਿਸ ਤੋਂ ਇਹੀ ਜ਼ਾਹਿਰ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਦਾ ਰਵੱਈਆ ‘ਦੜ ਵੱਟ ਗੁਜ਼ਾਰਾ ਕਰ ਭਲੇ ਦਿਨ ਆਉਣਗੇ’ ਵਾਲੇ ਵਰਗਾ ਲੱਗਦਾ ਹੈ ਜਾਂ ਫਿਰ ਇਸ ਦੇ ਪਿੱਛੇ ਕੋਈ ਗੁੱਝੀ ਸਾਜ਼ਿਸ਼ ਹੈ ਕਿ ਹੱਕ-ਸੱਚ ਦੀ ਆਵਾਜ਼ ਨੂੰ ਵਿਕਾਸ ਦਾ ਹੋਕਾ ਦੇ ਕੇ ਦਰੜ ਦਿਓ। 

ਇਹੋ ਜਿਹਾ ਰਵੱਈਆ ਕੀ ਪੰਜਾਬ ਦੇ ਵਿੱਚ ਵੀ ਚੱਲ ਸਕਦਾ ਹੈ ਜਿੱਥੇ ਪਿਛਲੀ ਵਾਰ ਦੀਆਂ ਵਿਧਾਨ ਸਭਾ ਚੋਣਾਂ ਵੇਲੇ ਆਮ ਆਦਮੀ ਪਾਰਟੀ ਦੀ ਇਸ ਗੱਲ ਤੋਂ ਬੜੀ ਆਲੋਚਨਾ ਹੋਈ ਸੀ ਕਿ ਉਨ੍ਹਾਂ ਨੇ ਪੰਜਾਬ ਦੇ ਕਿਸੇ ਵੀ ਰਾਜਸੀ ਮੁੱਦੇ ਤੇ ਕੋਈ ਗੱਲ ਨਹੀਂ ਕੀਤੀ ਅਤੇ ਸਾਰੀ ਚੋਣ ਸਿਰਫ਼ ਅਤੇ ਸਿਰਫ਼ ਰਿਸ਼ਵਤਖੋਰੀ ਦੇ ਖਿਲਾਫ ਨਾਅਰਾ ਲਾ ਕੇ ਹੀ ਲੜੀ ਸੀ। ਆਮ ਆਦਮੀ ਪਾਰਟੀ ਨੇ ਪੰਜਾਬ ਦੀ ਆਰਥਿਕਤਾ ਅਤੇ ਕਿਸਾਨੀ ਬਾਰੇ ਕੋਈ ਨੀਤੀ ਪੱਤਰ ਨਹੀਂ ਸੀ ਦਿੱਤਾ। ਪੰਜਾਬ ਵਿੱਚ ਹੋਈਆਂ ਪੁਲਿਸ ਵਧੀਕੀਆਂ ਦੀ ਪੜਤਾਲ ਕਰਵਾਉਣ ਬਾਰੇ ਕੋਈ ਜ਼ਿਕਰ ਤੱਕ ਨਹੀਂ। ਪੰਜਾਬ ਦੇ ਪਾਣੀਆਂ ਦੀ ਕੋਈ ਸੁਧ-ਬੁਧ ਨਹੀਂ। ਪੰਜਾਬ ਵਿੱਚ ਡਿਗਦੇ ਵਿਦਿਅਕ ਮਿਆਰ ਨੂੰ ਠੱਲ੍ਹ ਪਾਉਣ ਬਾਰੇ ਕੋਈ ਐਲਾਨ ਨਾਮਾ ਨਹੀਂ। ਰੁਲਦੀ ਫਿਰਦੀ ਮਾਂ ਬੋਲੀ ਪੰਜਾਬੀ ਨੂੰ ਬਣਦਾ ਇੱਜ਼ਤ ਮਾਨ ਦੇਣ ਦਾ ਕੋਈ ਇਕਰਾਰ ਨਹੀਂ।  

ਜਦ ਕਿ ਹੁਣ ਆਮ ਆਦਮੀ ਪਾਰਟੀ ਪੰਜਾਬ ਦੀ ਵਿਧਾਨ ਸਭਾ ਵਿੱਚ ਮੁੱਖ ਵਿਰੋਧੀ ਧਿਰ ਹੈ, ਕੀ ਇਸ ਨੇ ਹੁਣ ਤੱਕ ਉੱਪਰ ਲਿਖੇ ਕਿਸੇ ਵੀ ਪੰਜਾਬ ਦੇ ਮੁੱਦੇ ਉੱਤੇ ਗੰਭੀਰਤਾ ਅਤੇ ਸੁਹਿਰਦਤਾ ਦੇ ਨਾਲ ਪੰਜਾਬ ਦੀ ਵਿਧਾਨ ਸਭਾ ਵਿੱਚ ਕੋਈ ਵਿਚਾਰ ਕੀਤਾ ਹੈ? ਹੋ ਸਕਦਾ ਹੈ ਕਿ ਇਸ ਬਾਰੇ ਮੇਰੀ ਯਾਦਦਾਸ਼ਤ ਬਹੁਤ ਕਮਜ਼ੋਰ ਹੋਵੇ ਜਾਂ ਫਿਰ ਇੰਟਰਨੈੱਟ ਤੋਂ ਕੁਝ ਲੱਭਣ ਵਿੱਚ ਮੇਰੀ ਵਿੱਚ ਹੀ ਕੋਈ ਘਾਟ ਰਹਿ ਗਈ ਹੋਵੇ। ਇਸ ਕਰਕੇ ਜੇਕਰ ਤੁਹਾਨੂੰ ਇਹ ਪਤਾ ਹੋਵੇ ਕਿ ਪੰਜਾਬ ਦੇ ਮੁੱਦਿਆਂ ਉੱਤੇ ਆਮ ਆਦਮੀ ਪਾਰਟੀ ਨੇ ਕੋਈ ਕਦਮ ਪੁੱਟਣ ਦੀ ਕੋਸ਼ਿਸ਼ ਕੀਤੀ ਹੈ ਤਾਂ ਇਸ ਬਾਰੇ ਹੇਠਾਂ ਟਿੱਪਣੀ ਜਾਂ ਜਾਣਕਾਰੀ ਜ਼ਰੂਰ ਸਾਂਝੀ ਕਰ ਦਿਓ।   

Posted in ਚਰਚਾ, Punjab

ਬੁੱਤਾਂ ਦਾ ਰੌਲ਼ਾ

ਕੁਝ ਦਿਨ ਪਹਿਲਾਂ ਅਚਾਨਕ ਰੌਲ਼ਾ ਪੈ ਗਿਆ ਕਿ ਅੰਮ੍ਰਿਤਸਰ ਦੇ ਵਿਰਾਸਤੀ ਮਾਰਗ ਉੱਤੇ ਸਭਿਆਚਾਰਕ ਬੁੱਤਾਂ ਨੂੰ ਤੋੜਨ ਦੀ ਕੋਸ਼ਿਸ਼ ਕਰਨ ਦੀ ਖਾਤਰ ਕੁਝ ਨੌਜਵਾਨ ਹਿਰਾਸਤ ਵਿੱਚ ਲਏ ਗਏ ਹਨ। ਇਹ ਬੁੱਤ ਅਕਤੂਬਰ 2016 ਵਿੱਚ ਲਾਏ ਗਏ ਸਨ।   

ਵਿਰਾਸਤ ਮਾਰਗ

ਫਿਰ ਗੱਲ ਕਈ ਪਾਸੇ ਤੁਰ ਪਈ। ਪਹਿਲੀ ਤਾਂ ਇਹ ਮੰਗ ਉੱਠੀ ਕਿ ਉਨ੍ਹਾਂ ਨੌਜਵਾਨਾਂ ਨੂੰ ਹਿਰਾਸਤ ‘ਚੋਂ ਛੱਡ ਦੇਣਾ ਚਾਹੀਦਾ ਹੈ ਅਤੇ ਉਨ੍ਹਾਂ ਦੇ ਖਿਲਾਫ਼ ਪਾਏ ਗਏ ਮਾਮਲੇ ਵੀ ਵਾਪਸ ਲੈਣੇ ਚਾਹੀਦੇ ਹਨ। ਇਸ ਸਭ ਕਾਸੇ ਦੌਰਾਨ ਬੁੱਤਾਂ ਦੇ ਆਲੇ ਦੁਆਲੇ ਸੁਰੱਖਿਆ ਵਧਾ ਦਿੱਤੀ ਗਈ ਤੇ ਹੋਰ ਕਈ ਤਰ੍ਹਾਂ ਦੀਆਂ ਇੰਟਰਨੈੱਟ ਉੱਤੇ ਬਹਿਸਾਂ ਛਿੜ ਪਈਆਂ।  ਕਈ ਇਹ ਕਹਿ ਰਹੇ ਸਨ ਕਿ ਇਹ ਤਾਂ ਵਿਰਾਸਤ ਹੈ ਜਿਸ ਦੇ ਬੁੱਤ ਚਾਹੀਦੇ ਵੀ ਹਨ। ਕਈਆਂ ਨੇ ਇਹ ਵੀ ਕਿਹਾ ਕਿ ਇਸ ਵਿਰਾਸਤ ਮਾਰਗ ਦੇ ਉੱਤੇ ਜਲ੍ਹਿਆਂ ਵਾਲਾ ਬਾਗ਼ ਵੀ ਹੈ ਜੋ ਪੰਜਾਬੀਅਤ ਦੀ ਨਿਸ਼ਾਨੀ ਹੈ। ਬੁੱਤ ਪੰਜਾਬੀਅਤ ਦੀ ਸ਼ਾਨ ਦੀ ਪ੍ਰਤੀਨਿਧਤਾ ਕਰਦੇ ਹਨ ਸੋ ਲੱਗੇ ਰਹਿਣੇ ਚਾਹੀਦੇ ਹਨ।  

ਦੂਜੇ ਪਾਸੇ ਚਰਚਾ ਇਸ ਗੱਲ ਦੀ ਛਿੜ ਪਈ ਕਿ ਇਹ ਬੁੱਤ ਇੱਥੇ ਨਹੀਂ ਹੋਣੇ ਚਾਹੀਦੇ ਇਨ੍ਹਾਂ ਦੀ ਥਾਂ ਦੇ ਉੱਤੇ ਧਾਰਮਿਕ ਬੁੱਤ ਹੋਣੇ ਚਾਹੀਦੇ ਹਨ ਜਿਵੇਂ ਕਿ ਸਿੱਖ ਸ਼ਹੀਦਾਂ ਦੇ ਬੁੱਤ ਲਾਉਣੇ ਚਾਹੀਦੇ ਹਨ। ਯੂਟਿਊਬ ਉੱਪਰ ਵੀ ਇਸ ਵਿਸ਼ੇ ਉੱਤੇ ਮਸਾਲਾ ਲਾ-ਲਾ ਕੇ ਕਈ ਕਿਸਮ ਦੇ ਹਾਂ ਜਾਂ ਨਾਂਹ ਦੇ ਪੱਖ ਵਿੱਚ ਵੀਡੀਓ ਚੱਲਦੇ ਰਹੇ।  

ਅਚਾਨਕ ਹੀ ਪੰਜਾਬ ਸਰਕਾਰ ਦੇ ਇੱਕ ਟਵੀਟ ਨੇ ਜਿਸ ਵਿੱਚ ਇਹ ਕਿਹਾ ਗਿਆ ਸੀ ਕਿ ਮੁੱਖ ਮੰਤਰੀ ਪੰਜਾਬ ਨੇ ਹੁਕਮ ਦੇ ਦਿੱਤੇ ਹਨ ਕਿ ਬੁੱਤ ਕਿਧਰੇ ਹੋਰ ਲਾ ਦੇਣੇ ਚਾਹੀਦੇ ਹਨ, ਇੰਟਰਨੈੱਟ ਦੇ ਉੱਤੇ ਇਸ ਵਿਸ਼ੇ ਉੱਪਰ ਭਖ਼ਦੀ ਬਹਿਸ ਇੱਕ ਦੱਮ ਠੰਢੀ ਪੈ ਗਈ। ਜੇਕਰ ਤਾਜ਼ੀਆਂ ਖਬਰਾਂ ਪੜ੍ਹੀਏ ਤਾਂ ਇਹ ਪਤਾ ਲੱਗਦਾ ਹੈ ਕਿ ਬੁੱਤ ਤਾਂ ਟਰਾਲੀਆਂ ਵਿੱਚ ਪਾ ਉੱਥੋਂ ਚੁੱਕ ਕੇ ਕਿਤੇ ਹੋਰ ਲਿਜਾਏ ਵੀ ਜਾ ਚੁੱਕੇ ਹਨ।  

ਲੱਗਦਾ ਹੈ ਕਿ ਫ਼ਿਲਹਾਲ ਗੱਲ ਆਈ-ਚਲਾਈ ਹੋਈ ਹੈ ਪਰ ਇਸ ਦੇ ਕਈ ਪਹਿਲੂ ਸਾਨੂੰ ਧਿਆਨ ਦੇ ਵਿੱਚ ਰੱਖਣ ਦੀ ਲੋੜ ਹੈ।  

ਅੰਮ੍ਰਿਤਸਰ ਦੇ ਉਸ ਇਲਾਕੇ ਦੇ ਵਿੱਚ ਜਿੱਥੇ ਦਰਬਾਰ ਸਾਹਿਬ ਹੈ, ਉਹ ਹੀ ਇਕ ਵਿਰਾਸਤ ਹੈ ਅਤੇ ਹੋਰ ਕੋਈ ਨਹੀਂ।  ਜਿਹੜੇ ਪੰਜਾਬੀਅਤ ਕਰਕੇ ਜੱਲ੍ਹਿਆਂ ਵਾਲੇ ਬਾਗ਼ ਦਾ ਨਾਂਅ ਲੈ ਰਹੇ ਹਨ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਹੈ ਕਿ ਧਨੀਰਾਮ ਚਾਤ੍ਰਿਕ ਨੇ 1931 ਦੀ ਕਵਿਤਾ “ਅੰਮ੍ਰਿਤਸਰ, ਸਿਫਤੀਂ ਦਾ ਘਰ” ਵਿੱਚ ਜੱਲ੍ਹਿਆਂ ਵਾਲੇ ਬਾਗ਼ ਦਾ ਨਾਂ ਤੱਕ ਨਹੀਂ ਲਿਆ ਸੀ ਅਤੇ ਸਾਰੀ ਗੱਲ ਦਰਬਾਰ ਸਾਹਿਬ ਤੇ ਕੇਂਦਰਿਤ ਰੱਖੀ ਸੀ। 

ਇੱਕ ਹੋਰ ਪਹਿਲੂ ਜਿਹੜਾ ਸਾਨੂੰ ਬਹੁਤ ਧਿਆਨ ਵਿੱਚ ਰੱਖਣ ਦੀ ਲੋੜ ਹੈ ਉਹ ਇਹ ਹੈ ਕਿ ਸਿੱਖ ਸ਼ਹੀਦਾਂ ਦੇ ਨਾਂ ਉੱਤੇ ਬੁੱਤ ਬਣਵਾਉਣ ਦੀ ਸਾਡੇ ਅੰਦਰ ਕੋਈ ਖ਼ਾਹਸ਼ ਪੈਦਾ ਨਹੀਂ ਹੋਣੀ ਚਾਹੀਦੀ। ਇਹ ਸਭ ਕੁਝ ਸਾਨੂੰ ਬੁੱਤ ਪੂਜਣ ਵਾਲੇ ਪਾਸੇ ਹੀ ਧੱਕਦਾ ਹੈ ਜੋ ਕਿ ਗੁਰਬਾਣੀ ਦੇ ਬਿਲਕੁਲ ਉਲਟ ਹੈ। ਬੁੱਤ ਬਣਾਉਣੇ ਸਾਨੂੰ ਹੁਣ ਸ਼ਾਇਦ ਆਮ ਜਿਹੀ ਗੱਲ ਇਸ ਕਰਕੇ ਜਾਪਣ ਲੱਗ ਪਈ ਹੈ ਕਿਉਂਕਿ ਪਿਛਲੇ ਤੀਹ ਸਾਲਾਂ ਦੇ ਵਿੱਚ ਬਹੁਤ ਸਾਰੇ ਡੇਰਿਆਂ ਨਾਲ ਸਬੰਧਤ ਧਰਮ ਸਥਾਨਾਂ ਦੇ ਉੱਤੇ ਸਿੱਖ ਸ਼ਹੀਦਾਂ ਦੇ ਬੁੱਤ ਲਗਾਏ ਗਏ ਹਨ ਜਿਸ ਕਰਕੇ ਇਸ ਅਸੀਂ ਸੁੱਤੇ-ਸਿੱਧ ਹੀ ਬੁੱਤਾਂ ਵੱਲ ਖਿੱਚੇ ਜਾ ਰਹੇ ਹਾਂ। 

ਅੱਜ ਕੱਲ੍ਹ ਤਕਨਾਲੋਜੀ ਦਾ ਜ਼ਮਾਨਾ ਹੈ ਅਤੇ ਇਸੇ ਤਕਨਾਲੋਜੀ ਦੇ ਕਰਕੇ ਅਸੀਂ ਕਈ ਕਿਸਮ ਦੇ ਜ਼ਰੂਰੀ ਸੁਨੇਹੇ ਸਾਈਨ ਬੋਰਡਾਂ ਉੱਤੇ ਪਾ ਸਕਦੇ ਹਾਂ। ਦਰਬਾਰ ਸਾਹਿਬ ਆਉਣ ਵਾਲੇ ਬਹੁਤ ਸਾਰੇ ਲੋਕ ਗ਼ੈਰ-ਸਿੱਖ ਅਤੇ ਗ਼ੈਰ-ਪੰਜਾਬੀ ਵੀ ਹੁੰਦੇ ਹਨ। ਇਸ ਕਰਕੇ ਜੋ ਵੀ ਇਸ ਵਿਰਾਸਤੀ ਮਾਰਗ ਤੇ ਤੁਰਦੇ ਹਨ, ਉਨ੍ਹਾਂ ਦੇ ਲਈ ਤਕਨਾਲੋਜੀ ਵਾਲੇ ਬੋਰਡ ਲਾ ਦੇਣੇ ਚਾਹੀਦੇ ਹਨ ਜਿਨ੍ਹਾਂ ਦੇ ਉੱਤੇ ਖ਼ਾਸ ਤੌਰ ਤੇ ਗੁਰਬਾਣੀ ਦੇ ਹੇਠ ਲਿਖੇ ਸ਼ਬਦ ਜ਼ਰੂਰ ਪ੍ਰਚਾਰੇ ਜਾਣ। ਇਨ੍ਹਾਂ ਦਾ ਅਨੁਵਾਦ ਦੂਜੀਆਂ ਭਾਸ਼ਾਵਾਂ ਵਿੱਚ ਵੀ ਨਾਲ-ਨਾਲ ਚੱਲਦਾ ਰਹੇ ਤਾਂ ਕਿ ਜੋ ਆਉਣ ਵਾਲੇ ਪੰਜਾਬੀ ਜਾਂ ਸਿੱਖ ਨਹੀਂ ਹਨ ਉਹ ਵੀ ਗੁਰਬਾਣੀ ਨੂੰ ਸਮਝ ਸਕਣ ਅਤੇ ਉਨ੍ਹਾਂ ਨੂੰ ਵੀ ਇਹ ਪਤਾ ਲੱਗ ਸਕੇ ਕਿ ਸਾਡੀ ਵਿਰਾਸਤ ਕੀ ਹੈ:

ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ ॥ ਤਾ ਮੇਰੈ ਮਨਿ ਭਇਆ ਨਿਧਾਨਾ ॥੧॥ (੧੮੬)

ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥੧॥ ਲੋਗਾ ਭਰਮਿ ਨ ਭੂਲਹੁ ਭਾਈ ॥ ਖਾਲਿਕੁ ਖਲਕ ਖਲਕ ਮਹਿ ਖਾਲਿਕੁ ਪੂਰਿ ਰਹਿਓ ਸ੍ਰਬ ਠਾਂਈ ॥੧॥ ਰਹਾਉ ॥ (੧੩੪੯)

ਮਨ ਤੂ ਜੋਤਿ ਸਰੂਪ ਹੈ ਆਪਣਾ ਮੂਲੁ ਪਛਾਣੁ॥ (੪੪੧)।

ਇਸੁ ਮਨ ਕਉ ਨਹੀ ਆਵਣ ਜਾਨਾ॥ ਜਿਸ ਕਾ ਭਰਮ ਗਿਆ ਤਿਨਿ ਸਾਚੁ ਪਛਾਣਾ॥ (੩੩੦)

ਮਨੁ ਹਾਲੀ ਕਿਰਸਾਣੀ ਕਰਣੀ ਸਰਮੁ ਪਾਣੀ ਤਨੁ ਖੇਤੁ ॥ ਨਾਮੁ ਬੀਜੁ ਸੰਤੋਖੁ ਸੁਹਾਗਾ ਰਖੁ ਗਰੀਬੀ ਵੇਸੁ ॥ ਭਾਉ ਕਰਮ ਕਰਿ ਜੰਮਸੀ ਸੇ ਘਰ ਭਾਗਠ ਦੇਖੁ ॥੧॥ (੫੯੫)

Posted in ਚਰਚਾ, ਯਾਦਾਂ, Punjab

ਪੜ੍ਹਾਈ ਦਾ ਸ਼ੌਕ

ਇਹ ਗੱਲ ਸੰਨ 1996 ਦੀ ਹੈ। ਉਨ੍ਹਾਂ ਦਿਨਾਂ ਦੇ ਵਿੱਚ ਮੈਂ ਸ੍ਰੀਨਗਰ, ਕਸ਼ਮੀਰ ਦੇ ਵਿੱਚ ਤੈਨਾਤ ਸੀ। ਸਰਦਾਰ ਮਨੋਹਰ ਸਿੰਘ ਗਿੱਲ ਉਸੇ ਸਾਲ ਚੀਫ ਇਲੈਕਸ਼ਨ ਕਮਿਸ਼ਨਰ ਆਫ ਇੰਡੀਆ ਵਜੋਂ ਨਿਯੁਕਤ ਹੋਏ ਸਨ। ਨਿਯੁਕਤੀ ਤੋਂ ਬਾਅਦ ਉਹ ਸਾਰੇ ਭਾਰਤ ਦਾ ਦੌਰਾ ਕਰ ਰਹੇ ਸਨ ਤੇ ਕਸ਼ਮੀਰ ਵੀ ਉਨ੍ਹਾਂ ਦੇ ਪ੍ਰੋਗਰਾਮ ਵਿੱਚ ਸ਼ਾਮਿਲ ਸੀ। ਕਸ਼ਮੀਰ ਦੇ ਦੌਰੇ ਦੇ ਦੌਰਾਨ ਸਰਦਾਰ ਗਿੱਲ ਹੋਰਾਂ ਨੇ ਕਸ਼ਮੀਰ ਦੇ ਮੁੱਖ ਮੰਤਰੀ, ਨਾਗਰਿਕ ਪ੍ਰਸ਼ਾਸਨ ਅਧਿਕਾਰੀਆਂ, ਫ਼ੌਜੀ ਅਧਿਕਾਰੀਆਂ ਅਤੇ ਸੁਰੱਖਿਆ ਬਲਾਂ ਦੇ ਅਧਿਕਾਰੀਆਂ ਨਾਲ ਮਿਲਣਾ ਸੀ।  

ਫੈਲੇ ਵਿੱਦਿਆ ਚਾਨਣ ਹੋਇ

ਇਸੇ ਸਿਲਸਿਲੇ ਵਿੱਚ ਉਨ੍ਹਾਂ ਨੇ ਸ੍ਰੀਨਗਰ ਵਿੱਚ ਸੰਨਤ ਨਗਰ ਵਿਖੇ ਬਾਰਡਰ ਸਕਿਓਰਟੀ ਫੋਰਸ ਦੇ ਹੈੱਡਕੁਆਰਟਰ ਵਿੱਚ ਆ ਕੇ ਇੰਸਪੈਕਟਰ ਜਨਰਲ ਨੂੰ ਮਿਲਣਾ ਸੀ। ਮੁਲਾਕਾਤ ਵਾਲੇ ਦਿਨ ਸਵੇਰੇ ਹੀ ਇੰਸਪੈਕਟਰ ਜਨਰਲ ਨੂੰ ਕਿਤੇ ਬਾਹਰ ਜਾਣਾ ਪੈ ਗਿਆ ਤੇ ਵਾਪਸੀ ਵੇਲੇ ਉਹ ਸਰਦਾਰ ਗਿੱਲ ਨਾਲ ਬੈਠਕ ਦੇ ਵਕਤ ਤੋਂ ਖੁੰਝ ਰਹੇ ਜਾਪਦੇ ਸਨ। ਉਨ੍ਹਾਂ ਦੇ ਕਾਫਲੇ ਤੋਂ ਸੁਨੇਹਾ ਆ ਗਿਆ ਕਿ ਹੋ ਸਕਦਾ ਹੈ ਕਿ ਉਨ੍ਹਾਂ ਨੂੰ ਪਹੁੰਚਣ ਵਿੱਚ ਥੋੜ੍ਹੀ ਦੇਰ ਹੋ ਜਾਵੇ ਇਸ ਕਰਕੇ ਗੁਰਤੇਜ ਨੂੰ ਜ਼ਿੰਮੇਵਾਰੀ ਦੇ ਦਿਓ ਕਿ ਉਹ ਸਰਦਾਰ ਗਿੱਲ ਹੋਰਾਂ ਦਾ ਸਵਾਗਤ ਕਰ ਲੈਣ।  

ਮਿੱਥੇ ਹੋਏ ਵਕਤ ਸਰਦਾਰ ਗਿੱਲ ਉੱਥੇ ਪਹੁੰਚ ਗਏ ਅਤੇ ਮੈਂ ਉਨ੍ਹਾਂ ਨੂੰ ਲੈ ਕੇ ਆਓ-ਭਗਤ ਲਈ ਆਪਣੇ ਦਫ਼ਤਰ ਵਿੱਚ ਲੈ ਆਇਆ। ਉਨ੍ਹਾਂ ਨੂੰ ਇੰਸਪੈਕਟਰ ਜਨਰਲ ਦੇ ਕਾਫਲੇ ਦੇ ਪਛੜਣ ਅਤੇ ਹਾਲਾਤ ਦੀ ਵਾਕਫ਼ੀਅਤ ਕਰਾਉਣ ਤੋਂ ਬਾਅਦ ਸਾਡੀ ਰਸਮੀ ਗੱਲਬਾਤ ਫਿਰ ਛੇਤੀ ਹੀ ਖਤਮ ਹੋ ਗਈ। ਪਰ ਚੰਗੇ ਸਬੱਬ ਨੂੰ ਸਾਡੀਆਂ ਗੱਲਾਂ ਮੇਰੇ ਪਿਛੋਕੜ, ਮੇਰੀ ਪੜ੍ਹਾਈ ਆਦਿ ਵੱਲ ਮੁੜ ਪਈਆਂ ਅਤੇ ਸਾਡੀਆਂ ਗੱਲਾਂ ਯੂਨੀਵਰਸਿਟੀਆਂ, ਵਿੱਦਿਅਕ ਪੜ੍ਹਾਈਆਂ ਅਤੇ ਸਾਹਿਤਕ ਸ਼ੌਕਾਂ ਦੇ ਦੁਆਲੇ ਘੁੰਮਦੀਆਂ ਰਹੀਆਂ। ਗੱਲਾਂ-ਗੱਲਾਂ ਦੇ ਵਿੱਚ ਸਰਦਾਰ ਗਿੱਲ ਨੇ ਥੋੜ੍ਹੇ ਜਿਹੇ ਮਾਯੂਸ ਹੁੰਦਿਆਂ ਕਿਹਾ ਕਿ “ਗੁਰਤੇਜ ਹੁਣ ਪਿੰਡਾਂ ਚੋਂ ਪੜ੍ਹ ਕੇ ਮੁੰਡੇ ਅਫ਼ਸਰ ਨਹੀਂ ਬਣਦੇ ਅਤੇ ਪੜ੍ਹਾਈ ਦਾ ਸ਼ੌਕ ਦਿਨ-ਬ-ਦਿਨ ਘਟਦਾ ਹੀ ਜਾ ਰਿਹਾ ਹੈ”।

ਇਸ ਤੋਂ ਪਹਿਲਾਂ ਕਿ ਮੈਂ ਗੱਲ ਹੋਰ ਅੱਗੇ ਜਾਰੀ ਰੱਖਦਾ ਇੰਸਪੈਕਟਰ ਜਨਰਲ ਦੀਆਂ ਗੱਡੀਆਂ ਦਾ ਕਾਫਲਾ ਆ ਕੇ ਸਾਹਮਣੇ ਖੜ੍ਹਾ ਹੋਣਾ ਸ਼ੁਰੂ ਹੋ ਗਿਆ ਤੇ ਮੈਂ ਸਰਦਾਰ ਗਿੱਲ ਨੂੰ ਲੈ ਕੇ ਉਧਰ ਨੂੰ ਤੁਰ ਪਿਆ। ਉਨ੍ਹਾਂ ਦੀ ਦਾਰਸ਼ਨਿਕ ਅਤੇ ਸਾਦਾ ਸ਼ਖ਼ਸਿਅਤ ਨੇ ਮੇਰੇ ਮਨ ਤੇ ਉਸ ਦਿਨ ਡਾਢਾ ਅਸਰ ਛੱਡਿਆ।  

ਇਹ ਯਾਦ ਮੇਰੇ ਮਨ ਥਾਣੀਂ ਹਫ਼ਤਾ ਦੋ ਹਫ਼ਤੇ ਪਹਿਲਾਂ ਇੱਕ ਵਾਰ ਫੇਰ ਘੁੰਮੀ ਤਾਂ ਮੈਂ ਸੋਚਿਆ ਕਿ ਮੈਂ ਪਿੰਡਾਂ ਦੀ ਪੜ੍ਹਾਈ ਬਾਰੇ ਥੋੜ੍ਹੀ ਬਹੁਤ ਹੋਰ ਘੋਖ ਜ਼ਰੂਰ ਕਰੂੰਗਾ। ਮੈਂ ਅਮੂਮਨ ਹਰ ਹਫ਼ਤੇ ਪੰਜਾਬ ਵਿੱਚ ਆਪਣੇ ਪਿਤਾ ਜੀ ਦੇ ਨਾਲ ਫੋਨ ਦੇ ਉੱਤੇ ਇੱਕ ਵਾਰੀ ਜ਼ਰੂਰ ਗੱਲ ਕਰਦਾ ਹਾਂ। ਪਿਛਲੇ ਹਫਤੇ ਜਦੋਂ ਉਨ੍ਹਾਂ ਨਾਲ ਫੋਨ ਤੇ ਗੱਲ ਹੋ ਰਹੀ ਸੀ ਤਾਂ ਮੈਂ ਫ਼ਤਿਹ ਬੁਲਾਉਣ ਤੋਂ ਬਾਅਦ ਸਿੱਧੀ ਗੱਲ ਪਿੰਡਾਂ ਦੀ ਪੜ੍ਹਾਈ ਵੱਲ ਲੈ ਆਇਆ ਅਤੇ ਉਨ੍ਹਾਂ ਨੂੰ ਉਚੇਚੇ ਤੌਰ ਦੇ ਪੁੱਛਿਆ ਕਿ ਉਨ੍ਹਾਂ ਦੀ ਆਪਣੀ ਮੁੱਢਲੀ ਪੜ੍ਹਾਈ ਕਿਸ ਤਰ੍ਹਾਂ ਦੇ ਹਾਲਾਤ ਵਿੱਚ ਹੋਈ ਸੀ? ਤੇ ਉਹ ਕਿਵੇਂ ਪਿੰਡ ਦੇ ਸਕੂਲ ਤੋਂ ਪੜ੍ਹਾਈ ਸ਼ੁਰੂ ਕਰਕੇ ਅਫ਼ਸਰ ਬਣੇ?

ਪਿਤਾ ਜੀ ਨੇ ਮੈਨੂੰ ਸੰਨ 1941 ਤੋਂ ਸ਼ੁਰੂ ਕਰਕੇ ਆਪਣੀ ਮੁੱਢਲੀ ਪੜ੍ਹਾਈ ਬਾਰੇ ਚਾਨਣਾ ਪਾਇਆ। ਇਹ ਵੀ ਦੱਸਿਆ ਕਿ ਚੌਥੀ ਜਮਾਤ ਵਿੱਚੋਂ ਪਹਿਲੇ ਨੰਬਰ ਉੱਤੇ ਆਉਣ ਕਰਕੇ ਕਿਵੇਂ ਇੱਕ ਪਰਿਵਾਰਕ ਜਾਣ-ਪਛਾਣ ਵਾਲੇ ਸੱਜਣ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਉਹ ਹੁਣ ਪਿੰਡ ਜਸਰਾਊਰ ਦਾ ਸਕੂਲ ਛੱਡ ਕੇ ਸਰਕਾਰੀ ਹਾਈ ਸਕੂਲ ਅਜਨਾਲਾ ਵਿਖੇ ਦਾਖਲਾ ਲੈਣ। ਇਸਦਾ ਕਾਰਨ ਇਹ ਸੀ ਕਿ ਜੇਕਰ ਉਹ ਪਿੰਡ ਦੇ ਸਕੂਲ ਵਿੱਚ ਛੇਵੀਂ ਪੂਰੀ ਕਰਕੇ ਅਜਨਾਲੇ ਜਾਂਦੇ ਸਨ ਤਾਂ ਇੱਕ ਸਾਲ ਖਰਾਬ ਹੋਣਾ ਸੀ ਕਿਉਂਕਿ ਅਜਨਾਲਾ ਹਾਈ ਸਕੂਲ ਵਾਲਿਆਂ ਨੇ ਉਹ ਪੂਰਾ ਸਾਲ ਉਨ੍ਹਾਂ ਦੀ ਅੰਗਰੇਜ਼ੀ ਪੜ੍ਹਾਈ ਲਈ ਲਵਾਉਣਾ ਸੀ। 

ਉਨ੍ਹਾਂ ਦਿਨਾਂ ਦੇ ਵਿੱਚ ਸਾਰੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਦੋ ਹੀ ਸਰਕਾਰੀ ਹਾਈ ਸਕੂਲ ਹੁੰਦੇ ਸਨ। ਇੱਕ ਅੰਮ੍ਰਿਤਸਰ ਅਤੇ ਇਕ ਅਜਨਾਲਾ ਅਤੇ ਇਨ੍ਹਾਂ ਦੋਹਾਂ ਸਕੂਲਾਂ ਦੇ ਵਿੱਚ ਦਾਖਲਾ, ਪ੍ਰੀਖਿਆ ਦੇ ਕੇ ਹੀ ਮਿਲਦਾ ਸੀ। ਉਨ੍ਹਾਂ ਦਿਨਾਂ ਵਿੱਚ ਸਾਰੇ ਅੰਮ੍ਰਿਤਸਰ ਜ਼ਿਲੇ ਵਿੱਚ ਦੋ ਹੀ ਪੱਕੀਆਂ ਸੜਕਾਂ ਵੀ ਹੁੰਦੀਆਂ ਸਨ। ਇੱਕ ਕੌਮੀ ਸ਼ਾਹ-ਰਾਹ ਜਿਹੜੀ ਜਲੰਧਰ ਵੱਲੋਂ ਆਉਂਦੀ ਸੀ ਅਤੇ ਅੰਮ੍ਰਿਤਸਰ ਤੋਂ ਲਾਹੌਰ ਵੱਲ ਜਾਂਦੀ ਸੀ ਤੇ ਦੂਜੀ ਅੰਮ੍ਰਿਤਸਰ ਤੋਂ ਸਿਆਲਕੋਟ ਦੀ ਸੜਕ। ਇਸੇ ਸੜਕ ਉੱਪਰ ਹੀ ਅਜਨਾਲਾ ਅਬਾਦ ਸੀ।

ਅੱਗੇ ਚੱਲਦਿਆਂ ਪਿਤਾ ਜੀ ਨੇ ਵੀ ਦੱਸਿਆ ਕਿ ਸਰਕਾਰੀ ਹਾਈ ਸਕੂਲ ਅਜਨਾਲਾ ਦਾਖ਼ਲਾ ਮਿਲਣ ਤੋਂ ਬਾਅਦ ਉਨ੍ਹਾਂ ਦਾ ਇੱਕ ਤਾਂ ਪਿੰਡ ਤੋਂ ਅਜਨਾਲੇ ਤੱਕ ਦਾ ਹਰ ਰੋਜ਼ ਦਸ ਕਿਲੋਮੀਟਰ ਆਉਣ-ਜਾਣ ਦਾ ਸਫਰ ਸ਼ੁਰੂ ਹੋ ਗਿਆ ਅਤੇ ਨਾਲ ਹੀ ਨਾਲ ਅੰਗਰੇਜ਼ੀ ਵਿੱਦਿਆ ਦਾ ਵੀ। ਅੰਗਰੇਜ਼ੀ ਦੀ ਵਿੱਦਿਆ ਲਈ ਕਿਸ ਤਰ੍ਹਾਂ ਪਹੁੰਚ ਕੀਤੀ ਜਾਂਦੀ ਸੀ, ਉਸ ਦੇ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਸਾਰਾ ਮਿਆਰ ਹੀ ਗਰਾਮਰ (ਵਿਆਕਰਣ) ਦੇ ਮੁੱਢ ਨਾਲ ਬੱਝਾ ਹੋਇਆ ਸੀ ਅਤੇ ਅੰਗਰੇਜ਼ੀ ਦੀ ਪੜ੍ਹਾਈ ਦਾ ਮਿਆਰ ਵੀ ਬਹੁਤ ਉੱਚਾ ਹੁੰਦਾ ਸੀ।

ਜਗਿਆਸਾ ਵੱਸ ਮੈਂ ਉਨ੍ਹਾਂ ਕੋਲੋਂ ਇਹ ਵੀ ਪੁੱਛ ਲਿਆ ਕਿ ਉਹ ਉਨ੍ਹਾਂ ਦਾ ਪੜ੍ਹਾਈ ਦਾ ਮਾਧਿਅਮ ਕੀ ਸੀ ਤਾਂ ਉਨ੍ਹਾਂ ਨੇ ਜਵਾਬ ਦਿੱਤਾ ਕਿ ਉੱਥੇ ਪੜ੍ਹਾਈ ਦਾ ਖਾਸ ਤੌਰ ਤੇ ਵਿਗਿਆਨ ਦੀ ਪੜ੍ਹਾਈ ਦਾ ਮਾਧਿਅਮ ਅੰਗਰੇਜ਼ੀ ਹੀ ਸੀ ਅਤੇ ਹੋਰ ਜਿਹੜੀਆਂ ਭਾਸ਼ਾਵਾਂ ਉਹ ਪੜ੍ਹਦੇ ਸਨ ਉਹਦੇ ਵਿੱਚ ਜਾਂ ਤਾਂ ਤੁਸੀਂ ਉਰਦੂ ਫ਼ਾਰਸੀ ਤੇ ਜਾਂ ਫਿਰ ਉਰਦੂ ਸੰਸਕ੍ਰਿਤ ਲੈ ਸਕਦੇ ਸੀ।  ਫ਼ਾਰਸੀ ਅਤੇ ਸੰਸਕ੍ਰਿਤ ਨੂੰ ਕਲਾਸਕੀ ਭਾਸ਼ਾਵਾਂ ਦਾ ਦਰਜਾ ਹਾਸਲ ਸੀ। ਮੈਨੂੰ ਇਹ ਸੁਣ ਕੇ ਬੜੀ ਹੈਰਾਨੀ ਹੋਈ ਤੇ ਮੈਂ ਪੁੱਛਿਆ ਕਿ ਉਨ੍ਹਾਂ ਦਿਨਾਂ ਵਿੱਚ ਪੰਜਾਬੀ ਪੜ੍ਹਾਉਣ ਦਾ ਕੋਈ ਉਪਰਾਲਾ ਨਹੀਂ ਸੀ ਹੁੰਦਾ? ਇਸ ਦੇ ਜਵਾਬ ਵਿਚ ਉਨ੍ਹਾਂ ਨੇ ਕਿਹਾ ਕਿ ਪੰਜਾਬੀ ਆਮ ਤੌਰ ਤੇ ਕੁਝ ਚੋਣਵੇਂ ਖ਼ਾਲਸਾ ਸਕੂਲਾਂ ਵਿੱਚ ਹੀ ਪੜ੍ਹਾਈ ਜਾਂਦੀ ਸੀ ਤੇ ਸਰਕਾਰੀ ਸਕੂਲਾਂ ਵਿੱਚ ਨਹੀਂ। ਜਾਂ ਫਿਰ ਤੁਸੀਂ ਪੰਜਾਬੀ ਆਪਣੇ ਘਰੇ ਹੀ ਸਿੱਖਦੇ ਸੀ।  

1947 ਤੋਂ ਬਾਅਦ ਇਕ ਦਮ ਵੱਡਾ ਬਦਲਾਅ ਆਇਆ। ਉਨ੍ਹਾਂ ਮੈਨੂੰ ਦੱਸਿਆ ਕਿ 1947 ਤੋਂ ਬਾਅਦ ਉਰਦੂ ਦੀ ਥਾਂ ਪੰਜਾਬੀ ਨੇ ਲੈ ਲਈ ਅਤੇ ਇਸ ਤਰ੍ਹਾਂ ਉਨ੍ਹਾਂ ਨੇ ਸੱਤਵੀਂ ਜਮਾਤ ਤੋਂ ਉਸੇ ਸਰਕਾਰੀ ਹਾਈ ਸਕੂਲ ਦੇ ਵਿੱਚ ਪੰਜਾਬੀ ਦੀ ਪੜ੍ਹਾਈ ਸ਼ੁਰੂ ਕਰ ਲਈ। ਪੜ੍ਹਾਈ ਦੀਆਂ ਹੋਰ ਗੱਲਾਂ ਕਰਦਿਆਂ ਪਿਤਾ ਜੀ ਮੈਨੂੰ ਇਹ ਵੀ ਦੱਸਿਆ ਕਿ ਪੜ੍ਹਨ ਦੇ ਸ਼ੌਕ ਕਰਕੇ ਹੀ ਉਹ ਸਰਦੀਆਂ ਵਿੱਚ ਕਿਵੇਂ ਪਿੰਡ ਵਿੱਚ ਆਮ ਤਪਦੀਆਂ ਸ਼ਾਮ ਦੀਆਂ ਧੂਣੀਆਂ ਤੋਂ ਦੂਰ ਹੀ ਰਹਿੰਦੇ ਹੁੰਦੇ ਸਨ ਜਿੱਥੇ ਗੱਪ-ਗਪੌੜ ਦਾ ਕੁਣਕਾ ਬਹੁਤ ਖਾਧਾ ਜਾਂਦਾ ਹੁੰਦਾ ਸੀ।  

ਮੈਂ ਜਦੋਂ ਉਨ੍ਹਾਂ ਨੂੰ ਪਿੰਡਾਂ ਵਿੱਚ ਪੜ੍ਹਨ ਦੇ ਘਟਦੇ ਰੁਝਾਨ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਹਾਮੀ ਭਰਦਿਆਂ ਇਹ ਜ਼ਰੂਰ ਕਿਹਾ ਕਿ ਵਕਤ ਬਦਲਣ ਨਾਲ ਕਈ ਕੁਝ ਬਦਲਦਾ ਹੈ ਪਰ ਹਰ ਜਗ੍ਹਾ ਇਹ ਗੱਲ ਠੀਕ ਨਹੀਂ ਢੁਕਦੀ ਕਿਉਂਕਿ ਇਹ ਸਭ ਕੁਝ ਮਾਹੌਲ ਦੇ ਉੱਤੇ ਵੀ ਮੁਨੱਸਰ ਹੈ। ਜਿੱਥੇ ਉਤਸ਼ਾਹ-ਪ੍ਰੇਰਨਾ ਦਾ ਚੰਗਾ ਮਾਹੌਲ ਮਿਲ ਜਾਂਦਾ ਹੈ ਉੱਥੇ ਪੜ੍ਹਨ ਦਾ ਸ਼ੌਕ ਬਰਕਰਾਰ ਰਹਿੰਦਾ ਹੈ।  

Posted in ਯਾਦਾਂ, ਵਿਚਾਰ, ਵੈਲਿੰਗਟਨ, Punjab

ਹਰਭਜਨ ਮਾਨ ਦਾ ਅਖਾੜਾ

ਬੀਤੀ 26 ਜੁਲਾਈ 2019 ਦੀ ਰਾਤ ਨੂੰ ਸ਼ਹਿਰ ਵੈਲਿੰਗਟਨ, ਨਿਊਜ਼ੀਲੈਂਡ ਦੇ ਸੈਕਰਡ ਹਾਰਟ ਕਾਲਜ ਲੋਅਰ ਹੱਟ ਵਿੱਚ ਹਰਭਜਨ ਮਾਨ ਦਾ ਅਖਾੜਾ ਲੱਗਿਆ। ਅਖਾੜਾ ਹਰਭਜਨ ਮਾਨ ਦਾ ਹੋਵੇ ਅਤੇ ਕਾਮਯਾਬੀ ਦਾ ਸਿਹਰਾ ਨਾ ਬੱਝੇ, ਇਹ ਕਿਵੇਂ ਹੋ ਸਕਦਾ ਹੈ? ਬਹੁਤ ਮਿਹਨਤ ਕੀਤੀ ਹੈ ਵੈਲਿੰਗਟਨ ਪੰਜਾਬੀ ਸਪੋਰਟਜ਼ ਐਂਡ ਕਲਚਲਰ ਕਲੱਬ ਵੱਲੋਂ ਬਲਵਿੰਦਰ, ਗੁਰਪ੍ਰੀਤ, ਦਲੇਰ ਅਤੇ ਹਰਜੀਤ ਨੇ ਅਤੇ ਇਨ੍ਹਾਂ ਸਾਰਿਆਂ ਨੂੰ ਵਧਾਈ ਦੇਣੀ ਬਣਦੀ ਹੈ – ਖਾਸ ਤੌਰ ਤੇ ਚੰਗੇ ਪ੍ਰਬੰਧ ਅਤੇ ਚੰਗੀ ਪੇਸ਼ਕਾਰੀ ਦੇ ਲਈ। ਗੱਲ ਇਕੱਲੀ ਅਖਾੜੇ ਤੇ ਹੀ ਨਹੀਂ ਮੁੱਕਦੀ, ਸਗੋਂ ਬੀਤੇ ਦੋ ਦਿਨਾਂ ਦੇ ਦੌਰਾਨ ਹਰਭਜਨ ਮਾਨ ਦੇ ਨਾਲ ਲੌਢੇ ਵੇਲੇ ਦਾ ਖਾਣਾ ਖਾਣ, ਨਿਊਜ਼ੀਲੈਂਡ ਪਾਰਲੀਮੈਂਟ ਵਿੱਚ ਸਨਮਾਨ ਅਤੇ ਹੋਰ ਮੁਲਾਕਾਤਾਂ ਦੌਰਾਨ ਜੋ ਵੀ ਗੱਲਬਾਤ ਕਰਨ ਦਾ ਮੌਕਾ ਲੱਗਾ ਉਸ ਨਾਲ ਬੀਤੇ ਦੋ ਦਹਾਕਿਆਂ ਦੀਆਂ ਯਾਦਾਂ ਅਤੇ ਗੱਲਾਂ ਜੁੜੀਆਂ ਹੋਈਆਂ ਸਨ।

ਬੀਤੀ ਰਾਤ ਅਖਾੜੇ ਦੌਰਾਨ, ਹਰਭਜਨ ਮਾਨ ਨੇ ਜਦ ਆਪਣੇ ਫ਼ਿਲਮੀ ਸਫ਼ਰ ਦੀ ਗੱਲ ਕੀਤੀ ਤਾਂ ਇਸ ਨੂੰ ਰੇਤ ਵਿੱਚ ਲਕੀਰ ਵਾਹੁਣ ਵਾਲਾ ਕਦਮ ਦੱਸਿਆ। ਇਹ ਗੱਲ ਸੌ ਫ਼ੀਸਦੀ ਠੀਕ ਵੀ ਹੈ। ਮੈਂ ਇੰਨਾ ਹੀ ਦੋ ਦਹਾਕਿਆਂ ਬਾਰੇ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਇਹ ਗੱਲ ਉਨ੍ਹਾਂ ਦਿਨਾਂ ਦੀ ਹੈ ਜਦ ਸੰਨ 2001 ਵਿੱਚ ਮੈਂ ਪ੍ਰਵਾਸ ਕਰਕੇ ਇੱਥੇ ਵੈਲਿੰਗਟਨ ਪਹੁੰਚਿਆ ਸੀ। ਸਭਿਆਚਾਰ ਦੇ ਨਾਂ ਉੱਤੇ ਬਹੁਤ ਘੱਟ ਹੀ ਵੇਖਣ ਨੂੰ ਮਿਲਦਾ ਸੀ। ਮਨੋਰੰਜਨ ਦਾ ਸਮਾਨ ਲੈਣ ਲਈ ਦੁਕਾਨਾਂ ਤੇ ਜਾਣਾ ਪੈਂਦਾ ਸੀ। ਇੰਟਰਨੈਟ ਉਨ੍ਹਾਂ ਦਿਨਾਂ ਵਿੱਚ ਜੂੰ ਦੀ ਚਾਲ ਚਲਦਾ ਸੀ। ਜਿਹੜੀਆਂ ਦੁਕਾਨਾਂ ਇਥੇ ਡੀਵੀਡੀ ਅਤੇ ਸੀਡੀ ਰੱਖਦੀਆਂ ਹੁੰਦੀਆਂ ਸਨ, ਡੀਵੀਡੀ ਜ਼ਿਆਦਾ ਬਾਲੀਵੁੱਡ ਦੀਆਂ ਹੁੰਦੀਆਂ ਸਨ ਅਤੇ ਪੰਜਾਬੀ ਦੀਆਂ ਸਿਰਫ ਸੀਡੀ ਜਾਂ ਵੱਧ ਤੋਂ ਵੱਧ ਕੋਈ ਵੀਸੀਡੀ ਹੀ ਹੁੰਦੀਆਂ ਸਨ। ਉਨ੍ਹਾਂ ਦਿਨਾਂ ਵਿੱਚ ਪੰਜਾਬੀ ਫ਼ਿਲਮ “ਜੀ ਆਇਆਂ ਨੂੰ” ਆਈ ਤੇ ਲੱਗਾ ਜਿਵੇਂ ਕੋਈ ਠੰਢੀ ਹਵਾ ਦਾ ਬੁੱਲਾ ਆਇਆ ਹੋਵੇ। ਵੇਖਣ ਨੂੰ ਇਹ ਫ਼ਿਲਮ ਬਹੁਤ ਵਧੀਆ ਲੱਗੀ ਅਤੇ ਉਸ ਤੋਂ ਬਾਅਦ ਦੇ ਚਾਰ-ਪੰਜ ਸਾਲਾਂ ਦੇ ਵਿੱਚ ਹਰਭਜਨ ਮਾਨ ਵੱਲੋਂ ਜੋ ਹੋਰ ਫ਼ਿਲਮਾਂ ਪੇਸ਼ ਕੀਤੀਆਂ ਗਈਆਂ, ਉਨ੍ਹਾਂ ਨੇ ਪੰਜਾਬੀ ਫ਼ਿਲਮਾਂ ਲਈ ਇੱਕ ਚੰਗੇ ਮਿਆਰ ਦਾ ਮੁੱਢ ਬੰਨ੍ਹ ਦਿੱਤਾ। ਜਿਵੇਂ ਕਿ ਸਥਾਨਕ ਰਵਾਇਤ ਹੈ, ਜਦੋਂ ਵੀ ਤੁਹਾਨੂੰ ਕੋਈ ਰਾਤ ਦੇ ਖਾਣੇ ਦੀ ਦਾਅਵਤ ਦਿੰਦਾ ਹੈ ਤਾਂ ਆਮ ਤੌਰ ਤੇ ਅੰਗੂਰੀ ਤੇ ਚਾਕਲੇਟ ਲੈ ਕੇ ਪਹੁੰਚੀਦਾ ਹੈ। ਮੈਨੂੰ ਯਾਦ ਹੈ ਉਨ੍ਹਾਂ ਦਿਨਾਂ ਦੇ ਵਿੱਚ ਮੈਂ ਉਚੇਚੇ ਤੌਰ ਤੇ ਹਰਭਜਨ ਮਾਨ ਦੀਆਂ ਫ਼ਿਲਮਾਂ ਦੀਆਂ ਵੀਸੀਡੀਜ਼ ਪੰਜਾਬ ਤੋਂ ਮੰਗਵਾ ਕੇ ਰੱਖਦਾ ਹੁੰਦਾ ਸੀ ਤਾਂ ਕਿ ਜਦੋਂ ਵੀ ਕੋਈ ਖਾਣੇ ਦੀ ਦਾਅਵਤ ਆਵੇ ਤਾਂ ਹੋਰ ਸਮਾਨ ਦੇ ਨਾਲ ਹਰਭਜਨ ਮਾਨ ਦੀਆਂ ਫ਼ਿਲਮਾਂ ਵੀ ਸੌਗ਼ਾਤ ਵੱਜੋਂ ਦਿੱਤੀਆਂ ਜਾਣ।

ਇੱਕ ਹੋਰ ਗੱਲ ਇਹ ਵੀ ਕਿ ਮੇਰੇ ਪੰਜਾਬੀ ਯੂਨੀਵਰਸਿਟੀ (1987-89) ਪਟਿਆਲਾ ਦੇ ਦਿਨਾਂ ਦੇ ਬਹੁਤ ਸਾਰੇ ਮਿੱਤਰ ਟੋਰਾਂਟੋ ਅਤੇ ਵੈਨਕੂਵਰ ਜਾ ਵੱਸੇ ਹੋਏ ਸਨ ਅਤੇ ਉਨ੍ਹਾਂ ਨਾਲ ਫੋਨ ਦੇ ਉੱਤੇ ਆਮ ਰਾਬਤਾ ਰਹਿੰਦਾ ਸੀ। ਸਾਹਿਤ ਪੜ੍ਹਦਿਆਂ ਸਬੱਬੀ ਟੋਰਾਂਟੋ ਵਾਲੇ ਇਕਬਾਲ ਰਾਮੂਵਾਲੀਆ ਹੋਣਾਂ ਨਾਲ ਵੀ ਫੋਨ ਦੇ ਉੱਤੇ ਮਿਲਾਪ ਹੋ ਗਿਆ। ਗੱਲੀਬਾਤੀਂ ਇਹ ਵੀ ਪਤਾ ਲੱਗਾ ਕਿ ਉਨ੍ਹਾਂ ਦੀ ਹਰਭਜਨ ਮਾਨ ਦੇ ਨਾਲ ਰਿਸ਼ਤੇਦਾਰੀ ਸੀ। ਪੰਜਾਬੀ ਸਿਨਮੇ ਬਾਰੇ ਗੱਲਬਾਤ ਕਰਦਿਆਂ ਇਕਬਾਲ ਹੋਣਾਂ ਕਿਹਾ ਕਿ ਇਹ ਹਰਭਜਨ ਮਾਨ ਦਾ ਮੋਬਾਈਲ ਨੰਬਰ ਤੇ ਉਸ ਨਾਲ ਸਿੱਧੀ ਗੱਲ ਕਰੋ। ਮੈਂ ਸੋਚਿਆ ਕਿ ਸਿੱਧੀ ਗੱਲਬਾਤ ਕਰਨ ਨਾਲੋਂ ਚੰਗਾ ਹੈ ਕਿ ਕੋਈ ਚੀਜ਼ ਚਰਚਾ ਦਾ ਵਿਸ਼ਾ ਬਣ ਕੇ ਹੀ ਨੇਪਰੇ ਚੜ੍ਹੇ ਇਸ ਕਰਕੇ ਹਰਭਜਨ ਮਾਨ ਨਾਲ ਕਦੀ ਸਿੱਧੀ ਗੱਲ ਦਾ ਸਬੱਬ ਨਾ ਬਣਿਆ। ਬੀਤੇ ਦੋ ਦਿਨਾਂ ਦੌਰਾਨ ਜਦ ਹਰਭਜਨ ਨਾਲ ਇਸ ਤਰ੍ਹਾਂ ਪਹਿਲੀ ਵਾਰ ਮੇਲ ਹੋਇਆ ਤਾਂ ਵਾਕਿਆ ਹੀ ਬੀਤੇ ਦੋ ਦਹਾਕਿਆਂ ਦੇ ਚੱਲ ਰਹੇ ਖ਼ਿਆਲ ਇੱਕ ਵਾਰ ਬਹੁਤ ਖੁਸ਼ਨੁਮਾ ਤੌਰ ਦੇ ਉੱਤੇ ਥੰਮ ਗਏ।

ਬੀਤੀ ਰਾਤ ਚਲਦੇ ਅਖਾੜੇ ਦੇ ਵਿੱਚ ਜਦੋਂ ਵਕ਼ਫ਼ਾ ਪਾਉਣ ਦਾ ਮੌਕਾ ਆਇਆ ਤਾਂ ਹਰਭਜਨ ਮਾਨ ਨੇ ਛੋਟੇ ਵੀਰ ਗੁਰਪ੍ਰੀਤ ਨੂੰ ਇਹ ਜ਼ਰੂਰੀ ਬੇਨਤੀ ਕੀਤੀ ਕਿ ਵਕ਼ਤ ਦੀ ਪਾਬੰਦੀ ਰੱਖਿਓ। ਪਰ ਜਿਵੇਂ ਕਿ ਆਮ ਹੁੰਦਾ ਹੀ ਹੈ, ਇਸ਼ਤਿਹਾਰ ਦੇਣ ਵਾਲੇ ਸਰਪ੍ਰਸਤਾਂ ਨੂੰ ਸਨਮਾਨ ਦਿੰਦੇ ਹੋਇਆਂ ਘੜ੍ਹੀ ਨੇ ਜ਼ਿਆਦਾ ਵਕ਼ਤ ਲੈ ਹੀ ਲਿਆ। ਅਖਾੜਾ ਮੁੜ ਸ਼ੁਰੂ ਕਰਦਿਆਂ ਹਰਭਜਨ ਮਾਨ ਨੇ ਕਿਹਾ ਕਿ ਉਹੀ ਗੱਲ ਹੋ ਜਾਂਦੀ ਹੈ ਕਿ ਗੱਡੀ ਪਹਿਲੇ ਗੇੜ ਚ ਫਿਰ ਪਾਉਣੀ ਪੈਂਦੀ ਹੈ। ਭਾਵੇਂ ਕਿ ਇਸ਼ਤਿਹਾਰ ਦੇਣ ਵਾਲੇ ਸਰਪ੍ਰਸਤਾਂ ਨੂੰ ਸਨਮਾਨ ਦੇਣਾ ਬਹੁਤ ਜ਼ਰੂਰੀ ਹੈ ਪਰ ਮੇਰੀ ਜਾਚੇ ਕਿਸੇ ਵੀ ਅਖਾੜੇ ਦੇ ਸ਼ੁਰੂ ਹੋਣ ਤੋਂ ਠੀਕ ਪੰਦਰਾਂ ਮਿੰਟ ਪਹਿਲਾਂ ਹੀ ਇਹ ਦੇ ਦੇਣਾ ਚਾਹੀਦਾ ਹੈ ਅਤੇ ਜਦੋਂ ਵਕ਼ਫ਼ਾ ਲੈਣ ਦਾ ਵਕਤ ਆਵੇ ਉਦੋਂ ਬਿਲਕੁਲ ਥੋੜ੍ਹੇ ਜਿਹੇ ਵਕ਼ਤ ਵਿੱਚ ਹੀ ਇਨ੍ਹਾਂ ਸਾਰਿਆਂ ਸਰਪ੍ਰਸਤਾਂ ਨੂੰ ਫਟਾ-ਫੱਟ ਇਕੱਠਿਆਂ ਮੰਚ ਦੇ ਉੱਤੇ ਬੁਲਾ ਕੇ ਤਸਵੀਰ ਅੰਦਾਜ਼ੀ ਕਰ ਲੈਣੀ ਚਾਹੀਦੀ ਹੈ।

ਅੱਜ ਜਦ ਮੈਂ ਇਹ ਸਤਰਾਂ ਲਿਖ ਰਿਹਾ ਹਾਂ ਤਾਂ ਹਰਭਜਨ ਮਾਨ ਹੋਰਾਂ ਦੀ ਵੈਲਿੰਗਟਨ ਤੋਂ ਆਕਲੈਂਡ ਦੇ ਲਈ ਰੁਖ਼ਸਤੀ ਹੈ ਤੇ ਪ੍ਰਬੰਧਕ ਖੁਸ਼ਨੁਮਾ ਯਾਦਾਂ ਨਾਲ ਲਬਰੇਜ਼ ਉਨ੍ਹਾਂ ਨੂੰ ਚਾਈਂ-ਚਾਈਂ ਹਵਾਈ ਅੱਡੇ ਛੱਡਣ ਜਾਣਗੇ। ਪ੍ਰਬੰਧਕ ਹਰਭਜਨ ਮਾਨ ਹੋਰਾਂ ਦੀ ਵੈਲਿੰਗਟਨ ਆਮਦ ਵੇਲੇ ਉਨ੍ਹਾਂ ਨੂੰ ਸਿੱਧਾ ਮਾਉਂਟ ਵਿਕਟੋਰੀਆ ਲੈ ਗਏ ਜਿੱਥੇ ਸਾਰੇ ਵੈਲਿੰਗਟਨ ਸ਼ਹਿਰ ਦੇ ਤਿੰਨ ਸੌ ਸੱਠ ਡਿਗਰੀ ਨਜ਼ਾਰੇ ਆਉਂਦੇ ਹਨ। ਵੈਲਿੰਗਟਨ ਨਾ ਸਿਰਫ ਨਿਊਜ਼ੀਲੈਂਡ ਦੀ ਰਾਜਧਾਨੀ ਹੈ ਸਗੋਂ ਇਹ ਨਿਊਜ਼ੀਲੈਂਡ ਦੀ ਸਭਿਆਚਾਰਕ ਰਾਜਧਾਨੀ ਵੀ ਹੈ। ਵੈਲਿੰਗਟਨ ਦਾ ਕੈਫ਼ੈ ਕਲਚਰ ਵੀ ਬਹੁਤ ਮਸ਼ਹੂਰ ਹੈ। ਅਮੂਮਨ ਅਸੀਂ ਜਦ ਆਪਣੇ ਪ੍ਰਾਹੁਣਿਆਂ ਨੂੰ ਵੈਲਿੰਗਟਨ ਹਵਾਈ ਅੱਡੇ ਜਹਾਜ਼ ਚੜ੍ਹਾਉਣ ਜਾਂਦੇ ਹਾਂ ਤਾਂ ਉਨ੍ਹਾਂ ਨੂੰ ਰਸਤੇ ਦੇ ਵਿੱਚ ਟੋਰੀ ਸਟ੍ਰੀਟ ਦੇ ਉੱਤੇ ਹਵਾਨਾ ਕੌਫ਼ੀ ਜ਼ਰੂਰ ਪਿਆ ਕਿ ਲਿਜਾਈ ਦਾ ਹੈ। ਵੇਖੋ ਹਰਭਜਨ ਮਾਨ ਨੂੰ ਇਹ ਕੌਫ਼ੀ ਨਸੀਬ ਹੁੰਦੀ ਹੈ ਕਿ ਨਹੀਂ!!

ਪਿਛਲਿਖਤ:
ਹਰਭਜਨ ਮਾਨ ਦੀ ਵੈਲਿੰਗਟਨ ਫੇਰੀ ਬਾਰੇ ਤਸਵੀਰਾਂ ਇਥੇ, ਇਥੇ ਅਤੇ ਇਥੇ ਵੇਖੀਆਂ ਜਾ ਸਕਦੀਆਂ ਹਨ।

Posted in ਚਰਚਾ, Politics, Punjab

ਪੰਜਾਬੀ ਲਈ ਹੇਜ?

ਹਾਲ ਵਿੱਚ ਹੀ ਇੱਕ ਖਬਰ ਇਹ ਪਤਾ ਲੱਗੀ ਹੈ ਕਿ ਪੰਜਾਬ ਦੇ ਕੁਝ ਰਾਜਨੇਤਾਵਾਂ ਨੇ ਪੰਜਾਬ ਦੀ ਵਿਧਾਨ ਸਭਾ ਚੋਂ ਵਾਕਆਊਟ ਕੀਤਾ ਹੈ। ਉਨ੍ਹਾਂ ਦੀ ਮੰਗ ਸੀ ਕਿ ਰਾਜਪਾਲ ਆਪਣਾ ਭਾਸ਼ਣ ਪੰਜਾਬੀ ਵਿੱਚ ਪੜ੍ਹੇ। ਗੱਲ ਤਾਂ ਬਹੁਤ ਵਧੀਆ ਕੀਤੀ।  ਵਾਕਿਆ ਹੀ ਪੰਜਾਬੀ ਦੀ ਪ੍ਰੋੜਤਾ ਕਰਨੀ ਚਾਹੀਦੀ ਹੈ। ਪਰ ਜਿਵੇਂ ਹੀ ਇਸ ਤੋਂ ਇੱਕ ਕਦਮ ਅੱਗੇ ਵਧਦੇ ਹਾਂ ਜਾਂ ਖ਼ਬਰ ਦਾ ਅਗਲਾ ਹਿੱਸਾ ਸੁਣਦੇ ਹਾਂ ਤਾਂ ਹੈਰਾਨ ਹੋ ਜਾਂਦੇ ਹਾਂ ਬੌਧਿਕ ਹੀਣ ਭਾਵ ਕਿਵੇਂ ਮਾਨਸਿਕਤਾ ਵਿੱਚ ਖੁੱਭਿਆ ਹੋਇਆ ਹੈ। ਇਸ ਦਾ ਪਤਾ ਇਥੋਂ ਲੱਗਦਾ ਹੈ ਜਦ ਇਨ੍ਹਾਂ ਹੀ ਰਾਜਨੇਤਾਵਾਂ ਨੇ ਇਹ ਮੰਗ ਕੀਤੀ ਕਿ ਜੇ ਪੰਜਾਬੀ ਵਿੱਚ ਭਾਸ਼ਣ ਨਹੀਂ ਪੜ੍ਹਨਾ ਤਾਂ ਹਿੰਦੀ ਵਿੱਚ ਪੜ੍ਹਿਆ ਜਾਵੇ।  

