Posted in ਚਰਚਾ, ਸਮਾਜਕ, Blogroll, Uncategorized

ਯੂਟਿਊਬ ਅਤੇ ਆਮਦਨ

ਇੰਟਰਨੈੱਟ ਵੀਡੀਓ ਦੀ ਦੁਨੀਆ ਦੇ ਵਿੱਚ ਯੂਟਿਊਬ ਦਾ ਇੱਕ ਬਹੁਤ ਵੱਡਾ ਨਾਂ ਹੈ ਅਤੇ ਇਸ ਦੇ ਮੁਕਾਬਲੇ ਦੇ ਵਿੱਚ ਕੋਈ ਹੋਰ ਮਾਧਿਅਮ ਵੀ ਨਹੀਂ ਹੈ। ਯੂਟਿਊਬ ਆਮ ਵੀਡੀਓ ਬਣਾਉਣ ਵਾਲੇ ਲੋਕਾਂ ਦੇ ਲਈ ਇੱਕ ਚੰਗਾ ਕਮਾਈ ਦਾ ਸਾਧਨ ਵੀ ਬਣ ਸਕਦਾ ਹੈ। ਇਸ ਦੇ ਲਈ ਉਨ੍ਹਾਂ ਨੂੰ ਯੂਟਿਊਬ ਨੂੰ ਉਨ੍ਹਾਂ ਦੇ ਵੀਡੀਓਜ਼ ਉੱਤੇ ਇਸ਼ਤਿਹਾਰ ਪਾਉਣ ਦੀ ਇਜਾਜ਼ਤ ਦੇਣੀ ਪੈਂਦੀ ਹੈ।

ਦੁਨੀਆਂ ਵਿੱਚ ਬਹੁਤ ਸਾਰੇ ਲੋਕ ਯੂਟਿਊਬ ਦੇ ਵੀਡੀਓ ਬਣਾ ਕੇ ਇਸ ਤੋਂ ਚੰਗੀ ਚੋਖੀ ਕਮਾਈ ਕਰ ਰਹੇ ਹਨ। ਇਸ ਬਾਰੇ ਆਸਟਰੇਲੀਆ ਦਾ ਬਿਜ਼ਨੈੱਸ ਇਨਸਾਈਡਰ ਵੈੱਬਸਾਈਟ ਕਾਫੀ ਚੰਗੀ ਜਾਣਕਾਰੀ ਦਿੰਦਾ ਹੈ। ਇਸ ਵੈੱਬਸਾਈਟ ਦੇ ਮੁਤਾਬਕ ਹਰ ਮਿਲੀਅਨ ਵਿਊਜ਼ ਦੇ ਲਈ ਯੂ ਟਿਊਬ ਤੁਹਾਨੂੰ ਦੋ ਹਜ਼ਾਰ ਅਮਰੀਕੀ ਡਾਲਰ ਦਿੰਦਾ ਹੈ। ਇਸ ਵੈੱਬਸਾਈਟ ਮੁਤਾਬਕ ਇਸ ਕਮਾਈ ਚੋਂ ਯੂਟਿਊਬ ਪੰਤਾਲੀ ਫੀਸਦੀ ਕਾਟ ਲੈ ਲੈਂਦਾ ਹੈ ਤਾਂ ਵੀ ਹਰ ਮਿਲੀਅਨ ਵਿਊਜ਼ ਤੋਂ ਇਹ ਰਕਮ ਹਜ਼ਾਰ ਡਾਲਰ ਤੋਂ ਵੱਧ ਬਣ ਜਾਂਦੀ ਹੈ।

ਆਓ ਹੁਣ ਇੱਕ ਹੋਰ ਪੱਖ ਵੇਖੀਏ। ਪੰਜਾਬ ਦੀ ਆਬਾਦੀ ਤੀਹ ਮਿਲੀਅਨ ਤੋਂ ਵੱਧ ਨਹੀਂ ਹੈ ਤੇ ਦੁਨੀਆਂ ਦੇ ਸਾਰੇ ਪੰਜਾਬੀ ਬੋਲਦੇ ਇਲਾਕੇ (ਸਣੇ ਪਾਕਿਸਤਾਨ) ਲੈ ਲਈਏ ਤਾਂ ਵੀ ਇਹ ਗਿਣਤੀ ਨੱਬੇ ਜਾਂ ਸੌ ਮਿਲੀਅਨ ਤੋਂ ਵੱਧ ਨਹੀਂ ਬਣਦੀ ਪਰ ਯੂਟਿਊਬ ਤੇ ਪਿੱਛੇ ਜਿਹੇ ਇੱਕ ਅਜਿਹਾ ਰੁਝਾਨ ਸ਼ੁਰੂ ਹੋਇਆ ਹੈ ਜਿਸ ਦੇ ਚੱਲਦੇ ਪੰਜਾਬੀ ਗਾਣਿਆਂ ਦੇ ਮਿਲੀਅਨਜ਼ ‘ਚ ਵਿਊਜ਼ ਹੋਣਾ ਤਾਂ ਮਾਮੂਲੀ ਗੱਲ ਹੈ।

ਅਜਿਹੇ ਪੰਜਾਬੀ ਗੀਤਾਂ ਦੇ ਵੀਡੀਓ ਬਾਰੇ ਇੱਕ ਹੋਰ ਵੀ ਗੱਲ ਧਿਆਨ ਗੋਚਰੇ ਹੈ ਉਹ ਇਹ ਕਿ ਇਨ੍ਹਾਂ ਨੇ ਯੂਟਿਊਬ ਉੱਤੇ ਇਸ਼ਤਿਹਾਰਾਂ ਦੀ ਸਹੂਲਤ ਨਹੀਂ ਵਰਤੀ ਹੈ। ਇਹ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਮਿਲੀਅਨਜ਼ ‘ਚ ਵਿਊਜ਼ ਹੋਣ ਦੇ ਬਾਵਜੂਦ ਵੀ ਇਹ ਇਸ਼ਤਿਹਾਰਾਂ ਦੀ ਸਹੂਲਤ ਕਿਉਂ ਨਹੀਂ ਵਰਤ ਰਹੇ? ਜਦਕਿ ਯੂਟਿਊਬ ਦੀ ਕਾਟ ਦੇਣ ਤੋਂ ਬਾਅਦ ਵੀ ਸਹਿਜੇ ਹੀ ਚੰਗੀ ਆਮਦਨ ਬਣਦੀ ਹੈ। ਜਦਕਿ ਦੂਜੇ ਬੰਨੇ ਬਹੁਤ ਸਾਰੇ ਪੰਜਾਬੀ ਫ਼ਿਲਮਕਾਰ ਆਪਣੀਆਂ ਪੂਰੀਆਂ ਫ਼ਿਲਮਾਂ ਯੂਟਿਊਬ ਉੱਤੇ ਇਸ਼ਤਿਹਾਰਾਂ ਦੀ ਸਹੂਲਤ ਵਰਤ ਕੇ ਪਾ ਰਹੇ ਹਨ ਤਾਂ ਜੋ ਉਨ੍ਹਾਂ ਨੂੰ ਥੋੜੀ ਆਮਦਨ ਹੋ ਜਾਵੇ। ਪਰ ਫ਼ਿਲਮਾਂ ਦੇ ਵਿਊਜ਼ ਮਸੀਂ ਲੱਖਾਂ ਨੂੰ ਪਹੁੰਚਦੇ ਹਨ ਨਾ ਕਿ ਮਿਲੀਅਨਜ਼ ਵਿੱਚ।  ਹੈਰਾਨੀ ਵਾਲੀ ਗੱਲ ਇਹ ਹੈ ਕਿ ਮਿਲੀਅਨਜ਼ ਵਿਊਜ਼ ਵਾਲੇ ਇਹ ਪੰਜਾਬੀ ਗਾਇਕ ਯੂਟਿਊਬ ਆਮਦਨ ਨੂੰ ਠੋਕਰ ਮਾਰ ਰਹੇ ਹਨ। ਇਸਦਾ ਕੀ ਕਾਰਨ ਹੈ?

Posted in ਚਰਚਾ, ਸਮਾਜਕ, ਸਿੱਖ

ਵਿਰਸਾ, ਵਿਰਾਸਤ ਅਤੇ ਅਗਵਾਈ—ਸਿੱਖ ਨਜ਼ਰੀਆ

ਸਿੱਖ ਇਤਿਹਾਸ ਸੁਨਹਿਰੇ ਪੰਨਿਆਂ ਨਾਲ ਭਰਿਆ ਪਿਆ ਹੈ। ਇਨ੍ਹਾਂ ਪੰਨਿਆਂ ਵਿੱਚ ਗੁਰੂ ਸਾਹਿਬਾਨ ਦਾ ਵਕਤ ਹੈ ਅਤੇ “ਸਬਦੁ” ਦੀ ਉੱਚਤਾ ਹੈ:

ਪਵਨ ਅਰੰਭੁ ਸਤਿਗੁਰ ਮਤਿ ਵੇਲਾ ॥ ਸਬਦੁ ਗੁਰੂ ਸੁਰਤਿ ਧੁਨਿ ਚੇਲਾ ॥ ਅਕਥ ਕਥਾ ਲੇ ਰਹਉ ਨਿਰਾਲਾ ॥ ਨਾਨਕ ਜੁਗਿ ਜੁਗਿ ਗੁਰ ਗੋਪਾਲਾ ॥ ਏਕੁ ਸਬਦੁ ਜਿਤੁ ਕਥਾ ਵੀਚਾਰੀ ॥ ਗੁਰਮੁਖਿ  ਹਉਮੈ ਅਗਨਿ ਨਿਵਾਰੀ ॥੪੪॥ ਪੰਨਾ ੯੪੩ ਸਿਧ ਗੋਸਟ

ਪ੍ਰੋ: ਸਾਹਿਬ ਸਿੰਘ ਜੀ ਦੇ ਟੀਕੇ ਮੁਤਾਬਿਕ ਪ੍ਰਾਣ ਹੀ ਹਸਤੀ ਦਾ ਮੁੱਢ ਹਨ। (ਇਹ ਮਨੁੱਖਾ ਜਨਮ ਦਾ) ਸਮਾ ਸਤਿਗੁਰੂ ਦੀ ਸਿੱਖਿਆ ਲੈਣ ਦਾ ਹੈ। ਸ਼ਬਦ (ਮੇਰਾ) ਗੁਰੂ ਹੈ, ਮੇਰੀ ਸੁਰਤ ਦਾ ਟਿਕਾਉ (ਉਸ ਗੁਰੂ ਦਾ) ਸਿੱਖ ਹੈ।  ਮੈਂ ਅਕੱਥ ਪ੍ਰਭੂ ਦੀਆਂ ਗੱਲਾਂ ਕਰ ਕੇ (ਭਾਵ, ਗੁਣ ਗਾ ਕੇ) ਮਾਇਆ ਤੋਂ ਨਿਰਲੇਪ ਰਹਿੰਦਾ ਹਾਂ।ਤੇ, ਹੇ ਨਾਨਕ! ਉਹ ਗੁਰ-ਗੋਪਾਲ ਹਰੇਕ ਜੁਗ ਵਿਚ ਮੌਜੂਦ ਹੈ। ਕੇਵਲ ਗੁਰ-ਸ਼ਬਦ ਹੀ ਹੈ ਜਿਸ ਦੀ ਰਾਹੀਂ ਪ੍ਰਭੂ ਦੇ ਗੁਣ ਵਿਚਾਰੇ ਜਾ ਸਕਦੇ ਹਨ, (ਇਸ ਸ਼ਬਦ ਦੀ ਰਾਹੀਂ ਹੀ) ਗੁਰਮੁਖ ਮਨੁੱਖ ਨੇ ਹਉਮੈ (ਖ਼ੁਦ-ਗ਼ਰਜ਼ੀ ਦੀ) ਅੱਗ (ਆਪਣੇ ਅੰਦਰੋਂ) ਦੂਰ ਕੀਤੀ ਹੈ ॥੪੪॥

ਸ਼ਬਦ ਤੋਂ ਬਾਅਦ ਸਿਖ ਇਤਿਹਾਸ ਲਾਸਾਨੀ ਸ਼ਹੀਦੀਆਂ ਨਾਲ ਭਰਿਆ ਪਿਆ ਹੈ। ਗੁਰੂ ਸਾਹਿਬਾਨ, ਸਾਹਿਬਜ਼ਾਦੇ, ਪਿਆਰੇ, ਮੁਕਤੇ । ਖਾਲਸਾਈ ਸ਼ਾਨੋ ਸ਼ੌਕਤ।  ਤੇ ਫਿਰ ਨਾਨਕ ਸ਼ਾਹੀ ਸਿੱਕਾ:

ਸਿੱਕਾ ਜ਼ਦ ਬਰ ਹਰ ਦੋ ਆਲਮ ਫਜ਼ਲ ਸੱਚਾ ਸਾਹਿਬ ਅਸਤ। ਗੁਰੂ ਗੋਬਿੰਦ ਸਿੰਘ ਸ਼ਾਹ ਏ ਸ਼ਾਹਾਨ ਤੇਗ਼ ਏ ਨਾਨਕ ਵਾਹਿਬ ਅਸਤ
ਪਿਛਲੇ ਪਾਸੇ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਦੀ ਮੁਹਰ।

ਨਾਨਕ ਸ਼ਾਹੀ ਸਿੱਕਾ ਨਾਨਕ ਦੀ ਤੇਗ਼ ਤੋਂ ਚੱਲਿਆ ਸੀ। ਅਸੀਂ ਅੱਜ ਗੁਰੂ ਨਾਨਕ ਸਾਹਿਬ ਦੀ ਤੇਗ਼ ਨੂੰ ਭੁੱਲੇ ਬੈਠੇ ਹਾਂ ਤੇ ਭਟਕੇ ਹੋਏ ਨਾਨਕ ਨੂੰ ਸ਼ਬਦ ਵਿੱਚੋਂ ਨਾ ਲੱਭ ਕੇ, ਅਸੀਂ ਕਦੇ ਕਿਸੇ ਤਸਵੀਰ ਵੱਲ ਝਾਕਦੇ ਹਾਂ ਤੇ ਕਦੀ ਕਿਸੇ ਵੱਲ। ਇਕ ਵੀ ਤਸਵੀਰ ਅਜਿਹੀ ਨਹੀਂ ਜਿਹੜੀ ਨਾਨਕ ਸ਼ਾਹੀ ਸਿੱਕੇ ਵਾਲੇ ਨਾਨਕ ਦੀ ਤਰਜ਼ੁਮਾਨੀ ਕਰਦੀ ਹੋਵੇ। ਨਾਨਕ ਦੀ ਤਲਵਾਰ ਤਾਂ ਸਾਡੀ ਯਾਦਾਸ਼ਤ ਵਿੱਚੋਂ ਗੁੰਮ ਹੀ ਕਰ ਦਿੱਤੀ ਗਈ ਹੈ। ਕਿਸੇ ਤਸਵੀਰ ਵਿੱਚ ਹੱਥੀਂ ਮਾਲਾ ਫੜੀ ਨਜ਼ਰ ਆਉਂਦੀ ਹੈ ਕਿਤੇ ਗੁੱਟ ਤੇ ਰੱਖੜੀ। ਕਾਲੀ ਬੇਈਂ ਵਾਲਾ ਵਾਕਿਆ ਗੁਰੂ ਨਾਨਕ ਸਾਹਿਬ ਦੀ ਉਮਰ ਦੇ ੩੦ਵਿਆਂ ਵਿੱਚ ਅਤੇ ਉਦਾਸੀਆਂ ੫੦ ਸਾਲ ਦੀ ਉਮਰ ਤੋਂ ਪਹਿਲਾਂ-ਪਹਿਲਾਂ ਕਰਣ ਦੇ ਬਾਵਜੂਦ ਵੀ ਤਸਵੀਰਾਂ ਵਾਲਿਆਂ ਦਾ ਸਾਰਾ ਜ਼ੋਰ ਨਾਨਕ ਨੂੰ ਸੱਤਰ ਸਾਲ ਦਾ ਵਖਾਉਣ ਵੱਲ ਹੈ। ਇਹ ਸਾਡੇ ਸਾਰਿਆਂ ਲਈ ਇਕ ਸੋਚਣ ਵਾਲਾ ਸੁਆਲ ਹੈ।

ਨਾਨਕ ਸ਼ਾਹੀ ਸਿੱਕੇ ਤੋਂ ਕੁਝ ਦਹਾਕੇ ਬਾਅਦ ਸ਼ੁਰੂ ਹੋਇਆ ਮਿਸਲਾਂ ਦਾ ਵਕਤ।  ਅੰਦਰੂਨੀ ਝਗੜੇ ਵੀ ਸਨ ਪਰ ਸਿਰਮੌਰਤਾ ਸਿੱਖ ਰਾਜ ਦੀ ਸਥਾਪਨਾ ਨਾਲ ਬੱਝਦੀ ਹੀ ਗਈ। ਇਨ੍ਹਾਂ ਦਹਾਕਿਆਂ ਦੌਰਾਨ ਬੇਅੰਤ ਮਿਸਾਲਾਂ ਇਸ ਗੱਲ ਦੀਆਂ ਮਿਲਦੀਆਂ ਹਨ ਕਿ ਅਗਵਾਈ ਕੀ ਹੁੰਦੀ ਹੈ ਤੇ ਕਿਵੇਂ ਕਰੀਦੀ ਹੈ। ਸਿਖ ਰਾਜ ਦੀਆਂ ਹੱਦਾਂ ਫੈਲਦੀਆਂ ਵੀ ਗਈਆਂ ਤੇ ਮਜ਼ਬੂਤ ਵੀ ਹੁੰਦੀਆਂ ਗਈਆਂ।  ਤੇ ਫੇਰ ਉਹ ਵਕਤ ਵੀ ਆ ਗਿਆ ਜਦ ਈਰਖਾ ਨੇ ਅੰਦਰੋਂ ਅੰਦਰ ਹੀ  ਸਿੱਖ ਸਿਰਮੌਰਤਾ ਨੂੰ ਡੰਗ ਦਿੱਤਾ।

ਦੇਰ ਨਾ ਲੱਗੀ ਉਸ ਵਕਤ ਲਈ ਜਦ ਅਸੀਂ ਆਪਣੇ ਹੀ ਵਿਰਸੇ  ਤੇ ਵਿਰਾਸਤ ਨੂੰ ਭੁੱਲਣ ਲੱਗ ਪਏ। ਕੀ ਗੱਲ ਸੀ ਕਿ ਅਸੀਂ ਆਪਣਾ ਵਿਰਸਾ ਤੇ ਵਿਰਾਸਤ ਹੀ ਸੰਭਾਲਣ ਦੇ ਯੋਗ ਨਹੀਂ ਰਹੇ? ਸਾਰਾ ਜ਼ੋਰ  ਇਤਿਹਾਸ ਦੀ ਬਜਾਏ ਮਨਘੜੰਤ ਕਹਾਣੀਆਂ ਨੂੰ ਯਾਦ ਕਰਣ ਉੱਤੇ ਲਾਉਣ ਲੱਗ ਪਏ। ਅਸੀਂ ਸ਼ਬਦ ਗੁਰੂ ਨੂੰ ਹੀ ਪਿੱਠ ਦੇਣੀ ਸ਼ੁਰੂ ਕਰ ਦਿੱਤੀ।

ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵੀ ਲੱਭਣ ਲੱਗਿਆਂ ਕਈ ਖ਼ਾਮੀਆਂ ਲੱਭ ਸਕਦੀਆਂ ਹਨ ਪਰ ਪੰਜਾਬ ਫ਼ਤਿਹ ਕਰਣ ਤੋਂ ਬਾਅਦ ਜਦ ਲਾਰਡ ਡਲਹਾਊਜ਼ੀ ਨੇ ਜਦ ਆਪਣੀ ਸਿੱਖਿਆ ਪ੍ਰਣਾਲੀ ਦਾ ਪਸਾਰਾ “ਅਨਪੜ੍ਹ ਪੰਜਾਬੀਆਂ” ਲਈ ਕਰਨ ਵਾਸਤੇ ਈਸਟ ਇੰਡੀਆ ਕੰਪਨੀ ਬੋਰਡ ਨੂੰ ਕਿਹਾ ਤਾਂ ਬੋਰਡ ਇਹ ਵੇਖ ਕੇ ਹੈਰਾਨ ਰਹਿ ਗਿਆ ਕਿ ਲਾਹੌਰ ਸ਼ਹਿਰ ਵਿੱਚ ੮੦ ਫ਼ੀ ਸਦੀ ਲੋਕ ਪੜ੍ਹ ਲਿਖ ਸਕਦੇ ਸਨ ਯਾਨੀ ਚਿੱਠੀ-ਰੁੱਕਾ ਆਦਿ ਲਿਖ ਸਕਦੇ ਸਨ। ਅੱਜ ਦੇ ਪੰਜਾਬ ਵਿੱਚ ਅਨਪੜ੍ਹਤਾ ਦੇ ਬੋਲ ਬਾਲੇ ਤੋਂ ਆਪ ਸਭ ਤਾਂ ਭਲੀ ਭਾਂਤ ਜਾਣੂ ਹੀ ਹੋ। ਕਿਸੇ ਨੂੰ ਕੋਈ ਫਾਰਮ ਭਰਨ ਲਈ ਕਹਿ ਦਿਓ ਤਾਂ ਉਪਰ ਥੱਲੇ ਝਾਕਦੇ ਹਨ। ਗੱਲ ਇਥੇ ਹੀ ਨਹੀਂ ਮੁੱਕਦੀ। ਸੰਨ ੧੮੧੨ ਵਿੱਚ ਕਲਕੱਤੇ ਫ਼ੋਰਟ ਵਿਲਿਅਮ ਵਿਖੇ ਪੰਜਾਬੀ ਵਿਆਕਰਣ ਲਿਖਣ ਵਾਲੇ ਡਾ: ਕੈਰੀ ਨੇ ਇਹ ਵਿਆਕਰਣ ਪੰਜਾਬੀ ਕਾਇਦੇ ਦੀ ਬੁਨਿਆਦ ਤੇ ਲਿਖੀ ਸੀ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਹਰ ਪਿੰਡ ਦੇ ਲੰਬੜਦਾਰ ਦੀ ਜ਼ਿੰਮੇਵਾਰੀ ਹੁੰਦੀ ਸੀ ਕਿ ਇਹ ਪੰਜਾਬੀ ਕਾਇਦਾ ਹਰ ਪਿੰਡ ਦੇ ਹਰ ਘਰ ਦੀ ਜ਼ਨਾਨੀ ਲਈ ਪੜ੍ਹਨਾ ਲਾਜ਼ਮੀ ਸੀ। ਜੇਕਰ ਪੜ੍ਹੀ ਲਿਖੀ ਜ਼ਨਾਨੀ ਤਾਂ ਫਿਰ ਪੜ੍ਹਿਆ ਲਿਖਿਆ ਸਾਰਾ ਘਰ।

ਅਸੀਂ ਇਹ ਤਾਂ ਬਹੁਤ ਸ਼ਾਨ ਨਾਲ ਦੱਸਦੇ ਹਾਂ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਖਤਮ ਹੋਣ ਤੋਂ ਬਾਅਦ ਅੰਗਰੇਜ਼ਾਂ ਨੇ ਇਕ ਲੱਖ ਵੀਹ ਹਜ਼ਾਰ ਗੱਡੇ ਭਰ ਕੇ ਹਥਿਆਰ ਜ਼ਬਤ ਕਰ ਲਏ ਪਰ ਪਤਾ ਨਹੀਂ ਕਿਉਂ ਅਸੀਂ ਇਹ ਗੱਲ ਦੱਸਣ ਤੋਂ ਸੰਗ ਜਾਂਦੇ ਹਾਂ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਖਤਮ ਹੋਣ ਤੋਂ ਬਾਅਦ ਪੰਜਾਬ ਦੇ ਪਿੰਡਾਂ ਵਿੱਚੋਂ ਪੰਜਾਬੀ ਕਾਇਦਾ ਵੀ ਗਾਇਬ ਕਰ ਦਿੱਤਾ ਗਿਆ।

ਦੂਜੇ ਪਾਸੇ, ਗੁਰੂ ਸਾਹਿਬਾਨ ਦੇ ਵਕਤ ਤੋਂ ਚੱਲਿਆ ਆ ਰਿਹਾ ਔਰਤ ਦਾ ਉੱਚਾ ਰੁਤਬਾ ਵੀ ਹੇਠਲੇ ਪੌੜੇ ਵੱਲ ਧੱਕ ਦਿੱਤਾ ਗਿਆ ਹੈ। ਅੱਜ ਦੀ ਪੰਜਾਬੀ ਗਾਇਕੀ ਦੇ ਬੋਲ ਇਕ ਆਮ ਮਿਸਾਲ ਹਨ।

ਵਿਰਾਸਤ:

ਵਿਰਾਸਤ ਦੀ ਕੀ ਗੱਲ ਕਰੀਏ ਜਦ ਆਪਣੇ ਇਤਿਹਾਸ ਬਾਰੇ ਹੀ ਸਾਡੀ ਯਾਦਾਸ਼ਤ ਧੁੰਦਲੀ ਹੋਣ ਲੱਗ ਪੈਂਦੀ ਹੈ। ਅੱਜ ਵੀ ਪੰਜਾਬ ਵਿੱਚ ਜੇਕਰ ਕੋਈ ਕਹੇ ਕਿ ਮੈਂ ਬੀ ਏ ਵਿੱਚ ਇਤਿਹਾਸ ਦਾ ਵਿਸ਼ਾ ਪੜ੍ਹਨਾ ਚਾਹੁੰਦਾ ਹਾਂ ਤਾਂ ਉਸ ਨੂੰ ਮਜ਼ਾਹੀਆ ਲਹਿਜੇ ਨਾਲ ਵੇਖਿਆ ਜਾਂਦਾ ਹੈ। ਪਰ ਨਾਲ ਹੀ ਨਾਲ ਅਸੀਂ ਭੁੱਲ ਜਾਂਦੇ ਹਾਂ ਕਿ ਭਾਰਤ ਦੀਆਂ ਚੋਟੀ ਦੀਆਂ ਨੌਕਰੀਆਂ ਲਈ ਜੋ ਇਮਤਿਹਾਨ ਰੱਖੇ ਜਾਂਦੇ ਹਨ ਉਨ੍ਹਾਂ ਵਿੱਚ ਇਤਿਹਾਸ ਦੇ ਪਰਚੇ ਦਾ ਕੀ ਮਹੱਤਵ ਹੈ? ਇਹ ਵੱਖਰੀ ਗੱਲ ਹੈ ਉਸ ਇਤਿਹਾਸ ਦਾ ਪਟਾ ਅੱਜ ਕਿਵੇਂ ਚੜ੍ਹਾਇਆ ਜਾ ਰਿਹਾ ਹੈ ਜੋ ਕਿ ਸਾਡੀ ਅੱਜ ਦੀ ਗੱਲ ਦੇ ਘੇਰੇ ਤੋਂ ਥੋੜ੍ਹਾ ਬਾਹਰ ਹੈ।

ਪੱਛਮੀ ਮੁਲਖਾਂ ਵਿੱਚ ਵੀ ਚੋਟੀ ਦੀਆਂ ਅੰਦਰੂਨੀ ਸੇਵਾਵਾਂ ਵਿੱਚ ਇਤਿਹਾਸ ਦੀ ਪੜ੍ਹਾਈ ਇਕ ਲਾਜ਼ਮੀ ਮਜ਼ਮੂਨ ਹੈ। ਸਾਡਾ ਸਾਰਾ ਜ਼ੋਰ ਲੱਗਦਾ ਹੈ ਇਸ ਗੱਲ ਤੇ ਲੱਗਾ ਹੈ ਕਿ ਇਤਿਹਾਸ ਨੂੰ ਕਿਵੇਂ ਭੁੱਲਣਾ ਹੈ ਖਾਸ ਤੌਰ ਤੇ ਉਸ ਖੇਤਰ ਵਿੱਚ ਜੋ ਸਾਨੂੰ ਸੁਚੱਜੇ ਆਗੂ ਬਣਨ ਵਿੱਚ ਮਦਦ ਕਰਦਾ ਹੋਵੇ।  ਅਸੀਂ ੮੪-੮੪ ਤਾਂ ਬਹੁਤ ਕਰਦੇ ਹਾਂ ਪਰ ਆਪਣੇ ਅੰਦਰ ਝਾਤ ਮਾਰ ਕੇ ਪੱਛੋ ਕਿ ਅਸੀਂ ੮੪ ਬਾਰੇ ਕਿੰਨੀਆਂ ਕੁ ਕਿਤਾਬਾਂ ਪੜ੍ਹੀਆਂ ਹਨ? ਸ਼ਬਦ ਗੁਰੂ ਦੀ ਵਿਰਾਸਤ ਦੇ ਬਾਵਜੂਦ ਮੂੰਹ ਜ਼ੁਬਾਨੀ ਤੋਂ ਵੱਧ ਸਾਡੇ ਪੱਲੇ ਕੁਝ ਨਹੀਂ ਹੈ। ਠੀਕ ਹੈ, ਨੌਕਰੀ ਖਾਤਰ ਪੜ੍ਹਾਈ ਲਈ ਹਰ ਕੋਈ ਇਤਿਹਾਸ ਨਹੀਂ ਪੜ੍ਹ ਸਕਦਾ ਪਰ ਸ਼ੌਕੀਆ ਤੌਰ ਤੇ ਇਤਿਹਾਸ ਪੜ੍ਹਨ ਤੋਂ ਤੁਹਾਨੂੰ ਕੌਣ ਰੋਕਦਾ ਹੈ?

