Posted in ਚਰਚਾ, Politics

ਸਮਾਜਕ ਪਛਾਣ

ਅੱਜ ਮੇਰਾ ਮਨ ਬਹੁਤ ਸੰਖੇਪ ਵਿੱਚ ਲਿਖਣ ਵਾਲੇ ਪਾਸੇ ਝੁਕਿਆ ਹੋਇਆ ਹੈ। ਅੱਜ ਦੀ ਸੰਖੇਪ ਲੇਖਣੀ ਦੇ ਅਖ਼ੀਰ ਵਿੱਚ ਮੈਂ ਇਕ ਸੁਆਲ ਪੁੱਛਣ ਬਾਰੇ ਸੋਚ ਰਿਹਾ ਹਾਂ।  

ਆਮ ਕਰਕੇ ਲੋਕ ਭਾਵੇਂ ਕਿਸੇ ਥਾਂ ਦੇ ਮੂਲ ਵਾਸੀ ਹੋਣ ਤੇ ਭਾਵੇਂ ਪ੍ਰਵਾਸੀ ਹੋਣ, ਉਹ ਵਰਗਾਂ ਦੇ ਵਿੱਚ, ਸਮੂਹਾਂ ਦੇ ਵਿੱਚ, ਝੁੰਡਾਂ, ਟੋਲੀਆਂ, ਢਾਣੀਆਂ ਦੇ ਵਿੱਚ ਬੱਝੇ ਹੁੰਦੇ ਹਨ। ਅਜਿਹੇ ਸਮੂਹਾਂ ਅਤੇ ਵਰਗਾਂ ਤੋਂ ਹੀ ਉਨ੍ਹਾਂ ਦੀ ਪਛਾਣ ਬਣੀ ਹੁੰਦੀ ਹੈ ਅਤੇ ਇਸ ਤੋਂ ਇਹ ਵੀ ਜ਼ਾਹਰ ਹੁੰਦਾ ਹੈ ਕਿ ਉਹ ਆਪਣੇ ਆਪ ਨੂੰ ਕਿਸ ਤਰ੍ਹਾਂ ਪੇਸ਼ ਕਰਨਾ ਚਾਹੁੰਦੇ ਹਨ ਕਿਉਂਕਿ ਇਹ ਪੇਸ਼ਕਸ਼ ਹੀ ਇਹ ਦਰਸਾਉਂਦੀ ਹੈ ਕਿ ਅਜਿਹੇ ਸਮੂਹ ਕਿਸ ਤਰ੍ਹਾਂ ਦੀ ਸਮਾਜਕ ਪਛਾਣ ਨਾਲ ਬੱਝੇ ਹੋਏ ਹਨ।   

ਦੁਨੀਆਂ ਦੇ ਹਰ ਵਰਗ ਦੇ ਲੋਕ ਆਪਣੇ ਮਨੋਰੰਜਨ ਦੇ ਲਈ ਦਿਲ ਪ੍ਰਚਾਵੇ ਲਈ, ਸਮਾਜਿਕ ਰੀਤਾਂ-ਰਿਵਾਜ਼ਾ ਕਰਕੇ ਕੋਈ ਨਾ ਕੋਈ ਜੁੜ-ਮਿਲ ਬੈਠਣ ਦਾ ਪ੍ਰੋਗਰਾਮ ਕਰਦੇ ਰਹਿੰਦੇ ਹਨ ਅਤੇ ਅਜਿਹੇ ਪ੍ਰੋਗਰਾਮਾਂ ਦੇ ਦੌਰਾਨ ਉਹ ਆਪਣੇ ਸਮੂਹ ਜਾਂ ਵਰਗ ਦੇ ਪਤਵੰਤੇ ਸੱਜਣਾਂ ਦਾ ਵੀ ਸਨਮਾਨ ਕਰਦੇ ਰਹਿੰਦੇ ਹਨ। ਇਸ ਤੋਂ ਇਹ ਪਤਾ ਲੱਗਦਾ ਹੈ ਕਿ ਇਹ ਸਮੂਹ ਜਾਂ ਵਰਗ, ਜਿਨ੍ਹਾਂ ਲੋਕਾਂ ਦਾ ਸਨਮਾਨ ਕਰ ਰਿਹਾ ਹੈ ਉਹ ਉਨ੍ਹਾਂ ਨਾਲ ਆਪਣੀ ਸਮਾਜਕ ਪਛਾਣ ਸਾਂਝੀ  ਕਰਕੇ ਕਿੰਨਾ ਕੁ ਫਖ਼ਰ ਮਹਿਸੂਸ ਕਰ ਰਹੇ ਹਨ!  

ਜਿੱਥੋਂ ਤੱਕ ਨਿਊਜ਼ੀਲੈਂਡ ਵਿੱਚ ਰਹਿਣ ਵਾਲੇ ਸਿੱਖ ਜਾਂ ਪੰਜਾਬੀ ਸਮੂਹ ਵਰਗ ਦਾ ਸਵਾਲ ਹੈ, ਮੇਰਾ ਨਿੱਜੀ ਤਜਰਬਾ ਇਹੀ ਦੱਸਦਾ ਹੈ ਕਿ ਸਨਮਾਨੇ ਜਾਣ ਵਾਲੇ ਜਾਂ ਤਾਂ ਨੇਤਾਗਿਰੀ ਦੇ ਦਾਅਰਿਆਂ ਵਿੱਚੋਂ ਹੁੰਦੇ ਹਨ, ਜਾਂ ਫਿਰ ਪੁਲੀਸ ਵਾਲ਼ੇ ਜਾਂ ਫਿਰ ਸਟੀਰੌਇਡ ਕਬੱਡੀ ਕਲੱਬਾਂ ਵਾਲ਼ੇ। ਪਰਵਾਸੀ ਭਾਈਚਾਰੇ ਦੇ ਤੌਰ ਤੇ ਜੇਕਰ ਸਨਮਾਨੇ ਜਾਣ ਵਾਲੇ ਪਤਵੰਤੇ ਸੱਜਣਾਂ ਦੀ ਪਰਿਭਾਸ਼ਾ ਇਹ ਤਾਂ ਫਿਰ ਇਸ ਗੱਲ ਦਾ ਅੰਦਾਜ਼ਾ ਲਾਉਣਾ ਕੋਈ ਔਖਾ ਨਹੀਂ ਹੈ ਕਿ ਅਜਿਹੇ ਸਮੂਹ-ਵਰਗ ਜਿਸ ਮੁਲਕ ਵਿੱਚ ਅਬਾਦ ਹੋਏ ਹਨ ਉਥੋਂ ਦੀ ਸਥਾਨਕ ਜਨਤਾ ਵਿੱਚ ਇਨ੍ਹਾਂ ਲਈ ਕਿੰਨੀ ਕੁ ਇੱਜ਼ਤ ਹੋਵੇਗੀ?

Posted in Politics, Punjab

ਪੰਜਾਬ ਅਤੇ ਆਮ ਆਦਮੀ ਪਾਰਟੀ

ਹਾਲੀਆ ਦਿੱਲੀ ਚੋਣਾਂ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਆਪਣਾ ਰਾਜ-ਪਾਟ ਕਾਇਮ ਰੱਖਣ ਦੇ ਵਿੱਚ ਕਾਮਯਾਬ ਰਹੀ ਹੈ। ਉਂਞ ਤਾਂ ਭਾਵੇਂ ਮੈਂ ਇਨ੍ਹਾਂ ਚੋਣਾਂ ਦੇ ਬਾਰੇ ਕੋਈ ਬਲਾਗ ਨਾ ਹੀ ਲਿਖਦਾ ਪਰ ਕਿਉਂਕਿ ਦਿੱਲੀ ਤੋਂ ਬਾਹਰ ਆਮ ਆਦਮੀ ਪਾਰਟੀ ਦੀ ਇਸ ਜਿੱਤ ਦੀ ਖੁਸ਼ੀ ਸਭ ਤੋਂ ਜ਼ਿਆਦਾ ਪੰਜਾਬ ਵਿੱਚ ਮਣਾਈ ਗਈ ਹੈ ਇਸ ਲਈ ਮੈਂ ਇਸ ਦੇ ਬਾਰੇ ਥੋੜ੍ਹੀ ਜਿਹੀ ਗੱਲ ਜ਼ਰੂਰ ਕਰਨੀ ਚਾਹਵਾਂਗਾ।  

ਕੀ ਦਿੱਲੀ ਵਾਲਾ ਅਰਵਿੰਦ ਕੇਜਰੀਵਾਲ ਦਾ ਮਾਡਲ ਪੰਜਾਬ ਵਿੱਚ ਚੱਲ ਸਕਦਾ ਹੈ ਜਿੱਥੇ ਆਮ ਆਦਮੀ ਪਾਰਟੀ ਸਭ ਤੋਂ ਵੱਡੀ ਵਿਰੋਧੀ ਧਿਰ ਹੈ? ਇਸ ਦੇ ਬਾਰੇ ਗੱਲਬਾਤ ਅੱਗੇ ਜਾਰੀ ਰੱਖਣ ਤੋਂ ਪਹਿਲਾਂ ਸਾਨੂੰ ਇਹ ਜ਼ਰੂਰ ਸਮਝ ਲੈਣਾ ਚਾਹੀਦਾ ਹੈ ਕਿ ਦਿੱਲੀ ਦੀਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਅਤੇ ਦਿੱਲੀ ਦੇ ਸਥਾਨਕ ਨਗਰ ਨਿਗਮ ਦੀਆਂ ਚੋਣਾਂ ਵਿੱਚ ਭਾਜਪਾ ਨੇ ਆਮ ਆਦਮੀ ਪਾਰਟੀ ਨੂੰ ਦਿੱਲੀ ਵਿੱਚ ਹੀ ਬੁਰੀ ਤਰ੍ਹਾਂ ਹਰਾਇਆ ਸੀ। ਪਰ ਕੁਝ ਲੋਕ ਇਹ ਵੀ ਕਹਿ ਰਹੇ ਹਨ ਕਿ ਇਹ ਤਾਂ ਅਰਵਿੰਦ ਕੇਜਰੀਵਾਲ ਦੇ ਵਿਕਾਸ ਦੇ ਮੁੱਦੇ ਦੀ ਜਿੱਤ ਹੈ ਕਿਉਂਕਿ ਦਿੱਲੀ ਵਿੱਚ ਵਿੱਦਿਆ ਅਤੇ ਸਿਹਤ ਦੇ ਲਈ ਬਹੁਤ ਪੈਸਾ ਖ਼ਰਚਿਆ ਗਿਆ ਹੈ ਅਤੇ ਵਿਕਾਸ ਦੇ ਲਈ ਕਈ ਕੰਮ ਕੀਤੇ ਹਨ।

ਇੱਥੇ ਸਾਨੂੰ ਇਹ ਜ਼ਰੂਰ ਧਿਆਨ ਵਿੱਚ ਰੱਖਣਾ ਪਵੇਗਾ ਕਿ ਵਿਕਾਸ ਦਾ ਨਾਅਰਾ ਤਾਂ ਨਰਿੰਦਰ ਮੋਦੀ ਵੀ ਦੇ ਰਿਹਾ ਹੈ ਅਤੇ ਮੋਦੀ ਇਹ ਦਾਅਵਾ ਵੀ ਕਰਦਾ ਹੈ ਕਿ ਬਹੁਤ ਵਿਕਾਸ ਹੋਇਆ ਹੈ। ਕੀ ਚੋਣਾਂ ਸਿਰਫ਼ ਵਿਕਾਸ ਦੇ ਨਾਂ ਤੇ ਹੀ ਲੜੀਆਂ ਜਾਂਦੀਆਂ ਹਨ?

ਨਾਗਰਿਕਤਾ ਬਾਰੇ ਜਿਹੜੇ ਨਵੇਂ ਕਾਨੂੰਨ ਭਾਰਤੀ ਜਨਤਾ ਪਾਰਟੀ ਲਿਆਈ ਹੈ ਉਨ੍ਹਾਂ ਦੇ ਚੱਲਦੇ ਦਿੱਲੀ ਦੀਆਂ ਯੂਨੀਵਰਸਿਟੀਆਂ ਵਿੱਚ ਬਹੁਤ ਮੁਜ਼ਾਹਰੇ ਹੋਏ ਹਨ ਤੇ ਸ਼ਾਹੀਨ ਬਾਗ ਦੇ ਵਿੱਚ ਹਾਲੇ ਵੀ ਮੁਜ਼ਾਹਰਾ ਚੱਲ ਰਿਹਾ ਹੈ। ਪਰ ਇਸ ਸਭ ਕਾਸੇ ਬਾਰੇ ਆਮ ਆਦਮੀ ਪਾਰਟੀ ਚੁੱਪ ਚਾਪ ਬੈਠੀ ਰਹੀ। ਜੇਕਰ ਕਿਸੇ ਨੇ ਸਵਾਲ ਵੀ ਪੁੱਛਿਆ ਤਾਂ ਆਮ ਆਦਮੀ ਪਾਰਟੀ ਨੇ ਜ਼ਿੰਮੇਦਾਰੀ ਦਾ ਸਾਰਾ ਗਲਾਵਾਂ ਕੇਂਦਰ ਸਰਕਾਰ ਤੇ ਗਲ਼ ਪਾ ਦਿੱਤਾ ਜਿਸ ਤੋਂ ਇਹੀ ਜ਼ਾਹਿਰ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਦਾ ਰਵੱਈਆ ‘ਦੜ ਵੱਟ ਗੁਜ਼ਾਰਾ ਕਰ ਭਲੇ ਦਿਨ ਆਉਣਗੇ’ ਵਾਲੇ ਵਰਗਾ ਲੱਗਦਾ ਹੈ ਜਾਂ ਫਿਰ ਇਸ ਦੇ ਪਿੱਛੇ ਕੋਈ ਗੁੱਝੀ ਸਾਜ਼ਿਸ਼ ਹੈ ਕਿ ਹੱਕ-ਸੱਚ ਦੀ ਆਵਾਜ਼ ਨੂੰ ਵਿਕਾਸ ਦਾ ਹੋਕਾ ਦੇ ਕੇ ਦਰੜ ਦਿਓ। 

ਇਹੋ ਜਿਹਾ ਰਵੱਈਆ ਕੀ ਪੰਜਾਬ ਦੇ ਵਿੱਚ ਵੀ ਚੱਲ ਸਕਦਾ ਹੈ ਜਿੱਥੇ ਪਿਛਲੀ ਵਾਰ ਦੀਆਂ ਵਿਧਾਨ ਸਭਾ ਚੋਣਾਂ ਵੇਲੇ ਆਮ ਆਦਮੀ ਪਾਰਟੀ ਦੀ ਇਸ ਗੱਲ ਤੋਂ ਬੜੀ ਆਲੋਚਨਾ ਹੋਈ ਸੀ ਕਿ ਉਨ੍ਹਾਂ ਨੇ ਪੰਜਾਬ ਦੇ ਕਿਸੇ ਵੀ ਰਾਜਸੀ ਮੁੱਦੇ ਤੇ ਕੋਈ ਗੱਲ ਨਹੀਂ ਕੀਤੀ ਅਤੇ ਸਾਰੀ ਚੋਣ ਸਿਰਫ਼ ਅਤੇ ਸਿਰਫ਼ ਰਿਸ਼ਵਤਖੋਰੀ ਦੇ ਖਿਲਾਫ ਨਾਅਰਾ ਲਾ ਕੇ ਹੀ ਲੜੀ ਸੀ। ਆਮ ਆਦਮੀ ਪਾਰਟੀ ਨੇ ਪੰਜਾਬ ਦੀ ਆਰਥਿਕਤਾ ਅਤੇ ਕਿਸਾਨੀ ਬਾਰੇ ਕੋਈ ਨੀਤੀ ਪੱਤਰ ਨਹੀਂ ਸੀ ਦਿੱਤਾ। ਪੰਜਾਬ ਵਿੱਚ ਹੋਈਆਂ ਪੁਲਿਸ ਵਧੀਕੀਆਂ ਦੀ ਪੜਤਾਲ ਕਰਵਾਉਣ ਬਾਰੇ ਕੋਈ ਜ਼ਿਕਰ ਤੱਕ ਨਹੀਂ। ਪੰਜਾਬ ਦੇ ਪਾਣੀਆਂ ਦੀ ਕੋਈ ਸੁਧ-ਬੁਧ ਨਹੀਂ। ਪੰਜਾਬ ਵਿੱਚ ਡਿਗਦੇ ਵਿਦਿਅਕ ਮਿਆਰ ਨੂੰ ਠੱਲ੍ਹ ਪਾਉਣ ਬਾਰੇ ਕੋਈ ਐਲਾਨ ਨਾਮਾ ਨਹੀਂ। ਰੁਲਦੀ ਫਿਰਦੀ ਮਾਂ ਬੋਲੀ ਪੰਜਾਬੀ ਨੂੰ ਬਣਦਾ ਇੱਜ਼ਤ ਮਾਨ ਦੇਣ ਦਾ ਕੋਈ ਇਕਰਾਰ ਨਹੀਂ।  

