Posted in ਕਿਤਾਬਾਂ, ਸਾਹਿਤ

ਸੂਰਜ ਦੀ ਅੱਖ: ਇੱਕ ਨਜ਼ਰੀਆ

ਕੁਝ ਦਿਨ ਪਹਿਲਾਂ ਬਲਦੇਵ ਸਿੰਘ ਦਾ ਨਾਵਲ ਸੂਰਜ ਦੀ ਅੱਖ ਪੜ੍ਹ ਕੇ ਹਟਿਆ ਹਾਂ।   ਪਹਿਲੀ ਨਜ਼ਰੇ ਵੇਖਣ ਤੇ ਇਹ ਜਾਪਦਾ ਸੀ ਕਿ ਛੇ ਕੁ ਸੌ ਸਫ਼ਿਆਂ ਦਾ ਇਹ ਨਾਵਲ ਕਾਫ਼ੀ ਵਿਸਥਾਰ ਸਹਿਤ ਜਾਣਕਾਰੀ ਦਵੇਗਾ।   

ਇੱਥੇ ਮੈਂ ਇਸ ਨਾਵਲ ਦੀ ਪੜਚੋਲ ਨਹੀਂ ਕਰਾਂਗਾ ਬਲਕਿ ਇਸ ਬਾਰੇ ਆਪਣਾ ਸਿਰਫ਼ ਨਜ਼ਰੀਆ ਹੀ ਸਾਂਝਾ ਕਰਾਂਗਾ। ਕੁਝ ਸਾਲ ਪਹਿਲਾਂ ਜਦ ਇਹ ਨਾਵਲ ਛਪਿਆ ਸੀ ਤਾਂ ਇਹ ਚਰਚਾ ਅਤੇ ਵਿਵਾਦ ਦਾ ਵਿਸ਼ਾ ਬਣਿਆ ਰਿਹਾ ਸੀ ਜਿਸ ਬਾਰੇ ਪੜ੍ਹਨ ਲਈ ਇੱਥੇ ਅਤੇ ਇੱਥੇ ਅਤੇ ਇੱਥੇ ਕਲਿੱਕ ਕਰੋ।   

ਇਤਿਹਾਸਕ ਸਾਹਿਤ ਦੇ  ਤੌਰ ਤੇ ਉੱਤੇ ਲਿਖਿਆ ਗਿਆ ਇਹ ਨਾਵਲ ਨਾ ਤਾਂ ਮੈਨੂੰ ਇਤਿਹਾਸਕ ਲੱਗਿਆ ਹੈ ਤੇ ਨਾ ਹੀ ਸਾਹਿਤਕ।   

ਇਤਿਹਾਸਕ ਨਾਵਲ ਲਿਖਣ ਦੇ ਵੀ ਕੁਝ ਵਿਧਾਨ ਹੁੰਦੇ ਹਨ ਜਿਹੜਾ ਕਿ ਲੱਗਦੇ ਹਨ ਕਿ ਇਥੇ ਅੱਖੋਂ ਪਰੋਖੇ ਕਰ ਦਿੱਤੇ ਗਏ ਹਨ। ਇਤਿਹਾਸਕ ਨਾਵਲ ਲਈ ਸਭ ਤੋਂ ਜ਼ਰੂਰੀ ਹੁੰਦੀ ਹੈ ਖੋਜ। ਜੇਕਰ ਖੋਜ ਸਹੀ ਢੰਗ ਨਾਲ਼ ਕੀਤੀ ਜਾਵੇ ਤਾਂ ਆਪੇ ਹੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਂਦਾ ਹੈ। ਇਤਿਹਾਸਕ ਨਾਵਲ ਵਿੱਚ ਘਟਨਾਵਾਂ ਉੱਤੇ ਜ਼ੋਰ ਹੁੰਦਾ ਹੈ ਨਾ ਕਿ ਵਾਰਤਾਲਾਪ ਦੇ ਉੱਤੇ। ਇਸ ਨਾਵਲ ਵਿੱਚ ਸਾਰਾ ਜ਼ੋਰ ਹੀ ਵਾਰਤਾਲਾਪ ਦੇ ਉੱਤੇ ਹੈ। ਇਹ ਨਾਵਲ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਨੂੰ ਛੁਟਿਆਉਣ ਦੀ ਕੋਸ਼ਿਸ਼ ਹੈ ਇਸ ਕਰਕੇ ਜ਼ਾਹਿਰਾਨਾ ਤੌਰ ਤੇ ਇਸ ਤਰ੍ਹਾਂ ਦੀ ਵਾਰਤਾਲਾਪੀ ਪਹੁੰਚ ਕੀਤੀ ਗਈ ਲੱਗਦੀ ਹੈ।

ਸਾਰੇ ਨਾਵਲ ਦੇ ਵਿੱਚ ਬੇਸ਼ੁਮਾਰ ਪਰੂਫ਼ ਰੀਡਿੰਗ ਦੀਆਂ ਗ਼ਲਤੀਆਂ ਹਨ ਅਤੇ ਹਵਾਲਿਆਂ ਦੇ ਤੌਰ ਤੇ ਜਿੱਥੇ  ਫੁੱਟ ਨੋਟ ਵਰਤੇ ਵੀ ਗਏ ਹਨ ਉਹ ਜ਼ਿਆਦਾ ਜਾਣਕਾਰੀ ਨਹੀਂ ਦਿੰਦੇ। ਕਿਸੇ ਵੀ ਲੇਖਕ ਦੇ ਲਈ ਉਸ ਦੀ ਕੋਈ ਵੀ ਰਚਨਾ ਬਹੁਤ ਮਹੱਤਵਪੂਰਨ ਹੁੰਦੀ ਹੈ। ਜੇਕਰ ਉਹ ਰਚਨਾ ਪਾਠਕਾਂ ਦੇ ਹੱਥ ਗ਼ਲਤੀਆਂ ਨਾਲ਼ ਭਰਪੂਰ ਪਹੁੰਚੇ ਤਾਂ ਇਸ ਤੋਂ ਦੋ ਹੀ ਗੱਲਾਂ ਸਾਫ਼ ਜ਼ਾਹਰ ਹੋ ਸਕਦੀਆਂ ਹਨ। ਜਾਂ ਤਾਂ ਲੇਖਕ ਆਪਣੀ ਰਚਨਾ ਲਈ ਗੰਭੀਰ ਨਹੀਂ ਹੈ ਜਾਂ ਫਿਰ ਇਹ ਰਚਨਾ ਹੋ ਸਕਦਾ ਹੈ ਕਿ ਲਿਖੀ-ਲਿਖਵਾਈ ਆ ਗਈ ਹੋਵੇ ਲੇਖਕ ਦਾ ਠੱਪਾ ਲਾਉਣ ਵਾਸਤੇ। ਇਸ ਗੱਲ ਦਾ ਸ਼ੱਕ ਇੱਥੋਂ ਵੀ ਪੈਂਦਾ ਹੈ ਕਿ ਇਸ ਨਾਵਲ ਦੇ ਵਿੱਚ ਬੁਨਕਰ ਅਤੇ ਸਵਰਨ ਮੰਦਰ ਵਰਗੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ। ਕੀ ਇਹ ਸ਼ਬਦ ਬਲਦੇਵ ਸਿੰਘ ਦੀ ਸ਼ਬਦਾਵਲੀ ਦਾ ਹਿੱਸਾ ਹਨ?  

ਛੇ ਸੌ ਸਫ਼ਿਆਂ ਦੇ ਨਾਵਲ ਤੋਂ ਇਹੀ ਆਸ ਕੀਤੀ ਜਾਂਦੀ ਹੈ ਕਿ ਇਸਦੇ ਵਿੱਚ ਹਰ ਗੱਲ ਦੀ ਘੋਖ ਕੀਤੀ ਜਾਏਗੀ ਤੇ ਘਟਨਾਵਾਂ ਪੁਣੀਆਂ ਜਾਣਗੀਆਂ ਤਾਂ ਕਿ ਜੋ ਸੱਚ ਹੈ ਉਹ ਸਾਹਮਣੇ ਲਿਆਂਦਾ ਜਾਵੇ। ਪਰ ਜਿਸ ਤਰ੍ਹਾਂ ਦੇ ਇਸ ਨਾਵਲ ਦੇ ਫੁੱਟ ਨੋਟ ਦਿੱਤੇ ਗਏ ਹਨ ਉਸ ਤੋਂ ਇਹੀ ਜ਼ਾਹਿਰ ਹੁੰਦਾ ਹੈ ਕਿ ਇਸ ਨੂੰ ਬਹੁਤਾ ਵਿਅੰਗ ਦੇ ਤੌਰ ਤੇ ਹੀ ਲਿਆ ਗਿਆ ਹੈ ਨਾ ਕਿ ਖੋਜ ਦੇ ਕਿਸੇ ਪੁਖ਼ਤਾ ਢੰਗ ਨਾਲ਼।

ਇਸ ਨਾਵਲ ਵਿਚ ਇਕ ਥਾਂ ਨਹੀਂ ਸਗੋਂ ਕਈ ਥਾਂ ਲੋਕਾਂ ਨੂੰ ਇਹੀ ਗੱਲ ਕਰਦੇ ਵਖਾਇਆ ਗਿਆ ਹੈ ਕਿ ਉਹ ਇਸ ਗੱਲ ਤੋਂ ਨਾਖੁਸ਼ ਹਨ ਕਿ ਮਹਾਰਾਜਾ ਰਣਜੀਤ ਸਿੰਘ ਲੜਾਈਆਂ ਵਿੱਚ ਲੋਕਾਂ ਨੂੰ ਮਾਰਦਾ  ਹੈ ਤੇ ਫਿਰ ਸ਼ਿਕਾਰ ਖੇਡ ਕੇ ਜਾਨਵਰਾਂ ਨੂੰ ਮਾਰਦਾ ਰਹਿੰਦਾ ਹੈ। ਅਜਿਹੀ ਪੇਸ਼ਕਸ਼ ਪਿੱਛੇ ਬਲਦੇਵ ਸਿੰਘ ਦੀ ਕਿਹੜੀ ਸੋਚ ਹੈ?    