ਹਰਜੀਤ ਸਿੰਘ ਸੱਜਣ ਨੇ ਵੀ ਇਕ ਵਾਰ ਕਿਤੇ ਟਿੱਪਣੀ ਕੀਤੀ ਸੀ ਕਿ ਸਿੱਖ ਘੱਟ ਗਿਣਤੀ ਹੋਣ ਦੇ ਬਾਵਜੂਦ ਬਹੁਗਿਣਤੀ ਹੋਣ ਦਾ ਭਰਮ ਪਾਲ ਕੇ ਰੱਖਦੇ ਹਨ। ਇਸ ਦਾ ਕਾਰਣ ਵੀ ਉਪਰੋਕਤ ਤੋਂ ਸਾਫ਼ ਜ਼ਾਹਰ ਹੈ। ਪਰ ਇਹ ਵੀ ਇਕ ਲੰਮੀ ਚਰਚਾ ਦਾ ਵਿਸ਼ਾ ਹੈ ਜੋ ਸਾਡੀ ਅੱਜ ਦੀ ਗੱਲਬਾਤ ਦੇ ਦਾਇਰੇ ਤੋਂ ਬਾਹਰ ਹੈ।

ਅਗਵਾਈ:

ਅੱਜ ਜੇਕਰ ਅਸੀਂ ਵਿਰਸੇ ਅਤੇ ਵਿਰਾਸਤ ਬਾਰੇ ਘੜ ਮੱਸ ਵਿੱਚ ਪੈ ਗਏ ਹਾਂ ਤਾਂ ਅਗਵਾਈ ਦੀ ਗੱਲ ਕਰਣ ਜੋਗੇ ਵੀ ਨਹੀਂ ਰਹੇ ਹਾਂ। ਮਕਾਨ ਦੀ ਉਪਰਲੀ ਮੰਜ਼ਲ ਤਾਂ ਹੀ ਪੈ ਸਕਦੀ ਹੈ ਜੇਕਰ ਹੇਠਲੀ ਠੋਸ ਅਤੇ ਮਜ਼ਬੂਤ ਹੋਵੇ।  ਪਰ ਹੇਠਲੀ ਮੰਜ਼ਲ ਨੂੰ ਠੋਸ ਕਰਣ ਲਈ ਜਦ ਸ਼ਬਦ ਗੁਰੂ ਦੀ ਗੱਲ ਕਰੀਏ ਤਾਂ ਬਿਪਰਵਾਦੀ ਲੋਕ ਝੱਟ ਕਹਿੰਦੇ ਹਨ ਕਿ ਅਸੀਂ ਪੜ੍ਹਨ-ਪੜ੍ਹਾਉਣ ਤੋਂ ਕੀ ਲੈਣਾ? ਗਲਤ ਹਵਾਲਾ ਦਿੰਦੇ ਹੋਏ ਉਹ ਇਹ ਕਹਿੰਦੇ ਹਨ ਕਿ ਕੀ ਕਰੀਏ ਗੁਰਬਾਣੀ ਵਿੱਚ ਲਿਖਿਆ ਹੈ: ਪੜਿ ਪੜਿ ਗਡੀ ਲਦੀਅਹਿ। ਉਹ ਭੁੱਲ ਜਾਂਦੇ ਹਨ ਕਿ ਇਸ ਸ਼ਬਦ ਵਿੱਚ ਵਿਚਾਰ ਹਉਮੈ ਦੇ ਸੰਦਰਭ ਵਿੱਚ ਹੋ ਰਹੀ ਹੈ ਨਾ ਕਿ ਸ਼ਬਦ ਵੀਚਾਰ ਬਾਰੇ। ਸ਼ਬਦ ਵਿਚਾਰ ਬਾਰੇ ਤਾਂ ਗੁਰਬਾਣੀ ਵਿੱਚ ਬਹੁਤ ਸਪਸ਼ਟ ਲਿਖਿਆ ਹੇ:

  • ਸੇਵਾ ਸੁਰਤਿ ਰਹਸਿ ਗੁਣ ਗਾਵਾ ਗੁਰਮੁਖਿ ਗਿਆਨੁ ਬੀਚਾਰਾ ॥ ਖੋਜੀ ਉਪਜੈ ਬਾਦੀ ਬਿਨਸੈ ਹਉ ਬਲਿ ਬਲਿ ਗੁਰ ਕਰਤਾਰਾ ॥ (੧੨੫੫)
  • ਸਭਸੈ ਊਪਰਿ ਗੁਰ ਸਬਦੁ ਬੀਚਾਰੁ ॥ ਹੋਰ ਕਥਨੀ ਬਦਉ ਨ ਸਗਲੀ ਛਾਰੁ ॥੨॥ (੯੦੪)
  • ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ ॥ ਅਕਲੀ ਪੜ੍ਹ੍ਹਿ ਕੈ ਬੁਝੀਐ ਅਕਲੀ ਕੀਚੈ ਦਾਨੁ ॥ ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ ॥੧॥ ਮਃ ੨ ॥ (੧੨੪੫)
  • ਖੋਜਤ ਖੋਜਤ ਪਾਇਆ ਡਰੁ ਕਰਿ ਮਿਲੈ ਮਿਲਾਇ ॥ ਆਪੁ ਪਛਾਣੈ ਘਰਿ ਵਸੈ ਹਉਮੈ ਤ੍ਰਿਸਨਾ ਜਾਇ ॥ (੫੭)

ਜੇਕਰ ਅਸੀਂ ਸ਼ਬਦ ਗੁਰੂ ਦੇ ਗਾਡੀ ਰਾਹ ਤੋਂ ਨਾ ਭਟਕੀਏ ਤਾਂ ਕੋਈ ਵੀ ਸਾਡਾ ਭਵਿੱਖ ਸਾਡੇ ਕੋਲੋਂ ਖੋਹ ਨਹੀਂ ਸਕਦਾ।

(ਇਹ ਵਿਚਾਰ ਲੇਖਕ ਵੱਲੋਂ ਪਹਿਲੀ ਵਾਰ ੨੮ ਨਵੰਬਰ ੨੦੧੫ ਨੂੰ ਵਰਲਡ ਕਾਊਂਸਲ ਆਫ਼ ਸਿੱਖ ਅਫ਼ੇਅਰਜ਼, ਨਿਊਜ਼ੀਲੈਂਡ ਵੱਲੋਂ ਆਕਲੈਂਡ ਵਿਖੇ ਕਰਵਾਏ ਗਏ “ਸਿੱਖ ਕੌਮ ਦਾ ਭਵਿੱਖ” ਸੈਮੀਨਾਰ ਵਿੱਚ ਪੜ੍ਹੇ ਗਏ)

Posted in ਚਰਚਾ, ਮਿਆਰ, ਸਮਾਜਕ

ਅੱਖੀਆਂ

ਬੀਤੇ ਦਿਨ ਮੈਨੂੰ ਫਿਲਮ ਜੱਟ ਐਂਡ ਜੂਲੀਅਟ 2 ਦਾ ਗੀਤ “ਅੱਖੀਆਂ” ਸੁਣਨ ਨੂੰ ਮਿਲਿਆ। ਇਹ ਗਾਣਾ ਸੁਣ ਕਿ ਇੰਞ ਮਹਿਸੂਸ ਹੁੰਦਾ ਰਿਹਾ ਕਿ ਜਿਵੇਂ ਮੈਂ ਪਿਆਰ ਦੀ ਆਬਸ਼ਾਰ ਵਿੱਚ ਭਿੱਜਿਆ ਤੁਰਿਆ ਜਾ ਰਿਹਾ ਹੋਵਾਂ ਤੇ ਰੁਕਣ ਲਈ ਮਨ ਹੀ ਨਾ ਕਰ ਰਿਹਾ ਹੋਵੇ। ਗੀਤ ਨੂੰ ਮੁੜ-ਮੁੜ ਕੇ ਸੁਣਦਾ ਰਿਹਾ ਤੇ ਮੋਹ ਦਾ ਜਾਲ ਹਾਲੇ ਵੀ ਭੰਗ ਨਹੀਂ ਹੋਇਆ। ਅੰਬਰ ਤੋਂ ਇਹ ਵੀ ਆਸ ਹੈ ਕਿ ਉਹ ਪੰਜਾਬ ਦੀ ਗੱਟਰ ਗਾਇਕੀ ਦੇ ਹੜ੍ਹ ਵਿੱਚ ਨਹੀਂ ਰੁੜੇਗਾ ਤੇ ਆਪਣੀ ਜੱਦੋ-ਜਹਿਦ ਜਾਰੀ ਰੱਖੇਗਾ।

ਮੈਂ ਇਸ ਗੱਲ ਤੇ ਮਸੋਸਿਆ ਹੋਇਆ ਹਾਂ ਕਿ ਇਹ ਗਾਣਾ ਮੈਨੂੰ ਏਡੀ ਦੇਰ ਨਾਲ ਕਿਉਂ ਲੱਭਾ? ਪਹਿਲਾਂ ਤਾਂ ਮੈਨੂੰ ਯਕੀਨ ਹੀ ਨਾ ਹੋਇਆ ਕਿ ਇਹ ਗੀਤ ਇਸ ਸੜ੍ਹਕ-ਛਾਪ ਫਿਲਮ ਤੋਂ ਹੋ ਸਕਦਾ ਹੈ। ਅਸਲ ਵਿੱਚ ਸ਼ੁਰੂ ਦੀਆਂ ਹਰਭਜਨ ਮਾਨ ਦੀਆਂ ਕੁਝ ਫਿਲਮਾਂ ਤੋਂ ਬਾਅਦ ਮੈਂ ਪੰਜਾਬੀ ਫਿਲਮਾਂ ਨੂੰ ਹੁਣ ਡਰਦਾ-ਡਰਦਾ ਹੀ ਹੱਥ ਪਾਉਂਦਾ ਹਾਂ।  ਅੱਜ ਦੀਆਂ ਪੰਜਾਬੀ ਫਿਲਮਾਂ ੧੦-੧੨ ਘਟੀਆ ਜਿਹੇ ਚੁਟਕਲੇ ਜੋੜ ਕੇ ਬਣੀਆਂ ਹੁੰਦੀਆਂ ਹਨ। ਉੱਤੋਂ ਕਸਰ ਯੋ-ਯੋ ਵਰਗਿਆਂ ਦੇ ਭੰਡਪੁਣੇ ਨੇ ਕੱਢ ਦਿੱਤੀ ।  ਉਸ ਦੇ ਗੀਤਾਂ ਵਿੱਚ ਔਰਤਾਂ ਲਈ  ਅਜਿਹੇ ਭੱਦੇ ਅਲਫਾਜ਼ ਵਰਤੇ ਗਏ ਹੁੰਦੇ ਹਨ ਕਿ ਲੱਗਦਾ ਹੀ ਨਹੀਂ ਕਿ ਉਹਨੂੰ ਕਿਸੇ ਔਰਤ ਨੇ ਜਨਮ ਦਿੱਤਾ ਹੋਵੇਗਾ।

ਇਕ ਚੰਗੀ ਗੱਲ ਇਹ ਵੀ ਲੱਗੀ ਕਿ ਦਿਲਜੀਤ ਦੁਸਾਂਝ ਨੇ ਜਦ ਇਹ ਗਾਣਾ ਸੁਣਿਆ ਤਾਂ ਉਸ ਨੇ ਖੁੱਲਦਿਲੀ ਦਾ ਸਬੂਤ ਦਿੰਦਿਆਂ ਹੋਇਆਂ ਅੰਬਰ ਵਸ਼ਿਸ਼ਟ ਨੂੰ ਹੀ ਫਿਲਮ ਜੱਟ ਐਂਡ ਜੂਲੀਅਟ 2 ਲਈ “ਅੱਖੀਆਂ” ਗੀਤ ਗਾਉਣ ਦਾ ਮੌਕਾ ਦਿੱਤਾ। ਦਿਲਜੀਤ ਸੁਰੀਲੀ ਆਵਾਜ਼ ਦਾ ਮਾਲਕ ਹੈ ਪਰ ਉਸ ਨੇ ਹਾਲੇ ਤੱਕ ਬਹੁਤੇ ਸੜ੍ਹਕ-ਛਾਪ ਗਾਣੇ ਗਾ ਕੇ ਆਪਣੀ ਸੁਰੀਲੀ ਆਵਾਜ਼ ਨਾਲ ਬੇਇਨਸਾਫ਼ੀ ਹੀ ਕੀਤੀ ਹੈ।  ਆਸ ਕਰਦਾ ਹਾਂ ਕਿ ੨੦੧੪ ਵਿੱਚ ਦਿਲਜੀਤ ਦੀ ਆਵਾਜ਼ ਵਿੱਚ ਉੱਚੇ ਮਿਆਰ ਦੇ ਕੁਝ ਨਿਰੋਲ ਪੰਜਾਬੀ ਗੀਤ ਸੁਣਨ ਨੂੰ ਮਿਲਣਗੇ।

Posted in ਚਰਚਾ, ਸਮਾਜਕ

ਪੰਜਾਬ ਵਿਧਾਨ ਸਭਾ ਚੋਣਾਂ 2012

ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੀ ਗਿਣਤੀ ਬੀਤੀ 6 ਮਾਰਚ ਨੂੰ ਮੁਕੰਮਲ ਹੋਈ ਹੈ। ਸੁਰਖੀਆਂ ਇਹ ਕਹਿ ਰਹੀਆਂ ਹਨ ਕਿ ਹਾਕਮ ਧੜੇ ਦਾ ਰਾਜ ਤੇ ਮੁੜ ਕਬਜ਼ਾ ਨਵਾਂ ਇਤਿਹਾਸ ਸਿਰਜ ਗਿਆ ਹੈ। ਪਰ ਚੋਣਾਂ ਦੇ ਅੰਕੜੇ ਤਾਂ ਕੁਝ ਹੋਰ ਹੀ ਦੱਸਦੇ ਹਨ। ਘੋਖ ਕੀਤਿਆਂ ਇਹ ਪਤਾ ਚੱਲਦਾ ਹੈ ਕਿ ਅਕਾਲੀ ਦਲ 34.75 ਫੀਸਦੀ ਵੋਟਾਂ ਲੈ ਕੇ 56 ਸੀਟਾਂ, ਕਾਂਗਰਸ 40.13 ਫੀਸਦੀ ਵੋਟਾਂ ਲੈ ਕੇ 46 ਸੀਟਾਂ, ਭਾਜਪਾ 7.13 ਫੀਸਦੀ ਵੋਟਾਂ ਲੈ ਕੇ 12 ਸੀਟਾਂ ਤੇ ਕਾਬਜ਼ ਹੋਏ ਹਨ ਜਦਕਿ ਮਨਪ੍ਰੀਤ ਬਾਦਲ ਦਾ ਮੋਰਚਾ 5.67 ਫੀਸਦੀ ਵੋਟਾਂ ਲੈ ਕੇ ਵੀ ਖਾਤਾ ਖੋਲ੍ਹਣ ਵਿੱਚ ਨਾਕਾਮਯਾਬ ਰਿਹਾ ਹੈ। ਸੌਖਾ ਜਿਹਾ ਮਤਲਬ ਇਹ ਕਿ ਕਈ ਧਿਰਾਂ ਘੱਟ ਵੋਟਾਂ ਦੇ ਬਾਵਜੂਦ ਸੀਟਾਂ ਵੱਧ ਲੈ ਗਈਆਂ ਹਨ।

ਅਖ਼ਬਾਰਾਂ ਤੇ ਦੂਰ ਸੰਚਾਰ ਪੱਤਰਕਾਰ ਇਨ੍ਹਾਂ ਅੰਕੜਿਆਂ ਨੂੰ ਮਾਝੇ-ਮਾਲਵੇ-ਦੁਆਬੇ ਦੀ ਉਪਰੋਥੱਲੀ ਦੀ ਕਾਂਵਾਰੌਲੀ ਵਿੱਚ ਡੋਬੀ ਜਾ ਰਹੇ ਹਨ। ਪਰ ਅਸਲੀਅਤ ਵਿੱਚ ਵੋਟ ਪਾਉਣ ਦੇ “ਫਸਟ ਪਾਸਟ ਦਾ ਪੋਸਟ” ਨਿਜ਼ਾਮ ਹੇਠ ਇਹ ਤਾਨਾਸ਼ਾਹੀ ਦੇ ਲੱਛਣ ਉੱਘੜ ਕੇ ਸਾਹਮਣੇ ਆ ਰਹੇ ਹਨ। “ਫਸਟ ਪਾਸਟ ਦਾ ਪੋਸਟ” ਨਿਜ਼ਾਮ ਹੇਠ ਪੰਜਾਬ ਦੇ ਅਜਿਹੇ ਚੋਣ ਨਤੀਜਿਆਂ ਨਾਲ ਇਹ ਕੋਈ ਅਲੋਕਾਰੀ ਗੱਲ ਨਹੀਂ ਹੋਈ।

ਦੁਨੀਆਂ ਦਾ ਕਈ ਹਿੱਸਿਆਂ ਵਿੱਚ ਅਜਿਹੇ ਨਤੀਜੇ ਚੋਣਾਂ ਦਾ ਨਿਜ਼ਾਮ ਬਦਲ ਚੁੱਕੇ ਹਨ – ਕਈ ਮੁਲਕ਼ “ਫਸਟ ਪਾਸਟ ਦਾ ਪੋਸਟ” ਨੂੰ ਛੱਡ ਕੇ ਪ੍ਰੈਫਰੈਂਸ਼ਲ ਵੋਟਿੰਗ, ਸਿੰਗਲ ਟ੍ਰਾਂਸਫਰੇਬਲ ਵੋਟ ਜਾਂ ਫਿਰ ਐਮ.ਐਮ. ਪੀ ਅਪਣਾ ਚੁੱਕੇ ਹਨ। ਮੇਰੀ ਜਾਚੇ ਹੁਣ ਉਹ ਵਕ਼ਤ ਆ ਗਿਆ ਹੈ ਜਦ ਪੰਜਾਬ ਵਿੱਚ ਲੋਕਰਾਜ ਮੁੜ ਬਹਾਲ ਕਰਣ ਲਈ ਚੋਣਾਂ ਦਾ “ਫਸਟ ਪਾਸਟ ਦਾ ਪੋਸਟ” ਨਿਜ਼ਾਮ ਬਦਲਣ ਦੀ ਡਾਢੀ ਲੋੜ ਹੈ, ਨਹੀਂ ਤਾਂ ਆਮ ਪੰਜਾਬੀ ਦੀ ਜ਼ਿੰਦਗੀ ਬੱਦ ਤੋਂ ਬੱਦਤਰ ਹੁੰਦੀ ਜਾਵੇਗੀ।

Posted in ਚਰਚਾ, ਮਿਆਰ, ਸਮਾਜਕ

ਅਜੀਤ ਅਖ਼ਬਾਰ ਦੇ ਨਾਂ ਖੁੱਲੀ ਚਿੱਠੀ

ਅੱਜ ਕੌਮਾਂਤਰੀ ਪੱਧਰ ਤੇ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਜਲੰਧਰੋਂ ਛਪਣ ਵਾਲੇ ਅਜੀਤ ਅਖ਼ਬਾਰ ਦਾ ਉਹ ਵਝਕਾ ਨਹੀਂ ਰਹਿ ਗਿਆ ਜੋ ਕਿ ਕਦੇ ਪਹਿਲਾਂ ਹੁੰਦਾ ਸੀ। ਆਮ ਕਰਕੇ ਹੁਣ ਇਸ ਅਖ਼ਬਾਰ ਨੂੰ ਬਾਦਲ ਦੀ ਅਖ਼ਬਾਰ ਜਾਂ ਫਿਰ ਭੋਗ, ਪ੍ਰੈਸ ਨੋਟ, ਸਰਕਾਰੀ ਗਜ਼ਟ ਹੀ ਕਿਹਾ ਜਾਂਦਾ ਹੈ। ਅਜਿਹੇ ਮਾਹੌਲ ਵਿੱਚ ਲੋੜ ਹੈ ਕਿ ਅਜੀਤ ਮਦਹੋਸ਼ੀ ਤੋਂ ਜਾਗੇ ਅਤੇ ਆਪਣਾ ਖਖੜੀ-ਖਖੜੀ ਹੋਇਆ ਕਿਰਦਾਰ ਮੁੜ ਸੁਰਜੀਤ ਕਰੇ। ਇਹ ਕੰਮ ਪੰਜਾਬੀਅਤ ਦੀ ਸਮੁੱਚੀ ਸੇਵਾ ਦਾ ਵੀ ਹਿੱਸਾ ਹੋ ਸਕਦਾ ਹੈ।

ਪਹਿਲੇ ਕਦਮ ਤੇ ਤੌਰ ਤੇ ਅਜੀਤ ਹਰ ਸਾਲ ਦੀ 15 ਨਵੰਬਰ ਦੇ ਲਾਗੇ-ਚਾਗੇ ਇਕ ਸਲਾਨਾ ਰਸਾਲਾ ਛਾਪਣਾ ਸ਼ੁਰੂ ਕਰ ਸਕਦਾ ਹੈ। ਇਹ ਤਾਰੀਖ਼ ਪਰਵਾਸੀ ਤੇ ਪੰਜਾਬ ਯਾਤਰੂਆਂ ਦੇ ਪੱਖੋਂ ਬਹੁਤ ਜ਼ਰੂਰੀ ਹੈ। ਮੇਰੇ ਵਰਗੇ ਜਿਹੜੇ ਲੋਕ ਪੰਜਾਬ ਜਾਂਦੇ ਹਨ ਤਾਂ ਮਨ ਵਿੱਚ ਇਹ ਰੀਝ ਹੁੰਦੀ ਹੈ ਕਿ ਆਪਣੇ ਬੱਚਿਆਂ ਨੂੰ ਉਹ ਪੰਜਾਬ ਵਖਾ ਸਕੀਏ ਜਿਸ ਨੂੰ ਵੇਖ ਕੇ ਉਨ੍ਹਾਂ ਅੰਦਰ ਆਪਣੇ ਆਪ ਪੰਜਾਬ ਲਈ ਇੱਜਤ ਪੁੰਗਰੇ। ਉਹ ਇਸ ਸੋਚ ਵਿੱਚ ਨਾ ਬੱਝੇ ਰਹਿ ਜਾਣ ਕਿ ਅਸੀਂ ਤਾਂ ਪੰਜਾਬ ਸਿਰਫ ਵਿਆਹ ਵੇਖਣ ਤੇ ਰਿਸ਼ਤੇਦਾਰਾਂ ਨੂੰ ਮਿਲਣ ਆਏ ਹਾਂ।