ਜਦ ਕਿ ਹੁਣ ਆਮ ਆਦਮੀ ਪਾਰਟੀ ਪੰਜਾਬ ਦੀ ਵਿਧਾਨ ਸਭਾ ਵਿੱਚ ਮੁੱਖ ਵਿਰੋਧੀ ਧਿਰ ਹੈ, ਕੀ ਇਸ ਨੇ ਹੁਣ ਤੱਕ ਉੱਪਰ ਲਿਖੇ ਕਿਸੇ ਵੀ ਪੰਜਾਬ ਦੇ ਮੁੱਦੇ ਉੱਤੇ ਗੰਭੀਰਤਾ ਅਤੇ ਸੁਹਿਰਦਤਾ ਦੇ ਨਾਲ ਪੰਜਾਬ ਦੀ ਵਿਧਾਨ ਸਭਾ ਵਿੱਚ ਕੋਈ ਵਿਚਾਰ ਕੀਤਾ ਹੈ? ਹੋ ਸਕਦਾ ਹੈ ਕਿ ਇਸ ਬਾਰੇ ਮੇਰੀ ਯਾਦਦਾਸ਼ਤ ਬਹੁਤ ਕਮਜ਼ੋਰ ਹੋਵੇ ਜਾਂ ਫਿਰ ਇੰਟਰਨੈੱਟ ਤੋਂ ਕੁਝ ਲੱਭਣ ਵਿੱਚ ਮੇਰੀ ਵਿੱਚ ਹੀ ਕੋਈ ਘਾਟ ਰਹਿ ਗਈ ਹੋਵੇ। ਇਸ ਕਰਕੇ ਜੇਕਰ ਤੁਹਾਨੂੰ ਇਹ ਪਤਾ ਹੋਵੇ ਕਿ ਪੰਜਾਬ ਦੇ ਮੁੱਦਿਆਂ ਉੱਤੇ ਆਮ ਆਦਮੀ ਪਾਰਟੀ ਨੇ ਕੋਈ ਕਦਮ ਪੁੱਟਣ ਦੀ ਕੋਸ਼ਿਸ਼ ਕੀਤੀ ਹੈ ਤਾਂ ਇਸ ਬਾਰੇ ਹੇਠਾਂ ਟਿੱਪਣੀ ਜਾਂ ਜਾਣਕਾਰੀ ਜ਼ਰੂਰ ਸਾਂਝੀ ਕਰ ਦਿਓ।   

Posted in ਚਰਚਾ, Politics

ਕੇਸ ਨੰਬਰ ਤੇ ਪਰਚੀਆਂ

ਇਹ ਗੱਲ ਕੋਈ ਗਿਆਰਾਂ ਕੁ ਸਾਲ ਪਹਿਲਾਂ ਦੀ ਹੈ। ਉਦੋਂ ਨਿਊਜ਼ੀਲੈਂਡ ਦੇ ਵਿੱਚ ਚੋਣਾਂ ਤੋਂ ਬਾਅਦ ਨਵੀਂ-ਨਵੀਂ ਸਰਕਾਰ ਬਦਲੀ ਸੀ। ਨਵੀਂ ਸਰਕਾਰ, ਨਵੇਂ ਮੰਤਰੀ ਅਤੇ ਨਵੇਂ ਐਮ.ਪੀ ਅਤੇ ਜਿਵੇਂ ਕਿ ਆਮ ਹੁੰਦਾ ਹੈ ਨਸਲੀ ਭਾਈਚਾਰੇ ਦੇ ਵਿੱਚ ਵੀ ਨਿੱਤ ਨਵੀਆਂ ਰਾਜਨੀਤਕ ਗੱਲਾਂ ਬਾਤਾਂ ਸ਼ੁਰੂ ਹੋ ਗਈਆਂ। ਚੜ੍ਹਦੇ ਸੂਰਜ ਨੂੰ ਸਲਾਮਾਂ ਹੁੰਦੀਆਂ ਨੇ ਸੋ ਭਾਈਚਾਰੇ ਦਾ ਮੂੰਹ ਹੁਣ ਨਵੀਂ-ਨਵੀਂ ਸੱਤਾ ਤੇ ਕਾਬਜ਼ ਹੋਈ ਪਾਰਟੀ ਵੱਲ ਹੋ ਗਿਆ।

ਸਬੱਬੀਂ, ਉਨ੍ਹਾਂ ਦਿਨਾਂ ਦੇ ਵਿੱਚ ਹੀ ਮੇਰਾ ਕਿਸੇ ਮੰਤਰੀ ਦੇ ਦਫ਼ਤਰ ਤੋਂ ਸੱਦਾ ਆਉਣ ਕਰਕੇ ਉੱਥੇ ਜਾਣ ਦਾ ਮੌਕਾ ਬਣਿਆ। ਕਿਸੇ ਸਮੁਦਾਇਕ ਵਿਸ਼ੇ ਦੇ ਉੱਤੇ ਕੋਈ ਗੱਲ ਕਰਨੀ ਸੀ ਜਿਹਦੇ ਬਾਰੇ ਮੰਤਰੀ ਨੂੰ ਮੇਰੇ ਵਿਚਾਰਾਂ ਨੂੰ ਜਾਨਣ ਦੀ ਇੱਛਾ ਸੀ। ਗੱਲਬਾਤ ਬੜੇ ਖੁਸ਼ਗਵਾਰ ਮਾਹੌਲ ਵਿੱਚ ਹੋਈ ਤੇ ਮੈਂ ਜੋ ਆਪਣੇ ਵਿਚਾਰ ਸੀ ਉਹ ਪੇਸ਼ ਕਰ ਦਿੱਤੇ।

ਵਿਚਾਰ ਵਟਾਂਦਰੇ ਤੋਂ ਬਾਅਦ ਤੁਰਣ ਲੱਗਿਆਂ ਮੈਂ ਰਸਮੀ ਤੌਰ ਦੇ ਉੱਤੇ ਮੰਤਰੀ ਨੂੰ ਉਸਦੇ ਸਾਡੇ ਭਾਈਚਾਰੇ ਦੇ ਨਾਲ ਨਿੱਘੇ ਅਤੇ ਗੂੜ੍ਹੇ ਹੁੰਦੇ ਸੰਬੰਧਾਂ ਬਾਰੇ ਪੁੱਛਿਆ ਤਾਂ ਉਸਨੂੰ ਅਚਾਨਕ ਕੁਝ ਯਾਦ ਆ ਗਿਆ। ਉਸਨੇ ਆਪਣੇ ਦਫ਼ਤਰੀ ਸਹਾਇਕ ਨੂੰ ਕਹਿ ਕੇ ਲਾਗੇ ਦੇ ਹੀ ਇਲਾਕੇ ਦੇ ਆਪਣੀ ਪਾਰਟੀ ਦੇ ਐਮ.ਪੀ ਨੂੰ ਆਪਣੇ ਕੋਲ ਬੁਲਵਾਇਆ ਤੇ ਕਿਹਾ ਕਿ ਮੇਰੇ ਕੋਲੋਂ ਇਸ ਐਤਵਾਰ ਔਕਲੈਂਡ ਨਹੀਂ ਜਾ ਹੋਣਾ। ਉੱਥੇ ਕੋਈ ਛੋਟਾ ਜਿਹਾ ਇਕੱਠ ਹੈ ਇਨ੍ਹਾਂ ਦੇ ਭਾਈਚਾਰੇ ਦਾ, ਮੰਤਰੀ ਨੇ ਮੇਰੇ ਵੱਲ ਇਸ਼ਾਰਾ ਕਰਦਿਆਂ ਕਿਹਾ, ਤੁਸੀਂ ਉੱਥੇ ਜਾ ਕੇ ਥੋੜਾ ਸੰਬੋਧਨ ਕਰ ਦੇਣਾ ਅਤੇ ਮੇਰੇ ਵੱਲੋਂ ਮੁਆਫ਼ੀ ਮੰਗ ਲੈਣਾ। 