ਸ਼ਾਇਦ ਇਨ੍ਹਾਂ ਰਾਜਨੇਤਾਵਾਂ ਨੂੰ ਇਹ ਨਹੀਂ ਪਤਾ ਕਿ ਭਾਰਤ ਦੇ ਸੰਵਿਧਾਨ ਦੇ ਮੁਤਾਬਿਕ ਹਿੰਦੀ ਨੂੰ ਭਾਰਤ ਦੀ ਕਿਸੇ ਹੋਰ ਭਾਸ਼ਾ ਤੇ ਉਪਰਲੀ ਥਾਂ ਹਾਸਲ ਨਹੀਂ ਹੈ। ਸੰਵਿਧਾਨਕ ਤੌਰ ਤੇ ਸਾਰੀਆਂ ਭਾਸ਼ਾਵਾਂ ਰਾਜ ਭਾਸ਼ਾਵਾਂ ਹਨ। ਹਿੰਦੀ ਸਾਰੀਆਂ ਕੌਮੀਅਤਾਂ ਦੀਆਂ ਜੜ੍ਹਾਂ ਵੱਢਣ ਤੇ ਲੱਗੀ ਹੋਈ ਹੈ। ਪਹਿਲਾਂ ਤਾਂ ਇਸ ਦੇ ਹਥਿਆਰ ਬਾਲੀਵੁੱਡ ਅਤੇ ਦੂਰਦਰਸ਼ਨ ਸਨ ਪਰ ਹੁਣ ਤਾਂ ਰਾਜਨੀਤੀ ਵਿੱਚ ਰਸਸ ਪੂਰੀ ਤਰ੍ਹਾਂ ਦਖ਼ਲਅੰਦਾਜ਼ ਹੋ ਚੁੱਕੀ ਹੈ। ਅਸਿੱਧੇ ਰੂਪ ਵਿੱਚ ਹਿੰਦੀ-ਰਸਸ ਅਜਾਰੇਦਾਰਾਂ ਦੀ ਭਿਆਲ ਹੈ। ਹਾਂ ਜੇਕਰ ਇਸ ਦੀ ਬਜਾਏ ਇਹ ਰਾਜਨੇਤਾ ਇਹ ਕਹਿੰਦੇ ਕਿ ਰਾਜਪਾਲ ਇਸ ਭਾਸ਼ਣ ਦਾ ਮੁੱਖ ਅੰਸ਼ ਆਪਣੀ ਮਾਤ ਬੋਲੀ ਵਿੱਚ ਬੋਲ ਦੇਵੇ ਤਾਂ ਇਹ ਜ਼ਿਆਦਾ ਵਧੀਆ ਰਹਿਣਾ ਸੀ। ਰਾਜਨੇਤਾਵਾਂ ਦਾ ਇਹ ਕਹਿਣਾ ਕਿ ਉਨ੍ਹਾਂ ਨੂੰ ਅੰਗਰੇਜ਼ੀ ਸਮਝ ਨਹੀਂ ਆਉਂਦੀ ਉਨ੍ਹਾਂ ਦਾ ਨਿਜੀ ਮਸਲਾ ਹੈ ਜੋ ਕਾਵਾਂਰੌਲ਼ੀ ਤੋਂ ਵੱਧ ਕੁਝ ਨਹੀਂ।    

ਇਸ ਤੋਂ ਅੱਗੇ ਬੌਧਿਕ ਕੰਗਾਲੀ ਵਾਲੀ ਵੀ ਗੱਲ ਆਉਂਦੀ ਹੈ। ਪੰਜਾਬ ਦੇ ਵਿੱਚ ਇਹ ਵੀ ਇੱਕ ਆਮ ਹੀ ਫੈਸ਼ਨ ਪ੍ਰਚੱਲਿਤ ਹੋ ਗਿਆ ਹੈ ਕਿ ਅੰਗਰੇਜ਼ੀ ਦਾ ਵਿਰੋਧ ਕਰੀ ਜਾਓ। ਦੂਜੇ ਪਾਸੇ ਭੇਡ ਚਾਲ ਇਹ ਵੀ ਹੈ ਕਿ ਧੜਾ ਧੜ ਪਿੰਡਾਂ ਵਿੱਚ ਵੀ ਅੰਗਰੇਜ਼ੀ ਮਾਧਿਅਮ ਵਾਲੇ ਸਕੂਲ ਖੁੱਲ੍ਹ ਰਹੇ ਹਨ ਜਿੱਥੇ ਪੰਜਾਬੀ ਬੋਲਣ ਦੀ ਮਨਾਹੀ ਹੁੰਦੀ। ਇਸ ਸਭ ਕਾਸੇ ਦੇ ਬਾਵਜੂਦ ਇਹ ਨਹੀਂ ਸਮਝ ਆਉਂਦਾ ਕਿ ਜਦ ਦੱਖਣੀ ਏਸ਼ੀਆ ਦੇ ਹੋਰ ਖਿੱਤਿਆਂ ਵਿੱਚੋਂ ਅੰਗਰੇਜ਼ੀ ਦੇ ਵਧੀਆ ਲੇਖਕ, ਪੱਤਰਕਾਰ ਅਤੇ ਕਵੀ ਪੈਦਾ ਹੋ ਰਹੇ ਹਨ ਤਾਂ ਇਸੇ ਭੇਡ-ਚਾਲੇ ਪਏ ਪੰਜਾਬ ਨੇ ਖ਼ਾਸ ਤੌਰ ਪਿਛਲੇ ਚਾਲ੍ਹੀ ਕੁ ਸਾਲਾਂ ਦੌਰਾਨ ਕੋਈ ਮਾਰਕੇ ਦਾ ਅੰਗਰੇਜ਼ੀ ਲੇਖਕ, ਪੱਤਰਕਾਰ ਜਾਂ ਕੋਈ ਕਵੀ ਕਿਉਂ ਨਹੀਂ ਪੈਦਾ ਕੀਤਾ ਜੋ ਅੰਗਰੇਜ਼ੀ ਵਿੱਚ ਬਹੁਤ ਵਧੀਆ ਲਿਖਦਾ ਹੋਵੇ?

Posted in ਚਰਚਾ, Punjab

ਪੰਜਾਬ ਦਾ ਸੱਭਿਆਚਾਰ

ਦੋ ਕੁ ਮਹੀਨੇ ਪਹਿਲਾਂ ਦੀ ਗੱਲ ਹੈ ਕਿ ਚੜ੍ਹਦੇ ਪੰਜਾਬ ਦੇ ਸੱਭਿਆਚਾਰ ਮੰਤਰੀ ਨਵਜੋਤ ਸਿੱਧੂ ਨੇ ਪੰਜਾਬ ਸੱਭਿਆਚਾਰ ਕਮਿਸ਼ਨ ਬਣਾਉਣ ਦਾ ਐਲਾਨ ਕੀਤਾ ਸੀ। ਐਲਾਨ ਕਰਨ ਵੇਲੇ ਇਸ ਗੱਲ ਉੱਤੇ ਜ਼ੋਰ ਦਿੱਤਾ ਗਿਆ ਕਿ ਇਹ ਕਮਿਸ਼ਨ ਅਸ਼ਲੀਲਤਾ ਅਤੇ ਲੱਚਰਤਾ ਦੇ ਖ਼ਿਲਾਫ਼ ਇੱਕ ਢਾਲ ਬਣ ਕੇ ਉੱਭਰੇਗਾ। ਨਾਲ ਹੀ ਨਾਲ ਮੰਤਰੀ ਹੋਰਾਂ ਨੇ ਇਹ ਵੀ ਕਿਹਾ ਕਿ ਇਹ ਕਮਿਸ਼ਨ ਦੋ ਹਫਤਿਆਂ ਅੰਦਰ ਆਪਣੀ ਪਹਿਲੀ ਰਿਪੋਰਟ ਦੇ ਦੇਵੇਗਾ। ਇਸ ਮੌਕੇ ਇਹ ਵੀ ਰਸਮੀ ਤੌਰ ਤੇ ਐਲਾਨ ਕੀਤਾ ਗਿਆ ਕਿ ਇਸ ਕਮਿਸ਼ਨ ਦੇ ਸਰਪ੍ਰਸਤ ਕੌਣ ਹੋਣਗੇ ਤੇ ਇਸ ਦੇ ਕਾਰਜਕਾਰੀ ਪ੍ਰਬੰਧ ਨੂੰ ਕੌਣ ਵੇਖੇਗਾ।

ਪਰ ਇਸ ਐਲਾਨ ਤੋਂ ਬਾਅਦ ਲੱਗਦਾ ਹੈ ਕਿ ਖ਼ਬਰਾਂ ਦਾ ਸੋਕਾ ਹੀ ਪੈ ਗਿਆ ਕਿ ਇਹ ਸੱਭਿਆਚਾਰਕ ਕਮਿਸ਼ਨ ਕਿਸ ਤਰ੍ਹਾਂ ਚੱਲੇਗਾ। ਹਾਲੇ ਤੱਕ ਤੇ ਇਹ ਵੀ ਨਹੀਂ ਪਤਾ ਲੱਗ ਰਿਹਾ ਕਿ ਉਹ ਰਿਪੋਰਟ ਦਿੱਤੀ ਵੀ ਗਈ ਹੈ ਕਿ ਨਹੀਂ ਅਤੇ ਜੇਕਰ ਹੋ ਰਿਪੋਰਟ ਦੇ ਵੀ ਦਿੱਤੀ ਗਈ ਹੈ ਤਾਂ ਉਸ ਦੇ ਵਿੱਚ ਕੀ ਲਿਖਿਆ ਹੋਇਆ ਹੈ ਜਾਂ ਫਿਰ ਪੰਜਾਬ ਸਰਕਾਰ ਨੂੰ ਕੀ ਸਲਾਹ ਦਿੱਤੀ ਗਈ ਹੈ?

ਜਦਕਿ ਦੂਜੇ ਪਾਸੇ ਖਬਰਾਂ ਦੇ ਵਿੱਚ ਇਹ ਆਮ ਚਰਚਾ ਛਿੜ ਗਈ ਕਿ ਕੀ ਇਸ ਤਰ੍ਹਾਂ ਜ਼ੋਰ ਜਬਰਦਸਤੀ ਕਰਕੇ ਪੰਜਾਬ ਦਾ ਲੱਚਰ ਸੱਭਿਆਚਾਰ ਖਤਮ ਕੀਤਾ ਜਾ ਸਕਦਾ ਹੈ? ਕੀ ਇਸ ਕੰਮ ਦੇ ਵਿੱਚ ਪੁਲਿਸ ਦਾ ਡੰਡਾ ਸਹਾਈ ਹੋ ਸਕਦਾ ਹੈ? ਲੱਗਦਾ ਹੈ ਕਿ ਇਹ ਸਭ ਕੁਝ ਤੂੜੀ ਦੇ ਕੁੱਪ ਵਿੱਚੋਂ ਸੂਈ ਲੱਭਣ ਵਾਲੀ ਕੋਸ਼ਿਸ਼ ਵਰਗਾ ਬਣਦਾ ਜਾ ਰਿਹਾ ਹੈ।

ਜੋ ਅਸਲੀ ਗੱਲ ਸਮਝਣ ਦੀ ਲੋੜ ਹੈ ਉਹ ਇਹ ਹੈ ਕਿ ਲੱਚਰ ਸੱਭਿਆਚਾਰ ਦੁਨੀਆਂ ਦੇ ਹਰ ਸੱਭਿਆਚਾਰ ਦਾ ਹਿੱਸਾ ਹੁੰਦਾ ਹੈ ਪਰ ਇਹ ਕਿਸੇ ਨਾ ਕਿਸੇ ਨੁੱਕਰੇ ਜਾਂ ਖੂੰਜੇ ਲੁਕਿਆ ਹੋਇਆ ਹੁੰਦਾ ਹੈ। ਪਰ ਇਸ ਸਭ ਦੇ ਉਲਟ ਪੰਜਾਬ ਦੇ ਵਿੱਚ ਇਹ ਹੋ ਰਿਹਾ ਹੈ ਕਿ ਲੱਚਰ ਸੱਭਿਆਚਾਰ ਚੁਬਾਰੇ ਚੜ੍ਹ ਕੇ ਨੱਚ ਰਿਹਾ ਹੈ ਜੋ ਕਿ ਦੂਰ ਦੂਰ ਤੱਕ ਨਜ਼ਰ ਆ ਰਿਹਾ ਹੈ ਤੇ ਬਹੁਤੇ ਲੋਕਾਂ ਨੂੰ ਸ਼ਰਮਿੰਦਾ ਕਰ ਰਿਹਾ ਹੈ।

ਲੱਚਰ ਗਾਇਕੀ ਦਾ ਹੜ੍ਹ ਪੰਜਾਬ ਦੇ ਵਿੱਚ ਰਾਤੋ ਰਾਤ ਹੀ ਨਹੀਂ ਆ ਗਿਆ। ਇਸ ਦੇ ਪਿੱਛੇ ਇੱਕ ਪੀਡਾ ਪ੍ਰਬੰਧਕੀ ਢਾਂਚਾ ਹੈ। ਜੇਕਰ ਤੁਹਾਡੀ ਜੇਬ ਦੇ ਵਿੱਚ ਪੈਸਾ ਹੈ ਤਾਂ ਇਹ ਢਾਂਚਾ ਤੁਹਾਨੂੰ ਗਾਇਕ ਬਣਾ ਦਿੰਦਾ ਹੈ ਭਾਵੇਂ ਤੁਹਾਨੂੰ ਗਾਣਾ ਵੀ ਨਾ ਆਉਂਦਾ ਹੋਵੇ। ਇਹ ਢਾਂਚਾ ਸਿਰਫ ਤੁਹਾਨੂੰ ਗਾਣੇ ਦੇ ਵੀਡੀਓ ਬਣਾਉਣ ਵਿੱਚ ਹੀ ਨਹੀਂ ਮਦਦ ਕਰਦਾ ਸਗੋਂ ਯੂਟਿਊਬ ਉੱਤੇ ਫੇਕ ਵਿਊਜ਼ ਦਾ ਪ੍ਰਬੰਧ ਵੀ ਕਰਾ ਕੇ ਦਿੰਦਾ ਹੈ। ਇਸ ਤੋਂ ਇਲਾਵਾ ਡੀਜਿਆਂ ਦੇ ਨਾਲ ਅਟੀ-ਸਟੀ ਅਤੇ ਮਾਲ ਦੇ ਵਿੱਚ ਸ਼ੋਅ ਕਰਨਾ ਵੀ ਇਸੇ ਢਾਂਚੇ ਦਾ ਹਿੱਸਾ ਹੈ। ਕਹਿਣ ਦਾ ਭਾਵ ਇਹ ਕਿ ਅਜਿਹੇ ਢਾਂਚੇ ਕਰਕੇ ਤੁਹਾਡੇ ਆਲੇ ਦੁਆਲੇ ਸਵੇਰੇ-ਸ਼ਾਮੀਂ-ਰਾਤੀ ਹਰ ਪਾਸੇ ਲੱਚਰ ਗਾਇਕੀ ਹੀ ਨਜ਼ਰ ਆ ਰਹੀ ਹੈ। ਇਸ ਢਾਂਚੇ ਕਰਕੇ ਪੰਜਾਬੀ ਲੱਚਰ ਗਾਇਕੀ ਕਿਸੇ ਖੂੰਜੇ ਜਾਂ ਨੁੱਕਰੇ ਨਾ ਲੁਕ ਕੇ ਆਮ ਲੋਕਾਂ ਦੇ ਸਿਰ ਤੇ ਚੜ੍ਹ ਕੇ ਨੱਚ ਰਹੀ ਹੈ

ਇਸ ਲੱਚਰ ਗਾਇਕੀ ਨੂੰ ਕਿਸੇ ਕਿਸਮ ਦੀ ਰੋਕ ਲਾ ਕੇ ਜਾਂ ਪੁਲਿਸ ਦਾ ਡੰਡਾ ਵਰਤ ਕੇ ਬੰਦ ਕਰਨ ਦੀ ਸੋਚ ਵੀ ਕਾਮਯਾਬ ਨਹੀਂ ਹੋ ਸਕਦੀ। ਆਮ ਤੌਰ ਤੇ ਸਿਆਣੇ ਇਹੀ ਕਹਿੰਦੇ ਹਨ ਕਿ ਕਿਸੇ ਲਕੀਰ ਨੂੰ ਮਿਟਾਉਣ ਦੀ ਕੋਸ਼ਿਸ਼ ਕਰਨ ਦੀ ਬਜਾਏ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕੀ ਦੂਜੀ ਵੱਡੀ ਲਕੀਰ ਖਿੱਚੋ। ਵੱਡੀ ਲਕੀਰ ਦੀ ਹੋਂਦ ਹੀ ਛੋਟੀ ਲਕੀਰ ਨੂੰ ਨੁੱਕਰੇ ਲਾ ਦੇਵੇਗੀ। ਇਸ ਨਵੇਂ ਐਲਾਨੇ ਪੰਜਾਬ ਸੱਭਿਆਚਾਰ ਕਮਿਸ਼ਨ ਦਾ ਵੀ ਇਹ ਹੀ ਮੰਤਵ ਹੋਣਾ ਚਾਹੀਦਾ ਹੈ ਕਿ ਇਹ ਵੱਡੀ ਲਕੀਰ ਖਿੱਚਣ ਦਾ ਉਪਰਾਲਾ ਕਰੇ।

ਇਸ ਵੱਡੀ ਲਕੀਰ ਨੂੰ ਖਿੱਚਣ ਦੇ ਲਈ ਪੰਜਾਬ ਸੱਭਿਆਚਾਰ ਕਮਿਸ਼ਨ ਨੂੰ ਪਹੀਏ ਦੀ ਨਵੇਂ ਸਿਰਿਓਂ ਕਾਢ ਕੱਢਣ ਦੀ ਲੋੜ ਨਹੀਂ ਹੈ। ਸੱਭਿਆਚਾਰ ਦੇ ਨਾਂ ਦੇ ਉੱਤੇ ਪੰਜਾਬ ਦੇ ਵਿੱਚ ਬਹੁਤ ਕੁਝ ਚੰਗਾ ਵੀ ਹੋ ਰਿਹਾ ਹੈ। ਪਰ ਅਫ਼ਸੋਸ ਇਸ ਗੱਲ ਦਾ ਹੈ ਕਿ ਇਹ ਸਭ ਕੁਝ ਖਿੰਡਿਆ-ਪੁੰਡਿਆ ਪਿਆ ਹੈ ਅਤੇ ਆਮ ਲੋਕਾਂ ਦੇ ਸਾਹਮਣੇ ਨਹੀਂ ਆ ਰਿਹਾ। ਸਾਹਮਣੇ ਨਾ ਆਉਣ ਦਾ ਕਾਰਨ ਇਹ ਹੈ ਕਿ ਇਨ੍ਹਾਂ ਸਭਿਆਚਾਰਕ ਗਤੀਵਿਧੀਆਂ ਨੂੰ ਕਿਸੇ ਵੀ ਕਿਸਮ ਦੇ ਪ੍ਰਬੰਧਕੀ ਢਾਂਚੇ ਦੀ ਕੋਈ ਮਦਦ ਨਹੀਂ ਮਿਲ ਰਹੀ। ਵਕਤ ਦੀ ਲੋੜ ਇਹ ਹੈ ਕਿ ਪੰਜਾਬ ਸੱਭਿਆਚਾਰਕ ਕਮਿਸ਼ਨ ਇਹ ਪ੍ਰਬੰਧਕੀ ਢਾਂਚਾ ਮੁਹੱਈਆ ਕਰਵਾਏ। ਬਸ ਸ਼ੁਰੂਆਤ ਕਰਨ ਦੀ ਲੋੜ ਹੈ।

ਪੰਜਾਬੀ ਸੱਭਿਆਚਾਰ ਦਾ ਇੱਕ ਹੋਰ ਮੁੱਖ ਹਿੱਸਾ ਪਰਵਾਸੀ ਪੰਜਾਬੀ ਹਨ। ਆਮ ਤੌਰ ਤੇ ਦਸੰਬਰ-ਜਨਵਰੀ ਦੀਆਂ ਛੁੱਟੀਆਂ ਦੌਰਾਨ ਬਹੁਤ ਸਾਰੇ ਪਰਵਾਸੀ ਪੰਜਾਬੀ ਪੰਜਾਬ ਘੁੰਮਣ ਜਾਂਦੇ ਹਨ। ਬਹੁਤ ਸਾਰੇ ਪਰਵਾਸੀ ਪੰਜਾਬੀ, ਸਭਿਆਚਾਰ ਦੇ ਨਾਂ ਤੇ ਹਵੇਲੀ ਮਾਅਰਕਾ ਢਾਬਿਆਂ ਵਿੱਚ ਹੀ ਤਸਵੀਰਾਂ ਖਿੱਚ ਰਹੇ ਹਨ। ਪੰਜਾਬ ਵਿੱਚ ਅਜਾਇਬ ਘਰ ਕਿੱਥੇ ਹਨ ਇਸ ਦਾ ਤਾਂ ਕਿਸੇ ਨੂੰ ਥਹੁ-ਪਤਾ ਨਹੀਂ ਲੱਗਦਾ। ਪੰਜਾਬ ਵਿੱਚ ਅਜਾਇਬ ਘਰ ਕਿਸ ਖ਼ਸਤਾ ਹਾਲਤ ਵਿੱਚ ਹਨ ਇਸ ਦੀ ਚਰਚਾ ਫੇਰ ਕਿਸੇ ਦਿਨ ਸਹੀ।

ਪੰਜਾਬ ਸੱਭਿਆਚਾਰਕ ਕਮਿਸ਼ਨ ਨੂੰ ਚਾਹੀਦਾ ਹੈ ਕਿ ਇਨ੍ਹਾਂ ਦੋ ਮਹੀਨਿਆਂ ਨੂੰ ਉਹ ਆਪਣਾ ਕੇਂਦਰ ਬਿੰਦੂ ਬਣਾ ਕੇ ਸ਼ੁਰੂਆਤ ਕਰੇ। ਪੰਜਾਬ ਦੀਆਂ ਮੁੱਖ ਸੱਭਿਆਚਾਰਕ ਗਤੀਵਿਧੀਆਂ, ਨਾਟਕ ਮੇਲੇ, ਗਾਇਕੀ ਅਤੇ ਖਾਸ ਤੌਰ ਤੇ ਯੂਨੀਵਰਸਿਟੀਆਂ ਦੇ ਯੁਵਕ ਮੇਲੇ ਇਨ੍ਹਾਂ ਦੋ ਮਹੀਨਿਆਂ ਦੇ ਵਿੱਚ ਹੀ ਹੋਣੇ ਚਾਹੀਦੇ ਹਨ। ਇਹ ਗਤੀਵਿਧੀਆਂ ਕਿਸੇ ਇਕ ਸ਼ਹਿਰ ਵਿੱਚ ਨਾ ਕਰਕੇ ਚਾਰ-ਪੰਜ ਸ਼ਹਿਰਾਂ ਵਿੱਚ ਵੰਡੀਆਂ ਅਤੇ ਦੁਹਰਾਈਆਂ ਜਾਣ।

ਸ਼ੁਰੂਆਤ ਕਰਨ ਦੇ ਨਾਲ-ਨਾਲ ਇਕ ਹੋਰ ਜ਼ਰੂਰੀ ਗੱਲ ਇਹ ਵੀ ਕਿ ਇਨ੍ਹਾਂ ਗਤੀਵਿਧੀਆਂ ਦੀ ਮਸ਼ਹੂਰੀ ਦੇ ਲਈ ਸਮਾਜਿਕ ਮਾਧਿਅਮ, ਫ਼ੇਸਬੁੱਕ, ਵੈੱਬਸਾਈਟ, ਈ-ਮੇਲ, ਵ੍ਹਾਟਸਐਪ ਸੁਨੇਹੇ ਆਦਿ ਵਰਤਣੇ ਚਾਹੀਦੇ ਹਨ। ਸਥਾਨਕ ਅਤੇ ਪਰਵਾਸੀ ਪੰਜਾਬੀਆਂ ਨੂੰ ਅਗਸਤ-ਸਤੰਬਰ ਦੇ ਮਹੀਨੇ ਦੇ ਵਿੱਚ ਅਗਾਊਂ ਹੀ ਪਤਾ ਲੱਗ ਜਾਣਾ ਚਾਹੀਦਾ ਹੈ ਕਿ ਇਸ ਸਾਲ ਦਸੰਬਰ ਜਨਵਰੀ ਵਿੱਚ ਕੀ ਹੋਣ ਵਾਲਾ ਹੈ। ਜਦੋਂ ਇਹ ਸਭ ਕੁਝ ਚੱਲ ਰਿਹਾ ਹੋਵੇ ਉਸ ਨੂੰ ਨਾਲ ਹੀ ਨਾਲ ਫ਼ੇਸਬੁੱਕ, ਯੂਟਿਊਬ ਜਾਂ ਹੋਰ ਸਮਾਜਿਕ ਮਾਧਿਅਮ ਉੱਤੇ ਪਾਉਣਾ ਵੀ ਇੱਕ ਬਹੁਤ ਜ਼ਰੂਰੀ ਕਦਮ ਹੋਵੇਗਾ। ਗਤੀਵਿਧੀਆਂ ਦੇ ਹੈਸ਼ਟੈਗ ਵੀ ਜ਼ਰੂਰੀ ਹਨ ਤਾਂ ਜੋ ਸਮਾਜਿਕ ਮਾਧਿਅਮ ਉੱਤੇ ਚਰਚਾ ਕਰਨੀ ਸੌਖੀ ਰਹੇ।

ਜੇਕਰ ਪੰਜਾਬ ਸੱਭਿਆਚਾਰਕ ਕਮਿਸ਼ਨ ਇਸ ਤਰ੍ਹਾਂ ਦਾ ਕੋਈ ਸੁਚੱਜਾ ਕਦਮ ਚੁੱਕ ਸਕੇਗਾ ਤਾਂ ਹੀ ਲੱਚਰ ਗਾਇਕੀ ਨੂੰ ਠੱਲ੍ਹ ਪਵੇਗੀ ਅਤੇ ਆਮ ਲੋਕ ਵੀ ਇਹ ਕਹਿੰਦੇ ਸੁਣੇ ਜਾ ਸਕਣਗੇ ਕਿ ਜੇ ਪੰਜਾਬ ਦੇ ਅਸਲੀ ਸੱਭਿਆਚਾਰ ਦੀ ਝਾਤ ਵੇਖਣੀ ਹੈ ਤਾਂ ਦਸੰਬਰ ਜਨਵਰੀ ਵਿੱਚ ਵੇਖੋ।

ਜੇਕਰ ਇਸ ਤਰ੍ਹਾਂ ਦਾ ਕੋਈ ਸੁਚੱਜਾ ਕਦਮ ਨਾ ਚੁੱਕਿਆ ਗਿਆ ਤਾਂ ਚੁਬਾਰੇ ਚੜ੍ਹ ਕੇ ਨੱਚਦੀ ਲੱਚਰ ਗਾਇਕੀ ਨੂੰ ਆਉਂਦੇ ਲੰਮੇਂ ਸਮੇਂ ਤੱਕ ਕੋਈ ਵੀ ਨਹੀਂ ਰੋਕ ਸਕਦਾ।