ਉਪਰੋਕਤ ਸੁਝਾਏ ਰਸਾਲੇ ਦੀ ਲੋੜ ਇਸ ਕਰਕੇ ਹੈ ਕਿ ਕੋਈ ਵੀ ਯਾਤਰੂ ਜਦ ਪੰਜਾਬ ਆਵੇ ਤਾਂ ਇਹ ਜਾਣ ਸਕੇ ਕਿ ਦਸੰਬਰ-ਜਨਵਰੀ ਵਿੱਚ ਪੰਜਾਬ ਵਿੱਚ ਨਾਟਕ ਕਿੱਥੇ ਖੇਡੇ ਜਾ ਰਹੇ ਹਨ, ਪਰਦਰਸ਼ਨੀਆਂ ਕਿੱਥੇ ਲੱਗੀਆਂ ਹਨ, ਅਜਾਇਬ ਘਰ ਕਿੱਥੇ ਹਨ ਤੇ ਕਦੋਂ ਖੁੱਲਦੇ ਹਨ। ਮੇਰੀ ਜਾਚੇ ਤਾਂ ਯੂਨੀਵਰਸਿਟੀਆਂ ਦੇ ਯੁਵਕ ਮੇਲੇ ਵੀ ਦਸੰਬਰ-ਜਨਵਰੀ ਵਿੱਚ ਹੀ ਹੋਣੇ ਚਾਹੀਦੇ ਹਨ। ਯੂਨੀਵਰਸਿਟੀਆਂ ਦੇ ਨਾਟਕ ਵਿਭਾਗ ਤਾਂ ਇਨ੍ਹਾਂ ਦਿਨਾਂ ਵਿੱਚ ਤਾਂ ਨਾਟਕਾਂ ਦੀਆਂ ਝੜੀਆਂ ਹੀ ਲਾ ਦੇਣ ਤਾਂ ਅਸ਼ਕੇ।

ਇਸ ਰਸਾਲੇ ਵਿੱਚ ਇਸ ਤੋਂ ਇਲਾਵਾ ਸਾਰੇ ਸਾਲ ਦੇ ਅਖ਼ਬਾਰ ਵਿੱਚ ਛਪੇ ਚੁਣਿੰਦਾ ਸੰਪਾਦਕੀ, ਲੇਖ, ਕਹਾਣੀਆਂ ਤੇ ਕਵਿਤਾਵਾਂ ਮੁੜ ਛਾਪੀਆਂ ਜਾ ਸਕਦੀਆਂ ਹਨ। ਇਸ ਤੋਂ ਇਲਾਵਾ ਇਹ ਰਸਾਲਾ ਇਹ ਵੀ ਦੱਸੇ ਕਿ ਮੌਜੂਦਾ ਸਾਲ ਵਿੱਚ ਪੰਜਾਬੀ ਬੋਲੀ ਦੀ ਤਰੱਕੀ ਲਈ ਕੀ ਕੰਮ ਹੋਏ ਹਨ। ਇਸ ਵਰ੍ਹੇ ਪੰਜਾਬੀ ਦੇ ਕਿੰਨੇ ਨਵੇਂ ਸ਼ਬਦ ਘੜੇ ਗਏ ਹਨ? ਪੰਜਾਬੀ ਯੂਨੀਵਰਸਿਟੀ ਅਤੇ ਭਾਸ਼ਾ ਵਿਭਾਗ ਦੇ ਕੰਮ ਕਾਜ ਦਾ ਇਸ ਸਾਲ ਕੀ ਲੇਖਾ ਜੋਖਾ ਰਿਹਾ ਹੈ? ਇਹ ਵੀ ਜਾਣਕਾਰੀ ਦਿੱਤੀ ਜਾਵੇ ਕਿ ਤਕਨਾਲੋਜੀ ਦੇ ਖੇਤਰ ਵਿੱਚ ਪੰਜਾਬੀ ਬੋਲੀ ਕੀ ਤਰੱਕੀ ਕਰ ਰਹੀ ਹੈ? ਪੰਜਾਬ ਸਰਕਾਰ ਕਿੰਨਾ ਕੁ ਕੰਮ ਪੰਜਾਬੀ ਵਿੱਚ ਕਰ ਰਹੀ ਹੈ? ਪੰਜਾਬ ਸਰਕਾਰ ਦੇ ਕਿੰਨੇ ਕੰਪਿਊਟਰ ਪੰਜਾਬੀ ਵਿੱਚ ਕੰਮ ਕਰਣ ਯੋਗ ਹਨ? ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੇ ਕਿੰਨੇ ਫੀਸਦੀ ਮੋਬਾਈਲ ਫੇਨ ਪੰਜਾਬੀ ਵਿੱਚ ਕੰਮ ਕਰਣ ਯੋਗ ਹਨ?

ਜੇਕਰ ਤੁਸੀਂ (ਅਜੀਤ ਅਖ਼ਬਾਰ) ਇਸ ਕੰਮ ਨੂੰ ਨੇਪਰੇ ਨਹੀਂ ਚਾੜ੍ਹ ਸਕਦੇ ਤਾਂ ਕੁਲਦੀਪ ਨੱਈਅਰ ਦੀ ਉਹ ਗੱਲ ਮੈਨੂੰ ਸੱਚੀ ਲੱਗੇਗੀ ਕਿ ਆਂਉਂਦੇ ਪੰਜਾਹ ਕੁ ਸਾਲਾਂ ਵਿੱਚ ਪੰਜਾਬ ਵਿੱਚੋਂ ਪੰਜਾਬੀ ਹੀ ਛਪਣ ਹੋ ਜਾਵੇਗੀ।

Posted in ਚਰਚਾ, ਸਮਾਜਕ

ਸਭਿਆਚਾਰ: ਕਿਹੜਾ ਤੇ ਕਿਸਦਾ?

ਕੁਝ ਦਿਨ ਪਹਿਲਾਂ ਹੀ ਮੈਨੂੰ ਯੂ-ਟਿਊਬ ਤੇ ਪ੍ਰੋ: ਨਰਿੰਦਰ ਸਿੰਘ ਕਪੂਰ ਦਾ ਵਿਡੀਓ ਵੇਖਣ ਦਾ ਮੌਕਾ ਲੱਗਾ। ਪ੍ਰੋ: ਨਰਿੰਦਰ ਸਿੰਘ ਕਪੂਰ ਇਸ ਵਿਡੀਓ ਵਿੱਚ ਕਿਸੇ ਅਖੌਤੀ ਐਨ. ਆਰ. ਆਈ ਸਭਿਆਚਾਰ ਦੀ ਗੱਲ ਕਰ ਰਹੇ ਸਨ ਕਿ ਉਹ ਕਿਵੇਂ ਪੰਜਾਬ ਆ ਕੇ ਮਾਹੌਲ ਨੂੰ ਗੰਦਲਾ ਕਰਦੇ ਹਨ ।

ਚੰਗਾ ਹੋਇਆ ਨਰਿੰਦਰ ਸਿੰਘ ਨੇ ਲਫ਼ਜ਼ ਐਨ. ਆਰ. ਆਈ ਵਰਤਿਆ ਕਿਉਂਕਿ ਘੱਟੋ-ਘੱਟ ਮੈਂ ਤਾਂ ਆਪਣੇ ਆਪ ਨੂੰ ਐਨ. ਆਰ. ਆਈ ਨਹੀਂ ਗਿਣਦਾ। ਮੈਂ ਨਿਊਜ਼ੀਲੈਂਡ ਦਾ ਨਾਗਰਿਕ ਹਾਂ ਤੇ ਪੰਜਾਬੀਅਤ ਦਾ ਮੁੱਦਈ ਹਾਂ। ਨਰਿੰਦਰ ਸਿੰਘ ਦੇ ਗਿਲੇ ਸ਼ਿਕਵੇ ਜੋ ਵੀ ਹੋਣ ਪਰ ਅਖੀਰ ਵਿੱਚ ਗੱਲ ਇਥੇ ਪਹੁੰਚਦੀ ਹੈ ਕਿ ਉੱਠ ਸਕਾਂ ਨਾ ਤੇ ਫਿੱਟੇ ਮੂੰਹ ਗੋਡਿਆਂ ਦਾ ਅਤੇ ਉੱਤੋਂ ਦੀ ਐਨ. ਆਰ. ਆਈ ਟੋਲੇ ਦਾ ਗਲ਼ ਵਿੱਚ ਗਲ਼ਮਾਂ।

ਸੱਚੀ ਗੱਲ ਤਾਂ ਇਹ ਹੈ ਕਿ ਇਸ ਵੇਲੇ ਪੰਜਾਬ ਹੀ ਖੱਸੀ ਹੋਇਆ ਪਿਆ ਹੈ ਤੇ ਭਾਂਡਾ ਭੰਨਿਆ ਜਾ ਰਿਹਾ ਹੈ ਐਨ. ਆਰ. ਆਈ ਟੋਲੇ ਦੇ ਸਿਰ। ਜਿਸ ਸਮਾਜਕ ਜੀਵਨ ਦਾ ਰੋਣਾ ਨਰਿੰਦਰ ਸਿੰਘ ਸਿੰਘ ਰੋ ਰਿਹਾ ਹੈ ਉਹ ਰਹਿ ਹੀ ਕਿੱਥੇ ਗਿਆ ਹੈ? ਜੇਕਰ ਸਮਾਜਕ ਜੀਵਨ ਦੀ ਵਾਕਿਆ ਹੀ ਕੋਈ ਪੰਜਾਬ ਵਿੱਚ ਵੁੱਕਤ ਹੋਵੇ ਤਾਂ ਫੇਰ ਕੀ ਮਜਾਲ ਹੈ ਕਿ ਕੋਈ ਐਨ. ਆਰ. ਆਈ ਟੋਲਾ ਉਸ ਵਿੱਚ ਖਲਲ਼ ਪਾ ਸਕੇ।