ਉਹ ਐੱਮ.ਪੀ ਇੱਕ ਵਾਰ ਤਾਂ ਹੈਰਾਨ ਹੋ ਗਿਆ ਕਿ ਇਹ ਕੀ ਗੱਲ ਹੋਈ ਕਿ ਮੈਂ ਇੱਕ ਦਮ ਕਿਵੇਂ ਕਿਸੇ ਭਾਈਚਾਰੇ ਨੂੰ ਬਿਨਾਂ ਜਾਣੇ ਪਛਾਣੇ ਅਤੇ ਬਿਨਾ ਤਿਆਰੀ ਤੋਂ ਸੰਬੋਧਨ ਕਰ ਸਕਦਾ ਹਾਂ। ਮੰਤਰੀ ਨੇ ਮੇਰੇ ਵੱਲ ਵੇਖਿਆ ਅਤੇ ਹੱਸ ਕੇ ਕਿਹਾ ਕਿ ਘਬਰਾ ਨਾ ਉੱਥੇ ਕਿਸੇ ਨੇ ਕੋਈ ਅਲੋਕਾਰੀ ਗੱਲ ਸੁਣਨ ਲਈ ਨਹੀਂ ਆਉਣਾ। ਥੋੜ੍ਹੀ ਜਿਹੀ ਭੂਮਿਕਾ ਬੰਨ੍ਹ ਕੇ ਨਵੀਂ ਸਰਕਾਰ ਦੇ ਟੀਚਿਆਂ ਬਾਰੇ ਗੱਲ ਕਰ ਲਵੀਂ ਤੇ ਫਿਰ ਹਾਜ਼ਰੀਨ ਨੂੰ ਸੁਆਲ ਪੁਛਣ ਦਾ ਸੱਦਾ ਦੇ ਦੇਵੀਂ। ਸਾਰੇ ਸੁਆਲ ਵੀਜ਼ਿਆਂ ਅਤੇ ਪਰਵਾਸ ਦੇ ਕੇਸ ਨੰਬਰਾਂ ਬਾਰੇ ਹੀ ਹੋਣਗੇ। ਚੁੱਪ ਕਰ ਕੇ ਕੇਸ ਨੰਬਰਾਂ ਦੀਆਂ ਪਰਚੀਆਂ ਫੜੀਂ ਜਾਵੀਂ। 

ਗੱਲ ਭਾਵੇਂ ਹਾਸੇ ਭਾਣੇ ਹੋ ਗਈ ਸੀ ਪਰ ਮੈਂ ਵਾਪਸੀ ਵੇਲ਼ੇ ਇਹੀ ਸੋਚਦਾ ਆਇਆ ਕਿ ਸਾਡੇ ਭਾਈਚਾਰੇ ਦਾ ਮਿਆਰ ਵੀਜ਼ਿਆਂ, ਕੇਸ ਨੰਬਰਾਂ ਅਤੇ ਪਰਚੀਆਂ ਤੱਕ ਹੀ ਕਿਉਂ ਸੀਮਤ ਹੈ? ਇਥੇ ਕਈ-ਕਈ ਸਾਲ ਰਹਿਣ ਦੇ ਬਾਵਜੂਦ ਵੀ ਸਾਡੇ ਕੋਲ ਆਰਥਕ ਜਾਂ ਸਮਾਜਕ ਵਿਸ਼ਿਆਂ ਉੱਤੇ ਪੁੱਛਣ ਲਈ ਸੁਆਲ ਕਿਉਂ ਨਹੀਂ ਹਨ?

Posted in ਚਰਚਾ, Politics

ਪਛਾਣ

ਸੰਨ 2019 ਛੇਤੀ ਹੀ ਖਤਮ ਹੋਣ ਜਾ ਰਿਹਾ ਹੈ। ਅੱਜ ਬੈਠੇ-ਬੈਠੇ, ਮੇਰੇ ਮਨ ਵਿੱਚ ਇਹ ਵਿਚਾਰ ਆ ਰਿਹਾ ਸੀ ਕਿ ਇਸ ਸਾਲ ਦੇ ਦੌਰਾਨ ਇਹੋ ਜਿਹੀ ਕਿਹੜੀ ਖ਼ਾਸ ਘਟਨਾ ਵਾਪਰੀ ਜਿਸ ਨੇ ਮੇਰੇ ਮਨ ਤੇ ਕੋਈ ਡੂੰਘੀ ਛਾਪ ਛੱਡੀ ਹੋਵੇ –ਚੰਗੀ-ਮਾੜੀ।

ਇਕ ਘਟਨਾ ਮੈਨੂੰ ਸਹਿਜੇ ਹੀ ਯਾਦ ਆ ਗਈ। ਇਸ ਘਟਨਾ ਦਾ ਸਬੰਧ ਸਾਡੀ ਆਪਣੀ ਪਛਾਣ ਜਾਂ ਫਿਰ ਆਪਣੀ ਹਸਤੀ ਦੇ ਨਾਲ ਹੈ ਕਿ ਅਸੀਂ ਆਪਣੇ ਆਪ ਨੂੰ ਕਿਵੇਂ ਪੇਸ਼ ਕਰ ਸਕਦੇ ਹਾਂ? ਜਿਸ ਤਰ੍ਹਾਂ ਦੀ ਅਸੀਂ ਆਪਣੀ ਪਛਾਣ ਕਰਵਾਉਂਦੇ ਹਾਂ ਕੀ ਉਹ ਲੰਮੀ ਦੌੜ ਵਾਲੀ ਹੈ? ਜਾਂ ਫਿਰ ਅਸੀਂ ਸਵੇਰੇ ਜਿਉਂਦੇ ਹਾਂ ਅਤੇ ਸ਼ਾਮ ਤੱਕ ਮਰ ਜਾਂਦੇ ਹਾਂ ਅਤੇ ਜਦ ਨਵਾਂ ਦਿਨ ਚੜ੍ਹਦਾ ਹੈ ਤਾਂ ਅਸੀਂ ਫਿਰ ਆਪਣੀ ਨਵੀਂ ਪਛਾਣ ਬਣਾਉਣ ਦੇ ਵਿੱਚ ਰੁੱਝ ਜਾਂਦੇ ਹਾਂ। 

ਅੱਜ ਮੈਂ ਜਿਸ ਵਿਸ਼ੇ ਅਤੇ ਘਟਨਾ ਬਾਰੇ ਗੱਲ ਕਰਨੀ ਚਾਹੂੰਗਾ, ਉਸਦੇ ਬਾਰੇ ਥੋੜ੍ਹੀ ਜਿਹੀ ਭੂਮਿਕਾ ਬੰਨ੍ਹਣੀ ਜ਼ਰੂਰੀ ਹੈ। ਗੁਰਬਾਣੀ ਪੜ੍ਹਨਾ-ਸਮਝਣਾ ਅਤੇ ਕੀਰਤਨ ਸੁਣਨਾ ਮੇਰੇ ਜੀਵਨ ਪੈਂਡੇ ਦਾ ਅਨਿੱਖੜਵਾਂ ਅੰਗ ਹੈ। ਕੀਰਤਨ ਮੈਂ ਆਮ ਤੌਰ ਦੇ ਉੱਤੇ ਰਾਗਾਂ ਵਿੱਚ ਗਾਏ ਹੀ ਸੁਣਨਾ ਪਸੰਦ ਕਰਦਾ ਹਾਂ।  ਇਹੋ ਜਿਹੇ ਬਹੁਤ ਘੱਟ ਰਾਗੀ ਹੋਣਗੇ ਜਿਹੜੇ ਆਮ ਤੌਰ ਤੇ ਰਾਗਾਂ ਵਿੱਚ ਨਾ ਗਾਉਂਦੇ ਹੋਣ ਅਤੇ ਮੈਂ ਉਨ੍ਹਾਂ ਨੂੰ ਸੁਣਦਾ ਹੋਵਾਂ। ਪਰ ਇੱਕ ਰਾਗੀ ਉਹ ਵੀ ਹਨ ਜੋ ਪ੍ਰਚੱਲਤ ਗਾਇਕੀ ਵਿੱਚ ਗਾ ਕੇ ਵੀ ਕਲਾਸਕੀ ਦੇ ਬਹੁਤ ਲਾਗੇ ਜਾ ਪਹੁੰਚਦੇ ਹਨ। ਇਸੇ ਕਰਕੇ ਜਦੋਂ ਕਦੀ ਲੰਮੇ ਸਫ਼ਰ ਦੇ ਉੱਤੇ ਜਾਂਦਾ ਹਾਂ ਤਾਂ ਕਲਾਸਕੀ ਦੇ ਨਾਲ-ਨਾਲ ਭਾਈ ਨਿਰਮਲ ਸਿੰਘ ਦੇ ਗੁਰਬਾਣੀ ਗਾਇਨ ਨੂੰ ਵੀ ਅਕਸਰ ਸੁਣਦਾ ਰਹਿੰਦਾ ਹਾਂ।

ਇਸੇ ਸਾਲ, ਕੁਝ ਮਹੀਨੇ ਪਹਿਲਾਂ ਮੈਨੂੰ ਇਹ ਪਤਾ ਲੱਗਾ ਕਿ ਭਾਈ ਨਿਰਮਲ ਸਿੰਘ ਨਿਊਜ਼ੀਲੈਂਡ ਦੌਰੇ ਤੇ ਆ ਰਹੇ ਸਨ। ਮਨ ਵਿੱਚ ਇਸ ਗੱਲ ਦੀ ਖੁਸ਼ੀ ਵੀ ਹੋਈ ਕਿ ਚਲੋ ਬਹੁਤ ਸਾਲਾਂ ਤੋਂ ਭਾਈ ਸਾਹਿਬ ਨੂੰ ਸੀ.ਡੀ ਜਾਂ ਡਿਜੀਟਲ ਰੂਪ ਵਿੱਚ ਸੁਣ ਰਿਹਾ ਹਾਂ ਤੇ ਹੁਣ ਪਹਿਲੀ ਵਾਰ ਸਾਹਮਣੇ ਬੈਠ ਕੇ ਵੀ ਸੁਣ ਲਵਾਂਗਾ। ਜਿਵੇਂ ਕਿ ਆਮ ਹੁੰਦਾ ਹੀ ਹੈ ਕਿਸੇ ਰਾਗੀ ਜਾਂ ਪਰਚਾਰਕ ਦੇ ਆਉਣ ਤੋਂ ਪਹਿਲਾਂ ਉਨ੍ਹਾਂ ਦੇ ਪੋਸਟਰ ਵਗੈਰਾ ਬਣ ਜਾਂਦੇ ਹਨ ਤੇ ਅੱਜ ਕੱਲ੍ਹ ਦੇ ਰਿਵਾਜ਼ ਮੁਤਾਬਿਕ ਵ੍ਹਾਟਸਐਪ ਦੇ ਉੱਤੇ ਧੜਾਧੜ ਚੱਲਣੇ ਸ਼ੁਰੂ ਹੋ ਜਾਂਦੇ ਹਨ। ਇਸੇ ਤਰ੍ਹਾਂ ਨਿਊਜ਼ੀਲੈਂਡ ਦੇ ਕਈ ਵ੍ਹਾਟਸਐਪ ਗੁਰੱਪਾਂ ਉੱਤੇ ਮੈਨੂੰ ਅਜਿਹਾ ਪੋਸਟਰ ਵੇਖਣ ਦਾ ਮੌਕਾ ਲੱਗਾ।

ਜਿੱਵੇਂ ਹੀ ਮੈਂ ਇਹ ਪੋਸਟਰ ਵੇਖਿਆ ਤਾਂ ਮੇਰੀ ਨਿਰਾਸਤਾ ਦੀ ਕੋਈ ਹੱਦ ਨਾ ਰਹੀ। ਪੋਸਟਰ ਉਪਰ ਭਾਈ ਨਿਰਮਲ ਸਿੰਘ ਦੀ ਪਛਾਣ “ਪਦਮ ਸ਼੍ਰੀ” ਨਿਰਮਲ ਸਿੰਘ ਦੇ ਰੂਪ ਵਿੱਚ ਕਰਵਾਈ ਜਾ ਰਹੀ ਸੀ। ਇਸ ਪੋਸਟਰ ਥੱਲੇ ਮੁਹਰ ਕਿਸੇ ਹੋਰ ਅਣਜਾਣ ਸੰਸਥਾ ਦੀ ਨਹੀਂ ਸਗੋਂ ਆਕਲੈਂਡ ਵਿਖੇ ਆਪਣੇ ਆਪ ਨੂੰ ਸਿੱਖੀ ਦੇ ਸਭ ਤੋਂ ਵੱਡੇ ਠੇਕੇਦਾਰ ਕਹਿਣ ਵਾਲੇ ਜੁੱਟ ਦੀ ਸੀ।  

ਮੇਰੇ ਮਨ ਵਿੱਚ ਇਹੀ ਸਵਾਲ ਉਠਿਆ ਕਿ ਆਕਲੈਂਡ ਰਹਿਣ ਵਾਲੇ ਇਨ੍ਹਾਂ ਠੇਕੇਦਾਰਾਂ ਨੂੰ ਕੀ ਹਾਲੀਆ ਇਤਿਹਾਸ ਵੀ ਭੁੱਲ ਗਿਆ ਹੈ? ਕੀ ਇਨ੍ਹਾਂ ਨੂੰ ਇਸ ਗੱਲ ਦਾ ਏਨਾ ਪਤਾ ਹੀ ਨਹੀਂ ਕਿ 1984 ਦੇ ਵਰਤਾਰੇ ਤੋਂ ਬਾਅਦ ਸਿੱਖਾਂ ਨੇ ਪਤਾ ਨਹੀਂ ਕਿੰਨੇ ਪਦਮ ਸ਼੍ਰੀ ਠੋਕਰ ਮਾਰ ਕੇ ਵਾਪਸ ਕਰ ਦਿੱਤੇ ਸਨ। ਮੈਂ ਵਾਰ ਵਾਰ ਇਹੀ ਸੋਚਦਾ ਰਿਹਾ ਕਿ ਕਿਵੇਂ ਹੁਣ ਸਿੱਖੀ ਦੀ ਪਛਾਣ ਇਨ੍ਹਾਂ ਠੇਕੇਦਾਰਾਂ ਨੇ “ਪਦਮ ਸ਼੍ਰੀ” ਦੇ ਪੈਰਾਂ ਵਿੱਚ ਲਿਆ ਸੁੱਟੀ ਹੈ।

ਸਿੱਖ ਇਤਿਹਾਸ ਦੇ ਸੰਦਰਭ ਵਿੱਚ ਕਿਸੇ ਦੀ ਪਛਾਣ ਕੀ ਅਸੀਂ ਭਾਈ ਨਿਰਮਲ ਸਿੰਘ ਦੇ ਰੂਪ ਵਿੱਚ ਕਰਵਾਉਣਾ ਚਾਹਾਂਗੇ ਕਿ ਪਦਮ ਸ਼੍ਰੀ ਨਿਰਮਲ ਸਿੰਘ ਦੇ ਰੂਪ ਵਿੱਚ? ਗੱਲ ਇਕੱਲੇ ਪੋਸਟਰ ਤਕ ਸੀਮਤ ਨਹੀਂ ਸੀ। ਉਸੇ ਵਕਤ ਦੌਰਾਨ ਯੂਟਿਊਬ ਤੇ ਇਸ ਸਿਲਸਿਲੇ ਵਿੱਚ ਪਾਏ ਕਈ ਵਿਡਿਓਜ਼ ਵਿੱਚ “ਪਦਮ ਸ਼੍ਰੀ” ਅਤੇ “ਉਸਤਾਦੀਆਂ” ਨੂੰ ਵੀ ਕਾਫ਼ੀ ਚਮਕਾ ਕੇ ਪੇਸ਼ ਕੀਤਾ ਗਿਆ ਸੀ।   

ਇਕ ਵਾਰ ਤਾਂ ਮੈਂ ਉਸ ਵਕਤ ਦੌਰਾਨ “ਪਦਮ ਸ਼੍ਰੀ” ਦੀ ਮੁਥਾਜੀ ਦੇ ਪੈਰਾਂ ਵਿੱਚ ਇਸ ਤਰ੍ਹਾਂ ਰੁਲ਼ ਰਹੀ ਸਿੱਖ ਪਛਾਣ ਦੇ ਸੁਆਲੀਆ ਘੇਰੇ ਵਿੱਚ ਕਿਧਰੇ ਗੁਆਚ ਹੀ ਗਿਆ।  ਨਤੀਜਾ ਇਹ ਹੋਇਆ ਕਿ ਜਿਸ ਦਿਨ ਭਾਈ ਨਿਰਮਲ ਸਿੰਘ ਇੱਥੇ ਵੈਲਿੰਗਟਨ ਗੁਰਦੁਆਰਾ ਸਾਹਿਬ ਵਿਖੇ ਕੀਰਤਨ ਕਰਨ ਲਈ ਪਹੁੰਚੇ ਤਾਂ ਮਨ ਵਿੱਚ ਇਸ ਗੱਲ ਦੀ ਇੱਛਾ ਹੀ ਮਰ ਗਈ ਕਿ ਮੈਂ ਗੁਰਦੁਆਰਾ ਸਾਹਿਬ ਜਾ ਕੇ “ਪਦਮ ਸ਼੍ਰੀ” ਕੀਰਤਨ ਸੁਣਾਂ। 

ਇਹ ਸਤਰਾਂ ਲਿਖਿਦਿਆਂ ਹੋਇਆਂ ਮੈਨੂੰ ਇਸ ਸਾਲ ਦੀ ਇਕ ਹੋਰ ਘਟਨਾ ਯਾਦ ਆ ਗਈ। ਪਹਿਲੀਆਂ ਨਿਊਜ਼ੀਲੈਂਡ ਸਿੱਖ ਖੇਡਾਂ।  ਇਨ੍ਹਾਂ ਖੇਡਾਂ ਦੇ ਪ੍ਰਬੰਧਕਾਂ ਨੂੰ ਇਸ ਗੱਲ ਦੀ ਸ਼ਾਬਾਸ਼ੀ ਕਿ ਉਨ੍ਹਾਂ ਨੇ ਮੇਲਾ ਸੋਹਣਾ ਭਰ ਦਿੱਤਾ। ਲਾ-ਲਾ ਲਾ-ਲਾ ਵੀ ਵਾਹਵਾ ਹੋ ਗਈ। ਪਰ ਗੱਲ ਨੂੰ ਪਛਾਣ ਦੇ ਧਰੁਵ ਬਿੰਦ ਤੇ ਵਾਪਸ ਲਿਆਉਂਦਾ ਹਾਂ। ਜੇਕਰ ਤੁਸੀਂ ਪਹਿਲੀਆਂ ਨਿਊਜ਼ੀਲੈਂਡ ਸਿੱਖ ਖੇਡਾਂ ਦੇ ਉਦਘਾਟਨੀ ਸਮਾਗਮ ਦਾ ਯੂਟਿਊਬ ਤੇ ਵੀਡਿਓ ਵੇਖ ਲਵੋ ਤਾਂ ਇਹੀ ਸੋਚੋਗੇ ਕਿ ਬਿਹਤਰ ਹੁੰਦਾ ਜੇਕਰ ਪ੍ਰਬੰਧਕ ਇਸ ਨੂੰ ਸਿੱਖ ਖੇਡਾਂ ਦੀ ਬਜਾਏ “ਪਦਮ ਸ਼੍ਰੀ” ਖੇਡਾਂ ਕਹਿ ਲੈਂਦੇ। 

ਪਛਾਣ ਦੇ ਪੱਖੋਂ ਅਸੀਂ ਇੰਨੇ ਅਵੇਸਲੇ ਕਿਉਂ ਹੁੰਦੇ ਜਾ ਰਹੇ ਹਾਂ? ਅਜਿਹੇ ਕਈ ਮੁੱਦਿਆਂ ਉੱਤੇ ਰਾਜਨੀਤਕ ਸੋਚ ਦੀ ਪੇਸ਼ਕਾਰੀ ਦੇ ਪੱਖ ਤੋਂ ਇਹ ਯੂਟਿਊਬ ਵੀਡੀਓ ਸਾਂਝਾ ਕਰ ਰਿਹਾ ਹਾਂ। 

Posted in ਚਰਚਾ, Politics, Punjab

ਪੰਜਾਬੀ ਲਈ ਹੇਜ?

ਹਾਲ ਵਿੱਚ ਹੀ ਇੱਕ ਖਬਰ ਇਹ ਪਤਾ ਲੱਗੀ ਹੈ ਕਿ ਪੰਜਾਬ ਦੇ ਕੁਝ ਰਾਜਨੇਤਾਵਾਂ ਨੇ ਪੰਜਾਬ ਦੀ ਵਿਧਾਨ ਸਭਾ ਚੋਂ ਵਾਕਆਊਟ ਕੀਤਾ ਹੈ। ਉਨ੍ਹਾਂ ਦੀ ਮੰਗ ਸੀ ਕਿ ਰਾਜਪਾਲ ਆਪਣਾ ਭਾਸ਼ਣ ਪੰਜਾਬੀ ਵਿੱਚ ਪੜ੍ਹੇ। ਗੱਲ ਤਾਂ ਬਹੁਤ ਵਧੀਆ ਕੀਤੀ।  ਵਾਕਿਆ ਹੀ ਪੰਜਾਬੀ ਦੀ ਪ੍ਰੋੜਤਾ ਕਰਨੀ ਚਾਹੀਦੀ ਹੈ। ਪਰ ਜਿਵੇਂ ਹੀ ਇਸ ਤੋਂ ਇੱਕ ਕਦਮ ਅੱਗੇ ਵਧਦੇ ਹਾਂ ਜਾਂ ਖ਼ਬਰ ਦਾ ਅਗਲਾ ਹਿੱਸਾ ਸੁਣਦੇ ਹਾਂ ਤਾਂ ਹੈਰਾਨ ਹੋ ਜਾਂਦੇ ਹਾਂ ਬੌਧਿਕ ਹੀਣ ਭਾਵ ਕਿਵੇਂ ਮਾਨਸਿਕਤਾ ਵਿੱਚ ਖੁੱਭਿਆ ਹੋਇਆ ਹੈ। ਇਸ ਦਾ ਪਤਾ ਇਥੋਂ ਲੱਗਦਾ ਹੈ ਜਦ ਇਨ੍ਹਾਂ ਹੀ ਰਾਜਨੇਤਾਵਾਂ ਨੇ ਇਹ ਮੰਗ ਕੀਤੀ ਕਿ ਜੇ ਪੰਜਾਬੀ ਵਿੱਚ ਭਾਸ਼ਣ ਨਹੀਂ ਪੜ੍ਹਨਾ ਤਾਂ ਹਿੰਦੀ ਵਿੱਚ ਪੜ੍ਹਿਆ ਜਾਵੇ।  

