Posted in ਵਿਚਾਰ

ਪੰਜਾਬੀ ਭਾਸ਼ਾ ਨੂੰ ਖ਼ਤਰਾ

ਦੋ-ਕੁ ਸਾਲ ਪਹਿਲਾਂ ਇਸ ਗੱਲ ਦੀ ਚਰਚਾ ਆਮ ਹੋ ਗਈ ਸੀ ਕਿ ਯੂਨੈਸਕੋ ਮੁਤਾਬਕ ਪੰਜਾਹ ਕੁ ਸਾਲਾਂ ਤਕ ਪੰਜਾਬੀ ਭਾਸ਼ਾ ਖ਼ਤਮ ਹੋ ਜਾਵੇਗੀ। ਕੀ ਪੰਜਾਬੀ ਨੂੰ ਦੂਜੀਆਂ ਭਾਸ਼ਾਵਾਂ ਤੋਂ ਖ਼ਤਰਾ ਕਿ ਆਪਣੀ ਨਲਾਇਕੀ ਤੋਂ?  

ਉਸ ਵੇਲ਼ੇ ਸ਼ਰਧਾ ਭਾਵਨਾ ਨਾਲ ਗੜੁਚ ਲੇਖ ਛਪਣੇ ਸ਼ੁਰੂ ਹੋ ਗਏ, ਕਵਿਤਾਵਾਂ ਛਪਣੀਆਂ ਸ਼ੁਰੂ ਹੋ ਗਈਆਂ ਕਿ ਪੰਜਾਬੀ ਨਹੀਂ ਮਰਦੀ। ਇਤਿਹਾਸਕ ਦਮਗਜੇ ਤਾਂ ਬਹੁਤ ਮਾਰੇ ਗਏ ਪਰ ਕਿਸੇ ਨੇ ਵੀ ਇਹ ਦੱਸਣ-ਜਾਨਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਪੰਜਾਬੀ ਗਿਆਨ-ਵਿਗਿਆਨ ਦੀ ਭਾਸ਼ਾ ਬਣ ਵੀ ਰਹੀ ਹੈ ਕਿ ਨਹੀਂ? ਪੰਜਾਬੀਆਂ ਵਿੱਚ ਕੋਈ ਪਛ੍ਹਣ-ਲਿਖਣ ਦਾ ਰੁਝਾਨ ਵੀ ਹੈ ਕਿ ਬਸ ਫੇਸਬੁੱਕ ਤੇ ਲਾਈਵ ਹੋਣ ਜੋਗੇ ਜਾਂ ਫਿਰ ਵ੍ਹਾਟਸਐਪ ਤੇ ਟੋਟਕੇ ਛੱਡਣ ਜੋਗੇ ਹੀ ਹਨ?  

Photo by Ben Mullins on Unsplash

ਪੰਜਾਬੀਆਂ ਦੇ ਪੜ੍ਹੇ ਲਿਖੇ ਹੋਣ ਦਾ ਇਕ ਪੈਮਾਨਾ ਇਹ ਵੀ ਹੈ ਕਿ ਪੰਜਾਬੀ ਯੂਨੀਵਰਸਟੀ ਜਾਂ ਇਸ ਤਰ੍ਹਾਂ ਦੇ ਹੋਰ ਚੰਗੇ ਯੂਟਿਊਬ ਵੀਡਿਓਜ਼ ਦੇ ਸਿਰਫ਼ 100-200 ਵਿਊਜ਼ ਜਦਕਿ ਬਾਹਰ ਜਾਣ ਬਾਰੇ, ਕੈਨੇਡਾ ਵਿੱਚ ਟ੍ਰਕ ਚਲਾਉਣ ਬਾਰੇ, ਅਤੇ ਇਸੇ ਤਰ੍ਹਾਂ ਦੇ ਹੋਰ ਵੀਡਿਓਜ਼ ਦੇ ਲੱਖਾਂ ਵਿਊਜ਼ ਅਤੇ ਪੰਜਾਬੀ ਭਾਸ਼ਾ ਦਾ ਪੂਰਾ ਸੱਤਿਆਨਾਸ ਕੀਤਾ ਹੁੰਦਾ ਹੈ।

ਵ੍ਹਾਟਸਐਪ ਯੂਨੀਵਰਸਿਟੀ ਤੇ ਬਹੁਤੀ ਥਾਂ ਇਸ ਗੱਲ ਉੱਤੇ ਬਹਿਸ ਚੱਲਦੀ ਰਹਿੰਦੀ ਹੈ ਕਿ ਪੰਜਾਬੀ ਦੀ ਚੜ੍ਹਤ ਵਾਸਤੇ ਪੰਜਾਬੀ ਨੂੰ ਰੁਜ਼ਗਾਰ ਦੀ ਭਾਸ਼ਾ ਬਣਾਉਣਾ ਜ਼ਰੂਰੀ ਹੈ ਪਰ ਸੱਚਾਈ ਸਾਰਿਆਂ ਨੂੰ ਪਤਾ ਹੈ ਕਿ ਰੁਜ਼ਗਾਰ ਦੀ ਭਾਸ਼ਾ ਕਿਹੜੀ ਹੈ ਅਤੇ ਸ਼ਰਧਾ ਭਾਵਨਾ ਵਾਲੀ ਭਾਸ਼ਾ ਕਿਹੜੀ ਹੈ? 

ਦੂਜੀ ਇਹ ਕਿ ਵੀ ਗੱਲ ਹੈ ਕਿ ਰੁਜ਼ਗਾਰ ਦੇ ਨਾਂ ਤੇ ਆਇਲਟਸ ਜਿਸ ਨੂੰ ਠੇਠ ਪੰਜਾਬੀ ਵਿੱਚ ਆਈਲੈੱਟਸ ਕਹਿਣ ਦਾ ਰਿਵਾਜ ਪਿਆ ਹੋਇਆ ਹੈ, ਉਹ ਇੱਕ ਚੋਰ-ਮੋਰੀ ਰਸਤਾ ਸਾਰਿਆਂ ਨੂੰ ਲੱਭਿਆ ਹੋਇਆ ਹੈ ਕਿ ਇਹ ਇਮਤਿਹਾਨ ਦਿਓ ਤੇ ਹੇਠਲੇ ਬੈਂਡ ਲੈ ਕੇ ਵੀ ਬਾਹਰ ਚਲੇ ਜਾਓ – ਘੱਟੋ ਘੱਟ “ਡੌਂਕੀ” ਬਨਣ ਤੋਂ ਤਾਂ ਬਚੋਗੇ।  

ਹੁਣ ਤਾਂ ਹਾਲਾਤ ਇਹ ਹੋ ਗਏ ਹਨ ਕਿ ਪੰਜਾਬ ਦੀ ਮੁੰਡ੍ਹੀਰ ਨੂੰ ਕੁੜੀਆਂ ਦੀ ਮਦਦ ਲੈਣੀ ਪੈ ਰਹੀ ਹੈ ਆਈਲੈੱਟਸ ਦੇ ਸਿਰ ਤੇ ਬਾਹਰ ਆਉਣ ਲਈ। ਸਾਰਾ ਸੱਭਿਆਚਾਰ ਬਦਲ ਰਿਹਾ ਹੈ। ਦਾਜ ਪੁੱਠਾ ਹੋ ਰਿਹਾ ਆਈਲੈੱਟਸ ਦੀ ਬਦੌਲਤ। 


ਪੰਜਾਬੀ ਦੇ ਨਾਂ ਤੇ ਭੰਡ-ਗਵੱਈਏ ਅਤੇ ਕਵੀ ਦਰਬਾਰ ਸਾਡੇ ਸਿਰਾਂ ਤੇ ਚੜ੍ਹ ਕੇ ਬੈਠੇ ਹੋਏ ਹਨ। ਪੰਜਾਬੀ ਸਭਿਆਚਾਰ ਦੀ ਵਾਗ ਡੋਰ ