Posted in ਚਰਚਾ, ਵਿਚਾਰ

ਸੱਭਿਆਚਾਰਕ ਮਾਹੌਲ

ਪੁਰਾਣੇ ਵੇਲ਼ਿਆਂ ਵਿੱਚ ਦੁਨੀਆਂ ਦੇ ਬਹੁਤ ਸਾਰੇ ਸੱਭਿਆਚਾਰਾਂ ਦੇ ਵਿੱਚ ਕਦਰਾਂ ਕੀਮਤਾਂ ਅਤੇ ਰਹਿਣ ਸਹਿਣ ਇਸ ਤਰ੍ਹਾਂ ਪਰਪੱਕ ਹੁੰਦਾ ਸੀ ਕਿ ਵਧਦੇ-ਫੁੱਲਦੇ ਹੋਏ ਬੱਚੇ ਸੁੱਤੇ-ਸਿੱਧ ਹੀ ਇਸ ਸੱਭਿਆਚਾਰ ਦੇ ਵਿੱਚ ਪਰੋਏ ਜਾਂਦੇ ਸਨ। ਸੱਭਿਆਚਾਰਕ ਸਿੱਖਿਆ ਅਤੇ ਵਿੱਦਿਆ ਉਨ੍ਹਾਂ ਬੱਚਿਆਂ ਨੂੰ ਨਿੱਘਰ ਸੋਚ ਵਿੱਚ ਵਲ਼ ਕੇ ਯੋਗ ਬਾਲਗ ਬਣਾ ਦਿੰਦੀਆਂ ਸਨ।  

ਜਿਵੇਂ ਜਿਵੇਂ ਸਮਾਜ ਤਰੱਕੀ ਕਰਦਾ ਗਿਆ, ਦੁਨੀਆਂ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਉਦਯੋਗ ਕ੍ਰਾਂਤੀਆਂ ਆਈਆਂ ਅਤੇ ਮਸ਼ੀਨੀਕਰਨ ਹੋਇਆ। ਇਸ ਦੇ ਸਿੱਟੇ ਵੱਜੋਂ ਸਾਂਝੇ ਪਰਿਵਾਰ ਟੁੱਟਣੇ ਸ਼ੁਰੂ ਹੋ ਗਏ ਅਤੇ ਹਰ ਚੀਜ਼ ਆਰਥਕ ਵਿਕਾਸ ਦੇ ਨਾਲ ਬੱਝ ਗਈ। ਲੋਕ ਸਾਂਝੇ ਪਰਿਵਾਰਾਂ ਨਾਲੋਂ ਟੁੱਟ ਕੇ ਆਪੋ ਆਪਣੇ ਨਿੱਜੀ ਪੱਧਰ ਦੇ ਉੱਤੇ ਵੱਸਣੇ ਸ਼ੁਰੂ ਹੋ ਗਏ।  

ਇਸ ਨਿੱਜੀ ਵਾਸ ਦਾ ਸਭ ਤੋਂ ਵੱਡਾ ਅਸਰ ਇਹ ਹੋਇਆ ਕਿ ਬੱਚਿਆਂ ਦੀ ਪਰਵਰਿਸ਼ ਲਈ ਜੋ  ਸੱਭਿਆਚਾਰਕ ਸਾਂਝਾ ਮਾਹੌਲ ਆਮ ਹੀ ਮਿਲ ਜਾਂਦਾ ਸੀ ਉਹ ਗਾਇਬ ਹੋਣਾ ਸ਼ੁਰੂ ਹੋ ਗਿਆ।   ਇਸ ਕਰਕੇ ਜੋ ਰਵਾਇਤੀ ਸਿੱਖਿਆ ਦੇ ਮਾਧਿਅਮ ਸਨ ਉਹ ਟੁੱਟ ਗਏ ਤੇ ਬੱਚੇ ਉੱਥੋਂ ਤੱਕ ਹੀ ਮਹਿਦੂਦ ਹੋ ਗਏ ਜੋ ਕਿ ਉਨ੍ਹਾਂ ਨੂੰ ਸਕੂਲ ਦੇ ਵਿੱਚ ਪੜ੍ਹਾਇਆ ਜਾਂਦਾ ਸੀ ਜਾਂ ਫਿਰ ਜੋ ਕੁਝ ਮਾਪੇ ਆਪ ਸਿਖਾ ਸਕਣ ਦੇ ਕਾਬਲ ਹੁੰਦੇ ਸਨ। 

Photo by Pixabay on Pexels.com

ਪੰਜਾਬੀ ਸਮਾਜ ਇਸ ਤੋਂ ਕੋਈ ਅਲੋਕਾਰਾ ਨਹੀਂ ਹੈ। ਆਰਥਕ ਤਰੱਕੀ ਦਾ ਅਸਰ ਪੰਜਾਬੀ ਸਮਾਜ ਦੇ ਉੱਤੇ ਵੀ ਹੋਇਆ ਜਿਸ ਦੇ ਚੱਲਦਿਆਂ ਬੱਚਿਆਂ ਦੀ ਪਰਵਰਿਸ਼, ਵਿੱਦਿਅਕ ਅਤੇ ਸਿੱਖਿਆ ਸਹੂਲਤਾਂ ਦਾ ਵਿਕਾਸ ਉਸ ਤਰ੍ਹਾਂ ਨਹੀਂ ਹੋਇਆ ਜਿਸ ਤਰ੍ਹਾਂ ਦੁਨੀਆਂ ਦੀਆਂ ਕਈ ਹੋਰ ਭਾਸ਼ਾਵਾਂ ਵਿੱਚ ਹੋਇਆ।   