ਸ਼ਾਇਦ ਇਨ੍ਹਾਂ ਰਾਜਨੇਤਾਵਾਂ ਨੂੰ ਇਹ ਨਹੀਂ ਪਤਾ ਕਿ ਭਾਰਤ ਦੇ ਸੰਵਿਧਾਨ ਦੇ ਮੁਤਾਬਿਕ ਹਿੰਦੀ ਨੂੰ ਭਾਰਤ ਦੀ ਕਿਸੇ ਹੋਰ ਭਾਸ਼ਾ ਤੇ ਉਪਰਲੀ ਥਾਂ ਹਾਸਲ ਨਹੀਂ ਹੈ। ਸੰਵਿਧਾਨਕ ਤੌਰ ਤੇ ਸਾਰੀਆਂ ਭਾਸ਼ਾਵਾਂ ਰਾਜ ਭਾਸ਼ਾਵਾਂ ਹਨ। ਹਿੰਦੀ ਸਾਰੀਆਂ ਕੌਮੀਅਤਾਂ ਦੀਆਂ ਜੜ੍ਹਾਂ ਵੱਢਣ ਤੇ ਲੱਗੀ ਹੋਈ ਹੈ। ਪਹਿਲਾਂ ਤਾਂ ਇਸ ਦੇ ਹਥਿਆਰ ਬਾਲੀਵੁੱਡ ਅਤੇ ਦੂਰਦਰਸ਼ਨ ਸਨ ਪਰ ਹੁਣ ਤਾਂ ਰਾਜਨੀਤੀ ਵਿੱਚ ਰਸਸ ਪੂਰੀ ਤਰ੍ਹਾਂ ਦਖ਼ਲਅੰਦਾਜ਼ ਹੋ ਚੁੱਕੀ ਹੈ। ਅਸਿੱਧੇ ਰੂਪ ਵਿੱਚ ਹਿੰਦੀ-ਰਸਸ ਅਜਾਰੇਦਾਰਾਂ ਦੀ ਭਿਆਲ ਹੈ। ਹਾਂ ਜੇਕਰ ਇਸ ਦੀ ਬਜਾਏ ਇਹ ਰਾਜਨੇਤਾ ਇਹ ਕਹਿੰਦੇ ਕਿ ਰਾਜਪਾਲ ਇਸ ਭਾਸ਼ਣ ਦਾ ਮੁੱਖ ਅੰਸ਼ ਆਪਣੀ ਮਾਤ ਬੋਲੀ ਵਿੱਚ ਬੋਲ ਦੇਵੇ ਤਾਂ ਇਹ ਜ਼ਿਆਦਾ ਵਧੀਆ ਰਹਿਣਾ ਸੀ। ਰਾਜਨੇਤਾਵਾਂ ਦਾ ਇਹ ਕਹਿਣਾ ਕਿ ਉਨ੍ਹਾਂ ਨੂੰ ਅੰਗਰੇਜ਼ੀ ਸਮਝ ਨਹੀਂ ਆਉਂਦੀ ਉਨ੍ਹਾਂ ਦਾ ਨਿਜੀ ਮਸਲਾ ਹੈ ਜੋ ਕਾਵਾਂਰੌਲ਼ੀ ਤੋਂ ਵੱਧ ਕੁਝ ਨਹੀਂ।    

ਇਸ ਤੋਂ ਅੱਗੇ ਬੌਧਿਕ ਕੰਗਾਲੀ ਵਾਲੀ ਵੀ ਗੱਲ ਆਉਂਦੀ ਹੈ। ਪੰਜਾਬ ਦੇ ਵਿੱਚ ਇਹ ਵੀ ਇੱਕ ਆਮ ਹੀ ਫੈਸ਼ਨ ਪ੍ਰਚੱਲਿਤ ਹੋ ਗਿਆ ਹੈ ਕਿ ਅੰਗਰੇਜ਼ੀ ਦਾ ਵਿਰੋਧ ਕਰੀ ਜਾਓ। ਦੂਜੇ ਪਾਸੇ ਭੇਡ ਚਾਲ ਇਹ ਵੀ ਹੈ ਕਿ ਧੜਾ ਧੜ ਪਿੰਡਾਂ ਵਿੱਚ ਵੀ ਅੰਗਰੇਜ਼ੀ ਮਾਧਿਅਮ ਵਾਲੇ ਸਕੂਲ ਖੁੱਲ੍ਹ ਰਹੇ ਹਨ ਜਿੱਥੇ ਪੰਜਾਬੀ ਬੋਲਣ ਦੀ ਮਨਾਹੀ ਹੁੰਦੀ। ਇਸ ਸਭ ਕਾਸੇ ਦੇ ਬਾਵਜੂਦ ਇਹ ਨਹੀਂ ਸਮਝ ਆਉਂਦਾ ਕਿ ਜਦ ਦੱਖਣੀ ਏਸ਼ੀਆ ਦੇ ਹੋਰ ਖਿੱਤਿਆਂ ਵਿੱਚੋਂ ਅੰਗਰੇਜ਼ੀ ਦੇ ਵਧੀਆ ਲੇਖਕ, ਪੱਤਰਕਾਰ ਅਤੇ ਕਵੀ ਪੈਦਾ ਹੋ ਰਹੇ ਹਨ ਤਾਂ ਇਸੇ ਭੇਡ-ਚਾਲੇ ਪਏ ਪੰਜਾਬ ਨੇ ਖ਼ਾਸ ਤੌਰ ਪਿਛਲੇ ਚਾਲ੍ਹੀ ਕੁ ਸਾਲਾਂ ਦੌਰਾਨ ਕੋਈ ਮਾਰਕੇ ਦਾ ਅੰਗਰੇਜ਼ੀ ਲੇਖਕ, ਪੱਤਰਕਾਰ ਜਾਂ ਕੋਈ ਕਵੀ ਕਿਉਂ ਨਹੀਂ ਪੈਦਾ ਕੀਤਾ ਜੋ ਅੰਗਰੇਜ਼ੀ ਵਿੱਚ ਬਹੁਤ ਵਧੀਆ ਲਿਖਦਾ ਹੋਵੇ?

Posted in Politics

ਪੰਜਾਬ ਚੋਣਾਂ – 2017

ਬੀਤੀ 11 ਮਾਰਚ ਨੂੰ ਪਿਛਲੇ ਕੁਝ ਮਹੀਨਿਆਂ ਤੋਂ ਵ੍ਹਾਟਸਐਪ ਅਤੇ ਫੇਸਬੁੱਕ ਤੇ ਚਲ ਰਿਹਾ “ਇਨਕਲਾਬ” ਆਖਿਰ ਥੰਮ੍ਹ ਗਿਆ।  ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਬਹੁਤ ਸਾਰੇ ਲੋਕਾਂ ਨੂੰ ਡਾਢਾ ਮਾਯੂਸ ਕੀਤਾ ਖਾਸ ਤੌਰ ਤੇ ਬਾਹਰਲੇ ਮੁਲਕਾਂ ਵਿੱਚ ਵੱਸਦੇ ਪੰਜਾਬੀਆਂ ਨੂੰ।  ਹਰ ਕੋਈ ਆਮ ਆਦਮੀ ਪਾਰਟੀ ਦੀ “ਸ਼ਾਨਦਾਰ ਜਿੱਤ” ਯਕੀਨੀ ਕਰੀ ਬੈਠਾ ਸੀ।  ਪਰ ਅੱਗੇ ਗੱਲ ਕਰਨ ਤੋਂ ਪਹਿਲਾਂ ਹੇਠਾਂ ਖਾਨੇਵਾਰ ਖਾਕੇ ਤੇ ਥੋੜੀ ਝਾਤ ਮਾਰ ਲਵੋ।   

punjab elections

ਕਾਂਗਰਸ ਦਾ ਵੋਟ ਫ਼ੀਸਦੀ ਘਟ ਰਿਹਾ ਹੈ ਪਰ ਸੀਟਾਂ ਵੇਖੋ ਕਿਵੇਂ ਛਲਾਂਗਾ ਮਾਰ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਦੀਆਂ ਸੀਟਾਂ ਤੇ ਵੋਟ ਫ਼ੀਸਦੀ ਡਿਗ ਛੜੱਪਾ ਕਰ ਰਿਹਾ ਹੈ। ਭਾਜਪਾ ਦਾ ਵੋਟ ਫ਼ੀਸਦੀ ਥੋੜਾ ਘਟਿਆ ਹੈ ਪਰ ਸੀਟਾਂ ਜ਼ਿਆਦਾ ਹੀ ਖੁੱਸ ਗਈਆਂ ਹਨ। ਮਨਪ੍ਰੀਤ ਬਾਦਲ 2012 ਵਿੱਚ 5.67 ਫ਼ੀਸਦੀ ਵੋਟਾਂ ਲੈ ਕੇ ਇਕ ਵੀ ਸੀਟ ਹਾਸਲ ਨਹੀਂ ਕਰ ਸਕਿਆ ਪਰ ਲੋਕ ਇਨਸਾਫ਼ ਪਾਰਟੀ ਨੇ 2017 ਵਿੱਚ ਸਿਰਫ 1.2 ਫ਼ੀਸਦੀ ਵੋਟਾਂ ਨਾਲ ਮਲਕੜੇ ਜਿਹੇ ਦੋ ਸੀਟਾਂ ਜਿੱਤ ਲਈਆਂ। 