ਇਸੇ ਤਰ੍ਹਾਂ ਚੜ੍ਹਦੀਆਂ ਫ਼ੌਜਾਂ ਜਦ ਰਸਤੇ ਵਿੱਚ ਲੋਕਾਂ ਨਾਲ਼ ਗੱਲੀਂਬਾਤੀਂ ਪੈਂਦੀਆਂ ਹਨ ਤਾਂ ਫ਼ੌਜੀ ਇਹੀ ਕਹਿੰਦੇ ਵਖਾਏ ਜਾਂਦੇ ਸਨ ਕਿ ਉਹ ਤਾਂ ਪੰਜ ਰੁਪਏ ਮਹੀਨੇ ਦੀ ਚਾਕਰੀ ਕਰਦੇ ਸਨ ਤੇ ਇਸ ਤਰ੍ਹਾਂ ਜਤਾਇਆ ਜਾਂਦਾ ਸੀ ਕਿ ਜਿਵੇਂ ਉਨ੍ਹਾਂ ਫ਼ੌਜੀਆਂ ਦੀ ਜਾਨ ਦੀ ਕੀਮਤ ਸਿਰਫ ਪੰਜ ਰੁਪਏ ਹੋਵੇ ਜਿਹੜੀ ਕਿ ਮਹਾਰਾਜਾ ਰਣਜੀਤ ਸਿੰਘ ਆਪਣੇ ਸੁਆਰਥ ਦੀ ਖਾਤਰ ਲੁਟਾਈ ਫਿਰਦਾ ਸੀ। ਜਿਸ ਢੰਗ ਨਾਲ਼ ਅਜਿਹਾ ਵਾਰਤਾਲਾਪ ਪੇਸ਼ ਕੀਤਾ ਗਿਆ ਹੈ, ਇਹੀ ਦਰਸਾਉਣ ਦੀ ਕੋਸ਼ਿਸ਼ ਲੱਗਦੀ ਹੈ ਕਿ ਜਿਵੇਂ ਫ਼ੌਜੀ ਹਰ ਥਾਂ ਇਹੀ ਕਹਿੰਦੇ ਫਿਰ ਰਹੇ ਸਨ।    

ਕਈ ਥਾਂ ਤੇ ਅਜਿਹਾ ਵਾਰਤਾਲਾਪ ਵੀ ਪੜ੍ਹਨ ਨੂੰ ਮਿਲਿਆ ਜਿਸ ਵਿੱਚ ਜਿਵੇਂ ਕੋਈ ਕਿਰਦਾਰ ਉਰਦੂ ਬੋਲ ਰਿਹਾ ਹੋਵੇ। ਜਦਕਿ ਸੱਚੀ ਗੱਲ ਤਾਂ ਇਹ ਹੈ ਕਿ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਪੰਜਾਬ ਵਿੱਚ ਉਰਦੂ ਤਾਂ ਕਿਤੇ ਹੈ ਹੀ ਨਹੀਂ ਸੀ। 

ਅੰਗਰੇਜ਼ਾਂ ਦੇ ਨਾਵਾਂ ਦੇ ਹਵਾਲੇ ਦਿੰਦਿਆਂ ਵੀ ਕਈ ਗਲਤੀਆਂ ਕੀਤੀਆਂ ਗਈਆਂ ਹਨ। ਇੱਕ ਥਾਂ ਜੈਕਮਾਊਂਟ ਫਰਾਂਸੀਸੀ ਵਖਾਇਆ ਗਿਆ ਤੇ ਫੇਰ ਉਸਨੂੰ ਅੰਗਰੇਜ਼ ਵੀ ਵਖਾਇਆ ਗਿਆ ਹੈ। ਇਸੇ ਤਰ੍ਹਾਂ ਹੀ ਇੱਕ ਹੋਰ ਅੰਗਰੇਜ਼ ਦੇ ਮੂੰਹੋਂ ਇਜ਼ਰਾਈਲ ਇੱਕ ਬੜੀ ਤਾਕਤਵਰ ਕੌਮ ਵਖਾਈ ਗਈ ਹੈ ਪਰ ਜੇ ਇਤਿਹਾਸ ਘੋਖਿਆ ਜਾਵੇ ਤਾਂ ਮਹਾਰਾਜਾ ਰਣਜੀਤ ਸਿੰਘ ਵੇਲ਼ੇ ਤਾਂ ਯਹੂਦੀ ਸਾਰੇ ਯੂਰਪ ਵਿੱਚ ਖਿੱਲਰੇ ਪਏ ਸਨ ਤੇ ਉਨ੍ਹਾਂ ਨੂੰ ਯਹੂਦੀ ਵਿਰੋਧੀ ਰਵੱਈਏ ਦਾ ਵੀ ਸ਼ਿਕਾਰ ਹੋਣਾ ਪੈਂਦਾ ਸੀ।  

ਇਸ ਨਾਵਲ ਵਿੱਚ ਹਰੀ ਸਿੰਘ ਨਲਵੇ ਦੀ ਮੌਤ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੇ ਮੂੰਹੋਂ ਇਹ ਵੀ ਕਹਾਇਆ ਗਿਆ ਹੈ ਕਿ ਹਰੀ ਸਿੰਘ ਨਲਵੇ ਨੇ ਬੇਈਮਾਨੀ ਨਾਲ਼ ਜਾਇਦਾਦ ਇਕੱਠੀ ਕੀਤੀ ਸੀ ਅਤੇ ਇਸੇ ਕਰਕੇ ਹੁਕਮ ਦਿੱਤਾ ਕਿ ਨਲਵੇ ਦੀ ਸਾਰੀ ਜਾਇਦਾਦ ਸਰਕਾਰੀ ਖ਼ਜ਼ਾਨੇ ਲਈ ਜ਼ਬਤ ਕਰ ਲਈ ਜਾਵੇ।

ਬਲਦੇਵ ਸਿੰਘ ਨੇ ਇਸ ਗੱਲ ਨੂੰ ਕਹਿਣ ਲਈ ਵੀ ਬਹੁਤ ਜ਼ੋਰ ਲਾਇਆ ਕਿ ਕੋਹਿਨੂਰ ਹੀਰਾ ਪਾਂਡਵਾਂ ਦਾ ਸੀ ਜਦ ਕਿ ਕਿਤੇ ਵੀ ਕੋਈ ਅਜਿਹਾ ਇਤਿਹਾਸਕ ਸਬੂਤ ਨਹੀਂ ਹੈ। ਦੂਜਾ,   ਇਸ ਤਰ੍ਹਾਂ ਭਾਵੇਂ ਕਿ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਰਣਜੀਤ ਸਿੰਘ ਨੇ ਆਪਣੇ ਆਖ਼ਰੀ ਸਾਹਾਂ ਵੇਲੇ ਕੋਹਿਨੂਰ ਹੀਰਾ ਜਗਨਨਾਥਪੁਰੀ ਭੇਜਣ ਲਈ ਕਿਹਾ ਸੀ ਪਰ ਇਸ ਵਖਿਆਨ ਵੇਲੇ ਮੈਂ ਬਲਦੇਵ ਸਿੰਘ ਤੋਂ ਇਸ ਗੱਲ ਦੀ ਆਸ ਰੱਖਦਾ ਸੀ ਕਿ ਉਹ ਫੁੱਟ ਨੋਟ ਪਾ ਕੇ ਜ਼ਰੂਰ ਸੁਆਲ ਖੜ੍ਹਾ ਕਰੇਗਾ ਕਿ ਜਦ ਮਹਾਰਾਜਾ ਰਣਜੀਤ ਸਿੰਘ ਬੋਲਣ ਦੇ ਜੋਗ ਹੀ ਨਹੀਂ ਸੀ ਤਾਂ ਉਸ ਦੇ ਇਸ਼ਾਰਿਆਂ ਤੋਂ ਜਗਨਨਾਥਪੁਰੀ ਦਾ ਤੁਸੀਂ ਕੀ ਸਮਝ ਸਕਦੇ ਹੋ? ਖ਼ਾਸ ਤੌਰ ਤੇ ਉਦੋਂ ਜਦੋਂ ਉਸ ਦੇ ਦੁਆਲੇ ਪੰਡਤਾਂ ਦਾ ਝੁਰਮੁਟ ਇਕੱਠਾ ਕੀਤਾ ਗਿਆ ਹੋਵੇ। ਏਡੇ ਵੱਡੇ ਨਾਵਲ ਵਿੱਚ ਵੀ ਕਿਤੇ ਮਹਾਰਾਜਾ ਰਣਜੀਤ ਸਿੰਘ ਦੀ ਜਗਨਨਾਥ ਪੁਰੀ ਦੇ ਨਾਲ਼ ਕੋਈ ਸਾਂਝ ਨਜ਼ਰ ਨਹੀਂ ਆਈ। ਯਕੀਨਨ ਇਹ ਪੰਡਤਾਂ ਦੇ ਝੁਰਮੁਟ ਦੀ ਸਾਜ਼ਿਸ਼ ਹੋਵੇਗੀ ਇਸੇ ਕਰਕੇ ਤਾਂ ਬਾਅਦ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਆਪਣਾ ਹਿੰਦੂ ਦੀਵਾਨ ਕੋਹਿਨੂਰ ਨੂੰ ਜਗਨਨਾਥ ਭੇਜਣ ਦੇ ਖ਼ਿਲਾਫ਼ ਸੀ।