ਪੰਜਾਬ ਤੋਂ ਬਾਹਰ ਜਾ ਕੇ ਵੱਸੇ ਲੋਕ ਐਨ. ਆਰ. ਆਈ ਨਾਲੋਂ ਪੰਜਾਬੀ ਹੀ ਅਖਵਾਉਣਾ ਵਧੇਰੇ ਪਸੰਦ ਕਰਦੇ ਹਨ। ਪਰ ਉਹ ਜਦ ਵੀ ਪੰਜਾਬ ਦੀ ਫੇਰੀ ਤੇ ਜਾਂਦੇ ਹਨ ਤਾਂ ਬੇਹੱਦ ਮਾਯੂਸ ਹੋ ਕੇ ਵਾਪਸ ਪਰਤਦੇ ਹਨ ਕਿ ਪੰਜਾਬ ਕਿੰਨਾ ਖੱਸੀ, ਖੋਖਲਾ ਤੇ ਖੁਰਕਿਆ ਪਿਆ ਹੈ। ਨਾ ਤਾਂ ਕਿਤੇ ਪੰਜਾਬੀ ਬੋਲੀ ਲੱਭਦੀ ਹੈ ਤਾਂ ਨਾ ਹੀ ਕਿਤੇ ਪੰਜਾਬੀ ਪੜ੍ਹਣ ਦਾ ਚਾਅ। ਜਿਹੜਾ ਵੀ ਲੰਘਦਾ ਹੈ ਉਹ ਚੰਮ ਦੀਆਂ ਚਲਾਉਂਦਾ ਹੀ ਜਾਪਦਾ ਹੈ ਭਾਵੇਂ ਉਹ ਨਰਿੰਦਰ ਸਿੰਘ ਵਾਲਾ ਐਨ. ਆਰ. ਆਈ ਟੋਲਾ ਹੀ ਹੋਵੇ ਤੇ ਭਾਵੇਂ ਮੁਕਾਮੀ ਕਾਕਾਸ਼ਾਹੀ ਨਿਜ਼ਾਮ।

ਨਰਿੰਦਰ ਸਿੰਘ, ਅਗਲੀਆਂ ਸਤਰਾਂ ਵਿੱਚ ਪੰਜਾਬੀਆਂ ਦੀਆਂ ਸਧਰਾਂ ਹਨ ਜਿੰਨ੍ਹਾਂ ਨੂੰ ਪੰਜਾਬ ਵਿੱਚ ਵਲੂੰਧਰਿਆ ਅਤੇ ਨੋਚਿਆ ਜਾ ਰਿਹਾ ਹੈ। ਕੀ ਪੰਜਾਬ ਦੇ ਬਾਸ਼ਿੰਦੇ ਐਨ. ਆਰ. ਆਈ ਟੋਲੇ ਦੇ ਸਿਰ ਭਾਂਡਾ ਭੰਨਣ ਦੀ ਬਜਾਏ ਆਪਣੀ ਔਕਾਤ ਨੂੰ ਹੀ ਉੱਚਾ ਚੁੱਕ ਸਕਦੇ ਹਨ? ਨਰਿੰਦਰ ਸਿੰਘ ਤੁਸੀਂ ਕਿਉਂਕਿ ਸਾਰੀ ਉਮਰ ਯੂਨੀਵਰਸਿਟੀ ਦੇ ਲੇਖੇ ਲਾਈ ਹੈ ਸੋ ਮੈਂ ਆਪਣੀ ਗੱਲ ਦਾ ਘੇਰਾ ਅਕਾਦਮਿਕ ਦਾਇਰੇ ਵਿੱਚ ਹੀ ਰੱਖਾਂਗਾ ਤਾਂ ਜੋ ਤੁਹਾਡੇ ਨਾਲ ਗ਼ੁਫ਼ਤਗ਼ੂ ਮੁਸੱਲਸਲ ਜਾਰੀ ਰਹੇ।

ਦੁਨੀਆਂ ਦੇ ਮੁਲਕਾਂ ਵਿੱਚ ਵੱਸਦੇ ਨੌਕਰੀਪੇਸ਼ਾ ਤੇ ਪੇਸ਼ਾਵਰ ਪੰਜਾਬੀ ਆਮ ਤੌਰ ਤੇ ਜਦ ਪੰਜਾਬ ਯਾਤਰਾ ਦੀ ਮਨਸੂਬਾ-ਬੰਦੀ ਕਰਦੇ ਹਨ ਤਾਂ ਵਧੇਰੇ ਕਰਕੇ 15 ਦਸੰਬਰ ਤੋਂ 30 ਜਨਵਰੀ ਤੱਕ ਦਾ ਵਕ਼ਤ ਚੁਣਦੇ ਹਨ। ਮੇਰੀ ਜਾਚੇ ਇਹ ਵਕ਼ਤ ਤਾਂ ਪੰਜਾਬ ਵਿੱਚ ਮੇਲਾਮਈ ਬਣ ਜਾਣਾ ਚਾਹੀਦਾ ਹੈ। ਉਪਰਲਿਖਤ ਪੰਜਾਬੀ ਜਦ ਪੰਜਾਬ ਪਹੁੰਚਦੇ ਹਨ ਤਾਂ ਪਹਿਲੇ ਪੜਾਅ ਤੇ ਹੀ ਆਪਣੀਆਂ ਸਧਰਾਂ ਦਾ ਕ਼ਤਲੇਆਮ ਹੁੰਦਾ ਵੇਖਣਾ ਸ਼ੁਰੂ ਕਰ ਦਿੰਦੇ ਹਨ। ਆਓ ਜ਼ਰਾ ਵੇਖੀਏ ਕਿ ਨਰਿੰਦਰ ਸਿੰਘ ਦਾ ਸਭਿਆਚਾਰ ਕਿਹੜੀ ਕਰਵਟ ਬੈਠਦਾ ਹੈ?

ਕੋਈ ਅਖ਼ਬਾਰ ਚੁੱਕ ਲਓ, ਇਸ ਬਾਰੇ ਕੋਈ ਜਾਣਕਾਰੀ ਨਹੀਂ ਕਿ ਆਉਂਦੇ ਦਿਨਾਂ ਵਿੱਚ ਕਿਸ ਸ਼ਹਿਰ ਵਿੱਚ ਕਿਹੜੇ ਨਾਟਕ ਖੇਡੇ ਜਾ ਰਹੇ ਹਨ। ਜਾਂ ਫਿਰ ਇਸ ਸਾਲ ਚੋਟੀ ਦੇ ਪੰਜ ਪੰਜਾਬੀ ਨਾਵਲ, ਕਹਾਣੀਆਂ ਜਾਂ ਕਵਿਤਾਵਾਂ ਦੀਆਂ ਕਿਤਾਬਾਂ? ਜਲੰਧਰੋਂ ਛਪਦੇ ਪੰਜਾਬੀ ਅਖਬਾਰ ਤੇ ਬੱਸ ਭੋਗ, ਪ੍ਰੈਸ-ਨੋਟ ਤੇ ਮੁੱਠੀ-ਚਾਪੀ ਕਰਣ ਜੋਗੇ ਹੀ ਹਨ। ਖਬਰ ਲਿਖਣੀ ਤੇਂ ਆਉਂਦੀ ਨਹੀਂ ਸਿਰਫ ਬੰਦਿਆਂ ਦੇ ਨਾਂਵਾਂ ਦੀਆਂ ਲੰਮੀਆਂ ਸੂਚੀਆਂ ਤੇ “ਯਾਦਗਾਰੀ ਹੋ ਨਿੱਬੜਿਆ ਮੇਲਾ” ਵਰਗੇ ਸ਼ਬਦ ਆਮ ਪੜ੍ਹਣ ਨੂੰ ਮਿਲਦੇ ਹਨ। ਕੋਈ ਪੁੱਛਣ ਵਾਲਾ ਹੋਵੇ ਤੇ ਪੁੱਛੇ ਕਿ ਯਾਦਗਾਰੀ ਮਾਅਰਕਾ ਕੀ ਮਾਰ ਦਿੱਤਾ? ਪਰ ਗੱਲ ਤਾਂ ਹੈ ਕਿ ਜਿਹੜੇ ਪੁੱਛਣ ਵਾਲੀ ਜਗ੍ਹਾ ਮੱਲੀ ਬੈਠੇ ਹਨ ਉਹ ਆਪ ਡਰਦੇ ਹਨ ਕਿ ਪੁੱਛ ਕੇ ਕਿਤੇ ਆਪਣਾ ਹੀ ਢਿੱਡ ਨਾ ਨੰਗਾ ਕਰ ਲੈਣ।

ਨਰਿੰਦਰ ਸਿੰਘ, ਹੁਣ ਗੱਲ ਪੰਜਾਬੀ ਯੂਨੀਵਰਸਿਟੀ ਵੱਲ ਮੋੜਦੇ ਹਾਂ। ਇਹ ਅਫਵਾਹ ਆਮ ਸੁਣਨ ਨੂੰ ਮਿਲਦੀ ਹੈ ਕਿ ਇਹ ਯੂਨੀਵਰਸਿਟੀ ਪੰਜਾਬੀ ਬੋਲੀ ਦੀ ਤਰੱਕੀ ਵਾਸਤੇ ਬਣੀ ਸੀ। ਪਰ ਮਜ਼ਾਲ ਹੈ ਕਿ ਤੁਹਾਨੂੰ ਇਸ ਬਾਰੇ ਮਾੜੀ ਮੋਟੀ ਕੋਈ ਜਾਣਕਾਰੀ ਮਿਲ ਸਕੇ। ਅੱਜ ਦੀ ਦੁਨੀਆਂ ਵਿੱਚ ਇੰਟਰਨੈਟ – ਵੈਬ ਜਾਂ ਫਿਰ ਪੰਜਾਬੀ ਵਿੱਚ ਜਾਲ ਹੀ ਕਹਿ ਲੈਂਦੇ ਹਾਂ, ਆਮ ਹੈ। ਪਰ ਪੰਜਾਬੀ ਯੂਨੀਵਰਸਿਟੀ ਦਾ ਘਸਿਆ ਜਿਹਾ ਜਾਲ ਕੀਤੇ ਕੰਮਾਂ ਦੀ ਕੋਈ ਜਾਣਕਾਰੀ ਨਹੀਂ ਦਿੰਦਾ।

ਦੁਨੀਆਂ ਦੀਆਂ ਯੂਨੀਵਰਸਿਟੀਆਂ ਵਿੱਚ ਜਦ ਕੋਈ ਪ੍ਰਫੈਸਰ ਮਨੋਨੀਤ ਹੁੰਦਾ ਹੈ ਤਾਂ ਫੈਕਲਟੀ ਪੱਬਾਂ ਭਾਰ ਹੋਈ ਫਿਰਦੀ ਹੈ। “ਪ੍ਰੋਫੈਸੋਰੀਅਲ ਲੈਕਚਰ” ਰੱਖਿਆ ਜਾਂਦਾ ਹੈ ਤੇ ਸੱਦਾ ਸਾਰੇ ਸ਼ਹਿਰ ਨੂੰ ਜਾਂਦਾ ਹੈ। ਹਾਲ ਖਚਾ-ਖਚ ਭਰੇ ਹੁੰਦੇ ਹਨ ਤੇ ਘੰਟੇ ਭਰ ਦੇ ਭਾਸ਼ਣ ਤੋਂ ਬਾਅਦ ਫੈਕਲਟੀ, ਵਿਦਿਆਰਥੀ ਤੇ ਆਮ ਨਾਗਰਿਕ ਵੀ ਚਾਈਂ ਚਾਈਂ ਉੱਠ ਕੇ ਸੁਆਲ ਪੁੱਛਦੇ ਹਨ। ਮਾਹੌਲ ਖੁਸ਼ਗੁਆਰ ਬਣਦਾ ਹੈ ਕਿ ਅੱਜ ਸਾਡੀ ਯੂਨੀਵਰਸਿਟੀ ਦਾ ਕੱਦ ਹੋਰ ਉੱਚਾ ਹੋ ਗਿਆ। ਨਰਿੰਦਰ ਸਿੰਘ ਭਲਾ ਤੁਸੀਂ ਇਹ “ਪ੍ਰੋਫੈਸੋਰੀਅਲ ਲੈਕਚਰ” ਕਦੋਂ ਦਿੱਤਾ ਸੀ?

ਯੂਨੀਵਰਸਿਟੀਆਂ ਵਿੱਚ ਯੁਵਕ ਮੇਲੇ ਤਾਂ ਆਮ ਚੱਲਦੇ ਹਨ। ਪਰ ਭਰ ਦੁਨੀਆਂ ਵਿੱਚ ਵੱਸਦੇ ਪੰਜਾਬੀਆਂ ਨੂੰ ਇਹ ਨਹੀਂ ਪਤਾ ਕਿ ਅੱਜ ਦੀ ਪਨੀਰੀ ਦਾ ਇਸ ਪਾਸੇ ਕੀ ਮਿਆਰ ਹੈ। ਪੰਜਾਬ ਵਿੱਚ ਖੁੰਭਾਂ ਵਾਂਙ ਉੱਗੇ ਭੰਡ-ਗਵੱਈਏ ਵੇਖ ਕੇ ਚੰਗੇ ਦੀ ਆਸ ਹੀ ਬੇਕਾਰ ਹੈ। ਪਰ ਕੀ ਯੂਨੀਵਰਸਿਟੀ ਏਡੀ ਹੀ ਨਿਖਿੱਧ ਹੋ ਗਈ ਹੈ ਕਿ ਮੇਲਿਆਂ ਦੇ ਵੀਡਿਓ ਵੀ ਜਾਲ ਤੇ ਨਹੀਂ ਪਾ ਸਕਦੀ। ਜੇਕਰ ਯੂਨੀਵਰਸਿਟੀ ਦਾ ਆਪਣਾ ਜਾਲ ਬੇਕਾਰ ਹੈ ਤਾਂ ਯੂ-ਟਿਊਬ ਤੇ ਹੀ ਪਾ ਦੇਵੇ। ਨਾਲੇ ਇਹ ਵੀ ਪਤਾ ਲੱਗੇ ਕਿ ਯੂਨੀਵਰਸਿਟੀ ਦਾ ਨਾਟਕ ਵਿਭਾਗ ਅੱਜ ਕੱਲ ਕਿਹੋ ਜਿਹੇ ਨਾਟਕ ਖੇਡਦਾ ਹੈ। ਜਦੋਂ ਮੈਂ ਪੰਜਾਬੀ ਯੂਨੀਵਰਸਿਟੀ ਵਿੱਚ ਪੜ੍ਹਦਾ ਸੀ ਉਦੋਂ ਤਾਂ ਜੋਸ਼ੋ-ਖਰੋਸ਼ ਨਾਲ ਇਹ ਅੰਦਰੇਟੇ ਤੱਕ ਜਾਂਦੇ ਸੀ। ਹੁਣ ਕੀ ਹਾਲ ਹੈ?

ਲਓ ਥੋੜਾ ਅਕਾਦਮਿਕ ਪਾਸੇ ਵੱਲ ਵੀ ਮੁੜਦੇ ਹਾਂ। ਜਿਵੇਂ ਕਿ ਉੱਪਰ ਗੱਲ ਕੀਤੀ ਹੈ ਅੱਜ ਦੀ ਦੁਨੀਆਂ ਵਿੱਚ ਜਾਲ ਕਿਸੇ ਵੀ ਸੰਸਥਾ ਦਾ ਮੁੱਖ ਦੁਆਰ ਹੈ। ਪਰ ਪੰਜਾਬੀ ਯੂਨੀਵਰਸਿਟੀ ਦੇ ਜਾਲ ਤੇ ਨਾ ਤਾਂ ਪੰਜਾਬੀ ਕੋਸ਼ ਲੱਭਦਾ ਹੈ ਤੇ ਨਾ ਹੀ ਪੰਜਾਬੀ ਵਿਆਕਰਣ। ਤੇ ਨਾ ਇਸ ਬਾਰੇ ਕੋਈ ਜਾਣਕਾਰੀ ਕਿ ਪੰਜਾਬੀ ਬੋਲੀ ਨੂੰ ਵਕਤ ਦੀ ਹਾਨਣ ਬਣਾਉਣ ਲਈ ਪੰਜਾਬੀ ਯੂਨੀਵਰਸਿਟੀ ਪੰਜਾਬੀ ਦੇ ਨਵੇਂ ਨਵੇਂ ਲਫ਼ਜ਼ ਕਿਵੇਂ ਘੜ੍ਹ ਰਹੀ ਹੈ। ਪਰ ਉਲਟਾ ਕੰਮ ਇਹ ਹੋ ਰਿਹਾ ਹੈ ਕਿ ਛੋਲੇ ਕੀ ਜਾਣਨ ਵਾਹ ਨੂੰ ਤੇ ਸਾਨ੍ਹ ਕੀ ਜਾਣੇ ਸਾਹ ਨੂੰ।

ਸਗੋਂ ਚਾਹੀਦਾ ਤਾਂ ਇਹ ਸੀ ਕਿ ਪੰਜਾਬੀ ਯੂਨੀਵਰਸਿਟੀ ਪੰਜਾਬ ਦੇ ਭਾਸ਼ਾ ਵਿਭਾਗ ਨੂੰ ਵੀ ਸੁਲ੍ਹਾ ਮਾਰਦੀ ਕਿ ਚੱਲ ਆਪਣਾ ਵਿਸ਼ਵ ਕੋਸ਼ ਵੀ ਲੈ ਆ ਤੇ ਇਕੱਠੇ ਹੀ ਜਾਲ ਤੇ ਪਾ ਦਿੰਦੇ ਹਾਂ। ਸਗੋਂ ਵਿਸ਼ਵ ਕੋਸ਼ ਲਈ ਵਿਕੀਪੀਡੀਆ ਵਰਗਾ ਚਬੂਤਰਾ ਤਾਂ ਪਹਿਲਾਂ ਤੋਂ ਹੀ ਤਿਆਰ ਹੈ। ਬੱਸ ਇਕ ਵਾਰ ਵਿਸ਼ਵ ਕੋਸ਼ ਦੀ ਸਾਰੀ ਜਾਣਕਾਰੀ ਪਾਉਣ ਦੀ ਲੋੜ ਹੈ ਬਾਅਦ ਵਿੱਚ ਦੁਨੀਆਂ ਭਰ ਵਿੱਚ ਵੱਸਦੇ ਪੰਜਾਬੀ ਆਪਣੇ ਆਪ ਸਾਰੀ ਜਾਣਕਾਰੀ ਵਿਕੀਪੀਡੀਆ ਉੱਤੇ ਨਵਿਆਉਂਦੇ ਰਹਿਣਗੇ। ਗੂਗਲ ਵਰਗੇ ਵੀ ਤਿਆਰ ਹਨ ਪਰ ਪੰਜਾਬ ਵਿੱਚੋਂ ਕੋਈ ਸੰਸਥਾ ਨਿੱਤਰੇ ਤਾਂ ਹੀ ਅਨੁਵਾਦ ਦੀ ਸਹੂਲਤ ਜਾਲ ਤੇ ਪੈ ਸਕਦੀ ਹੈ। ਪੰਜਾਬੀ ਯੂਨੀਵਰਸਿਟੀ ਦੇ ਕਿਤਾਬਖਾਨੇ ਵਿੱਚ ਪੰਜਾਬੀ ਦੇ ਕਈ ਨਿਵੇਕਲੇ ਖਰੜੇ ਘੱਟਾ ਚੱਟ ਰਹੇ ਹਨ ਪਰ ਮਜ਼ਾਲ ਹੈ ਕਿ ਕਿਤੇ ਇਨ੍ਹਾਂ ਦੀ ਅੱਕਾਸੀ ਹੋ ਜਾਵੇ। ਪੰਜਾਬੀ ਯੂਨੀਵਰਸਿਟੀ ਨੂੰ ਇਹੋ ਜਿਹੀਆਂ ਗੱਲਾਂ ਤਾਂ, ਤਾਂ ਔੜਣ ਜੇ ਚਾਪਲੂਸੀ ਤੇ ਲਾਲ ਬੱਤੀ ਦੇ ਝੰਮੇਲੇ ਮੁੱਕਣ।

ਨਰਿੰਦਰ ਸਿੰਘ, ਜੇ ਕਿਤੇ ਲਾੜ੍ਹੀ ਹੋਊ ਤਾਂ ਹੀ ਉੱਥੇ ਬਰਾਤ ਢੁਕੇਗੀ ਤੇ ਸ਼ਗਣਾਂ ਵਾਲੇ ਵਿਹੜੇ ਵਿੱਚ ਚਹਿਲ-ਪਹਿਲ ਮੱਚੇਗੀ। ਸਭਿਆਚਾਰ ਤੇ ਸ਼ਊਰ ਸਭ ਨਜ਼ਰ ਆਉਣਗੇ। ਪਰ ਰੰਡੀ ਨੂੰ ਤਾਂ ਜਣਾ-ਖਣਾ ਐਨ. ਆਰ. ਆਈ ਦਬੱਲੀ ਫਿਰੂ ਜਿਵੇਂ ਤੁਸੀਂ ਆਪਣੇ ਯੂ-ਟਿਊਬ ਵਾਲੇ ਵਿਡੀਓ ਵਿੱਚ ਕਿਹਾ ਹੈ।