ਮੈਨੂੰ ਵੀ ਆਪਣੇ ਬਚਪਨ ਦੇ ਦਿਨ ਯਾਦ ਆ ਜਾਂਦੇ ਹਨ ਜਦ ਮੈਨੂੰ ਪੰਜਾਬੀ ਦੇ ਵਿੱਚ ਉਸ ਤਰ੍ਹਾਂ ਦੀਆਂ ਰੰਗ ਬਰੰਗੀਆਂ ਤਸਵੀਰਾਂ ਵਾਲੇ ਰਸਾਲੇ ਅਤੇ ਕਹਾਣੀਆਂ ਦੀਆਂ ਕਿਤਾਬਾਂ ਦੀ ਘਾਟ ਬਹੁਤ ਖਟਕਦੀ ਸੀ ਜੋ ਕਿ ਅੰਗਰੇਜ਼ੀ ਦੇ ਵਿੱਚ ਆਮ ਹੀ ਮਿਲਦੇ ਸਨ। ਮੈਂ ਉਦੋਂ ਸੋਚਦਾ ਕਿ ਇਹ ਸਭ ਕੁਝ ਪੰਜਾਬੀ ਦੇ ਵਿੱਚ ਕਿਉਂ ਨਹੀਂ ਸੀ ਮਿਲਦਾ?  

ਪੱਛਮੀ ਮੁਲਕਾਂ ਦੇ ਬਹੁਤ ਸਾਰੇ ਗੁਰਦੁਆਰਿਆਂ ਵਿੱਚ ਐਤਵਾਰ ਨੂੰ ਪੰਜਾਬੀ ਸਕੂਲ ਚੱਲਦੇ ਹਨ। ਇਹ ਵੇਖ ਕੇ ਹੈਰਾਨੀ ਹੁੰਦੀ ਹੈ ਕਿ ਬੱਚਿਆਂ ਨੂੰ ਇਨ੍ਹਾਂ ਪੰਜਾਬੀ ਸਕੂਲਾਂ ਵਿੱਚ ਛੱਡਣ ਆਏ ਇਨ੍ਹਾਂ ਬੱਚਿਆਂ ਦੇ ਕਈ ਮਾਪਿਆਂ ਨੂੰ ਆਪ ਚੰਗੀ ਤਰ੍ਹਾਂ ਪੰਜਾਬੀ ਨਹੀਂ ਆਉਂਦੀ ਹੁੰਦੀ। ਪੜ੍ਹਾਉਣ ਦੀ ਸੇਵਾ ਕਰ ਰਹੇ ਪੰਜਾਬੀ ਅਧਿਆਪਕ ਵੀ ਪੰਜਾਬ ਤੋਂ ਆਏ ਬਜ਼ੁਰਗ ਹੀ ਹੁੰਦੇ ਹਨ ਜਿਨ੍ਹਾਂ ਨੂੰ ਪੱਛਮੀ ਵਿੱਦਿਆ ਅਤੇ ਸਿੱਖਿਆ ਪ੍ਰਣਾਲੀਆਂ ਦਾ ਭੋਰਾ ਜਿਹਾ ਵੀ ਗਿਆਨ ਨਹੀਂ ਹੁੰਦਾ। ਸੋ ਇਹ ਸਭ ਕੁਝ ਖਾਨਾ-ਪੂਰਤੀ ਤੋਂ ਵੱਧ ਕੁਝ ਨਹੀਂ ਲੱਗਦਾ।     

ਵਕ਼ਤ ਕੋਈ ਬਹੁਤਾ ਬਦਲ ਨਹੀਂ ਗਿਆ। ਸਮਾਜਕ ਪੱਧਰ ਤੇ ਸਾਡਾ ਧਿਆਨ ਇਸ ਪਾਸੇ ਵੱਲ ਹੈ ਹੀ ਨਹੀਂ ਸਿਵਾਏ ਖਾਨਾ-ਪੂਰਤੀਆਂ ਤੋਂ। ਮੈਨੂੰ ਇੱਕ ਹੱਡਬੀਤੀ ਯਾਦ ਆ ਜਾਂਦੀ ਹੈ।   

ਅੱਜ ਤੋਂ ਵੀਹ ਬਾਈ ਸਾਲ ਪਹਿਲਾਂ ਜ਼ੀ ਪੰਜਾਬੀ ਚੈਨਲ ਸ਼ੁਰੂ ਹੋਇਆ ਸੀ। ਜਦੋਂ ਸ਼ੁਰੂ ਹੋਇਆ ਸੀ ਜ਼ਾਹਿਰ ਸੀ ਕਿ ਨਵੇਂ ਸ਼ੁਰੂ ਹੋਏ ਪੰਜਾਬੀ ਚੈਨਲ ਉੱਤੇ ਮੌਲਿਕ ਪੰਜਾਬੀ ਪ੍ਰੋਗਰਾਮ ਘੱਟ ਹੀ ਹੋਣਗੇ। ਇਸ ਕਰਕੇ ਇਹ ਖੱਪਾ ਪੂਰਾ ਕਰਨ ਦੇ ਲਈ ਜ਼ੀ ਪੰਜਾਬੀ ਵਾਲਿਆਂ ਨੇ ਉਨ੍ਹਾਂ ਦਿਨਾਂ ਦਾ ਜ਼ੀ ਚੈਨਲ ਦਾ ਇੱਕ ਬਹੁਤ ਹੀ ਮਸ਼ਹੂਰ ਹਿੰਦੀ ਪ੍ਰੋਗਰਾਮ ਸੁਰਭੀ ਜਿਸ ਨੂੰ ਰੇਣੂਕਾ ਸ਼ਾਹਾਨੇ ਅਤੇ ਸਿਧਾਰਥ ਕਾਕ ਪੇਸ਼ ਕਰਦੇ ਸਨ, ਉਸ ਨੂੰ ਪੰਜਾਬੀ ਦੇ ਵਿੱਚ ਡੱਬ ਕਰਕੇ ਜ਼ੀ ਪੰਜਾਬੀ ਦੇ ਉੱਤੇ ਚਲਾਉਣਾ ਸ਼ੁਰੂ ਕਰ ਦਿੱਤਾ। ਇਸ ਦੇ ਨਾਲ ਨਾਲ ਹੀ ਅਲਾਦੀਨ ਦੀ ਕਾਰਟੂਨ ਵੀ ਪੰਜਾਬੀ ਦੇ ਵਿੱਚ ਡੱਬ ਕਰਕੇ ਉਨ੍ਹਾਂ ਨੇ ਚਲਾਉਣੀ ਸ਼ੁਰੂ ਕਰ ਦਿੱਤੀ। ਮੈਨੂੰ ਇਸ ਗੱਲ ਦੀ ਹੈਰਾਨੀ ਅਤੇ ਖੁਸ਼ੀ ਵੀ ਹੁੰਦੀ ਸੀ ਕਿ ਇਨ੍ਹਾਂ ਦੋਵਾਂ ਦਾ ਪੰਜਾਬੀ ਡੱਬਿੰਗ ਦਾ ਮਿਆਰ ਬਹੁਤ ਹੀ ਉੱਚ ਪੱਧਰੀ ਸੀ। ਪੰਜਾਬੀ ਡੱਬਿੰਗ ਵਿੱਚ ਵਰਤੀ ਗਈ ਸ਼ਬਦਾਵਲੀ ਬਿਲਕੁਲ ਠੇਠ ਪੰਜਾਬੀ ਵਿੱਚ ਸੀ।

ਕੁਝ ਸਾਲ ਪਹਿਲਾਂ ਮੈਂ ਜ਼ੀ ਪੰਜਾਬੀ ਵਾਲਿਆਂ ਨੂੰ ਮੁੰਬਈ ਫੋਨ ਕਰਕੇ ਇਹ ਵੀ ਬਹੁਤ ਕੋਸ਼ਿਸ਼ ਕੀਤੀ ਕਿ ਕਿਸੇ ਤਰ੍ਹਾਂ ਅਲਾਦੀਨ ਦੀ ਪੰਜਾਬੀ ਡੱਬ ਕਾਰਟੂਨ ਜੇਕਰ ਅੱਜ ਦੁਬਾਰਾ ਚੱਲੇ ਜਾਂ ਕਿਤੇ ਉਹਦੀ ਕੋਈ ਖਰੀਦਣ ਵਾਸਤੇ ਡੀਵੀਡੀ ਮਿਲ ਜਾਏ। ਪਰ ਉਨ੍ਹਾਂ ਨੇ ਪੱਲਾ ਹੀ ਝਾੜ ਲਿਆ ਕਿ ਉਨ੍ਹਾਂ ਨੂੰ ਇਹ ਪੁਰਾਣੇ ਪੰਜਾਬੀ ਡੱਬ ਪ੍ਰੋਗਰਾਮ ਲੱਭ ਨਹੀਂ ਸਨ ਰਹੇ।

ਇਸ ਦੇ ਮੁਕਾਬਲੇ, ਅੱਜ ਜਦ ਸਮਾਜਕ ਮਾਧਿਅਮਾਂ ਕਰਕੇ ਹਰ ਪਾਸੇ ਪੰਜਾਬੀ ਦੇ ਨਾਂ ਤੇ ਬਹੁਤ ਕੁਝ ਚੱਲਣਾ ਜ਼ਰੂਰ ਸ਼ੁਰੂ ਹੋ ਗਿਆ ਹੈ ਤਾਂ ਘਾਟ ਇਹੀ ਰੜਕਦੀ ਰਹਿੰਦੀ ਹੈ ਕਿ ਬੱਚਿਆਂ ਦੇ ਬੌਧਿਕ ਵਿਕਾਸ ਅਤੇ ਪੰਜਾਬੀ ਭਾਸ਼ਾ ਦੀ ਸਿਖਲਾਈ ਵਾਲੇ ਪਾਸੇ ਕਿਸੇ ਦਾ ਵੀ ਕੋਈ ਧਿਆਨ ਨਹੀਂ। ਸਮਾਜਕ ਮਾਧਿਅਮਾਂ ਉੱਤੇ ਵਰਤੀ ਜਾ ਰਹੀ ਪੰਜਾਬੀ ਸ਼ਬਦਾਵਲੀ ਵੀ ਠੇਠ ਨਹੀਂ ਹੁੰਦੀ। ਲਿਖਣ ਲਈ ਵੀ ਕੱਚਘਰੜ ਰੋਮਨ ਵਰਤੀ ਜਾ ਰਹੀ ਜਿੱਥੇ ਹਰ ਕੋਈ ਆਪਣੇ ਤਰੀਕੇ ਨਾਲ ਅੱਖਰ ਪਾ ਰਿਹਾ ਹੈ। ਸ਼ਾਇਦ ਇਸੇ ਕੱਚਘਰੜਤਾ ਕਰਕੇ ਆਪਣੇ ਇਤਿਹਾਸ ਤੋ ਕੋਰੀ, ਨਵੀਂ ਪਨੀਰੀ ਵਿੱਚੋਂ ਬਹੁਤੇ ਸ਼ਰਾਬ, ਅਸਲੇ ਅਤੇ ਫੁਕਰਪੁਣੇ ਨੂੰ ਹੀ ਆਪਣਾ ਸੱਭਿਆਚਾਰ ਸਮਝੀ ਬੈਠੇ ਹਨ।

Processing…
Success! You’re on the list.

