ਲੇਬਨਾਨ ਦੇ ਮਸ਼ਹੂਰ ਦਾਰਸ਼ਨਿਕ ਖ਼ਲੀਲ ਜਿਬਰਾਨ (ਸੰਨ 1883-1931) ਦੀ ਕਿਤਾਬ ‘ਪੈਗ਼ੰਬਰ’ ਨੂੰ ਮੈਂ ਆਪਣੀ ਜ਼ਿੰਦਗੀ ਦੇ ਵੱਖ-ਵੱਖ ਮਰਹੱਲਿਆਂ ਵਿੱਚ ਬੜੀ ਦਿਲਚਸਪੀ ਨਾਲ ਪੜ੍ਹਦਾ ਰਿਹਾ ਹਾਂ। ਇਸ ਕਿਤਾਬ ਵਿਚਲੀ ਕਾਵਿ ਰੂਪੀ ਵਾਰਤਕ ਬੜੀ ਸੂਖ਼ਮਤਾ ਨਾਲ ਜੀਵਨ-ਜਾਚ ਦੀ ਵਾਰਤਾ ਕਰਦੀ ਹੈ। ਪੈਗ਼ੰਬਰ ਵਿੱਚ ਬੱਚਿਆਂ ਬਾਰੇ ਵਾਰਤਾ ਵੀ ਇੱਕ ਡੂੰਘੀ ਚੁੱਭੀ ਹੈ। ਇਸ ਦਾ ਪੰਜਾਬੀ ਅਨੁਵਾਦ ਤੁਸੀਂ ਹੇਠਾਂ ਪੜ੍ਹ ਸਕਦੇ ਹੋ।
ਤੁਹਾਡੇ ਬੱਚੇ ਤੁਹਾਡੇ ਨਹੀਂ ਹਨ।
ਉਹ ਤਾਂ ਜਿੰਦਗੀ ਦੀ ਸ੍ਵੈ-ਤਾਂਘ ਦੇ ਪੁੱਤਰ ਧੀਆਂ ਹਨ
ਉਹ ਤੁਹਾਡੇ ਰਾਹੀਂ ਆਏ ਹਨ
ਤੁਹਾਡੇ ਤੋਂ ਨਹੀਂ ਆਏ
ਭਾਵੇਂ ਉਹ ਤੁਹਾਡੇ ਬਾਲ ਹਨ
ਫਿਰ ਵੀ ਤੁਹਾਡੇ ਕੁਝ ਨਹੀਂ ਲੱਗਦੇ।
ਤੁਸੀਂ ਉਨ੍ਹਾਂ ਨੂੰ ਪਿਆਰ ਦੇ ਸਕਦੇ ਹੋ
ਆਪਣੇ ਵਿਚਾਰ ਨਹੀਂ
ਕਿਉਂ ਜੋ ਉਨ੍ਹਾਂ ਕੋਲ ਨਿਰੋਲ ਆਪਣੇ ਵਿਚਾਰ ਹਨ
ਤੁਸੀਂ ਉਨ੍ਹਾਂ ਦੇ ਸਰੀਰਾਂ ਨੂੰ ਨਿਵਾਸ ਦੇ ਸਕਦੇ ਹੋ ਉਨ੍ਹਾਂ ਦੀਆਂ ਰੂਹਾਂ ਨੂੰ ਨਹੀਂ
ਕਿਉਂ ਜੋ ਉਨ੍ਹਾਂ ਦੀਆਂ ਰੂਹਾਂ ਦਾ ਨਿਵਾਸ ਤਾਂ ਆਉਣ ਵਾਲੇ ਕੱਲ੍ਹ ਦੇ ਵਿੱਚ ਹੈ
ਜਿੱਥੇ ਤੁਸੀਂ ਨਹੀਂ ਜਾ ਸਕਦੇ – ਸੁਫ਼ਨਿਆਂ ਵਿੱਚ ਵੀ ਨਹੀਂ।
ਹੋ ਸਕੇ ਤਾਂ ਤੁਸੀਂ ਉਨ੍ਹਾਂ ਵਰਗੇ ਬਣਨ ਦਾ ਯਤਨ ਕਰੋ
ਪਰ ਉਨ੍ਹਾਂ ਨੂੰ ਆਪਣੇ ਵਰਗੇ ਬਨਾਉਣ ਦੀ ਇੱਛਾ ਨਾ ਰੱਖੋ
ਕਿਉਂ ਜੋ ਜ਼ਿੰਦਗੀ ਪੁੱਠੀ ਨਹੀਂ ਚਲਦੀ
ਨਾ ਹੀ ਬੀਤੇ ਹੋਏ ਕੱਲ੍ਹ ਨਾਲ ਠਹਿਰਦੀ ਹੈ।
ਤੁਸੀਂ ਤਾਂ ਕਮਾਨ ਹੋ ਜਿਸ ਤੋਂ ਤੁਹਾਡੇ ਬੱਚੇ
ਜਿਊਂਦੇ ਤੀਰਾਂ ਵਾਂਙ ਛੱਡੇ ਜਾਂਦੇ ਹਨ।
ਤੀਰਅੰਦਾਜ਼ ਨਿਸ਼ਾਨਾ ਸਾਧਦਾ ਹੈ
ਅਨੰਤ ਦੇ ਪੰਧ ਵੱਲ
ਲਿਫਾਉਂਦਾ ਹੈ ਤੁਹਾਨੂੰ ਉਹ ਆਪਣੀ ਤਾਕਤ ਨਾਲ
ਤਾਂ ਜੋ ਦੂਰ ਤਕ ਜਾਣ ਉਸਦੇ ਤੀਰ ਰਵਾਨੀ ਨਾਲ
ਤੀਰਅੰਦਾਜ਼ ਦੇ ਹੱਥ ਵਿੱਚ ਲਿਫਣਾ
ਤੁਹਾਡੇ ਲਈ ਖੁਸ਼ੀਆਂ-ਖੇੜੇ ਹੋਣਾ
ਉਹ ਭਾਵੇਂ ਉੱਡ ਜਾਣ ਵਾਲੇ ਤੀਰ ਨੂੰ ਪਿਆਰ ਕਰਦਾ ਹੈ
ਓਨਾ ਹੀ ਪਿਆਰ ਉਹ ਸਥਿਰ ਕਮਾਨ ਨੂੰ ਵੀ ਕਰਦਾ ਹੈ।
ਅੱਜ ਹੀ ਇਸ ਵਾਰਤਾ ਨੂੰ ਯੂ ਟਿਊਬ ਉੱਤੇ ਕਿਸੇ ਨੇ ਅੰਗਰੇਜ਼ੀ ਵਿੱਚ ਬਹੁਤ ਖ਼ੂਬਸੂਰਤ ਢੰਗ ਨਾਲ ਪਾ ਦਿੱਤਾ ਹੈ: