Posted in ਵਿਚਾਰ

ਮਨ ਜੀਤੇ ਜਗੁ ਜੀਤ

ਸੰਨ 2020 ਨੇ ਇਹੋ ਜਿਹਾ ਕੌਤਕ ਕਰ ਵਿਖਾਇਆ ਜਿਹੜਾ ਜ਼ਿੰਦਗੀ ਭਰ ਦੇ ਵਿੱਚ ਕਦੀ ਅੱਗੇ ਵੇਖਣ ਨੂੰ ਨਹੀਂ ਸੀ ਮਿਲਿਆ।

ਇੱਕ ਵਾਰੀ ਤਾਂ ਇੰਞ ਲੱਗਿਆ ਜਿਵੇਂ ਸਾਰੀ ਕਾਇਨਾਤ ਹੀ ਖੜ੍ਹ ਗਈ ਹੋਵੇ ਅਤੇ ਸਾਰੀ ਭੱਜ ਨੱਠ ਥੰਮ੍ਹ ਗਈ ਹੋਵੇ। ਜ਼ਿੰਦਗੀ ਵਿੱਚ ਸਭ ਤੋਂ ਜ਼ਰੂਰੀ ਕੀ ਹੁੰਦਾ ਹੈ, ਇਸ ਨੂੰ ਸਮਝਣ ਲਈ ਇਸ ਤੋਂ ਵੱਧ ਕੇ ਕੋਈ ਹੋਰ ਮੌਕਾ ਨਹੀਂ ਸੀ ਹੋ ਸਕਦਾ।

ਇਨਸਾਨ ਨੂੰ ਜਦ ਵੀ ਵੇਖਿਆ ਇਹੀ ਲੋਚਦੇ ਵੇਖਿਆ ਕਿ ਉਹ ਕਿਸੇ ਤਰ੍ਹਾਂ ਵਕ਼ਤ ਦੇ ਚੱਕਰ ਨੂੰ ਕਾਬੂ ਕਰ ਲਵੇ। ਕੋਈ ਇਹੋ ਜਿਹਾ ਮੌਕਾ ਲੱਗੇ ਕਿਤੇ ਆਪਣੇ ਅੰਦਰ ਝਾਤੀ ਮਾਰਨ ਦਾ। ਕੋਈ ਇਕਾਂਤਵਾਸ। ਆਪਣੇ ਮਨ ਨੂੰ ਜਿੱਤਣ ਦਾ। ਮਨ ਜੀਤੇ ਜਗੁ ਜੀਤ। ਜਿਵੇਂ ਇਹ ਸਭ ਕੁਝ ਆਪ ਚੱਲ ਕੇ ਤੁਹਾਡੇ ਕੋਲ ਆ ਗਿਆ ਹੋਵੇ।

ਭੂਚਾਲ ਤੋਂ ਬਾਅਦ ਬਾਹਰ ਆਏ ਲੋਕ ਇੱਕ ਦੂਜੇ ਵੱਲ ਇਸ ਤਰ੍ਹਾਂ ਵੇਖ ਰਹੇ ਹੁੰਦੇ ਜਿਵੇਂ ਸ਼ੁਕਰਾਨਾ ਕਰ ਰਹੇ ਹੋਣ ਇਸ ਨਵੇਂ ਜੀਵਨ ਦਾ।

ਸਮਾਂ ਪਾ ਕੇ ਫਿਰ ਉਹੀ ਅੱਗਾ ਦੌੜ ਪਿੱਛਾ ਚੌੜ। ਪਰ ਬਹੁਤ ਸਾਰੇ ਇਸ ਸਾਲ ਦੇ ਨਿਵੇਕਲੇ ਤਜੁਰਬੇ ਸਦਕਾ ਇਸ ਘੁੰਮਣ-ਘੇਰੀ ਤੋਂ ਲਾਂਭੇ ਰਹਿਣਾ ਆਪਣੀ ਆਦਤ ਵਿੱਚ ਸ਼ਾਮਲ ਕਰ ਚੁੱਕੇ ਹੋਣਗੇ।

Posted in ਵਿਚਾਰ

ਮਾਹੌਲ ਦਾ ਅਸਰ

ਇਹ ਗੱਲ ਸੰਨ 1985-86 ਦੀ ਹੈ। ਉਨ੍ਹਾਂ ਦਿਨਾਂ ਦੇ ਵਿੱਚ ਭਾਰਤ ਭਰ ਤੋਂ 4 ਪ੍ਰੋਫੈਸਰਾਂ ਤੇ ਇੱਕ ਉਪ ਕੁਲਪਤੀ ਦਾ ਵਫ਼ਦ ਚੰਡੀਗੜ੍ਹ ਡੀ.ਏ.ਵੀ ਕਾਲਜ ਆਇਆ ਹੋਇਆ ਸੀ। ਉਨ੍ਹਾਂ ਦਾ ਇਹ ਦੌਰਾ ਭਾਰਤ ਦੇ ਚੋਟੀ ਦੇ ਕਾਲਜਾਂ ਦੇ ਬਾਰੇ ਫੈਸਲਾ ਕਰਨ ਲਈ ਸੀ ਅਤੇ ਡੀ.ਏ.ਵੀ ਕਾਲਜ, ਚੰਡੀਗੜ੍ਹ ਚੋਟੀ ਦੇ ਕਾਲਜਾਂ ਦੀ ਸੂਚੀ ਵਿੱਚ ਸੀ। 

ਇਸ ਵਫ਼ਦ ਨਾਲ ਮਿਲਵਾਉਣ ਲਈ ਕਾਲਜ ਨੂੰ ਪੰਜ ਛੇ ਵਿਦਿਆਰਥੀ ਵੀ ਤਿਆਰ ਕਰਨੇ ਪੈਣੇ ਸਨ। ਮੈਂ ਉਨ੍ਹਾਂ ਦਿਨਾਂ ਵਿੱਚ ਡੀ.ਏ.ਵੀ ਕਾਲਜ ਚੰਡੀਗੜ੍ਹ ਵਿਖੇ ਪੜ੍ਹਦਾ ਸੀ। ਕਾਲਜ ਦੇ ਪ੍ਰਿੰਸੀਪਲ ਨੇ ਖਾਸ ਤੌਰ ਤੇ ਇਸ ਵਫ਼ਦ ਨਾਲ ਮਿਲਣ ਲਈ ਉਨ੍ਹਾਂ ਵਿਦਿਆਰਥੀਆਂ ਨੂੰ ਚੁਣਿਆ ਜੋ ਪੜ੍ਹਾਈ ਵਿੱਚ ਤਾਂ ਚੰਗੇ ਹੈ ਹੀ ਸਨ ਨਾਲੇ ਉਹ ਵੀ ਜਿਹੜੇ ਯੁਵਕ ਅਗਵਾਈ ਵਿੱਚ ਵੀ ਕਾਫੀ ਸਰਗਰਮ ਸਨ।

ਸਾਰੇ ਕਾਲਜ ਵਿੱਚ ਘੁੰਮਣ ਤੋਂ ਬਾਅਦ ਤਿੰਨ ਵਜੇ ਇਸ ਡੈਲੀਗੇਸ਼ਨ ਨੇ ਚਾਹ ਪਾਣੀ ਪੀਣਾ ਸੀ। ਚਾਹ ਪਾਣੀ ਦਾ ਬੰਦੋਬਸਤ ਕਾਲਜ ਦੀ ਲਾਇਬ੍ਰੇਰੀ ਵਿੱਚ ਸੀ। ਲਾਇਬ੍ਰੇਰੀ ਦੇ ਮੇਜ਼ਾਂ ਦੇ ਉੱਤੇ ਦੁਨੀਆਂ ਭਰ ਦਾ ਖਾਣ ਪੀਣ ਦਾ ਸਾਮਾਨ ਰੱਖਿਆ ਹੋਇਆ ਸੀ। ਵਫ਼ਦ ਅਤੇ ਵਿਦਿਆਰਥੀਆਂ ਦਾ ਆਪਸ ਵਿੱਚ ਵਿਚਾਰ ਵਟਾਂਦਰਾ ਬਹੁਤ ਪ੍ਰਭਾਵਸ਼ਾਲੀ ਰਿਹਾ ਤੇ ਬਾਅਦ ਵਿੱਚ ਜਿਵੇਂ ਹੀ ਚਾਹ ਪਾਣੀ ਦਾ ਦੌਰ ਚੱਲਿਆ ਤਾਂ ਹਰ ਕੋਈ ਖਾਣ ਪੀਣ ਤੋਂ ਬਹੁਤ ਸੰਕੋਚ ਕਰ ਰਿਹਾ ਸੀ। ਭਾਵੇਂ ਕਿ ਉੱਥੇ ਸਮੋਸੇ, ਜਲੇਬੀਆਂ ਭਾਂਤ-ਭਾਂਤ ਦੀਆਂ ਮਠਿਆਈਆਂ ਤੇ ਕਈ ਕਿਸਮ ਦੇ ਨਮਕੀਨ ਅਤੇ ਕਚੌੜੀਆਂ ਵੀ ਰੱਖੀਆਂ ਹੋਈਆਂ ਸਨ। ਖਾਸ ਤੌਰ ਤੇ ਵਫ਼ਦ ਨੇ ਕਈ ਵਾਰ ਸਾਨੂੰ ਵਿਦਿਆਰਥੀਆਂ ਨੂੰ ਖਾਣ ਪੀਣ ਲਈ ਸੁਲਾਹ ਮਾਰੀ। ਪਰ ਅਸੀਂ ਸਾਰੇ ਇੱਕ ਦੂਜੇ ਦਾ ਮੂੰਹ ਵੇਖਦੇ ਤੇ ਬੜੇ ਹੀ ਸੰਕੋਚ ਨਾਲ ਇੱਕ-ਅੱਧ ਚੀਜ਼ ਪਲੇਟ ਵਿੱਚ ਧਰ ਕੇ ਪਿੱਛੇ ਹਟ ਜਾਂਦੇ।  

Photo credit: Unsplash

ਉਸੇ ਦਿਨ ਸ਼ਾਮ ਨੂੰ ਕਾਲਜ ਵਿੱਚ ਐਨ.ਐਸ.ਐਸ ਦਾ ਸਾਲਾਨਾ ਸਮਾਰੋਹ ਵੀ ਹੋ ਰਿਹਾ ਸੀ।   ਐਨ.ਐਸ.ਐਸ ਦੇ ਪ੍ਰੋਫੈਸਰ ਇੰਚਾਰਜ ਨੂੰ ਤਾਂ ਸਾਡੇ ਬਾਰੇ ਪਤਾ ਹੀ ਸੀ ਤੇ ਮਲਕੜੇ ਜਿਹੇ ਉਨ੍ਹਾਂ ਸਾਨੂੰ ਇਹ ਸੁਨੇਹਾ ਭਿਜਵਾ ਦਿੱਤਾ ਕਿ ਵਫ਼ਦ ਤੋਂ ਵਿਹਲੇ ਹੋ ਕੇ ਅਸੀਂ ਐਨ.ਐਸ.ਐਸ ਦੇ ਪ੍ਰੋਗਰਾਮ ਵਿੱਚ ਜਾ ਸ਼ਾਮਿਲ ਹੋਈਏ।

ਜਦੋਂ ਅਸੀਂ ਉੱਥੇ ਪਹੁੰਚੇ ਤਾਂ ਚੰਗੀ ਰੌਣਕ ਲੱਗੀ ਹੋਈ ਸੀ। ਇਨਾਮ ਵੰਡ ਸਮਾਰੋਹ ਹੋਇਆ ਤੇ ਬਾਅਦ ਵਿੱਚ ਉੱਥੇ ਵੀ ਖਾਣ ਪੀਣ ਦੇ ਲਈ ਮੇਜ਼ਾਂ ਸਜੀਆਂ ਹੋਈਆਂ ਸਨ। ਹਾਲਾਂਕਿ ਉੱਥੇ ਖਾਣ ਪੀਣ ਲਈ ਇੰਨੀਆਂ ਕਿਸਮ ਦੀਆਂ ਚੀਜ਼ਾਂ ਨਹੀਂ ਸਨ ਜਿਵੇਂ ਕਿ ਵਫ਼ਦ ਦੀ ਖਾਤਰਦਾਰੀ ਵਾਸਤੇ ਵਾਸਤੇ ਰੱਖੀਆਂ ਸਨ। ਜਿਵੇਂ ਹੀ ਖਾਣ ਪੀਣ ਦੀ ਸ਼ੁਰੂਆਤ ਹੋਈ ਉਥੇ ਹਰ ਕੋਈ ਇੰਞ ਵਰਤਾਅ ਕਰ ਰਿਹਾ ਸੀ ਕਿ ਬੱਸ ਜਿਵੇਂ ਸਾਰੀ ਭੁੱਖ ਅੱਜ  ਹੀ ਲੱਗੀ ਹੋਵੇ। ਅੱਖ ਦੇ ਫੋਰ ਵਿੱਚ ਖਾਣ ਵਾਲੀਆਂ ਚੀਜ਼ਾਂ ਖਤਮ ਹੋ ਗਈਆਂ। ਮੈਂ ਸੋਚਿਆ ਸੀ ਕਿ ਵੇਖੋ ਉਹੀ ਵਿਦਿਆਰਥੀ ਪਰ ਮਾਹੌਲ ਦੇ ਬਦਲ ਜਾਣ ਨਾਲ ਕਿੰਨਾ ਫਰਕ ਪੈ ਜਾਂਦਾ ਹੈ! ਵਫ਼ਦ ਦੇ ਸਾਹਮਣੇ ਅਸੀਂ ਕੁਝ ਖਾਸ ਨਹੀਂ ਖਾਧਾ ਪਰ ਇਥੇ ਐਨ.ਐਸ.ਐਸ ਦੇ ਸਾਲਾਨਾ ਸਮਾਰੋਹ ਵਿੱਚ ਅਸੀਂ ਖਾਣ-ਪੀਣ ਦੀਆਂ ਡੰਝਾਂ ਲਾਹ ਕੇ ਰੱਖ ਦਿੱਤੀਆਂ।

ਇਹੋ ਜਿਹੇ ਮਾਹੌਲ ਬਦਲ ਜਾਣ ਦੀ ਇੱਕ ਮਿਸਾਲ ਮੈਨੂੰ ਬੀਤੇ ਹਫ਼ਤੇ ਵੀ ਮਿਲੀ। ਸਾਡਾ ਕੁਝ ਪੁਰਾਣੇ ਦੋਸਤਾਂ ਦਾ ਇਕ ਐਪ ਦੇ ਉੱਤੇ ਗਰੁੱਪ ਹੈ ਜੋ ਕਿ ਕਾਫੀ ਸਾਲਾਂ ਤੋਂ ਚੱਲ ਰਿਹਾ ਹੈ। ਅਸੀਂ ਵਕਤ ਦਰ ਵਕਤ ਇੱਕ ਦੂਜੇ ਨਾਲ ਰਸਮੀ ਸੁਨੇਹੇ ਵੀ ਸਾਂਝੇ ਕਰਦੇ ਰਹਿੰਦੇ ਹਾਂ ਤੇ ਆਪਸੀ ਮਿਲਾਪ ਵੀ ਬਣਾ ਕੇ ਰੱਖਦੇ ਹਾਂ। ਪਰ ਬੀਤੇ ਹਫ਼ਤੇ ਸਾਡੇ ਵਿੱਚੋਂ ਹੀ ਇੱਕ ਨੇ ਸਲਾਹ ਦਿੱਤੀ ਕਿ ਬਹੁਤੀ ਗੱਲਬਾਤ ਨਹੀਂ ਚੱਲ ਰਹੀ ਚੱਲੋ ਅਸੀਂ ਵ੍ਹਾਟਸਐਪ ਗਰੁੱਪ ਬਣਾ ਲਈਏ ਤੇ ਵ੍ਹਾਟਸਐਪ ਗਰੁੱਪ ਬਣ ਗਿਆ।

ਗਰੁੱਪ ਬਣਨ ਦੀ ਦੇਰ ਸੀ ਕਿ ਤੜੱਕ ਦੇਣੇ ਸਵੇਰ ਤੋਂ ਸ਼ਾਮ ਤੱਕ ਚੁਟਕਲੇ, ਠਿੱਠ, ਮਸ਼ਕਰੀ ਅਤੇ ਹੋਰ ਕਈ ਕਿਸਮ ਦੇ ਵੀਡੀਓ ਚੱਲਣੇ ਸ਼ੁਰੂ ਹੋ ਗਏ ਸਮੇਤ ਟਿਕ ਟੌਕ ਦੇ ਵੀਡੀਓ ਕਲਿੱਪ ਵੀ। ਮੈਨੂੰ ਲੱਗਿਆ ਕਿ ਜਿਹੜੀ ਦੂਜੀ ਐਪ ਸੀ ਉਸ ਉੱਤੇ ਅਸੀਂ ਇਕ ਦੂਜੇ ਨਾਲ ਮਿਲਾਪ ਵਿੱਚ ਸੀ ਅਤੇ ਉਥੇ ਰਸਮੀ ਤੌਰ ਤੇ ਅਸੀਂ ਬੜੇ ਸੰਕੋਚ ਨਾਲ ਚੱਲਦੇ ਸੀ।

ਵ੍ਹਾਟਸਐਪ ਦਾ ਕਿਰਦਾਰ ਹੀ ਇਹ ਹੈ ਕਿ ਬੇਸਿਰ-ਪੈਰ ਗੱਲਾਂ ਧੜਾਧੜ ਅੱਗੇ ਤੋਂ ਅੱਗੇ ਸਾਂਝੀਆਂ ਕਰੀ ਜਾਓ। ਇਸ ਖੋਖਲੇ ਰੁਝੇਵੇਂ ਵਿੱਚੋਂ ਖੁਸ਼ੀਆਂ ਲੱਭਣ ਲਈ ਪਤਾ ਨਹੀਂ ਕਿਉਂ ਅਸੀਂ ਪੱਬਾਂ ਭਾਰ ਹੋਏ ਫਿਰਦੇ ਹਾਂ?  

Posted in ਵਿਚਾਰ

ਕੋਵਿਡ-19 ਅਤੇ ਸਾਡੀ ਮਾਨਸਿਕਤਾ

ਨਿਊਜ਼ੀਲੈਂਡ ਵਿੱਚ ਕੋਵਿਡ-19 ਤਾਲਾਬੰਦੀ ਦੋ ਹਫ਼ਤੇ ਪੂਰੀ ਕਰ ਚੁੱਕੀ ਹੈ। ਚਾਰ ਹਫ਼ਤਿਆਂ ਦੀ ਇਹ ਤਾਲਾਬੰਦੀ ਹੁਣ ਤੀਜੇ ਹਫ਼ਤੇ ਵਿੱਚ ਹੈ। ਲੋਕਾਂ ਦਾ ਘਰ ਵਿੱਚ ਇਕਾਂਤਵਾਸ ਹੋਣ ਕਰਕੇ ਮੈਂ ਇਹ ਸੋਚਿਆ ਸੀ ਕਿ ਇਸ ਵੇਲ਼ੇ ਖਾਸ ਤੌਰ ਤੇ ਸਮਾਜਿਕ ਮਾਧਿਅਮ ਜਿਸਦੇ ਵਿੱਚ ਫੇਸਬੁੱਕ ਅਤੇ ਵ੍ਹਾਟਸਐਪ ਸ਼ਾਮਿਲ ਹੈ ਇਸ ਦੇ ਉੱਪਰ ਕਾਫੀ ਲੋਕ ਆਪਣੇ ਮੌਲਿਕ ਵਿਚਾਰ ਅਤੇ ਤਾਲਾਬੰਦੀ ਦੇ ਤਜਰਬੇ ਸਾਂਝੇ ਕਰਨਗੇ ਜਾਂ ਫਿਰ ਕੋਈ ਫ਼ਨ ਜਾਂ ਕਲਾਕਾਰੀ ਦਾ ਇਜ਼ਹਾਰ ਕਰਨਗੇ। ਪਰ ਜਿਵੇਂ ਜਿਵੇਂ ਵਕਤ ਬੀਤਦਾ ਗਿਆ ਮੈਂ ਇਹ ਵੇਖਿਆ ਕਿ ਲੋਕਾਂ ਦੀ ਹਾਜ਼ਰੀ ਫੇਸਬੁੱਕ ਅਤੇ ਵ੍ਹਾਟਸਐਪ ਉੱਤੇ ਘਟਦੀ ਹੀ ਗਈ।  

ਇਹ ਸਮਾਜਿਕ ਮਾਧਿਅਮ ਆਪਸ ਵਿੱਚ ਜਾਣਕਾਰੀ ਸਾਂਝੀ ਕਰਨ ਲਈ ਜਾਂ ਵਿਚਾਰਾਂ ਦੇ ਆਦਾਨ ਪ੍ਰਦਾਨ ਅਤੇ ਸਮਾਜਿਕ ਸਾਂਝ ਬਣਾਉਣ ਲਈ ਹੀ ਬਣੇ ਦੱਸੇ ਜਾਂਦੇ ਸਨ। ਪਰ ਅੱਜ ਜਦ ਇਸ ਦੀ ਭਰਪੂਰ ਲੋੜ ਹੈ ਅਤੇ ਇਮਤਿਹਾਨ ਦੀ ਘੜ੍ਹੀ ਦਰ ਖੜਕਾ ਰਹੀ ਹੈ ਤਾਂ ਵੇਖਿਆ ਕਿ ਇਹ ਸਮਾਜਿਕ ਮਾਧਿਅਮ ਆਪਣੇ ਟੀਚੇ ਤੇ ਪੂਰੇ ਨਹੀਂ ਸਨ ਉੱਤਰ ਰਹੇ।

ਟਾਵਾਂ ਟਾਵਾਂ ਕੋਈ ਨਾ ਕੋਈ ਕੋਈ ਸੁਨੇਹਾ ਜ਼ਰੂਰ ਛੱਡ ਦਿੰਦਾ ਸੀ ਪਰ ਉਹ ਵੀ ਅਜਿਹੇ ਸੁਨੇਹੇ ਜਿਹਦੇ ਵਿੱਚ ਕੋਈ ਸਥਾਨਕ ਸਮਾਜਿਕ ਸਾਂਝ ਬਣਾਉਣ ਦਾ ਕੋਈ ਵੀ ਉਪਰਾਲਾ ਨਹੀਂ। ਜ਼ਾਹਰ ਹੈ ਕਿ ਜਦ ਅਜਿਹੇ ਤਾਲਾਬੰਦੀ ਦੇ ਹਾਲਾਤ ਬਣੇ ਹੋਣ ਤਾਂ ਲੋਕਾਂ ਦੇ ਉੱਤੇ ਮਾਨਸਿਕ ਦਬਾਅ ਵੀ ਵਧਦਾ ਹੈ। ਪਰ ਜੋ ਵੀ ਅੱਜ ਸਮਾਜਿਕ ਮਾਧਿਅਮਾਂ ਦੇ ਉੱਤੇ ਚੱਲ ਰਿਹਾ ਹੈ ਉਸ ਤੋਂ ਕਿਤੇ ਵੀ ਇਹ ਜ਼ਾਹਰ ਨਹੀਂ ਹੁੰਦਾ ਕਿ ਮਾਨਸਿਕ ਸਿਹਤ ਨੂੰ ਨਰੋਇਆ ਰੱਖਣ ਲਈ ਇਹ ਸਮਾਜਿਕ ਮਾਧਿਅਮ ਕਿਸੇ ਕਿਸਮ ਦਾ ਯੋਗਦਾਨ ਦੇ ਰਹੇ ਹੋਣ।

Photo by Dan Burton on Unsplash

ਇਸ ਤੋਂ ਸਾਨੂੰ ਇਹ ਸੋਚਣ ਲਈ ਮਜਬੂਰ ਹੋਣਾ ਪੈਂਦਾ ਹੈ ਕਿ ਜਦੋਂ ਸਭ ਕੁਝ ਖੁੱਲ੍ਹਾ ਹੁੰਦਾ ਹੈ ਤਾਂ ਸਮਾਜਿਕ ਮਾਧਿਅਮ ਉੱਤੇ ਮੱਖੀ ਤੇ ਮੱਖੀ ਮਾਰੀ ਜਾ ਰਹੀ ਹੁੰਦੀ ਹੈ। ਕੀ ਵਾਕਿਆ ਹੀ ਇਸ ਵਤੀਰੇ ਨਾਲ ਅਸੀਂ ਆਪਣੇ ਸਮਾਜ ਨੂੰ ਕੋਈ ਸੁਚਾਰੂ ਅਤੇ ਸੁਚੱਜਾ ਯੋਗਦਾਨ ਦੇ ਰਹੇ ਹੁੰਦੇ ਹਾਂ? ਇਹ ਸਾਡੀਆਂ ਮਾਨਸਿਕ ਕਿਰਿਆਵਾਂ ਨੂੰ ਜ਼ਾਹਰ ਕਰਦਾ ਹੈ ਕਿ ਅਸੀਂ ਕਿੱਥੇ ਅਤੇ ਕੀ ਸੋਚ ਰਹੇ ਹੁੰਦੇ ਹਾਂ? ਇਸੇ ਕਰਕੇ ਹਾਲ ਵਿੱਚ ਹੀ ਚੰਗੇ ਪਾਸੇ ਵੱਲੋਂ ਇਕ ਦੋ ਪੰਜਾਬੀ ਕਵਿਤਾਵਾਂ-ਗਾਣੇ ਵੀ ਆ ਗਏ ਜਿੰਨ੍ਹਾਂ ਵਿੱਚ ਇਹ ਸੁਆਲ ਖੜ੍ਹਾ ਕੀਤਾ ਗਿਆ ਹੈ ਕਿ ਹੁਣ ਵੀ ਤਾਂ ਦੁਨੀਆਂ ਖੜ੍ਹ ਹੀ ਗਈ ਹੈ – ਪਤਾ ਨਹੀਂ ਪਹਿਲਾਂ ਸਮਾਜਿਕ ਮਾਧਿਅਮ ਉੱਤੇ ਵਿਚਰਦਾ ਇਨਸਾਨ ਇਹ ਕਿਉਂ ਸੋਚਣ ਲੱਗ ਪੈਂਦਾ ਸੀ ਕਿ ਖੌਰੇ ਧਰਤੀ ਹੇਠਲਾ ਬਲਦ ਉਹ ਆਪ ਹੀ ਹੈ।

ਮਾਨਸਿਕਤਾ ਦੀ ਇੱਕ ਮਿਸਾਲ ਮੈਨੂੰ ਕੱਲ੍ਹ ਹੀ ਮਿਲੀ ਜਦ ਮੈਂ ਇੱਕ ਸੱਜਣ ਨਾਲ ਆਕਲੈਂਡ ਫ਼ੋਨ ਤੇ ਗੱਲ ਕਰ ਰਿਹਾ ਸੀ। ਚੰਗੀ ਕਿਸਮਤ ਨੂੰ ਇਹ ਸੱਜਣ ਤਾਲਾਬੰਦੀ ਦੇ ਦੌਰਾਨ ਵੀ ਕੰਮ ਤੋਂ ਬਾਹਰੇ ਕਈ ਕਿਸਮ ਦੇ ਸ਼ੌਕ ਹੋਣ ਕਰਕੇ, ਕਈ ਤਰ੍ਹਾਂ ਦੇ ਭਾਈਚਾਰਿਆਂ ਜਾਂ ਜੁੱਟਾਂ ਨਾਲ ਆਨਲਾਈਨ ਮਿਲਾਪ ਵਿੱਚ ਹਨ। ਪਰ ਇਕ ਖਾਸ ਸਲਾਹ-ਮਸ਼ਵਰਾ ਜੋ ਇਨ੍ਹਾਂ ਨੂੰ ਆਪਣੇ ਭਾਈਚਾਰੇ ਦੇ ਲੋਕ ਦੇ ਰਹੇ ਹਨ ਉਹ ਇਨ੍ਹਾਂ ਨੂੰ ਕਿਤਿਓਂ ਹੋਰੋਂ ਨਹੀਂ ਮਿਲਿਆ। ਉਹ ਇਹ ਸੀ ਕਿ ਹਾਲ-ਦੁਹਾਈ ਪਾ ਦਿਓ। ਆਪਣੇ ਮਕਾਨ ਮਾਲਕ ਨੂੰ ਕਹੋ ਕਿ ਮੇਰੇ ਕੋਲ ਕਿਰਾਇਆ ਦੇਣ ਜੋਗਾ ਕੁਝ ਵੀ ਨਹੀਂ ਹੈ ਅਤੇ ਹਰ ਹੀਲਾ ਵਸੀਲਾ ਕਰੋ ਕਿ ਸਰਕਾਰੇ-ਦਰਬਾਰੇ ਤੋਂ ਜੋ ਵੀ ਮਿਲ ਸਕਦਾ ਹੈ ਉਹ ਝਾੜੀ ਚੱਲੋ।

ਇਨ੍ਹਾਂ ਸੱਜਣ ਨੂੰ ਇਸ ਗੱਲ ਦੀ ਹੈਰਾਨੀ ਹੋਈ ਕਿ ਬੱਸ ਏਡੀ ਛੇਤੀ ਦਮ ਖੁਸ਼ਕ ਹੋ ਗਿਆ! ਉਹ ਦਿਨ ਕਿੱਥੇ ਗਏ ਜਦੋਂ ਬੜੀ ਆਕੜ ਨਾਲ ਇਹ ਗਾਣੇ ਗਾਉਂਦੇ ਤੇ ਕਾਰਾਂ ਵਿੱਚ ਵਜਾਉਂਦੇ ਸਨ ਕਿ ਪਹਿਲਾਂ ਗੋਲੀ ਮਾਰੀ ਦੀ ਹੈ ਪਿੱਛੋਂ ਨਾਂ ਪੁੱਛੀ ਦਾ ਹੈ? ਜਾਂ ਫਿਰ ਕੱਲ ਤਕ ਤਾਂ ਬੜੇ ਸੁਆਦ ਲੈ ਲੈ ਕੇ ਕਿੱਸੇ ਸੁਣਾਉਂਦੇ ਸਨ ਕਿ ਕਿਵੇਂ ਪੰਜਾਬ ਗਿਆਂ ਤੇ ਨਵੇਂ ਰਵਾਜ਼ ਮੁਤਾਬਕ ਯਾਰਾਂ ਦੋਸਤਾਂ ਨੂੰ ਆਪਣੇ ਖਰਚੇ ਤੇ ਗੋਆ ਜਾਂ ਥਾਈਲੈਂਡ ਲਿਜਾ ਕੇ ਅੱਇਆਸ਼ੀ ਕਰਵਾਈ ਸੀ।

ਕੀ ਫਲੈਟ ਦਾ ਕਰਾਇਆ ਅੱਇਆਸ਼ੀ ਤੇ ਕੀਤੇ ਖਰਚੇ ਨਾਲੋਂ ਵੀ ਵੱਧ ਹੈ?

Posted in ਯਾਦਾਂ, ਵਿਚਾਰ

ਲਹਿਰਾਉਂਦੀਆਂ ਝੰਡੀਆਂ

ਇਹ ਗੱਲ 1980ਵਿਆਂ ਦੀ ਹੈ। ਉਨ੍ਹਾਂ ਦਿਨਾਂ ਦੇ ਵਿੱਚ ਕਾਲਜ ਅਤੇ ਯੂਨੀਵਰਸਿਟੀ ਦਾ ਵਿਦਿਆਰਥੀ ਹੋਣ ਦੇ ਨਾਤੇ ਹਰ ਸਾਲ ਗਰਮੀਆਂ ਦੀਆਂ ਛੁੱਟੀਆਂ ਵਿੱਚ ਕਿਧਰੇ ਨਾ ਕਿਧਰੇ ਪਹਾੜਾਂ ਤੇ ਘੁੰਮਦਾ ਰਹਿੰਦਾ। ਪੰਜਾਬ ਸਰਕਾਰ ਅਤੇ ਯੂਨੀਵਰਸਿਟੀਆਂ ਦੇ ਯੁਵਕ ਵਿਭਾਗ ਤੁਹਾਨੂੰ ਕਿਤੇ ਨਾ ਕਿਤੇ ਗਰਮੀਆਂ ਦੀਆਂ ਛੁੱਟੀਆਂ ਵਿੱਚ ਕੈਂਪਾਂ ਤੇ ਭੇਜਣ ਦੇ ਕਈ ਪ੍ਰੋਗਰਾਮ ਉਲੀਕਦੇ ਸਨ। ਇਹ ਕੈਂਪ ਲੀਡਰਸ਼ਿਪ ਯੁਵਕ ਅਗਵਾਈ ਦੇ ਵੀ ਹੋ ਸਕਦੇ ਸਨ ਤੇ ਜਾਂ ਫਿਰ ਤੁਹਾਨੂੰ ਪਹਾੜ੍ਹੀ ਪੈਂਡਿਆਂ ਦੇ ਪਾਂਧੀ ਬਨਾਉਣ ਲਈ ਘੱਲਦੇ ਸਨ। ਇਨ੍ਹਾਂ ਪ੍ਰੋਗਰਾਮਾਂ ਦੇ ਚੱਲਦੇ ਮੈਂ ਯੁਵਕ ਅਗਵਾਈ ਤੋਂ ਇਲਾਵਾ ਉੱਤਰਾਖੰਡ ਤੋਂ ਲੈ ਕੇ ਹਿਮਾਚਲ ਅਤੇ ਕਸ਼ਮੀਰ ਦੇ ਸਾਰੇ ਮੁੱਖ ਪਹਾੜੀ ਰਸਤੇ ਪੈਦਲ ਤੇ ਗਾਹ ਹੀ ਲਏ ਸਨ, ਨਾਲ ਦੀ ਨਾਲ ਕਾਲਜ ਅਤੇ ਯੂਨੀਵਰਸਿਟੀ ਵੱਲੋਂ ਚੰਗੀ ਅਗਵਾਈ ਕਰਨ ਸਦਕਾ ਕੋਟ ਦੀ ਜੇਬ ਤੇ ਲਾਉਣ ਵਾਲੇ ਬਿੱਲੇ ਵੀ ਇਨਾਮ ਵੱਜੋਂ ਜਿੱਤ ਲਏ ਸਨ।   

ਇਨ੍ਹਾਂ ਪਹਾੜੀ ਰਸਤਿਆਂ ਤੇ ਜਦੋਂ ਅਸੀਂ ਦਸ ਹਜ਼ਾਰ ਫੁੱਟ ਦੀ ਉੱਚਾਈ ਤੋਂ ਉੱਪਰ ਵਾਲੇ ਪਹਾੜਾਂ ਉੱਤੇ ਪਹੁੰਚਦੇ ਸੀ ਤਾਂ ਸਾਨੂੰ ਆਮ ਹੀ ਇੱਕ ਹੋਰ ਤਰ੍ਹਾਂ ਦਾ ਸੱਭਿਆਚਾਰ ਨਜ਼ਰ ਆਉਣ ਲੱਗ ਪੈਂਦਾ ਸੀ। ਅਜਿਹਾ ਹੀ ਇੱਕ ਸੱਭਿਆਚਾਰ ਤਿੱਬਤੀ ਬੁੱਧ ਧਰਮ ਦਾ ਸੀ। ਤਿੱਬਤੀ ਮੰਦਰ ਜਾਂ ਕਿਸੇ ਖੁੱਲੇ ਥਾਂ ਤੇ ਮਮਟੀ-ਨਮਾ ਚਬੂਤਰੇ ਆਮ ਤੌਰ ਤੇ ਨਜ਼ਰ ਆਉਂਦੇ ਸਨ। ਜਦੋਂ ਅਸੀਂ ਇਨ੍ਹਾਂ ਨੂੰ ਦੂਰ ਤੋਂ ਵੇਖਦੇ ਹੁੰਦੇ ਸਾਂ ਤਾਂ ਹਵਾ ਵਿੱਚ ਲਹਿਰਾਉਂਦੀਆਂ ਝੰਡੀਆਂ ਨਜ਼ਰ ਆਉਂਦੀਆਂ ਹੁੰਦੀਆਂ ਸਨ। ਜਿੱਥੇ ਕਿਤੇ ਮੰਦਿਰਾਂ ਦੇ ਅੰਦਰ ਜਾਣ ਦਾ ਮੌਕਾ ਮਿਲਦਾ ਤਾਂ ਉੱਥੇ ਲੱਕੜੀ ਚੱਕਰ ਘੁਮਾਉਣ ਲਈ ਨਜ਼ਰ ਆਉਂਦੇ ਸਨ। ਭਾਵੇਂ ਇਹ ਝੰਡੀਆਂ ਹੋਣ ਤੇ ਭਾਵੇਂ ਇਹ ਲੱਕੜ ਦੇ ਚੱਕਰ, ਇਨ੍ਹਾਂ ਦੇ ਉੱਤੇ ਆਮ ਤੌਰ ਤੇ ਕੁਝ ਮੰਤਰ ਲਿਖੇ ਹੁੰਦੇ ਸਨ। ਬੁੱਧ ਧਰਮ ਦੇ ਵਿੱਚ ਕਿਉਂਕਿ ਰੱਬ ਦੀ ਆਸਥਾ ਬਾਰੇ ਕੁਝ ਨਹੀਂ ਕਿਹਾ ਜਾਂਦਾ ਇਸ ਕਰਕੇ ਇਹ ਮੰਤਰ ਆਮ ਤੌਰ ਤੇ ਚੰਗਿਆਈ ਬਾਰੇ ਹੀ ਸੁਨੇਹਾ ਦਿੰਦੇ ਸਨ।  

Tibetan Prayer Flags

Tony Hodson Photography

ਜਿਸ ਚੀਜ਼ ਨੇ ਮੈਨੂੰ ਜ਼ਿਆਦਾ ਹੈਰਾਨ ਕੀਤਾ ਉਹ ਇਹ ਸੀ ਕਿ ਇਨ੍ਹਾਂ ਝੰਡੀਆਂ ਅਤੇ ਲੱਕੜੀ ਦੇ ਚੱਕਰਾਂ ਬਾਰੇ ਆਮ ਧਾਰਨਾ ਇਹ ਸੀ ਕਿ ਜਿੰਨਾ ਪੜ੍ਹਨ ਨਾਲ ਤੁਹਾਨੂੰ ਚੰਗੀ ਗੱਲ ਫੈਲਾਉਣ ਦਾ ਫਲ ਲੱਗੇਗਾ ਉਸ ਦੇ ਨਾਲੋਂ ਕਿਤੇ ਵੱਧ ਵਗਦੀ ਹੋਈ ਹਵਾ ਇਨ੍ਹਾਂ ਝੰਡੀਆਂ ਦੇ ਸੁਨੇਹਿਆਂ ਨੂੰ ਦੂਰ-ਦੂਰ ਤੱਕ ਫੈਲਾ ਦੇਵੇਗੀ ਜਾਂ ਫਿਰ ਤੁਸੀਂ ਲੱਕੜੀ ਦੇ ਚੱਕਰਾਂ ਨੂੰ ਜਿੰਨਾ ਜ਼ਿਆਦਾ ਘੁਮਾਓਗੇ ਤੁਹਾਨੂੰ ਉਨ੍ਹਾਂ ਸੁਨੇਹਿਆਂ ਦਾ ਓਨਾਂ ਹੀ ਜ਼ਿਆਦਾ ਫਲ ਲੱਗੇਗਾ। ਇਹ ਵੇਖ ਕੇ “ਮਨ ਮਹਿ ਚਿਤਵਉ ਚਿਤਵਨੀ ਉਦਮੁ ਕਰਉ ਉਠਿ ਨੀਤ (519)” ਅਕਸਰ ਹੀ ਇਹ ਤੁਕ ਮੇਰੇ ਮਨ ਅੰਦਰ ਧਿਆਨ ਚਿਤ ਹੋ ਜਾਂਦੀ ਪਰ ਮੈਂ ਇਨ੍ਹਾਂ ਝੰਡੀਆਂ ਦੇ ਲਹਿਰਾਉਣ ਅਤੇ ਲੱਕੜੀ ਦੇ ਚੱਕਰਾਂ ਬਾਰੇ ਕੋਈ ਸੁਆਲ ਨਾ ਪੁੱਛਦਾ ਕਿ ਚਲੋ – ਲੋਕਾਂ ਦੀ ਜੋ ਵੀ ਸ਼ਰਧਾ!

Photo credit: David Min

ਅੱਜ-ਕੱਲ੍ਹ ਅਜਿਹੀ ਸ਼ਰਧਾ ਵੇਖਣ ਲਈ ਤੁਹਾਨੂੰ ਕਿਤੇ ਦੂਰ ਪਹਾੜਾਂ ਦੇ ਉੱਪਰ ਨਹੀਂ ਚੜ੍ਹਨਾ ਪੈਂਦਾ। ਤੁਸੀਂ ਆਪਣੇ ਆਲੇ-ਦੁਆਲੇ ਹੀ ਝਾਤ ਮਾਰ ਕੇ ਵੇਖ ਲਵੋ, ਨੋਟਾਂ ਦੇ ਸਿਰ ਉੱਤੇ ਹਰ ਤਰ੍ਹਾਂ ਦੀ ਧਾਰਮਿਕ ਰਸਮ ਖਰੀਦੀ ਜਾ ਸਕਦੀ ਹੈ। ਜਿਹੜਾ ਪਿਉ-ਦਾਦੇ ਦਾ ਖ਼ਜ਼ਾਨਾ ਅਸੀਂ ਆਪ ਜ਼ਿੰਮੇਵਾਰ ਹੋ ਕੇ ਖੋਲ੍ਹਣਾ ਹੈ ਉਹ ਵੀ ਅਸੀਂ ਇਸ ਗੱਲ ਤੇ ਹੀ ਖੀਵੇ ਹੋਏ ਫਿਰਦੇ ਹਾਂ ਕਿ ਅਸੀਂ ਨੋਟਾਂ ਦੇ ਜ਼ੋਰ ਨਾਲ ਇਹ ਕੰਮ ਵੀ ਕਿਸੇ ਹੋਰ ਤੋਂ ਕਰਵਾ ਕੇ ਬੁੱਤਾ ਸਾਰ ਲਿਆ।