ਕੁਝ ਕੁ ਹਫ਼ਤੇ ਪਹਿਲਾਂ ਮੇਰੇ ਕੋਲ ਕਿਤਾਬਾਂ ਦਾ ਪਾਰਸਲ ਆਣ ਪਹੁੰਚਿਆ ਜਿਸ ਵਿਚ ਦੋ ਛੋਟੀਆਂ ਕਿਤਾਬਾਂ ਸਨ। ਇਕ ਤਾਂ ਸੁਮੇਲ ਸਿੰਘ ਸਿੱਧੂ ਦੀ ਲਿਖੀ ਹੋਈ ‘ਹੀਰਵੰਨੇ ਪੰਜਾਬ ਦੀ ਸਿਰਜਣਾ ਲਈ ਧਰਮਯੁੱਧ ਦੀ ਸੇਧ ਦਾ ਸਵਾਲ’ ਅਤੇ ਦੂਜੀ ਸੀ ਸੁਖਪਾਲ ਸੰਘੇੜਾ ਦੀ ‘ਮੱਧਕਾਲੀ ਪੰਜਾਬ ਦੀ ਜਾਗਰਤੀ ਲਹਿਰ (ਯੂਰਪੀਅਨ ਰੇਨਾਸਾਂਸ ਦੇ ਪ੍ਰਸੰਗ ਵਿੱਚ)।
ਹੀਰਵੰਨੇ ਪੰਜਾਬ ਦੀ ਸਿਰਜਣਾ 48 ਕੁ ਸਫ਼ਿਆਂ ਦਾ ਕਿਤਾਬਚਾ ਹੈ ਤੇ ਮੱਧਕਾਲੀ ਪੰਜਾਬ ਦੀ ਜਾਗਰਤੀ ਲਹਿਰ 134 ਕੁ ਸਫ਼ਿਆਂ ਦੀ ਕਿਤਾਬ।

ਸੁਮੇਲ ਸਿੰਘ ਸਿੱਧੂ ਨੇ ਦਇਆ ਸਿੰਘ, ਰੱਬੀ ਸ਼ੇਰਗਿੱਲ ਅਤੇ ਸਵਰਾਜਬੀਰ – ਇਹ ਤਿੰਨ ਨਾਂ ਲੈਂਦਿਆਂ ਹੋਇਆਂ ਪੰਜਾਬ ਨੂੰ ਹੀਰ ਵਾਰਿਸ ਸ਼ਾਹ ਦੇ ਨਾਲ ਬੰਨ੍ਹਣ ਦੀ ਕੋਸ਼ਿਸ਼ ਕੀਤੀ ਹੈ ਅਤੇ ਹੀਰਵੰਨੇ ਪੰਜਾਬ ਦੀ ਸਿਰਜਣਾ ਲਈ ਧਰਮਯੁੱਧ ਦੀ ਸੇਧ ਦਾ ਸਵਾਲ ਖੜ੍ਹਾ ਕੀਤਾ ਹੈ।
ਲੋਕਾਈ ਦਾ ਸਾਂਝਾ ਪੰਜਾਬ ਬੰਨ੍ਹਦੇ-ਬੰਨ੍ਹਦੇ ਸੁਮੇਲ ਸਿੰਘ ਸਿੱਧੂ ਬਹੁਤੀਆਂ ਅਜੋਕੇ ਪੰਜਾਬ ਦੀਆਂ ਹੀ ਗੱਲਾਂ ਕਰਦਾ ਹੈ। ਪਰ ਕਿਤਾਬਚੇ ਦੇ ਸ਼ੁਰੂ ਵਿੱਚ ਉਹ ਸੋਲ੍ਹਵੀਂ ਸਦੀ ਦੀ ਗੱਲ ਮੁਗਲਾਂ ਤੋਂ ਕਰਦਾ ਹੋਇਆ, ਸੂਫ਼ੀਆਂ ਦੀਆਂ ਦਰਗਾਹਾਂ ਅਤੇ ਜੋਗੀਆਂ ਵੈਸ਼ਨਵਾਂ ਦੇ ਡੇਰਿਆਂ ਦਾ ਵਰਣਨ ਕਰਦਾ ਹੋਇਆ ਉਹ ਬੰਦਾ ਸਿੰਘ ਬਹਾਦਰ, ਫ਼ਕੀਰ ਭੀਖਣ ਸ਼ਾਹ ਅਤੇ ਪੀਰ ਬੁੱਧੂ ਸ਼ਾਹ ਦੇ ਨਾਂ ਤਾਂ ਜ਼ਰੂਰ ਲੈ ਜਾਂਦਾ ਹੈ ਪਰ ਇਸ ਬਿਰਤਾਂਤ ਵਿੱਚੋਂ ਗੁਰੂ ਸਾਹਿਬਾਨ ਦਾ ਪੂਰਾ ਸੰਦਰਭ ਹੀ ਗਾਇਬ ਕਰ ਦਿੰਦਾ ਹੈ। ਰਣਜੀਤ ਸਿੰਘ ਦੀ ਵੀ ਉਹ ਗੱਲ ਸ਼ੁਰੂ ਕਰਦਾ ਹੈ ਪਰ ਛੇਤੀ ਹੀ ਉਹ ਭਟਕ ਜਾਂਦਾ ਹੈ।
ਸਿਰਫ਼ ਸਿੱਖ ਇਨਕਲਾਬ ਦਾ ਨਾਂ ਲੈ ਕੇ ਉਹ ਗੁਰੂ ਨਾਨਕ ਸਾਹਿਬ ਦੀਆਂ ਉਦਾਸੀਆਂ ਦੇ ਬਰਾਬਰ ਹੀਰ ਦੇ ਹੁਸਨ ਦੇ ਬਿਆਨ ਲਿਆ ਖੜ੍ਹੇ ਕਰਦਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੁਸ਼ੋਭਿਤ ਸਾਂਝੀਵਾਲਤਾ ਦਾ ਹਵਾਲਾ ਨਾ ਦੇ ਕੇ ਸੁਮੇਲ ਸਿੰਘ ਸਿੱਧੂ ਇਧਰੋਂ ਉਧਰੋਂ ਸਾਂਝੀਵਾਲਤਾ ਲੱਭਣ ਲਈ ਟੱਕਰਾਂ ਮਾਰ ਰਿਹਾ ਹੈ। ਇਹ ਟੱਕਰਾਂ ਇਹਨੂੰ ਮੁਬਾਰਕ। ਝਾਉਲਾ ਇਸ ਗੱਲ ਦਾ ਵੀ ਪੈਂਦਾ ਹੈ ਕਿ ਇਸ ਦੀ ਸਾਂਝੀਵਾਲਤਾ ਦਾ ਬਿੰਬ ਕਿਤੇ ਨਾਗਪੁਰੀਆਂ ਦੇ ਅਖੰਡ ਭਾਰਤ ਦੇ ਰੂਪ ਵਿੱਚ ਤਾਂ ਨਹੀਂ ਉੱਘੜ ਰਿਹਾ?
ਸੁਖਪਾਲ ਸੰਘੇੜਾ ਆਪਣੀ ਕਿਤਾਬ ਵਿੱਚ ਮੱਧਕਾਲੀ ਪੰਜਾਬ ਦੀ ਜਾਗਰਤੀ ਲਹਿਰ ਦਾ ਅਧਿਐਨ ਸਮਾਨੰਤਰ ਯੂਰਪੀਅਨ ਰੇਨਾਸਾਂਸ ਤੇ ਉਸ ਤੇ ਮਾਨਵਵਾਦ ਦੇ ਸੰਦਰਭ ਵਿੱਚ ਕਰਦਾ ਹੈ।
ਸੁਖਪਾਲ ਸੰਘੇੜਾ ਪੁਰਾਣੇ ਪੰਜਾਬ ਦੀ ਗੱਲ ਸੂਫ਼ੀਆਂ ਨਾਲ ਸ਼ੁਰੂ ਕਰਦਾ ਹੈ ਪਰ ਛੇਤੀ ਹੀ ਉਸ ਦਾ ਸਾਰਾ ਧਿਆਨ ਗੁਰਬਾਣੀ ਅਤੇ ਗੁਰੂ ਗ੍ਰੰਥ ਸਾਹਿਬ ਉੱਤੇ ਕੇਂਦਰਤ ਹੋ ਜਾਂਦਾ ਹੈ। ਉਸਨੇ ਇੱਕ ਬਹੁਤ ਦਿਲਚਸਪ ਵਿਸ਼ਾ ਚੁਣਿਆ ਹੈ ਅਤੇ ਇਹ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਯੂਰਪ ਵਾਂਙ ਪੰਜਾਬ ਵਿੱਚ ਤਰੱਕੀ ਕਿਉਂ ਨਹੀਂ ਹੋਈ?
ਆਪਣੀ ਖੋਜ ਚਰਚਾ ਵਿੱਚ ਦਲੀਲਾਂ ਦੀ ਤਰਤੀਬ ਬੰਨ੍ਹਦੇ ਹੋਏ ਸੁਖਪਾਲ ਸੰਘੇੜਾ ਨੇ ਦੋ ਮੁੱਖ ਸੁਆਲ ਪੁੱਛੇ ਹਨ। ਇਕ ਤਾਂ ਇਹ ਕਿ ਜਿਸ ਤਰ੍ਹਾਂ ਯੂਰਪ ਦੇ ਵਿਚ ਸੰਨਤੀ ਜਾਂ ਉਦਯੋਗਿਕ ਕ੍ਰਾਂਤੀ ਆ ਗਈ ਉਸ ਤਰ੍ਹਾਂ ਦੀ ਕ੍ਰਾਂਤੀ ਪੰਜਾਬ ਵਿੱਚ ਕਿਉਂ ਨਾ ਆ ਸਕੀ? ਯੂਰਪ ਵਰਗੀ ਆਧੁਨਿਕਤਾ ਇੱਥੇ ਪੰਜਾਬ ਵਿੱਚ ਕਿਉਂ ਨਾ ਆ ਸਕੀ ਜਿਹੜੀ ਕਿ ਸੁਖਪਾਲ ਸੰਘੇੜਾ ਦੇ ਮੁਤਾਬਕ ਅਸਿੱਧੇ ਤੌਰ ਤੇ ਅੰਗਰੇਜ਼ਾਂ ਦੇ ਬਸਤੀਵਾਦ ਰਾਹੀਂ ਆਈ।
ਦੂਜਾ ਸੁਆਲ ਉਸ ਨੇ ਮਹਾਰਾਜਾ ਰਣਜੀਤ ਸਿੰਘ ਬਾਰੇ ਚੁੱਕਿਆ ਹੈ ਜਿੱਥੇ ਉਹ ਇਹ ਪੁੱਛਦਾ ਹੈ ਕਿ ਜੇ ਅਮਰੀਕਾ ਵਿੱਚ ਜੌਰਜ ਵਾਸ਼ਿੰਗਟਨ ਅੰਗਰੇਜ਼ਾਂ ਦੇ ਬਸਤੀਵਾਦ ਤੋਂ ਆਜ਼ਾਦ ਹੋ ਕੇ ਲੋਕਤੰਤਰ ਕਾਇਮ ਕਰ ਸਕਦਾ ਸੀ ਤਾਂ ਰਣਜੀਤ ਸਿੰਘ ਰਜਵਾੜਾ ਸ਼ਾਹੀ ਵਿੱਚ ਕਿਉਂ ਪੈ ਗਿਆ ਕਿਉਂਕਿ ਇਸ ਨਾਲ ਉਸਨੇ ਪੰਜਾਬ ਨੂੰ ਆਧੁਨਿਕ ਲੋਕਤੰਤਰ ਬਣਨ ਤੋਂ ਰੋਕ ਲਿਆ ਸੀ।
ਸੁਖਪਾਲ ਸੰਘੇੜਾ ਦੇ ਸਵਾਲਾਂ ਬਾਰੇ ਮੇਰੀ ਨਿਜੀ ਰਾਏ ਇਹ ਹੈ ਕਿ ਇਹ ਤਾਂ ਠੀਕ ਹੈ ਕਿ ਪੰਜਾਬ ਅਤੇ ਯੂਰਪ ਵਿੱਚ ਇੱਕੋ ਜਿਹੀ ਜਾਗਰਤੀ ਆਈ, ਪਰ ਯੂਰਪ ਵਰਗੀ ਗ਼ੁਰਬਤ ਪੰਜਾਬ ਵਿੱਚ ਨਹੀਂ ਸੀ। ਖਾਣ ਪੀਣ ਦੀ ਯੂਰਪ ਵਾਂਙ ਕੋਈ ਘਾਟ ਨਹੀਂ ਸੀ ਕਿਉਂਕਿ ਪੰਜਾਂ ਦਰਿਆਵਾਂ ਦੀ ਧਰਤੀ ਉਪਜਾਊ ਅਤੇ ਜ਼ਰਖ਼ੇਜ਼ ਸੀ। ਲੋਕਾਂ ਨੂੰ ਤਾਂ ਸੰਨਤੀ ਵਿਕਾਸ ਅਤੇ ਜਹਾਜ਼ ਬਣਾਉਣ ਦੀ ਵੀ ਲੋੜ ਨਹੀਂ ਸੀ ਕਿਉਂਕਿ ‘ਸਿਲਕ-ਰੋਡ’ ਤਾਂ ਇੱਥੋਂ ਹੀ ਲੰਘਦੀ ਸੀ। ਕੁੱਲ ਮਿਲਾ ਕੇ ਉਸ ਵੇਲ਼ੇ ਯੂਰਪ ਦੇ ਮੁਕਾਬਲੇ ਪੰਜਾਬ ਵਿੱਚ ਸੁਖਰਹਿਣੀ ਸੀ। ਹਾਂ, ਧਾੜਵੀਆਂ ਦੇ ਹਮਲੇ ਜ਼ਰੂਰ ਲਗਾਤਾਰ ਚੱਲਦੇ ਰਹਿੰਦੇ ਸਨ।
ਦੂਜਾ, ਜੌਰਜ ਵਾਸ਼ਿੰਗਟਨ ਅੰਗਰੇਜ਼ਾਂ ਦੇ ਬਸਤੀਵਾਦ ਤੋਂ ਆਜ਼ਾਦ ਹੋ ਕੇ ਆਪ ਵੀ ਇਕ ਅੰਗਰੇਜ਼ ਹੀ ਸੀ ਅਤੇ ਇੰਗਲੈਂਡ ਵਿੱਚ ਪ੍ਰਧਾਨ ਮੰਤਰੀ ਪ੍ਰਣਾਲੀ ਚੱਲੀ ਨੂੰ ਇੱਕ ਸਦੀ ਤੋਂ ਵੱਧ ਦਾ ਵਕ਼ਤ ਬੀਤ ਚੁੱਕਾ ਸੀ। ਉਸ ਦੇ ਮੁਕਾਬਲੇ ਭਾਰਤ ਇੱਕ ਬਹੁ-ਧਰਮੀ ਮੁਲਕ ਸੀ ਜਿੱਥੇ ਇਸਲਾਮੀ ਸਭਿਆਚਾਰ ਵਿੱਚ ਜ਼ਿੱਲੇ-ਇਲਾਹੀ ਲਈ ਸਿਜਦਾ ਭਾਰੂ ਸੀ ਅਤੇ ਹਿੰਦੂਆਂ ਲਈ ਈਸ਼ਵਰੋ ਵਾ ਦਿਲੀਸ਼ਰੋ ਵਾ ਵਾਲਾ ਰਾਜਪਾਟ ਭਾਰੂ ਸੀ।
ਫਿਰ ਵੀ ਜੇਕਰ ਲੋਕਤੰਤਰੀ ਨਜ਼ਰੀਏ ਨਾਲ ਰਣਜੀਤ ਸਿੰਘ ਦਾ ਰਾਜ ਵੇਖਿਆ ਜਾਵੇ ਤਾਂ ਉਸ ਦੇ ਦੀਵਾਨਾਂ, ਅਹਿਲਕਾਰਾਂ ਅਤੇ ਫੌਜੀ ਜਰਨੈਲਾਂ ਵਿੱਚ ਰਈਅਤ ਹੀ ਨਜ਼ਰ ਆਉਂਦੀ ਸੀ।
ਸਮੁੱਚੇ ਤੌਰ ਤੇ ਸੁਖਪਾਲ ਸੰਘੇੜਾ ਨੇ ਬਹੁਤ ਹੀ ਵਧੀਆ ਵਿਸ਼ਾ ਇਸ ਕਿਤਾਬ ਰਾਹੀਂ ਲਿਆਂਦਾ ਹੈ ਜਿਸਤੇ ਹੋਰ ਚਰਚਾ ਚੱਲਣੀ ਬਣਦੀ ਹੈ।