ਨਾਵਲ ਦੇ ਅਖ਼ੀਰ ਵਿੱਚ ਇੱਕ ਥਾਂ ਜਾ ਕੇ ਬਲਦੇਵ ਸਿੰਘ ਪੂਰੀ ਟਿੱਪਣੀ ਕਰਦਾ ਹੈ (ਫੁੱਟ ਨੋਟ) ਤੇ ਆਪਣੀ ਰਾਏ ਵੀ ਦਿੰਦਾ ਹੈ ਤੇ ਵਿਅੰਗਾਤਮਕ ਗੱਲ ਨਹੀਂ ਕਰਦਾ। ਇਸੇ ਨਾਵਲ ਵਿਚ ਇਕ ਸੂਤਰਧਾਰ ਪ੍ਰੋਫੈਸਰ ਕੌਤਕੀ ਵੀ ਹੈ। ਉਹ ਸ਼ੁਰੂ ਵਿੱਚ ਮਹਾਰਾਜਾ ਰਣਜੀਤ ਸਿੰਘ ਬਾਰੇ ਹਰ ਚੀਜ਼ ਨੂੰ ਛੁਟਿਆਉਣ ਦੀ ਕੋਸ਼ਿਸ਼ ਕਰਦਾ ਹੈ ਤੇ ਵਾਰ ਵਾਰ ਬਲਦੇਵ ਸਿੰਘ ਦੇ ਉੱਤੇ ਜ਼ੋਰ ਪਾਉਂਦਾ ਰਹਿੰਦਾ ਕਿ ਉਹ ਇਧਰੋਂ-ਉਧਰੋਂ ਹੋਰ [ਵਾਰਤਾਲਾਪੀ] ਗੱਲਾਂ ਘੜੇ।  

ਨਾਵਲ ਦੇ ਅਖ਼ੀਰ ਵਿੱਚ ਪ੍ਰੋਫੈਸਰ ਕੌਤਕੀ ਦੇ ਮੂੰਹੋਂ ਮਹਾਰਾਜਾ ਰਣਜੀਤ ਸਿੰਘ ਦੇ ਮਰਨ ਤੋਂ ਬਾਅਦ ਦਾ ਬਿਰਤਾਂਤ ਬੁਲਵਾਇਆ ਜਾਂਦਾ ਹੈ ਜਿਸ ਵਿੱਚ ਪ੍ਰੋਫੈਸਰ ਕੌਤਕੀ  ਇਹ ਕਹਿੰਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੀ ਅਸਲ ਮੌਤ ਉਸ ਦਿਨ ਹੋਈ ਸੀ ਜਦ ਪੰਜਾਬ ਦੇ ਉੱਤੇ ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ ਸੀ। ਇਹ ਪ੍ਰੋਫੈਸਰ ਕੌਤਕੀ ਆਪਣੇ ਉਸ ਕਿਰਦਾਰ ਨਾਲ਼ੋਂਵੱਖ ਸੀ ਜਿਸ ਤਰ੍ਹਾਂ ਦਾ ਉਸਦਾ ਕਿਰਦਾਰ ਨਾਵਲ ਦੇ ਸ਼ੁਰੂ ਵਿੱਚ ਵਖਾਇਆ ਗਿਆ ਹੈ।  

ਨਾਵਲ ਦੇ ਅਖ਼ੀਰਲੇ ਹਿੱਸੇ ਵਿੱਚ ਪ੍ਰੋਫੈਸਰ ਕੌਤਕੀ ਦੀ ਇਸ ਤਰ੍ਹਾਂ ਦੀ ਪੇਸ਼ਕਾਰੀ ਅਤੇ ਨਾਵਲ ਦੇ ਅਖ਼ੀਰਲੇ ਹਿੱਸੇ ਵਿੱਚ ਬਹੁਤ ਘੱਟ ਗਲਤੀਆਂ ਦਾ ਸਾਹਮਣੇ ਆਉਣਾ ਇਸ ਗੱਲ ਦੀ ਵੀ ਨਿਸ਼ਾਨਦੇਹੀ ਕਰਦੀਆਂ ਹਨ ਕਿ ਹੋ ਸਕਦਾ ਹੈ ਕਿ ਇਸ ਨਾਵਲ ਦੇ ਸ਼ੁਰੂ ਦੇ ਪੰਜ ਸੌ ਸਫ਼ੇ ਕਿਤਿਓਂ ਬਾਹਰੋਂ ਲਿਖਵਾ ਲਏ ਗਏ ਹੋਣ ਖਾਨਾਪੂਰਤੀ ਵਾਸਤੇ। ਇਸੇ ਤਰ੍ਹਾਂ ਨਾਵਲ ਦੇ ਅਖ਼ੀਰ ਵਿੱਚ ਬਲਦੇਵ ਸਿੰਘ ਘੋਖ ਕੇ ਇੱਕੋ-ਇੱਕ ਫੁਟ ਨੋਟ ਰੂਪੀ ਟਿੱਪਣੀ ਕਰਦਾ ਹੈ ਅਤੇ ਨਾਵਲ ਦੀ ਪ੍ਰਸੰਗ ਦਿਸ਼ਾ ਬਦਲਦਾ ਹੈ ਤਾਂ ਇਹ ਸ਼ੱਕ ਉੱਠਦਾ ਹੈ ਕਿ ਆਖ਼ਰ ਪਹਿਲੇ ਪੰਜ ਸੌ ਸਫ਼ਿਆਂ ਦਾ ਮਕਸਦ ਕੀ ਹੈ?

ਜਿਸ ਤਰ੍ਹਾਂ ਨਾਵਲ ਦੀ ਸ਼ੁਰੂਆਤ ਅਤੇ ਸਿਰੇ ਚੜ੍ਹਨ ਦੇ ਪ੍ਰਸੰਗ ਵਿੱਚ ਦਿਸ਼ਾ-ਬਦਲੀ ਕੀਤੀ ਗਈ ਹੈ ਉਸ ਕਰਕੇ ਨਾ ਤਾਂ ਇਹ ਇਤਿਹਾਸਕ ਨਾਵਲ ਹੈ ਤੇ ਨਾ ਹੀ ਕੋਈ ਸਾਹਿਤਿਕ ਨਾਵਲ। 

ਪਿਛਲਿਖਤ: ਨਾਵਲ ਦੇ ਸ਼ੁਰੂ ਵਿੱਚ ਬਲਦੇਵ ਸਿੰਘ ਲਿਖਦਾ ਹੈ ਕਿ “ਇਤਿਹਾਸਕ ਨਾਵਲ ਲਈ ਘੱਟੋ-ਘੱਟ 100 ਪੁਸਤਕਾਂ ਖੰਗਾਲਣੀਆਂ ਪੈਂਦੀਆਂ ਨੇ”। ਪਰ ਇਸ ਨਾਵਲ ਤੋਂ ਇਹ ਨਹੀਂ ਝਲਕਦਾ ਕਿ ਇਸ ਨੂੰ ਲਿਖਣ ਲਈ 100 ਪੁਸਤਕਾਂ ਲੇਖਕ ਨੇ ਪੜ੍ਹੀਆਂ ਹੋਣ। ਘੱਟੋ-ਘੱਟ ਮੈਂ ਤਾਂ ਨਾਵਲ ਪੜ੍ਹ ਕੇ ਇਹੀ ਸਮਝਦਾ ਹਾਂ ਕਿ ਮੈਂ 100 ਪੁਸਤਕਾਂ ਦੇ ਗਿਆਨ ਤੋਂ ਵਾਂਝਾ ਰਹਿ ਗਿਆ ਹਾਂ। ਇਸੇ ਕਰਕੇ ਇਹ ਨਾਵਲ ਚਸਕੇ ਲਈ ਪੜ੍ਹਨ ਵਾਲ਼ੇ ਪਾਠਕ ਨੂੰ ਤਾਂ ਜ਼ਰੂਰ ਜਚੇਗਾ ਪਰ ਕਿਸੇ ਗੰਭੀਰ ਪਾਠਕ ਨੂੰ ਨਹੀਂ।

Processing…
Success! You're on the list.
Posted in ਕਿਤਾਬਾਂ

ਪੰਜਾਬ ਅਤੇ ਜਾਗਰਤੀ

ਕੁਝ ਕੁ ਹਫ਼ਤੇ ਪਹਿਲਾਂ ਮੇਰੇ ਕੋਲ ਕਿਤਾਬਾਂ ਦਾ ਪਾਰਸਲ ਆਣ ਪਹੁੰਚਿਆ ਜਿਸ ਵਿਚ ਦੋ ਛੋਟੀਆਂ ਕਿਤਾਬਾਂ ਸਨ। ਇਕ ਤਾਂ ਸੁਮੇਲ ਸਿੰਘ ਸਿੱਧੂ ਦੀ ਲਿਖੀ ਹੋਈ ‘ਹੀਰਵੰਨੇ ਪੰਜਾਬ ਦੀ ਸਿਰਜਣਾ ਲਈ ਧਰਮਯੁੱਧ ਦੀ ਸੇਧ ਦਾ ਸਵਾਲ’ ਅਤੇ ਦੂਜੀ ਸੀ ਸੁਖਪਾਲ ਸੰਘੇੜਾ ਦੀ ‘ਮੱਧਕਾਲੀ ਪੰਜਾਬ ਦੀ ਜਾਗਰਤੀ ਲਹਿਰ (ਯੂਰਪੀਅਨ ਰੇਨਾਸਾਂਸ ਦੇ ਪ੍ਰਸੰਗ ਵਿੱਚ)।   

ਹੀਰਵੰਨੇ ਪੰਜਾਬ ਦੀ ਸਿਰਜਣਾ 48 ਕੁ ਸਫ਼ਿਆਂ ਦਾ ਕਿਤਾਬਚਾ ਹੈ ਤੇ ਮੱਧਕਾਲੀ ਪੰਜਾਬ ਦੀ ਜਾਗਰਤੀ ਲਹਿਰ 134 ਕੁ ਸਫ਼ਿਆਂ ਦੀ ਕਿਤਾਬ।   

ਸੁਮੇਲ ਸਿੰਘ ਸਿੱਧੂ ਨੇ ਦਇਆ ਸਿੰਘ, ਰੱਬੀ ਸ਼ੇਰਗਿੱਲ ਅਤੇ ਸਵਰਾਜਬੀਰ – ਇਹ ਤਿੰਨ ਨਾਂ ਲੈਂਦਿਆਂ ਹੋਇਆਂ ਪੰਜਾਬ ਨੂੰ ਹੀਰ ਵਾਰਿਸ ਸ਼ਾਹ ਦੇ ਨਾਲ ਬੰਨ੍ਹਣ ਦੀ ਕੋਸ਼ਿਸ਼ ਕੀਤੀ ਹੈ ਅਤੇ ਹੀਰਵੰਨੇ ਪੰਜਾਬ ਦੀ ਸਿਰਜਣਾ ਲਈ ਧਰਮਯੁੱਧ ਦੀ ਸੇਧ ਦਾ ਸਵਾਲ ਖੜ੍ਹਾ ਕੀਤਾ ਹੈ।  

ਲੋਕਾਈ ਦਾ ਸਾਂਝਾ ਪੰਜਾਬ ਬੰਨ੍ਹਦੇ-ਬੰਨ੍ਹਦੇ ਸੁਮੇਲ ਸਿੰਘ ਸਿੱਧੂ ਬਹੁਤੀਆਂ ਅਜੋਕੇ ਪੰਜਾਬ ਦੀਆਂ ਹੀ ਗੱਲਾਂ ਕਰਦਾ ਹੈ। ਪਰ ਕਿਤਾਬਚੇ ਦੇ ਸ਼ੁਰੂ ਵਿੱਚ ਉਹ ਸੋਲ੍ਹਵੀਂ ਸਦੀ ਦੀ ਗੱਲ ਮੁਗਲਾਂ ਤੋਂ ਕਰਦਾ ਹੋਇਆ, ਸੂਫ਼ੀਆਂ ਦੀਆਂ ਦਰਗਾਹਾਂ ਅਤੇ ਜੋਗੀਆਂ ਵੈਸ਼ਨਵਾਂ ਦੇ ਡੇਰਿਆਂ ਦਾ ਵਰਣਨ ਕਰਦਾ ਹੋਇਆ ਉਹ ਬੰਦਾ ਸਿੰਘ ਬਹਾਦਰ, ਫ਼ਕੀਰ ਭੀਖਣ ਸ਼ਾਹ ਅਤੇ ਪੀਰ ਬੁੱਧੂ ਸ਼ਾਹ  ਦੇ ਨਾਂ ਤਾਂ ਜ਼ਰੂਰ ਲੈ ਜਾਂਦਾ ਹੈ ਪਰ ਇਸ ਬਿਰਤਾਂਤ ਵਿੱਚੋਂ ਗੁਰੂ ਸਾਹਿਬਾਨ ਦਾ ਪੂਰਾ ਸੰਦਰਭ ਹੀ ਗਾਇਬ ਕਰ ਦਿੰਦਾ ਹੈ। ਰਣਜੀਤ ਸਿੰਘ ਦੀ ਵੀ ਉਹ ਗੱਲ ਸ਼ੁਰੂ ਕਰਦਾ ਹੈ ਪਰ  ਛੇਤੀ ਹੀ ਉਹ ਭਟਕ ਜਾਂਦਾ ਹੈ।

ਸਿਰਫ਼ ਸਿੱਖ ਇਨਕਲਾਬ ਦਾ ਨਾਂ ਲੈ ਕੇ ਉਹ ਗੁਰੂ ਨਾਨਕ ਸਾਹਿਬ ਦੀਆਂ ਉਦਾਸੀਆਂ ਦੇ ਬਰਾਬਰ ਹੀਰ ਦੇ ਹੁਸਨ ਦੇ ਬਿਆਨ ਲਿਆ ਖੜ੍ਹੇ ਕਰਦਾ ਹੈ।   

ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੁਸ਼ੋਭਿਤ ਸਾਂਝੀਵਾਲਤਾ ਦਾ ਹਵਾਲਾ ਨਾ ਦੇ ਕੇ ਸੁਮੇਲ ਸਿੰਘ ਸਿੱਧੂ ਇਧਰੋਂ ਉਧਰੋਂ ਸਾਂਝੀਵਾਲਤਾ ਲੱਭਣ ਲਈ ਟੱਕਰਾਂ ਮਾਰ ਰਿਹਾ ਹੈ। ਇਹ ਟੱਕਰਾਂ ਇਹਨੂੰ ਮੁਬਾਰਕ। ਝਾਉਲਾ ਇਸ ਗੱਲ ਦਾ ਵੀ ਪੈਂਦਾ ਹੈ ਕਿ ਇਸ ਦੀ ਸਾਂਝੀਵਾਲਤਾ ਦਾ ਬਿੰਬ ਕਿਤੇ ਨਾਗਪੁਰੀਆਂ ਦੇ ਅਖੰਡ ਭਾਰਤ ਦੇ ਰੂਪ ਵਿੱਚ ਤਾਂ ਨਹੀਂ ਉੱਘੜ ਰਿਹਾ?   

ਸੁਖਪਾਲ ਸੰਘੇੜਾ ਆਪਣੀ ਕਿਤਾਬ ਵਿੱਚ ਮੱਧਕਾਲੀ ਪੰਜਾਬ ਦੀ ਜਾਗਰਤੀ ਲਹਿਰ ਦਾ ਅਧਿਐਨ ਸਮਾਨੰਤਰ ਯੂਰਪੀਅਨ ਰੇਨਾਸਾਂਸ ਤੇ ਉਸ ਤੇ ਮਾਨਵਵਾਦ ਦੇ ਸੰਦਰਭ ਵਿੱਚ ਕਰਦਾ ਹੈ।   

ਸੁਖਪਾਲ ਸੰਘੇੜਾ ਪੁਰਾਣੇ ਪੰਜਾਬ ਦੀ ਗੱਲ ਸੂਫ਼ੀਆਂ ਨਾਲ ਸ਼ੁਰੂ ਕਰਦਾ ਹੈ ਪਰ ਛੇਤੀ ਹੀ ਉਸ ਦਾ ਸਾਰਾ ਧਿਆਨ ਗੁਰਬਾਣੀ ਅਤੇ ਗੁਰੂ ਗ੍ਰੰਥ ਸਾਹਿਬ ਉੱਤੇ ਕੇਂਦਰਤ ਹੋ ਜਾਂਦਾ ਹੈ। ਉਸਨੇ ਇੱਕ ਬਹੁਤ ਦਿਲਚਸਪ ਵਿਸ਼ਾ ਚੁਣਿਆ ਹੈ ਅਤੇ ਇਹ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਯੂਰਪ ਵਾਂਙ ਪੰਜਾਬ ਵਿੱਚ ਤਰੱਕੀ ਕਿਉਂ ਨਹੀਂ ਹੋਈ?

ਆਪਣੀ ਖੋਜ ਚਰਚਾ ਵਿੱਚ ਦਲੀਲਾਂ ਦੀ ਤਰਤੀਬ ਬੰਨ੍ਹਦੇ ਹੋਏ ਸੁਖਪਾਲ ਸੰਘੇੜਾ ਨੇ ਦੋ ਮੁੱਖ ਸੁਆਲ ਪੁੱਛੇ ਹਨ। ਇਕ ਤਾਂ ਇਹ ਕਿ ਜਿਸ ਤਰ੍ਹਾਂ ਯੂਰਪ ਦੇ ਵਿਚ ਸੰਨਤੀ ਜਾਂ ਉਦਯੋਗਿਕ ਕ੍ਰਾਂਤੀ ਆ ਗਈ ਉਸ ਤਰ੍ਹਾਂ ਦੀ ਕ੍ਰਾਂਤੀ ਪੰਜਾਬ ਵਿੱਚ ਕਿਉਂ ਨਾ ਆ ਸਕੀ? ਯੂਰਪ ਵਰਗੀ ਆਧੁਨਿਕਤਾ ਇੱਥੇ ਪੰਜਾਬ ਵਿੱਚ ਕਿਉਂ ਨਾ ਆ ਸਕੀ ਜਿਹੜੀ ਕਿ ਸੁਖਪਾਲ ਸੰਘੇੜਾ ਦੇ ਮੁਤਾਬਕ ਅਸਿੱਧੇ ਤੌਰ ਤੇ ਅੰਗਰੇਜ਼ਾਂ ਦੇ ਬਸਤੀਵਾਦ ਰਾਹੀਂ ਆਈ।  

ਦੂਜਾ ਸੁਆਲ ਉਸ ਨੇ ਮਹਾਰਾਜਾ ਰਣਜੀਤ ਸਿੰਘ ਬਾਰੇ ਚੁੱਕਿਆ ਹੈ ਜਿੱਥੇ ਉਹ ਇਹ ਪੁੱਛਦਾ ਹੈ ਕਿ ਜੇ ਅਮਰੀਕਾ ਵਿੱਚ ਜੌਰਜ ਵਾਸ਼ਿੰਗਟਨ ਅੰਗਰੇਜ਼ਾਂ ਦੇ ਬਸਤੀਵਾਦ ਤੋਂ ਆਜ਼ਾਦ ਹੋ ਕੇ ਲੋਕਤੰਤਰ ਕਾਇਮ ਕਰ ਸਕਦਾ ਸੀ ਤਾਂ ਰਣਜੀਤ ਸਿੰਘ ਰਜਵਾੜਾ ਸ਼ਾਹੀ ਵਿੱਚ ਕਿਉਂ ਪੈ ਗਿਆ ਕਿਉਂਕਿ ਇਸ ਨਾਲ ਉਸਨੇ ਪੰਜਾਬ ਨੂੰ ਆਧੁਨਿਕ ਲੋਕਤੰਤਰ ਬਣਨ ਤੋਂ ਰੋਕ ਲਿਆ ਸੀ।

ਸੁਖਪਾਲ ਸੰਘੇੜਾ ਦੇ ਸਵਾਲਾਂ ਬਾਰੇ ਮੇਰੀ ਨਿਜੀ ਰਾਏ ਇਹ ਹੈ ਕਿ ਇਹ ਤਾਂ ਠੀਕ ਹੈ ਕਿ ਪੰਜਾਬ ਅਤੇ ਯੂਰਪ ਵਿੱਚ ਇੱਕੋ ਜਿਹੀ ਜਾਗਰਤੀ ਆਈ, ਪਰ ਯੂਰਪ ਵਰਗੀ ਗ਼ੁਰਬਤ ਪੰਜਾਬ ਵਿੱਚ ਨਹੀਂ ਸੀ। ਖਾਣ ਪੀਣ ਦੀ ਯੂਰਪ ਵਾਂਙ ਕੋਈ ਘਾਟ ਨਹੀਂ ਸੀ ਕਿਉਂਕਿ ਪੰਜਾਂ ਦਰਿਆਵਾਂ ਦੀ ਧਰਤੀ ਉਪਜਾਊ ਅਤੇ ਜ਼ਰਖ਼ੇਜ਼ ਸੀ। ਲੋਕਾਂ ਨੂੰ ਤਾਂ ਸੰਨਤੀ ਵਿਕਾਸ ਅਤੇ ਜਹਾਜ਼ ਬਣਾਉਣ ਦੀ ਵੀ ਲੋੜ ਨਹੀਂ ਸੀ ਕਿਉਂਕਿ ‘ਸਿਲਕ-ਰੋਡ’ ਤਾਂ ਇੱਥੋਂ ਹੀ ਲੰਘਦੀ ਸੀ।  ਕੁੱਲ ਮਿਲਾ ਕੇ ਉਸ ਵੇਲ਼ੇ ਯੂਰਪ ਦੇ ਮੁਕਾਬਲੇ ਪੰਜਾਬ ਵਿੱਚ ਸੁਖਰਹਿਣੀ ਸੀ। ਹਾਂ, ਧਾੜਵੀਆਂ ਦੇ ਹਮਲੇ ਜ਼ਰੂਰ ਲਗਾਤਾਰ ਚੱਲਦੇ ਰਹਿੰਦੇ ਸਨ। 

ਦੂਜਾ, ਜੌਰਜ ਵਾਸ਼ਿੰਗਟਨ ਅੰਗਰੇਜ਼ਾਂ ਦੇ ਬਸਤੀਵਾਦ ਤੋਂ ਆਜ਼ਾਦ ਹੋ ਕੇ ਆਪ ਵੀ ਇਕ ਅੰਗਰੇਜ਼ ਹੀ ਸੀ ਅਤੇ ਇੰਗਲੈਂਡ ਵਿੱਚ ਪ੍ਰਧਾਨ ਮੰਤਰੀ ਪ੍ਰਣਾਲੀ ਚੱਲੀ ਨੂੰ ਇੱਕ ਸਦੀ ਤੋਂ ਵੱਧ ਦਾ ਵਕ਼ਤ ਬੀਤ ਚੁੱਕਾ ਸੀ। ਉਸ ਦੇ ਮੁਕਾਬਲੇ ਭਾਰਤ ਇੱਕ ਬਹੁ-ਧਰਮੀ ਮੁਲਕ ਸੀ ਜਿੱਥੇ ਇਸਲਾਮੀ ਸਭਿਆਚਾਰ ਵਿੱਚ ਜ਼ਿੱਲੇ-ਇਲਾਹੀ ਲਈ ਸਿਜਦਾ ਭਾਰੂ ਸੀ ਅਤੇ ਹਿੰਦੂਆਂ ਲਈ ਈਸ਼ਵਰੋ ਵਾ ਦਿਲੀਸ਼ਰੋ ਵਾ ਵਾਲਾ ਰਾਜਪਾਟ ਭਾਰੂ ਸੀ। 

ਫਿਰ ਵੀ ਜੇਕਰ ਲੋਕਤੰਤਰੀ ਨਜ਼ਰੀਏ ਨਾਲ ਰਣਜੀਤ ਸਿੰਘ ਦਾ ਰਾਜ ਵੇਖਿਆ ਜਾਵੇ ਤਾਂ ਉਸ ਦੇ ਦੀਵਾਨਾਂ, ਅਹਿਲਕਾਰਾਂ ਅਤੇ ਫੌਜੀ ਜਰਨੈਲਾਂ ਵਿੱਚ ਰਈਅਤ ਹੀ ਨਜ਼ਰ ਆਉਂਦੀ ਸੀ। 

ਸਮੁੱਚੇ ਤੌਰ ਤੇ ਸੁਖਪਾਲ ਸੰਘੇੜਾ ਨੇ ਬਹੁਤ ਹੀ ਵਧੀਆ ਵਿਸ਼ਾ ਇਸ ਕਿਤਾਬ ਰਾਹੀਂ ਲਿਆਂਦਾ ਹੈ ਜਿਸਤੇ ਹੋਰ ਚਰਚਾ ਚੱਲਣੀ ਬਣਦੀ ਹੈ।

Processing…
Success! You're on the list.

Posted in ਚਰਚਾ, ਵਾਰਤਕ

ਕਿਸਾਨ ਸੰਘਰਸ਼: ਖ਼ਾਸ ਟਿੱਪਣੀ

ਸੰਨ 2020 ਦੇ ਭਾਰਤੀ ਖੇਤੀ ਕਨੂੰਨਾਂ ਦੇ ਵਿਰੋਧ ਵਿੱਚ ਉੱਠਿਆ ਕਿਸਾਨ ਸੰਘਰਸ਼ ਭਖ਼ਦਾ-ਭਖ਼ਦਾ ਦਿੱਲੀ ਦੀਆਂ ਹੱਦਾਂ ਤੇ ਪਹੁੰਚ ਗਿਆ। ਭਾਰਤ ਸਰਕਾਰ ਪੰਜਾਬ ਦੇ ਕਿਸਾਨਾਂ ਦੇ ਖ਼ਿਲਾਫ਼ ਕੂੜ ਪਰਚਾਰ ਸ਼ੁਰੂ ਕਰਕੇ ਇਹੀ ਸੋਚਦੀ ਰਹੀ ਕਿ ਇਹ ਕਿਸਾਨ ਸੰਘਰਸ਼ ਹੁਣ ਟੁੱਟਿਆ ਕਿ ਹੁਣ।

ਪਰ ਕਿਸਾਨ ਜਥੇਬੰਦੀਆਂ ਦੀ ਅਗਵਾਈ ਵਿੱਚ ਇਹ ਸੰਘਰਸ਼ ਸਿਰਫ਼ ਤਾਕਤ ਹੀ ਨਹੀਂ ਫੜ੍ਹਦਾ ਗਿਆ ਸਗੋਂ ਹਰਿਆਣੇ ਦੇ ਕਿਸਾਨਾਂ ਅਤੇ ਲੋਕਾਂ ਦੀ ਮਦਦ ਸਦਕਾ ਕਾਮਯਾਬੀ ਨਾਲ ਦਿੱਲੀ ਦੀਆਂ ਹੱਦਾਂ ਤੇ ਪਹੁੰਚ ਗਿਆ।  

ਭਾਰਤ ਸਰਕਾਰ ਇੱਕ ਵਾਰ ਫੇਰ ਇਸ ਗਲਤਫ਼ਹਿਮੀ ਦਾ ਸ਼ਿਕਾਰ ਹੋ ਗਈ ਕਿ ਸਥਾਨਕ ਬੰਦੋਬਸਤ ਨਾ ਹੋਣ ਕਰਕੇ ਇਹ ਸੰਘਰਸ਼ ਦੋ-ਚਾਰ ਦਿਨਾਂ ਵਿੱਚ ਹੀ ਦਿੱਲੀ ਦੀਆਂ ਹੱਦਾਂ ਤੇ ਖਿੰਡ-ਪੁੰਡ ਜਾਵੇਗਾ। ਅਜਿਹਾ ਕੁਝ ਤਾਂ ਹੋਇਆ ਨਹੀਂ ਸਗੋਂ ਦਿੱਲੀ ਦੇ ਲਾਗਲੇ ਪਿੰਡਾਂ ਤੋਂ ਹੋਰ ਵੀ ਇਮਦਾਦ ਆਉਣੀ ਸ਼ੁਰੂ ਹੋ ਗਈ ਤੇ ਦਿੱਲੀ ਦੇ ਸਥਾਨਕ ਲੋਕਾਂ ਦੀ ਆਮ-ਰਾਏ ਵੀ ਕਿਸਾਨ ਸੰਘਰਸ਼ ਦੇ ਹੱਕ ਵਿੱਚ ਬਣ ਗਈ ਜੋ ਕਿ ਹੁਣ ਤੱਕ ਕਾਇਮ ਹੈ। 