—- SBS ਪੰਜਾਬੀ ਦਾ ਧੰਨਵਾਦ ਜਿੰਂਨ੍ਹਾਂ ਉਪਰੋਕਤ ਬਲੌਗ ਨੂੰ ਆਪਣੇ ਵੈਬ ਸਾਈਟ ਉੱਤੇ ਥਾਂ ਦਿੱਤੀ:
https://www.sbs.com.au/language/punjabi/vicaar-aapoo-aapnnee-pnjaab-daa-shbbiaacaar-nvaan-kmishn-tee-prvaasii-pnjaabii

Posted in ਚਰਚਾ, ਮਿਆਰ, Punjab, Uncategorized

ਕਬੱਡੀ ਦਾ ਮਾਇਆ ਜਾਲ

ਹਾਲ ਵਿੱਚ ਹੀ ੨੦੧੮ ਰਾਸ਼ਟਰਮੰਡਲ ਖੇਡਾਂ ਖਤਮ ਹੋਈਆਂ ਹਨ। ਪੰਜਾਬ ਤਗ਼ਮਿਆਂ ਦੀ ਸੂਚੀ ਵਿੱਚ ਬਹੁਤ ਹੇਠਾਂ ਹੈ। ਜਦਕਿ ਗੁਆਂਢੀ ਰਾਜ ਹਰਿਆਣਾ ਪਹਿਲੇ ਨੰਬਰ ਤੇ ਹੈ। ਕਾਸ਼ ਕਿਤੇ ਪੰਜਾਬ ਦੇ ਲੋਕ ਨਕਲੀ-ਨਸ਼ੇੜੀ-ਕਬੂਤਰਬਾਜ਼ ਕਬੱਡੀ ਦੇ ਮਾਇਆ ਜਾਲ ਵਿੱਚੋਂ ਨਿਕਲ ਕੇ ਅਸਲੀ ਖੇਡਾਂ ਵਿੱਚ ਮੁਕਾਬਲੇ ਲਈ ਉਤਰਨ। ਨਿਊਜ਼ੀਲੈਂਡ ਵਿੱਚ ਕਈ ਲੋਕ ਗਲਤਫ਼ਹਿਮੀ ਵਿੱਚ ਕਬੱਡੀ ਦੀ ਵਡਿਆਈ ਕਰਦਿਆਂ ਇਸ ਨੂੰ ਬਿਨਾਂ ਗੇਂਦ ਦੀ ਰਗਬੀ ਕਹਿੰਦੇ ਹਨ। ਇਹ ਸਰਾਸਰ ਗਲਤ ਹੈ। ਜੇਕਰ ਰਗਬੀ ਦੇ ਮੁਕਾਬਲੇ ਵਿੱਚ ਕਬੱਡੀ ਰੱਖਣੀ ਹੋਵੇ ਤਾਂ ਕਬੱਡੀ ਛੁਹਣ ਛਪਾਈ ਤੋਂ ਵੱਧ ਕੁਝ ਵੀ ਨਹੀਂ ਹੈ। ਬਸ ਇਸ ਛੁਹਣ ਛਪਾਈ ਵਿੱਚ ਜਿਹੜਾ ਤੁਹਾਨੂੰ ਛੂਹ ਲੈਂਦਾ ਹੈ ਉਸ ਨੂੰ ਲਕੀਰ ਪਾਰ ਨਹੀਂ ਜਾਣ ਦੇਣਾ। ਜਿਹੜੀ ਮਾੜੀ-ਮੋਟੀ ਸਾਹ ਦੀ ਕਲਾ ਇਸ ਖੇਡ ਵਿੱਚ ਸੀ ਉਹ ਵੀ ਮੈਨੂੰ ਕਿਸੇ ਦੱਸਿਆ ਕਿ ਖਤਮ ਕਰ ਦਿੱਤੀ ਗਈ ਹੈ।

ਮੈਨੂੰ ੧੯੭੦ਵਿਆਂ ਦਾ ਆਪਣਾ ਬਚਪਨ ਯਾਦ ਆਉਂਦਾ ਹੈ। ਉਨ੍ਹਾਂ ਦਿਨਾਂ ਵਿੱਚ ਪੰਜਾਬ ਦੇ ਹਰ ਕਸਬੇ (ਖਾਸ ਤੌਰ ਤੇ ਮਾਝੇ-ਦੁਆਬੇ) ਵਿੱਚ ਅਖਾੜੇ ਚਲਦੇ ਹੁੰਦੇ ਸਨ। ਰੋਜ਼ ਸ਼ਾਮ ਨੂੰ ਭਲਵਾਨੀਆਂ ਆਮ ਚਲਦੀਆਂ ਸਨ। ਚੰਗੀ ਜ਼ੋਰ ਵਰਜ਼ਸ਼ ਹੁੰਦੀ ਸੀ। ਅਖਾੜਿਆਂ ਦਾ ਪ੍ਰਬੰਧ ਪੁਰਾਣੇ ਭਲਵਾਨ ਕਰਦੇ ਹੁੰਦੇ ਸਨ ਤੇ ਇਲਾਕੇ ਦੇ ਕਈ ਪਤਵੰਤੇ ਸੱਜਣ ਇਨ੍ਹਾਂ ਪ੍ਰਬੰਧਕਾਂ ਦੀ ਮਾਲੀ ਮਦਦ ਵੀ ਕਰਦੇ ਸਨ ਕਿ ਭਲਵਾਨੀ ਦਾ ਸ਼ੌਕ ਰੱਖਣ ਵਾਲੇ ਕਿਸੇ ਗਰੀਬ ਭਲਵਾਨ ਦੀ ਖੁਰਾਕ ਵਿੱਚ ਕਿਤੇ ਕੋਈ ਕਮੀ ਨਾ ਰਹਿ ਜਾਵੇ। ਪੰਜਾਬ ਵਿੱਚ ਭਲਵਾਨਾਂ ਦੇ ਪਤਾ ਨਹੀਂ ਕਿੰਨੇ ਹੀ ਨਾਂ ਲੋਕਾਂ ਦੀ ਜ਼ੁਬਾਨ ਤੇ ਆਮ ਹੁੰਦੇ ਸਨ।

ਜਦੋਂ ਕਿਸੇ ਨਵੇਂ ਭਲਵਾਨ ਨੇ ਕਿਸੇ ਸਥਾਪਤ ਅਖਾੜੇ ਵਿੱਚ ਦਾਖ਼ਲਾ ਹਾਸਲ ਕਰਨਾ ਹੁੰਦਾ ਸੀ ਤਾਂ ਪ੍ਰਬੰਧਕ ਉਸ ਨੂੰ “ਕੌਡੀ” ਦੀ ਰੀਤ ਰਾਹੀਂ ਲੰਘਾਉਂਦੇ ਸਨ। ਉਸ ਦਾ ਕਾਰਨ ਇਹ ਸੀ ਕਿ ਸਥਾਪਤ ਅਖਾੜੇ ਦਾ ਦਰਜਾ ਬਹੁਤ ਉੱਚਾ ਗਿਣਿਆਂ ਜਾਂਦਾ ਸੀ ਤੇ ਐਂਵੇਂ ਹੀ ਕਿਸੇ ਹਾਈਂ-ਮਾਈਂ ਨੂੰ ਅਖਾੜੇ ਦੀ ਵੱਟ ਦੇ ਲਾਗੇ ਵੀ ਨਹੀਂ ਸੀ ਢੁੱਕਣ ਦਿੱਤਾ ਜਾਂਦਾ। ਸੋ ਮੈਂ ਬਚਪਨ ਵਿੱਚ ਇਹ ਆਮ ਹੀ ਵੇਖਿਆ ਕਿ ਇਸ “ਕੌਡੀ” ਦੀ ਰੀਤ ਦੌਰਾਨ ਅਖਾੜੇ ਦੇ ਭਲਵਾਨ ਅਜਿਹੇ ਨਵੇਂ ਭਲਵਾਨ ਦਾ ਆਮ ਹੀ ਜੱਫਾ ਮਾਰ ਕੇ ਸਾਹ ਤੁੜਾ ਦਿੰਦੇ ਸਨ ਜਾਂ ਲਕੀਰ ਦੇ ਆਪਣੇ ਪਾਸੇ ਵਿੱਚ ਲਿਆ ਸੁਟਦੇ ਸਨ। ਤੇ ਪ੍ਰਬੰਧਕ ਉਸ ਨਵੇਂ ਭਲਵਾਨ ਨੂੰ ਹਾਲੇ ਹੋਰ ਜ਼ੋਰ-ਵਰਜ਼ਸ਼ ਕਰਨ ਲਈ ਕਹਿੰਦੇ। ਤੇ ਕਦੀਂ-ਕਦਾਈਂ ਜੇਕਰ ਨਵਾਂ ਭਲਵਾਨ “ਕੌਡੀ” ਵਿੱਚ ਸਥਾਪਤ ਭਲਵਾਨ ਨੂੰ ਜੱਫਾ ਪਾਉਣ ਵਿੱਚ ਕਾਮਯਾਬ ਹੋ ਜਾਂਦਾ ਤਾਂ ਅਗਲੇ ਮਿੱਥੇ ਦਿਨ ਉਸ ਨਵੇਂ ਭਲਵਾਨ ਦਾ ਸਥਾਪਤ ਅਖਾੜੇ ਵਿੱਚ ਢੋਲ ਦੀ ਡਗਾ ਉਪਰ ਦਾਖ਼ਲਾ ਹੁੰਦਾ ਤੇ ਸਾਡੇ ਵਰਗਿਆਂ ਨੂੰ ਖਾਣ ਲਈ ਚੰਗੇ ਬਰਫ਼ੀ-ਜਲੇਬ ਮਿਲਦੇ। ਨਵਾਂ ਭਲਵਾਨ ਅਖਾੜੇ ਦੀ ਵੱਟ ਤੇ ਮੱਥਾ ਟੇਕ ਕੇ ਅੱਗੇ ਵੱਧਦਾ ਤੇ ਅਖਾੜੇ ਦੀ ਮਿੱਟੀ ਛਾਤੀ-ਪਿੰਡੇ ਤੇ ਮਲ਼ ਕੇ ਬਾਂਹਾਂ ਚੁੱਕ ਢੋਲ ਦੀ ਤਾਲ ਤੇ ਥਰਥਰਾਉਣ ਲੱਗ ਪੈਂਦਾ।

ਜਿਹੜੇ ਲੋਕ ਹੋਰ ਮੁਲਕਾਂ ਵਿੱਚ ਗੁਰਦੁਆਰਿਆਂ ਦੇ ਮੈਦਾਨਾਂ ਅੰਦਰ ਕਬੱਡੀ ਦੇ ਸਾਂਗ ਰਚਾ ਕੇ ਇਸ ਨੂੰ ਅਖੌਤੀ “ਮਾਂ ਖੇਡ” ਦਾ ਦਰਜਾ ਦਈ ਬੈਠੇ ਹਨ ਉਨ੍ਹਾਂ ਨੂੰ ਸ਼ਾਇਦ ਇਹ ਇਤਿਹਾਸ ਬਾਰੇ ਪਤਾ ਨਹੀਂ ਕਿ ਸਿੱਖੀ ਵਿੱਚ ਪਹਿਲੀ ਖੇਡ ਗੁਰੂ ਅੰਗਦ ਸਾਹਿਬ ਜੀ ਨੇ ਆਪ ਅਖਾੜੇ ਬਣਵਾ ਕੇ ਭਲਵਾਨੀ ਦੀ ਹੀ ਸ਼ੁਰੂ ਕੀਤੀ ਸੀ। ਬਾਕੀ ਜੇਕਰ ਸਿੱਖ ਇਤਿਹਾਸ ਤੇ ਨਜ਼ਰ ਮਾਰੀਏ ਤਾਂ ਸਿੱਖਾਂ ਨੂੰ ਭਲਵਾਨੀ ਤੋਂ ਇਲਾਵਾ ਤੀਰ-ਅੰਦਾਜ਼ੀ, ਨਿਸ਼ਾਨੇਬਾਜ਼ੀ ਤੇ ਘੋੜ-ਸਵਾਰੀ ਦਾ ਵੀ ਸ਼ੌਕ ਰੱਖਣਾ ਚਾਹੀਦਾ ਹੈ। ਇਹ ਸਾਰੀਆਂ ਹੀ ਕੌਮਾਂਤਰੀ ਮੁਕਾਬਲੇ ਵਾਲੀਆਂ ਖੇਡਾਂ ਹਨ। ਤਲਵਾਰਬਾਜ਼ੀ ਵੀ ਫ਼ੈਂਸਿੰਗ ਦੇ ਰੂਪ ਵਿੱਚ ਮੁਕਾਬਲੇ ਵਾਲੀ ਖੇਡ ਹੈ। ਪਰ ਹੁਣ ਡਿਗਦੇ ਮਿਆਰਾਂ ਦਾ ਹਾਲ ਇਹ ਹੈ ਕਿ ਗਤਕੇ ਅਤੇ ਨਿਹੰਗਾਂ ਦੀ ਘੋੜ-ਸਵਾਰੀ ਨੂੰ ਵੀ ਸਰਕਸ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਜਿਸ ਤਰ੍ਹਾਂ ਸਿੱਖ, ਡੇਰੇ-ਸਾਧ-ਲਾਣਿਆਂ ਦੇ ਭਰਮਜਾਲ ਵਿੱਚ ਫਸੇ ਹੋਏ ਹਨ ਉਸੇ ਤਰ੍ਹਾਂ ਉਹ ਨਕਲੀ-ਨਸ਼ੇੜੀ-ਕਬੂਤਰਬਾਜ਼ ਕਬੱਡੀ ਦੇ ਮਾਇਆ ਜਾਲ ਵਿੱਚ ਗਲਤਾਨ ਹਨ।