ਆਂਕੜਿਆਂ ਦਾ ਜਮ੍ਹਾ-ਘਟਾਓ ਤਾਂ ਚਲਦਾ ਹੀ ਰਹੇਗਾ ਪਰ ਆਓ ਜ਼ਰਾ ਆਮ ਆਦਮੀ ਪਾਰਟੀ ਬਾਰੇ ਵੀ ਥੋੜੀ ਜਿਹੀ ਗੱਲ ਕਰ ਲਈਏ।  ਜਿੱਤਣ ਤੋਂ ਬਾਅਦ ਇਸ ਨੇ ਸੂਬੇ ਦਾ ਮੁੱਖ ਮੰਤਰੀ ਕਿਸਨੂੰ ਬਣਾਉਣਾ ਸੀ? ਕਿਸੇ ਨੂੰ ਨਹੀਂ ਪਤਾ। ਪੰਜਾਬ ਦੀ ਆਰਥਿਕਤਾ ਅਤੇ ਕਿਸਾਨੀ ਬਾਰੇ ਨੀਤੀ ਪੱਤਰ? ਕੋਈ ਨਹੀਂ। ਪੰਜਾਬ ਵਿੱਚ ਹੋਈਆਂ ਪੁਲਿਸ ਵਧੀਕੀਆਂ ਦੀ ਪੜਤਾਲ ਕਰਵਾਉਣ ਬਾਰੇ ਕੋਈ ਹਾਮੀ? ਕੋਈ ਨਹੀਂ। ਪੰਜਾਬ ਦੇ ਪਾਣੀਆਂ ਬਾਰੇ ਕੋਈ ਬਿਆਨ? ਕੋਈ ਨਹੀਂ।  ਪੰਜਾਬ ਵਿੱਚ ਡਿਗਦੇ ਵਿਦਿਅਕ ਮਿਆਰ ਨੂੰ ਠੱਲ ਪਾਉਣ ਬਾਰੇ ਕੋਈ ਐਲਾਨ ਨਾਮਾ? ਕੋਈ ਨਹੀਂ। ਰੁਲਦੀ ਫਿਰਦੀ ਮਾਂ ਬੋਲੀ ਪੰਜਾਬੀ ਨੂੰ ਬਣਦਾ ਇੱਜ਼ਤ ਮਾਨ ਦੇਣ ਦੀ ਕੋਈ ਸਹੁੰ? ਕੋਈ ਨਹੀਂ। ਤਾਂ ਫਿਰ ਪੂਛ ਨੂੰ ਅੱਗ ਕੀ ਸਿਰਫ ਰਿਸ਼ਵਤਖੋਰੀ ਦੀ ਖਿਲਾਫਵਰਜ਼ੀ ਦੀ ਲੱਗੀ ਹੋਈ ਸੀ? ਉਪਰ ਏਨੇ ਸਾਰੇ “ਕੋਈ ਨਹੀਂ”।  ਚੰਗਾ ਹੋਇਆ ਆਮ ਆਦਮੀ ਪਾਰਟੀ ਵਾਲੇ ਜਿੱਤੇ ਨਹੀਂ।  ਨਹੀਂ ਤਾਂ ਪੰਜਾਬੀ ਦੀ ਉਹ ਕਹਾਵਤ ਸੱਚ ਹੋ ਜਾਣੀ ਸੀ ਕਿ ਬਾਂਦਰਾਂ ਹੱਥ ਟੋਪੀਆਂ ਆ ਗਈਆਂ। 

ਦਿੱਲੀ ਦੀ ਰਾਜਨੀਤੀ ਤੇ ਪੰਜਾਬ ਦੀ ਰਾਜਨੀਤੀ ਵਿੱਚ ਬਹੁਤ ਫਰਕ ਹੈ। ਮੈਨੂੰ ਪੰਜਾਬ ਤੋਂ ਨਿਕਲੇ ਨੂੰ 26 ਸਾਲ ਹੋ ਗਏ ਹਨ।  ਸਾਡੇ ਵੇਲੇ ਤਾਂ ਪੰਜਾਬ ਵਿੱਚ ਐਮ.ਐਲ.ਏ ਦਾ “ਲੋਕ ਰੁਤਬਾ” ਐਮ.ਪੀ. ਨਾਲੋਂ ਵੱਧ ਹੁੰਦਾ ਸੀ।  ਕਈ ਲੋਕ ਐਮ.ਪੀ. ਬਨਣ ਤੋਂ ਬਾਅਦ ਅਗਲੀ ਪੌੜੀ ਐਮ.ਐਲ.ਏ ਦੀ ਚੜ੍ਹਦੇ ਸਨ। ਆਮ ਆਦਮੀ ਪਾਰਟੀ ਨੇ ਭਾਵੇਂ ਪੰਜਾਬ ਵਿੱਚੋਂ ਐਮ. ਪੀ. ਤਾਂ ਪਹਿਲਾਂ ਬਣਾ ਲਏ ਪਰ ਅਸਲੀ ਪੇਚਾ ਤਾਂ ਵਿਧਾਨ ਸਭਾ ਵਿੱਚ ਪੈਣਾ ਹੈ। ਇਸ ਲਿਖਤ ਵਿੱਚ ਆਮ ਆਦਮੀ ਪਾਰਟੀ ਤੇ ਨਿਸ਼ਾਨਾ ਰੱਖ ਕੇ ਮੈਂ ਕਿਸੇ ਹੋਰ ਪਾਰਟੀ ਦੀ ਤੂਤੀ ਨਹੀਂ ਵਜਾਉਣ ਲੱਗਾ। ਮੇਰਾ ਨਿਗਾਹ ਤਾਂ ਉਨ੍ਹਾਂ ਮਸਲਿਆਂ ਤੇ ਟਿਕੀ ਹੈ ਜਿਨ੍ਹਾਂ ਬਾਰੇ ਉਪਰ ਕੀਤੇ ਸੁਆਲਾਂ ਦੇ ਜੁਆਬ “ਕੋਈ ਨਹੀਂ” ਹਨ।  ਇਸ ਗੱਲ ਦੀ ਆਸ ਰੱਖਣਾ ਹੀ ਗੁਨਾਹ ਹੈ ਕਿ ਬਾਕੀ ਦੀਆਂ ਪਾਰਟੀਆਂ ਇਨ੍ਹਾਂ ਮਸਲਿਆਂ ਦੇ ਕਿਤੇ ਲਾਗੇ ਵੀ ਢੁੱਕ ਜਾਣ। 

ਅੱਜ ਆਮ ਆਦਮੀ ਪਾਰਟੀ ਪੰਜਾਬ ਦੀ ਵਿਧਾਨ ਸਭਾ ਵਿੱਚ ਮੁੱਖ ਵਿਰੋਧੀ ਪਾਰਟੀ ਬਣ ਗਈ ਹੈ। ਹੁਣ ਆਮ ਆਦਮੀ ਪਾਰਟੀ ਕੋਲ ਪੰਜ ਸਾਲ ਦਾ ਵਕਤ ਹੈ ਕਿ ਉਹ ਸਾਬਿਤ ਕਰਨ ਕਿ ਉਨ੍ਹਾਂ ਕੋਲ ਠੋਸ ਨੀਤੀਆਂ ਅਤੇ ਬੁਲਾਰੇ ਹਨ ਤੇ ਉਹ ਉਪਰ ਲਿਖੇ ਮਸਲਿਆਂ ਉੱਤੇ ਦਲੇਰਾਨਾ ਕਦਮ ਚੁੱਕ ਸਕਦੇ ਹਨ। ਜੇਕਰ ਕਾਮਯਾਬ ਰਹੇ ਤਾਂ ਮੇਰੇ ਵਰਗਿਆਂ ਨੂੰ ਇਕ ਵਾਰ ਫਿਰ ਪੰਜਾਬ ਦੀਆਂ ਚੋਣਾਂ ਵਿੱਚ ਦਿਲਚਸਪੀ ਪੈਦਾ ਹੋਵੇਗੀ। ਨਹੀਂ ਤਾਂ ਇਹੀ ਕਿਹਾ ਕਰਾਂਗੇ ਕਿ ਜੋ ਸੋਚ ਕੇ ਪੰਜਾਬ ਛੱਡਿਆ ਸੀ ਉਹੀ ਸਭ ਕੁਝ ਹੋ ਰਿਹਾ ਹੈ।