Photo by Andrea Piacquadio on Pexels.com

ਕਿਸਾਨ ਸੰਘਰਸ਼ ਦਾ ਅਗਵਾਈ ਪ੍ਰਬੰਧ ਉਸ ਵੇਲ਼ੇ ਹੋਰ ਠੋਸ ਹੋ ਗਿਆ ਜਦ ਕਿਸਾਨ ਜਥੇਬੰਦੀਆਂ ਨੇ ਭਾਜਪਾ ਦੇ ਆਈ. ਟੀ. ਸੈੱਲ ਦਾ ਮੁਕਾਬਲਾ ਕਰਨ ਲਈ ਆਪਣਾ ਆਈ. ਟੀ. ਸੈੱਲ ਕਾਇਮ ਕਰਕੇ ਸਮਾਜਕ ਮਾਧਿਅਮਾਂ ਤੇ ਆਪਣੀ ਬਰਾਬਰ ਦੀ ਹੋਂਦ ਬਣਾ ਲਈ।  ਇਸੇ ਦੌਰਾਨ ਟਰਾਲੀ ਟਾਈਮਜ਼ ਨਾਂ ਦਾ ਪਰਚਾ ਵੀ ਛਪ ਕੇ ਆ ਗਿਆ। 

ਹੋਰ ਕਈ ਚਾਰਾ ਨਾ ਚੱਲਦਾ ਵੇਖ ਭਾਰਤ ਸਰਕਾਰ ਨੇ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਤਾਂ ਸ਼ੁਰੂ ਕਰ ਲਈ ਪਰ ਟਾਲਮਟੋਲ ਦੇ ਮਾਹੌਲ ਵਿੱਚ ਗੱਲ ਹਾਲੇ ਕਿਸੇ ਸਿਰੇ ਨਹੀਂ ਲੱਗ ਰਹੀ। ਹੁਣ ਤਕ ਇਹੀ ਸੁਣਨ ਨੂੰ ਮਿਲਦਾ ਰਿਹਾ ਹੈ ਕਿ ਭਾਰਤ ਸਰਕਾਰ ਇਸ ਗੱਲ ਤੇ ਜ਼ੋਰ ਪਾ ਰਹੀ ਹੈ ਕਿ ਸੋਧਾਂ ਜਿੰਨੀਆਂ ਮਰਜ਼ੀ ਕਰਵਾ ਲਓ ਪਰ ਕਨੂੰਨ ਵਾਪਸ ਨਹੀਂ ਹੋਣੇ। ਕਿਸਾਨ ਜਥੇਬੰਦੀਆਂ ਇਨ੍ਹਾਂ ਕਨੂੰਨਾਂ ਦੀ ਵਾਪਸੀ ਤੋਂ ਘੱਟ ਕਿਸੇ ਗੱਲ ਉੱਤੇ ਸਹਿਮਤ ਹੁੰਦੀਆਂ ਨਹੀਂ ਦਿਸ ਰਹੀਆਂ।   

ਭਾਰਤ ਸਰਕਾਰ ਇਸ ਵਕ਼ਤ ਭੱਜਣ ਦਾ ਰਾਹ ਲੱਭ ਰਹੀ ਹੈ। ਜੇਕਰ ਭਾਰਤ ਸਰਕਾਰ ਕਨੂੰਨ ਵਾਪਸ ਲੈਣ ਦੀ ਹਾਂ ਵੀ ਕਰ ਦਿੰਦੀ ਹੈ ਤਾਂ ਉਹ ਇਸ ਬਾਰੇ ਕੋਈ ਸਮਝੌਤਾ ਕਿਸਾਨ ਜਥੇਬੰਦੀਆਂ ਨਾਲ ਨਹੀਂ ਕਰੇਗੀ ਕਿਉਂਕਿ ਕਨੂੰਨ ਵਾਪਸੀ ਵਿੱਚ ਭਾਰਤ ਦੀ ਭਾਜਪਾ ਸਰਕਾਰ ਆਪਣੀ ਬਹੁਤ ਵੱਡੀ ਹਾਰ ਮਹਿਸੂਸ ਕਰੇਗੀ ਅਤੇ ਇਸ ਨਾਲ ਭਾਜਪਾ ਨੂੰ ਸੰਨ 2022 ਦੀਆਂ ਪੰਜਾਬ ਚੋਣਾਂ ਵਿੱਚ ਕੋਈ ਫ਼ਾਇਦਾ ਵੀ ਨਹੀਂ ਹੋਵੇਗਾ।

ਬਾਦਲਾਂ ਨਾਲ ਭਿਆਲ਼ੀ ਟੁਟਣ ਤੋਂ ਬਾਅਦ ਪੰਜਾਬ ਦੀਆਂ ਸਾਰੀਆਂ ਸੀਟਾਂ ਤੇ ਚੋਣਾਂ ਲੜਣ ਦਾ ਐਲਾਨ ਤਾਂ ਭਾਜਪਾ ਕੁਝ ਮਹੀਨੇ ਪਹਿਲਾਂ ਹੀ ਕਰ ਚੁੱਕੀ ਹੈ। ਤਾਹੀਓਂ ਤਾਂ ਭਾਜਪਾ ਇਸ ਕੋਸ਼ਿਸ਼ ਵਿੱਚ ਹੈ ਕਿ ਸੱਪ ਵੀ ਮਰ ਜਾਵੇ ਅਤੇ ਲਾਠੀ ਵੀ ਨਾ ਟੁੱਟੇ। ਇਸੇ ਕਰਕੇ ਹੁਣ ਕਦੀ ਤਾਂ ਸੰਪਰਦਾਈ ਬਾਬਿਆਂ ਨੂੰ ਗੰਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਕਦੀ ਦੋ ਕੁ ਫ਼ੁਕਰਿਆਂ ਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ ਜਿੰਨ੍ਹਾਂ ਨੇ ਚੋਪੜੀਆਂ ਗੱਲਾਂ ਕਰਕੇ ਮੁੰਡੀਰ੍ਹ ਪਿੱਛੇ ਲਾਈ ਹੋਈ ਹੈ। 

ਜੇਕਰ ਭਾਜਪਾ ਇਸ ਤਰ੍ਹਾਂ ਦਾ ਮਾਇਆ ਜਾਲ ਬੁਣਨ ਵਿੱਚ ਕਾਮਯਾਬ ਹੋ ਜਾਂਦੀ ਹੈ ਤਾਂ ਜਿਵੇਂ ਪੰਜਾਬ ਦੇ ਲੋਕਾਂ ਨੇ ਅੱਗੇ ਹੁੱਭ-ਹੁੱਭ ਕੇ ਭਾਜਪਾ ਦੀ ਬੀ-ਟੀਮ ਨੂੰ ਵੋਟਾਂ ਪਾਈਆਂ ਹਨ ਉਸੇ ਤਰ੍ਹਾਂ 2022 ਵਿੱਚ ਭਾਜਪਾ ਦੀ ਸੀ-ਟੀਮ ਨੂੰ ਵੋਟਾਂ ਪੈ ਜਾਣਗੀਆਂ।    

ਜਿਹੜੇ ਮੇਰੇ ਨਾਲ ਅਸਹਿਮਤ ਹਨ, ਉਹ ਮੇਰੀ ਜਾਣਕਾਰੀ ਜ਼ਰੂਰ ਵਧਾਉਣ ਅਤੇ ਇਹ ਦੱਸਣ ਕਿ ਭਾਜਪਾ ਦੀ ਬੀ-ਟੀਮ ਜਾਂ ਜੋ ਵੀ ਉਸ ਪਾਰਟੀ ਦਾ ਨਾਂ ਹੋਵੇ, ਕੀ ਉਨ੍ਹਾਂ ਦੀ ਪੰਜਾਬ ਦੀ ਖੇਤੀਬਾੜੀ ਆਰਥਿਕਤਾ, ਪੰਜਾਬ ਦੇ ਪਾਣੀਆਂ ਅਤੇ ਪੰਜਾਬੀ ਭਾਸ਼ਾ ਬਾਰੇ ਕੋਈ ਨੀਤੀ ਹੈ? ਰਾਜਾਂ ਨੂੰ ਵੱਧ ਅਧਿਕਾਰ ਅਤੇ ਫੈਡਰਲ (ਸੰਘੀ) ਢਾਂਚੇ ਬਾਰੇ ਕੋਈ ਨੀਤੀ ਹੈ? ਭ੍ਰਿਸ਼ਟਾਚਾਰ ਦਾ ਵਿਰੋਧ ਕੋਈ ਨੀਤੀ ਨਹੀਂ ਹੁੰਦਾ। ਨਰਾਜ਼ਗੀਆਂ ਜਤਾ ਕੇ ਬਿਨਾ ਕਿਸੇ ਦੂਰ-ਅੰਦੇਸ਼ੀ ਦੇ ਰਾਜਨੀਤੀ ਨਹੀਂ ਕੀਤੀ ਜਾ ਸਕਦੀ।

ਹੱਲ ਇਹੀ ਹੈ ਕਿ ਪੰਜਾਬ ਵਿੱਚ ਬੰਦਿਆਂ ਨਾਲ ਜੁੜਨ ਦੀ ਨਦੀਨ ਰੂਪੀ ਮਾਨਸਿਕਤਾ ਖ਼ਤਮ ਕੀਤੀ ਜਾਵੇ। ਰਾਜਨੀਤਕ ਪਾਰਟੀਆਂ ਅਤੇ ਨੇਤਾਵਾਂ ਨੂੰ ਉਪਰ ਲਿਖੀਆਂ ਨੀਤੀਆਂ ਤੇ ਆਧਾਰਤ ਸਵਾਲ ਕੀਤੇ ਜਾਣ ਅਤੇ ਲਿਖਤੀ ਜਵਾਬ ਲਏ ਜਾਣ ਤਾਂ ਜੋ ਕੱਲ ਨੂੰ ਕੋਈ ਮੁੱਕਰੇ ਨਾ।

ਐਵੇਂ ਤਾਂ ਨਹੀਂ ਕਹਾਵਤਾਂ ਬਣੀਆਂ ਹੋਈਆਂ ਕਿ ਸਿਆਸਤਦਾਨ ਆਪਣੇ ਲੋਕਾਂ ਦੇ ਕਿਰਦਾਰ ਦੀ ਹੀ ਤਰਜਮਾਨੀ ਕਰਦੇ ਹਨ।      

ਇਹ ਬਲੌਗ ਪੋਸਟ ਬਾਬੂਸ਼ਾਹੀ ਵੈਬ ਪੋਰਟਲ ਤੇ ਛਪ ਚੁੱਕੀ ਹੈ ਜੋ ਕਿ ਇਥੇ ਕਲਿੱਕ ਕਰਕੇ ਪੜ੍ਹੀ ਜਾ ਸਕਦੀ ਹੈ।

Posted in ਚਰਚਾ, ਵਾਰਤਕ

ਸੰਨ 2020 ਦਾ ਸੰਖੇਪ-ਸਾਰ

ਸੰਨ 2020 ਲੰਘ ਚੁੱਕਾ ਹੈ। ਪਰ ਇਸ ਸਾਲ ਦੌਰਾਨ ਜੋ ਵੀ ਵਾਪਰਿਆ ਉਸ ਦੀ ਗੂੰਜ ਵਰ੍ਹਿਆਂ ਤਕ ਸੁਣਦੀ ਰਹੇਗੀ। 2020 ਦੇ ਕਈ ਮਸਲੇ ਤਾਂ ਹਾਲੇ ਤਕ ਨਹੀਂ ਸੁਲਝੇ ਹਨ। ਸਾਡੇ ਵਿੱਚੋਂ ਬਹੁਤੇ ਸੰਨ 2020 ਨੂੰ ਕਰੋਨਾ ਅਤੇ ਪੰਜਾਬ ਦੇ ਕਿਸਾਨ ਸੰਘਰਸ਼ ਦੇ ਤੌਰ ਤੇ ਯਾਦ ਰੱਖਣਗੇ। ਆਓ ਸੰਨ 2020 ਦੀਆਂ ਘਟਨਾਵਾਂ ਤੇ ਇੱਕ ਸੰਖੇਪ ਜਿਹੀ ਝਾਤ ਮਾਰੀਏ। 

ਦੈਵੋਸ, ਸਵਿਟਜ਼ਰਲੈਂਡ ਦਾ ਇੱਕ ਅਜਿਹਾ ਰਮਣੀਕ ਇਲਾਕਾ ਹੈ ਜਿੱਥੇ ਹਰ ਸਾਲ ਦੁਨੀਆਂ ਭਰ ਦੇ ਆਗੂ ਵੱਰਲਡ ਇਕਨੌਮਿਕ ਫੋਰਮ ਦੇ ਲਈ ਇਕੱਠੇ ਹੁੰਦੇ ਹਨ। ਸੰਨ 2020 ਵਿੱਚ ਫੋਰਮ ਦਾ 50ਵਾਂ ਇਕੱਠ ਸੀ ਜੋ 21-24 ਜਨਵਰੀ 2020 ਦੌਰਾਨ ਹੋਇਆ। ਦੱਸਿਆ ਜਾਂਦਾ ਹੈ ਕਿ ਇਸ ਇਕੱਠ ਦੌਰਾਨ ਦੁਨੀਆਂ ਭਰ ਦੇ ਨੇਤਾਵਾਂ ਅਤੇ ਅਮੀਰ ਲੋਕਾਂ ਨੂੰ ਢੋਣ ਲਈ ਅੰਦਾਜ਼ਨ 1500 ਜਹਾਜ਼ ਇਥੇ ਉਤਰੇ। ਪਹਿਲੀ ਵਾਰ ਪੌਣਪਾਣੀ ਬਾਰੇ ਗੰਭੀਰ ਵਿਚਾਰ ਵਟਾਂਦਰਾ ਹੋਇਆ ਅਤੇ ਇਸ ਮਸਲੇ ਬਾਰੇ ਸਰਗਰਮੀ ਗਰੇਟਾ ਤ੍ਹੰਨਬਰਗ ਵੀ ਦੁਨੀਆਂ ਭਰ ਵਿੱਚ ਚਰਚਾ ਦਾ ਵਿਸ਼ਾ ਬਣੀ ਰਹੀ। 

ਜਨਵਰੀ 2020 ਵਿੱਚ ਬਰਤਾਨਵੀ ਯੁਵਰਾਜ ਹੈਰੀ ਨੇ ਸ਼ਾਹੀ ਪਰਿਵਾਰ ਤੋਂ ਵੱਖ ਹੋਣ ਦਾ ਐਲਾਨ ਕਰ ਦਿੱਤਾ ਸੀ। ਇਸੇ ਮਹੀਨੇ ਈਰਾਨ ਦੀ ਫ਼ੌਜ ਦਾ ਇੱਕ ਜਰਨੈਲ ਕਾਸਮ ਸੁਲੇਮਾਨੀ ਅਮਰੀਕੀ ਹਵਾਈ ਹਮਲੇ ਵਿੱਚ ਮਾਰਿਆ ਗਿਆ ਸੀ। 

Photo by Wallace Chuck on Pexels.com

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਆਪਣੇ ਉਪਰ ਚੱਲ ਰਹੇ ਮਹਾਂਦੋਸ਼ ਤੋਂ ਫਰਵਰੀ 2020 ਵਿੱਚ ਬਰੀ ਹੋ ਗਿਆ। ਇਸੇ ਮਹੀਨੇ ਫਿਲਮਾਂ ਦੇ ਔਸਕਰ ਇਨਾਮ ਸਮਾਰੋਹ ਦੌਰਾਨ ਸਭ ਤੋਂ ਬੇਹਤਰੀਨ ਫਿਲਮ ਦਾ ਇਨਾਮ ਦੱਖਣੀ ਕੋਰੀਆ ਦੀ ਫਿਲਮ ਪੈਰਾਸਾਈਟ ਨੇ ਜਿੱਤਿਆ।   ਔਸਕਰ ਇਨਾਮ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਸੀ ਕਿ ਬੇਹਤਰੀਨ ਫਿਲਮ ਦਾ ਇਨਾਮ ਕਿਸੇ ਗ਼ੈਰ-ਅੰਗਰੇਜ਼ੀ ਫਿਲਮ ਨੂੰ ਮਿਲਿਆ ਹੋਵੇ। 

ਮਾਰਚ 2020 ਤਕ ਕਰੋਨਾ ਬਾਰੇ ਦੁਨੀਆਂ ਭਰ ਵਿੱਚ ਫ਼ਿਕਰਮੰਦੀ ਪੈਦਾ ਹੋ ਚੁੱਕੀ ਸੀ ਅਤੇ ਨਿਊਜ਼ੀਲੈਂਡ ਵਿੱਚ ਇਸ ਮਹੀਨੇ ਦੇ ਅਖੀਰ ਵਿੱਚ ਚਾਰ ਹਫ਼ਤੇ ਦੀ ਸੰਪੂਰਨ ਤਾਲਾਬੰਦੀ ਲਾਗੂ ਕਰ ਦਿੱਤੀ ਗਈ ਸੀ। ਇਸ ਤਾਲਾਬੰਦੀ ਦਾ ਉਸ ਵੇਲ਼ੇ ਰਾਜਨੀਤਕ ਵਿਰੋਧੀ ਧਿਰ ਅਤੇ ਵਪਾਰੀਆਂ ਦੇ ਬੁਲਾਰੇ ਤਾਂ ਦੱਬੀ ਜ਼ੁਬਾਨ ਵਿੱਚ ਵਿਰੋਧ ਕਰਦੇ ਰਹੇ ਅਤੇ ਇਹੀ ਕਹਿੰਦੇ ਰਹੇ ਕਿ ਆਸਟ੍ਰੇਲੀਆ ਨੇ ਇੰਝ ਨਹੀਂ ਕੀਤਾ ਜਾਂ ਫਿਰ ਕਈ ਸਵੀਡਨ ਦੀ ਵੀ ਮਿਸਾਲ ਦਿੰਦੇ ਰਹੇ ਪਰ ਅੱਜ ਮੈਂ ਇਸ ਬਾਰੇ ਕੀ ਕਹਾਂ, ਤੁਸੀਂ ਆਪ ਹੀ ਨਿਊਜ਼ੀਲੈਂਡ ਦੇ ਕਰੜੇ ਤਾਲਾਬੰਦੀ ਦੇ ਫ਼ੈਸਲੇ ਬਾਰੇ ਆਪਣਾ ਵਿਚਾਰ ਬਣਾ ਸਕਦੇ ਹੋ।   

ਮਈ-ਜੂਨ ਵਿੱਚ ਲੱਦਾਖ ਖੇਤਰ ਵਿੱਚ ਭਾਰਤ ਅਤੇ ਚੀਨ ਦੀਆਂ ਫ਼ੌਜਾਂ ਵਿਚਕਾਰ ਤਲਖ਼ੀ ਵਧੀ ਅਤੇ ਜੂਨ ਵਿੱਚ ਇਕ ਲੜਾਈ ਦੌਰਾਨ ਕਈ ਭਾਰਤੀ ਫ਼ੌਜੀ ਮਾਰੇ ਗਏ। ਅਮਰੀਕਾ ਵਿੱਚ ਮਈ 2020 ਦੇ ਅਖੀਰ ਵਿੱਚ ਗ੍ਰਿਫ਼ਤਾਰੀ ਦੌਰਾਨ ਮਾਰੇ ਗਏ ਜੌਰਜ ਫਲੌਇਡ ਦੇ ਹੱਕ ਵਿੱਚ “ਬਲੈਕ ਲਾਈਵਜ਼ ਮੈਟਰ” ਨਾਂ ਦੀ ਇੱਕ ਲੋਕ ਲਹਿਰ ਚੱਲ ਪਈ। ਜੌਰਜ ਫਲੌਇਡ ਦੀ ਸਾਹ ਨਾ ਲੈ ਸਕਨ ਕਰਕੇ ਮੌਤ ਹੋਈ ਸੀ ਕਿਉਂਕਿ ਗ੍ਰਿਫ਼ਤਾਰ ਕਰ ਰਹੇ ਸਿਪਾਹੀ ਨੇ ਉਸ ਨੂੰ ਢਾਹ ਕੇ ਉਸ ਦੀ ਧੌਣ ਤੇ ਗੋਡਾ ਦਿੱਤਾ ਹੋਇਆ ਸੀ। 

“ਬਲੈਕ ਲਾਈਵਜ਼ ਮੈਟਰ” ਨੂੰ ਦੁਨੀਆਂ ਭਰ ਵਿੱਚ ਹੁੰਗਾਰਾ ਮਿਲਿਆ। ਅਮਰੀਕਾ ਹੀ ਨਹੀਂ ਸਗੋਂ ਦੁਨੀਆਂ ਦੇ ਕਈ ਹੋਰ ਮੁਲਕਾਂ ਵਿੱਚ ਵੀ “ਬਲੈਕ ਲਾਈਵਜ਼ ਮੈਟਰ” ਦੇ ਹੱਕ ਵਿੱਚ ਨਿੱਤਰੇ ਗੋਰੇ ਪ੍ਰਦਰਸ਼ਨਕਾਰੀਆਂ ਨੇ ਨਸਲਵਾਦੀ ਨੇਤਾਵਾਂ-ਜਰਨੈਲਾਂ ਦੇ ਕਈ ਇਤਿਹਾਸਕ ਬੁੱਤ ਲਾਹ ਘੜੀਸ ਕੇ ਮੌਕੂਫ਼ ਕਰ ਦਿੱਤੇ।  

ਸੰਨ 2020 ਦੇ ਅਖੀਰ ਵਿੱਚ ਭਾਰਤ ਦੇ ਖੇਤੀ ਕਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਸੰਘਰਸ਼ ਪੰਜਾਬ ਤੋਂ ਚੱਲ ਕੇ ਸਿਰਫ਼ ਦਿੱਲੀ ਹੀ ਨਹੀਂ ਪਹੁੰਚਿਆ ਸਗੋਂ ਗੁਆਂਢੀ ਰਾਜਾਂ ਤੋਂ ਵੀ ਇਸ ਨੂੰ ਡੱਟਵੀਂ ਹਿਮਾਇਤ ਮਿਲੀ। ਕਿਸਾਨ ਸੰਘਰਸ਼ ਦੇ ਮੌਜੂਦਾ ਹਾਲਾਤ ਤੇ ਟਿੱਪਣੀ ਛੇਤੀ ਹੀ ਇੱਕ ਵੱਖਰੇ ਲੇਖ ਵਿੱਚ ਤੁਹਾਡੇ ਸਾਹਮਣੇ ਆ ਜਾਵੇਗੀ। 

Posted in ਕਵਿਤਾ, ਸਾਹਿਤ

ਰਾਵੀ

ਇਕੱਲਿਆਂ ਸਫ਼ਰ ਕਰਦਿਆਂ ਦੌਰਾਨ – ਭਾਵੇਂ ਕਿਤੇ ਘੁੰਮਣ ਜਾ ਰਿਹਾ ਹੋਵਾਂ ਜਾਂ ਕਿਤੇ ਕੰਮ ਤੇ ਜਾ ਰਿਹਾ ਹੋਵਾਂ ਜਾਂ ਮੈਂ ਵੈਲਿੰਗਟਨ ਦੇ ਆਲੇ ਦੁਆਲੇ ਦੀਆਂ ਪਗਡੰਡੀਆਂ ਗਾਹ ਰਿਹਾ ਹੋਵਾਂ, ਮੈਂ ਅਕਸਰ ਹੀ ਔਡੀਬਲ (Audible) ਦੀਆਂ ਕਿਤਾਬਾਂ ਸੁਣਦਾ ਰਹਿੰਦਾ ਹਾਂ।

ਪਰ ਕਦੀ ਕਦੀ ਇਹ ਵੀ ਚਿੱਤ ਕਰ ਉਠਦਾ ਹੈ ਗੀਤ ਵੀ ਸੁਣੇ ਜਾਣ ਤੇ ਅਮੂਮਨ ਮੈਂ ਕਿਸੇ ਨਾ ਕਿਸੇ ਚੰਦਾ ਭਰੀ ਸੇਵਾ ਜਿਵੇਂ ਕਿ ਸਪੌਟੀਫ਼ਾਈ ਉੱਤੇ ਗੀਤਾਂ ਦੀਆਂ ਲੜੀਆਂ ਸੁਣਦਾ ਰਹਿੰਦਾ ਸਾਂ। ਪਰ ਇਸ ਸਾਲ ਦੇ ਸ਼ੁਰੂ ਵਿੱਚ ਮੈਨੂੰ ਇੱਕ ਅਜਿਹਾ ਗੀਤ ਲੱਭਾ ਜਿਹੜਾ ਕਿ ਮੈਂ ਪੱਕੇ ਤੌਰ ਤੇ ਉੱਤੇ ਹੀ ਘੁੰਡੀ (loop) ਵਿੱਚ ਬੰਨ੍ਹ ਕੇ ਸੁਣਨਾ ਸ਼ੁਰੂ ਕਰ ਦਿੱਤਾ ਤੇ ਇਸ ਗੀਤ ਨੂੰ ਮੈਂ ਹੁਣ ਤੱਕ ਦੋ ਸੌ ਵਾਰੀ ਸੁਣ ਚੁੱਕਾ ਹਾਂ।

ਇਹੋ ਜਿਹਾ ਗੀਤ ਭਾਵੇਂ ਤੁਹਾਨੂੰ ਮੁਫ਼ਤ ਦੇ ਵਿੱਚ ਯੂਟਿਊਬ ਜਾਂ ਕਿਤੇ ਹੋਰ ਵੀ ਮਿਲ ਜਾਵੇ ਪਰ ਮੈਂ ਕੋਸ਼ਿਸ਼ ਕਰਦਾ ਹਾਂ ਕਿ ਉਸ ਕਲਾਕਾਰ ਨੂੰ ਬਣਦਾ-ਤਣਦਾ ਮਾਣ ਦਿੱਤਾ ਜਾਵੇ ਤੇ ਮੈਂ ਅਜਿਹਾ ਗੀਤ ਗੂਗਲ ਪਲੇ ਸਟੋਰ ਤੋਂ ਜ਼ਰੂਰ ਖਰੀਦ ਲੈਂਦਾ ਹਾਂ।

ਅਜਿਹੇ ਗਾਣੇ ਨੂੰ ਜਦ ਤੁਸੀਂ ਗੂਗਲ ਸੰਗੀਤ ਦੀ ਐਪ ਦੇ ਉੱਤੇ ਸੁਣਦੇ ਹੋ ਤਾਂ ਉਸ ਦਾ ਫ਼ਾਇਦਾ ਇਹ ਹੁੰਦਾ ਹੈ ਕਿ ਗੀਤ ਦਾ ਮੀਟਰ ਨਾਲ ਨਾਲ ਚੱਲਦਾ ਰਹਿੰਦਾ ਹੈ ਜੋ ਤੁਹਾਨੂੰ ਇਹ ਦੱਸਦਾ ਹੈ ਕਿ ਤੁਸੀਂ ਇਹ ਗੀਤ ਕਿੰਨੀ ਵਾਰ ਸੁਣ ਲਿਆ ਹੈ।

ਜਿਹੜਾ ਗੀਤ ਮੈਂ ਉੱਪਰ ਦੱਸਿਆ ਕਿ ਸਾਲ ਦੇ ਸ਼ੁਰੂ ਵਿੱਚ ਖਰੀਦਿਆ ਉਹ ਗੈਰੀ ਸੰਧੂ ਦਾ “ਦੋ ਗੱਲਾਂ” ਸੀ ਤੇ ਮੈਨੂੰ ਜਾਪਦਾ ਸੀ ਕਿ ਪਤਾ ਨਹੀਂ ਸ਼ਾਇਦ ਕੋਈ ਨਵਾਂ ਗੀਤ ਛੇਤੀ ਹੀ ਇਸਦੀ ਥਾਂ ਲੈ ਸਕੇ ਕਿ ਨਾ!

ਪਰ ਪਿਛਲੇ ਹੀ ਹਫ਼ਤੇ ਮੈਨੂੰ ਸੱਜਾਦ ਅਲੀ ਦਾ ਗਾਇਆ ਗਾਣਾ ਰਾਵੀ ਲੱਭ ਗਿਆ। ਵਾਕਿਆ ਹੀ ਇਹ ਗਾਣਾ ਵੀ ਕਾਫੀ ਭਾਵੁਕ ਕਰਨ ਵਾਲਾ ਹੈ।

ਹੁਣ ਜਦ ਵੀ ਮੈਂ ਜਾਂ ਤਾਂ ਕੋਈ ਔਡੀਬਲ ਦੀ ਕਿਤਾਬ ਸੁਣ ਕੇ ਵਿਹਲਾ ਹੁੰਦਾ ਹਾਂ ਜਾਂ ਵਿੱਚ ਵਿਚਾਲੇ ਕਿਤੇ ਆਪਣਾ ਮਿਜ਼ਾਜ ਬਦਲਣਾ ਚਾਹੁੰਦਾ ਹੁੰਦਾ ਹਾਂ ਤਾਂ ਹੁਣ ਸੱਜਾਦ ਅਲੀ ਦਾ ਰਾਵੀ ਗਾਣਾ ਘੁੰਡੀ ਵਿੱਚ ਬੰਨ੍ਹ ਕੇ ਸੁਣਦਾ ਰਹਿੰਦਾ ਹਾਂ।