 

Posted in ਵਿਚਾਰ

ਪੰਜਾਬੀ ਭਾਸ਼ਾ ਨੂੰ ਖ਼ਤਰਾ

ਦੋ-ਕੁ ਸਾਲ ਪਹਿਲਾਂ ਇਸ ਗੱਲ ਦੀ ਚਰਚਾ ਆਮ ਹੋ ਗਈ ਸੀ ਕਿ ਯੂਨੈਸਕੋ ਮੁਤਾਬਕ ਪੰਜਾਹ ਕੁ ਸਾਲਾਂ ਤਕ ਪੰਜਾਬੀ ਭਾਸ਼ਾ ਖ਼ਤਮ ਹੋ ਜਾਵੇਗੀ। ਕੀ ਪੰਜਾਬੀ ਨੂੰ ਦੂਜੀਆਂ ਭਾਸ਼ਾਵਾਂ ਤੋਂ ਖ਼ਤਰਾ ਕਿ ਆਪਣੀ ਨਲਾਇਕੀ ਤੋਂ?  

ਉਸ ਵੇਲ਼ੇ ਸ਼ਰਧਾ ਭਾਵਨਾ ਨਾਲ ਗੜੁਚ ਲੇਖ ਛਪਣੇ ਸ਼ੁਰੂ ਹੋ ਗਏ, ਕਵਿਤਾਵਾਂ ਛਪਣੀਆਂ ਸ਼ੁਰੂ ਹੋ ਗਈਆਂ ਕਿ ਪੰਜਾਬੀ ਨਹੀਂ ਮਰਦੀ। ਇਤਿਹਾਸਕ ਦਮਗਜੇ ਤਾਂ ਬਹੁਤ ਮਾਰੇ ਗਏ ਪਰ ਕਿਸੇ ਨੇ ਵੀ ਇਹ ਦੱਸਣ-ਜਾਨਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਪੰਜਾਬੀ ਗਿਆਨ-ਵਿਗਿਆਨ ਦੀ ਭਾਸ਼ਾ ਬਣ ਵੀ ਰਹੀ ਹੈ ਕਿ ਨਹੀਂ? ਪੰਜਾਬੀਆਂ ਵਿੱਚ ਕੋਈ ਪਛ੍ਹਣ-ਲਿਖਣ ਦਾ ਰੁਝਾਨ ਵੀ ਹੈ ਕਿ ਬਸ ਫੇਸਬੁੱਕ ਤੇ ਲਾਈਵ ਹੋਣ ਜੋਗੇ ਜਾਂ ਫਿਰ ਵ੍ਹਾਟਸਐਪ ਤੇ ਟੋਟਕੇ ਛੱਡਣ ਜੋਗੇ ਹੀ ਹਨ?  

Photo by Ben Mullins on Unsplash

ਪੰਜਾਬੀਆਂ ਦੇ ਪੜ੍ਹੇ ਲਿਖੇ ਹੋਣ ਦਾ ਇਕ ਪੈਮਾਨਾ ਇਹ ਵੀ ਹੈ ਕਿ ਪੰਜਾਬੀ ਯੂਨੀਵਰਸਟੀ ਜਾਂ ਇਸ ਤਰ੍ਹਾਂ ਦੇ ਹੋਰ ਚੰਗੇ ਯੂਟਿਊਬ ਵੀਡਿਓਜ਼ ਦੇ ਸਿਰਫ਼ 100-200 ਵਿਊਜ਼ ਜਦਕਿ ਬਾਹਰ ਜਾਣ ਬਾਰੇ, ਕੈਨੇਡਾ ਵਿੱਚ ਟ੍ਰਕ ਚਲਾਉਣ ਬਾਰੇ, ਅਤੇ ਇਸੇ ਤਰ੍ਹਾਂ ਦੇ ਹੋਰ ਵੀਡਿਓਜ਼ ਦੇ ਲੱਖਾਂ ਵਿਊਜ਼ ਅਤੇ ਪੰਜਾਬੀ ਭਾਸ਼ਾ ਦਾ ਪੂਰਾ ਸੱਤਿਆਨਾਸ ਕੀਤਾ ਹੁੰਦਾ ਹੈ।

ਵ੍ਹਾਟਸਐਪ ਯੂਨੀਵਰਸਿਟੀ ਤੇ ਬਹੁਤੀ ਥਾਂ ਇਸ ਗੱਲ ਉੱਤੇ ਬਹਿਸ ਚੱਲਦੀ ਰਹਿੰਦੀ ਹੈ ਕਿ ਪੰਜਾਬੀ ਦੀ ਚੜ੍ਹਤ ਵਾਸਤੇ ਪੰਜਾਬੀ ਨੂੰ ਰੁਜ਼ਗਾਰ ਦੀ ਭਾਸ਼ਾ ਬਣਾਉਣਾ ਜ਼ਰੂਰੀ ਹੈ ਪਰ ਸੱਚਾਈ ਸਾਰਿਆਂ ਨੂੰ ਪਤਾ ਹੈ ਕਿ ਰੁਜ਼ਗਾਰ ਦੀ ਭਾਸ਼ਾ ਕਿਹੜੀ ਹੈ ਅਤੇ ਸ਼ਰਧਾ ਭਾਵਨਾ ਵਾਲੀ ਭਾਸ਼ਾ ਕਿਹੜੀ ਹੈ? 

ਦੂਜੀ ਇਹ ਕਿ ਵੀ ਗੱਲ ਹੈ ਕਿ ਰੁਜ਼ਗਾਰ ਦੇ ਨਾਂ ਤੇ ਆਇਲਟਸ ਜਿਸ ਨੂੰ ਠੇਠ ਪੰਜਾਬੀ ਵਿੱਚ ਆਈਲੈੱਟਸ ਕਹਿਣ ਦਾ ਰਿਵਾਜ ਪਿਆ ਹੋਇਆ ਹੈ, ਉਹ ਇੱਕ ਚੋਰ-ਮੋਰੀ ਰਸਤਾ ਸਾਰਿਆਂ ਨੂੰ ਲੱਭਿਆ ਹੋਇਆ ਹੈ ਕਿ ਇਹ ਇਮਤਿਹਾਨ ਦਿਓ ਤੇ ਹੇਠਲੇ ਬੈਂਡ ਲੈ ਕੇ ਵੀ ਬਾਹਰ ਚਲੇ ਜਾਓ – ਘੱਟੋ ਘੱਟ “ਡੌਂਕੀ” ਬਨਣ ਤੋਂ ਤਾਂ ਬਚੋਗੇ।  

ਹੁਣ ਤਾਂ ਹਾਲਾਤ ਇਹ ਹੋ ਗਏ ਹਨ ਕਿ ਪੰਜਾਬ ਦੀ ਮੁੰਡ੍ਹੀਰ ਨੂੰ ਕੁੜੀਆਂ ਦੀ ਮਦਦ ਲੈਣੀ ਪੈ ਰਹੀ ਹੈ ਆਈਲੈੱਟਸ ਦੇ ਸਿਰ ਤੇ ਬਾਹਰ ਆਉਣ ਲਈ। ਸਾਰਾ ਸੱਭਿਆਚਾਰ ਬਦਲ ਰਿਹਾ ਹੈ। ਦਾਜ ਪੁੱਠਾ ਹੋ ਰਿਹਾ ਆਈਲੈੱਟਸ ਦੀ ਬਦੌਲਤ। 


ਪੰਜਾਬੀ ਦੇ ਨਾਂ ਤੇ ਭੰਡ-ਗਵੱਈਏ ਅਤੇ ਕਵੀ ਦਰਬਾਰ ਸਾਡੇ ਸਿਰਾਂ ਤੇ ਚੜ੍ਹ ਕੇ ਬੈਠੇ ਹੋਏ ਹਨ। ਪੰਜਾਬੀ ਸਭਿਆਚਾਰ ਦੀ ਵਾਗ ਡੋਰ ਇਨ੍ਹਾਂ ਦੇ ਹੱਥ ਵਿੱਚ ਆ ਜਾਣ ਕਰਕੇ ਪੰਜਾਬੀਅਤ ਨੂੰ ਇਨ੍ਹਾਂ ਨੇ ਪੂਰੀ ਤਰ੍ਹਾਂ ਪੁੱਠਾ ਲਟਕਾ ਕੇ ਰੱਖਿਆ ਹੋਇਆ ਹੈ ਅਤੇ ਉੱਤੋਂ ਗ਼ਨੀਮਤ ਇਹ ਕਿ ਹੈ ਕਿ ਅਜਿਹੇ ਲੋਕ ਹੁਣ ਸਾਨੂੰ ਊੜਾ “ਆੜਾ” ਸਿਖਾ ਰਹੇ ਹਨ।

Posted in ਵਿਚਾਰ

ਮਨ ਜੀਤੇ ਜਗੁ ਜੀਤ

ਸੰਨ 2020 ਨੇ ਇਹੋ ਜਿਹਾ ਕੌਤਕ ਕਰ ਵਿਖਾਇਆ ਜਿਹੜਾ ਜ਼ਿੰਦਗੀ ਭਰ ਦੇ ਵਿੱਚ ਕਦੀ ਅੱਗੇ ਵੇਖਣ ਨੂੰ ਨਹੀਂ ਸੀ ਮਿਲਿਆ।

ਇੱਕ ਵਾਰੀ ਤਾਂ ਇੰਞ ਲੱਗਿਆ ਜਿਵੇਂ ਸਾਰੀ ਕਾਇਨਾਤ ਹੀ ਖੜ੍ਹ ਗਈ ਹੋਵੇ ਅਤੇ ਸਾਰੀ ਭੱਜ ਨੱਠ ਥੰਮ੍ਹ ਗਈ ਹੋਵੇ। ਜ਼ਿੰਦਗੀ ਵਿੱਚ ਸਭ ਤੋਂ ਜ਼ਰੂਰੀ ਕੀ ਹੁੰਦਾ ਹੈ, ਇਸ ਨੂੰ ਸਮਝਣ ਲਈ ਇਸ ਤੋਂ ਵੱਧ ਕੇ ਕੋਈ ਹੋਰ ਮੌਕਾ ਨਹੀਂ ਸੀ ਹੋ ਸਕਦਾ।

ਇਨਸਾਨ ਨੂੰ ਜਦ ਵੀ ਵੇਖਿਆ ਇਹੀ ਲੋਚਦੇ ਵੇਖਿਆ ਕਿ ਉਹ ਕਿਸੇ ਤਰ੍ਹਾਂ ਵਕ਼ਤ ਦੇ ਚੱਕਰ ਨੂੰ ਕਾਬੂ ਕਰ ਲਵੇ। ਕੋਈ ਇਹੋ ਜਿਹਾ ਮੌਕਾ ਲੱਗੇ ਕਿਤੇ ਆਪਣੇ ਅੰਦਰ ਝਾਤੀ ਮਾਰਨ ਦਾ। ਕੋਈ ਇਕਾਂਤਵਾਸ। ਆਪਣੇ ਮਨ ਨੂੰ ਜਿੱਤਣ ਦਾ। ਮਨ ਜੀਤੇ ਜਗੁ ਜੀਤ। ਜਿਵੇਂ ਇਹ ਸਭ ਕੁਝ ਆਪ ਚੱਲ ਕੇ ਤੁਹਾਡੇ ਕੋਲ ਆ ਗਿਆ ਹੋਵੇ।

ਭੂਚਾਲ ਤੋਂ ਬਾਅਦ ਬਾਹਰ ਆਏ ਲੋਕ ਇੱਕ ਦੂਜੇ ਵੱਲ ਇਸ ਤਰ੍ਹਾਂ ਵੇਖ ਰਹੇ ਹੁੰਦੇ ਜਿਵੇਂ ਸ਼ੁਕਰਾਨਾ ਕਰ ਰਹੇ ਹੋਣ ਇਸ ਨਵੇਂ ਜੀਵਨ ਦਾ।

ਸਮਾਂ ਪਾ ਕੇ ਫਿਰ ਉਹੀ ਅੱਗਾ ਦੌੜ ਪਿੱਛਾ ਚੌੜ। ਪਰ ਬਹੁਤ ਸਾਰੇ ਇਸ ਸਾਲ ਦੇ ਨਿਵੇਕਲੇ ਤਜੁਰਬੇ ਸਦਕਾ ਇਸ ਘੁੰਮਣ-ਘੇਰੀ ਤੋਂ ਲਾਂਭੇ ਰਹਿਣਾ ਆਪਣੀ ਆਦਤ ਵਿੱਚ ਸ਼ਾਮਲ ਕਰ ਚੁੱਕੇ ਹੋਣਗੇ।

Posted in ਵਿਚਾਰ

ਮਾਹੌਲ ਦਾ ਅਸਰ

ਇਹ ਗੱਲ ਸੰਨ 1985-86 ਦੀ ਹੈ। ਉਨ੍ਹਾਂ ਦਿਨਾਂ ਦੇ ਵਿੱਚ ਭਾਰਤ ਭਰ ਤੋਂ 4 ਪ੍ਰੋਫੈਸਰਾਂ ਤੇ ਇੱਕ ਉਪ ਕੁਲਪਤੀ ਦਾ ਵਫ਼ਦ ਚੰਡੀਗੜ੍ਹ ਡੀ.ਏ.ਵੀ ਕਾਲਜ ਆਇਆ ਹੋਇਆ ਸੀ। ਉਨ੍ਹਾਂ ਦਾ ਇਹ ਦੌਰਾ ਭਾਰਤ ਦੇ ਚੋਟੀ ਦੇ ਕਾਲਜਾਂ ਦੇ ਬਾਰੇ ਫੈਸਲਾ ਕਰਨ ਲਈ ਸੀ ਅਤੇ ਡੀ.ਏ.ਵੀ ਕਾਲਜ, ਚੰਡੀਗੜ੍ਹ ਚੋਟੀ ਦੇ ਕਾਲਜਾਂ ਦੀ ਸੂਚੀ ਵਿੱਚ ਸੀ। 

ਇਸ ਵਫ਼ਦ ਨਾਲ ਮਿਲਵਾਉਣ ਲਈ ਕਾਲਜ ਨੂੰ ਪੰਜ ਛੇ ਵਿਦਿਆਰਥੀ ਵੀ ਤਿਆਰ ਕਰਨੇ ਪੈਣੇ ਸਨ। ਮੈਂ ਉਨ੍ਹਾਂ ਦਿਨਾਂ ਵਿੱਚ ਡੀ.ਏ.ਵੀ ਕਾਲਜ ਚੰਡੀਗੜ੍ਹ ਵਿਖੇ ਪੜ੍ਹਦਾ ਸੀ। ਕਾਲਜ ਦੇ ਪ੍ਰਿੰਸੀਪਲ ਨੇ ਖਾਸ ਤੌਰ ਤੇ ਇਸ ਵਫ਼ਦ ਨਾਲ ਮਿਲਣ ਲਈ ਉਨ੍ਹਾਂ ਵਿਦਿਆਰਥੀਆਂ ਨੂੰ ਚੁਣਿਆ ਜੋ ਪੜ੍ਹਾਈ ਵਿੱਚ ਤਾਂ ਚੰਗੇ ਹੈ ਹੀ ਸਨ ਨਾਲੇ ਉਹ ਵੀ ਜਿਹੜੇ ਯੁਵਕ ਅਗਵਾਈ ਵਿੱਚ ਵੀ ਕਾਫੀ ਸਰਗਰਮ ਸਨ।

ਸਾਰੇ ਕਾਲਜ ਵਿੱਚ ਘੁੰਮਣ ਤੋਂ ਬਾਅਦ ਤਿੰਨ ਵਜੇ ਇਸ ਡੈਲੀਗੇਸ਼ਨ ਨੇ ਚਾਹ ਪਾਣੀ ਪੀਣਾ ਸੀ। ਚਾਹ ਪਾਣੀ ਦਾ ਬੰਦੋਬਸਤ ਕਾਲਜ ਦੀ ਲਾਇਬ੍ਰੇਰੀ ਵਿੱਚ ਸੀ। ਲਾਇਬ੍ਰੇਰੀ ਦੇ ਮੇਜ਼ਾਂ ਦੇ ਉੱਤੇ ਦੁਨੀਆਂ ਭਰ ਦਾ ਖਾਣ ਪੀਣ ਦਾ ਸਾਮਾਨ ਰੱਖਿਆ ਹੋਇਆ ਸੀ। ਵਫ਼ਦ ਅਤੇ ਵਿਦਿਆਰਥੀਆਂ ਦਾ ਆਪਸ ਵਿੱਚ ਵਿਚਾਰ ਵਟਾਂਦਰਾ ਬਹੁਤ ਪ੍ਰਭਾਵਸ਼ਾਲੀ ਰਿਹਾ ਤੇ ਬਾਅਦ ਵਿੱਚ ਜਿਵੇਂ ਹੀ ਚਾਹ ਪਾਣੀ ਦਾ ਦੌਰ ਚੱਲਿਆ ਤਾਂ ਹਰ ਕੋਈ ਖਾਣ ਪੀਣ ਤੋਂ ਬਹੁਤ ਸੰਕੋਚ ਕਰ ਰਿਹਾ ਸੀ। ਭਾਵੇਂ ਕਿ ਉੱਥੇ ਸਮੋਸੇ, ਜਲੇਬੀਆਂ ਭਾਂਤ-ਭਾਂਤ ਦੀਆਂ ਮਠਿਆਈਆਂ ਤੇ ਕਈ ਕਿਸਮ ਦੇ ਨਮਕੀਨ ਅਤੇ ਕਚੌੜੀਆਂ ਵੀ ਰੱਖੀਆਂ ਹੋਈਆਂ ਸਨ। ਖਾਸ ਤੌਰ ਤੇ ਵਫ਼ਦ ਨੇ ਕਈ ਵਾਰ ਸਾਨੂੰ ਵਿਦਿਆਰਥੀਆਂ ਨੂੰ ਖਾਣ ਪੀਣ ਲਈ ਸੁਲਾਹ ਮਾਰੀ। ਪਰ ਅਸੀਂ ਸਾਰੇ ਇੱਕ ਦੂਜੇ ਦਾ ਮੂੰਹ ਵੇਖਦੇ ਤੇ ਬੜੇ ਹੀ ਸੰਕੋਚ ਨਾਲ ਇੱਕ-ਅੱਧ ਚੀਜ਼ ਪਲੇਟ ਵਿੱਚ ਧਰ ਕੇ ਪਿੱਛੇ ਹਟ ਜਾਂਦੇ।  

Photo credit: Unsplash

ਉਸੇ ਦਿਨ ਸ਼ਾਮ ਨੂੰ ਕਾਲਜ ਵਿੱਚ ਐਨ.ਐਸ.ਐਸ ਦਾ ਸਾਲਾਨਾ ਸਮਾਰੋਹ ਵੀ ਹੋ ਰਿਹਾ ਸੀ।   ਐਨ.ਐਸ.ਐਸ ਦੇ ਪ੍ਰੋਫੈਸਰ ਇੰਚਾਰਜ ਨੂੰ ਤਾਂ ਸਾਡੇ ਬਾਰੇ ਪਤਾ ਹੀ ਸੀ ਤੇ ਮਲਕੜੇ ਜਿਹੇ ਉਨ੍ਹਾਂ ਸਾਨੂੰ ਇਹ ਸੁਨੇਹਾ ਭਿਜਵਾ ਦਿੱਤਾ ਕਿ ਵਫ਼ਦ ਤੋਂ ਵਿਹਲੇ ਹੋ ਕੇ ਅਸੀਂ ਐਨ.ਐਸ.ਐਸ ਦੇ ਪ੍ਰੋਗਰਾਮ ਵਿੱਚ ਜਾ ਸ਼ਾਮਿਲ ਹੋਈਏ।

ਜਦੋਂ ਅਸੀਂ ਉੱਥੇ ਪਹੁੰਚੇ ਤਾਂ ਚੰਗੀ ਰੌਣਕ ਲੱਗੀ ਹੋਈ ਸੀ। ਇਨਾਮ ਵੰਡ ਸਮਾਰੋਹ ਹੋਇਆ ਤੇ ਬਾਅਦ ਵਿੱਚ ਉੱਥੇ ਵੀ ਖਾਣ ਪੀਣ ਦੇ ਲਈ ਮੇਜ਼ਾਂ ਸਜੀਆਂ ਹੋਈਆਂ ਸਨ। ਹਾਲਾਂਕਿ ਉੱਥੇ ਖਾਣ ਪੀਣ ਲਈ ਇੰਨੀਆਂ ਕਿਸਮ ਦੀਆਂ ਚੀਜ਼ਾਂ ਨਹੀਂ ਸਨ ਜਿਵੇਂ ਕਿ ਵਫ਼ਦ ਦੀ ਖਾਤਰਦਾਰੀ ਵਾਸਤੇ ਵਾਸਤੇ ਰੱਖੀਆਂ ਸਨ। ਜਿਵੇਂ ਹੀ ਖਾਣ ਪੀਣ ਦੀ ਸ਼ੁਰੂਆਤ ਹੋਈ ਉਥੇ ਹਰ ਕੋਈ ਇੰਞ ਵਰਤਾਅ ਕਰ ਰਿਹਾ ਸੀ ਕਿ ਬੱਸ ਜਿਵੇਂ ਸਾਰੀ ਭੁੱਖ ਅੱਜ  ਹੀ ਲੱਗੀ ਹੋਵੇ। ਅੱਖ ਦੇ ਫੋਰ ਵਿੱਚ ਖਾਣ ਵਾਲੀਆਂ ਚੀਜ਼ਾਂ ਖਤਮ ਹੋ ਗਈਆਂ। ਮੈਂ ਸੋਚਿਆ ਸੀ ਕਿ ਵੇਖੋ ਉਹੀ ਵਿਦਿਆਰਥੀ ਪਰ ਮਾਹੌਲ ਦੇ ਬਦਲ ਜਾਣ ਨਾਲ ਕਿੰਨਾ ਫਰਕ ਪੈ ਜਾਂਦਾ ਹੈ! ਵਫ਼ਦ ਦੇ ਸਾਹਮਣੇ ਅਸੀਂ ਕੁਝ ਖਾਸ ਨਹੀਂ ਖਾਧਾ ਪਰ ਇਥੇ ਐਨ.ਐਸ.ਐਸ ਦੇ ਸਾਲਾਨਾ ਸਮਾਰੋਹ ਵਿੱਚ ਅਸੀਂ ਖਾਣ-ਪੀਣ ਦੀਆਂ ਡੰਝਾਂ ਲਾਹ ਕੇ ਰੱਖ ਦਿੱਤੀਆਂ।

ਇਹੋ ਜਿਹੇ ਮਾਹੌਲ ਬਦਲ ਜਾਣ ਦੀ ਇੱਕ ਮਿਸਾਲ ਮੈਨੂੰ ਬੀਤੇ ਹਫ਼ਤੇ ਵੀ ਮਿਲੀ। ਸਾਡਾ ਕੁਝ ਪੁਰਾਣੇ ਦੋਸਤਾਂ ਦਾ ਇਕ ਐਪ ਦੇ ਉੱਤੇ ਗਰੁੱਪ ਹੈ ਜੋ ਕਿ ਕਾਫੀ ਸਾਲਾਂ ਤੋਂ ਚੱਲ ਰਿਹਾ ਹੈ। ਅਸੀਂ ਵਕਤ ਦਰ ਵਕਤ ਇੱਕ ਦੂਜੇ ਨਾਲ ਰਸਮੀ ਸੁਨੇਹੇ ਵੀ ਸਾਂਝੇ ਕਰਦੇ ਰਹਿੰਦੇ ਹਾਂ ਤੇ ਆਪਸੀ ਮਿਲਾਪ ਵੀ ਬਣਾ ਕੇ ਰੱਖਦੇ ਹਾਂ। ਪਰ ਬੀਤੇ ਹਫ਼ਤੇ ਸਾਡੇ ਵਿੱਚੋਂ ਹੀ ਇੱਕ ਨੇ ਸਲਾਹ ਦਿੱਤੀ ਕਿ ਬਹੁਤੀ ਗੱਲਬਾਤ ਨਹੀਂ ਚੱਲ ਰਹੀ ਚੱਲੋ ਅਸੀਂ ਵ੍ਹਾਟਸਐਪ ਗਰੁੱਪ ਬਣਾ ਲਈਏ ਤੇ ਵ੍ਹਾਟਸਐਪ ਗਰੁੱਪ ਬਣ ਗਿਆ।

ਗਰੁੱਪ ਬਣਨ ਦੀ ਦੇਰ ਸੀ ਕਿ ਤੜੱਕ ਦੇਣੇ ਸਵੇਰ ਤੋਂ ਸ਼ਾਮ ਤੱਕ ਚੁਟਕਲੇ, ਠਿੱਠ, ਮਸ਼ਕਰੀ ਅਤੇ ਹੋਰ ਕਈ ਕਿਸਮ ਦੇ ਵੀਡੀਓ ਚੱਲਣੇ ਸ਼ੁਰੂ ਹੋ ਗਏ ਸਮੇਤ ਟਿਕ ਟੌਕ ਦੇ ਵੀਡੀਓ ਕਲਿੱਪ ਵੀ। ਮੈਨੂੰ ਲੱਗਿਆ ਕਿ ਜਿਹੜੀ ਦੂਜੀ ਐਪ ਸੀ ਉਸ ਉੱਤੇ ਅਸੀਂ ਇਕ ਦੂਜੇ ਨਾਲ ਮਿਲਾਪ ਵਿੱਚ ਸੀ ਅਤੇ ਉਥੇ ਰਸਮੀ ਤੌਰ ਤੇ ਅਸੀਂ ਬੜੇ ਸੰਕੋਚ ਨਾਲ ਚੱਲਦੇ ਸੀ।

ਵ੍ਹਾਟਸਐਪ ਦਾ ਕਿਰਦਾਰ ਹੀ ਇਹ ਹੈ ਕਿ ਬੇਸਿਰ-ਪੈਰ ਗੱਲਾਂ ਧੜਾਧੜ ਅੱਗੇ ਤੋਂ ਅੱਗੇ ਸਾਂਝੀਆਂ ਕਰੀ ਜਾਓ। ਇਸ ਖੋਖਲੇ ਰੁਝੇਵੇਂ ਵਿੱਚੋਂ ਖੁਸ਼ੀਆਂ ਲੱਭਣ ਲਈ ਪਤਾ ਨਹੀਂ ਕਿਉਂ ਅਸੀਂ ਪੱਬਾਂ ਭਾਰ ਹੋਏ ਫਿਰਦੇ ਹਾਂ?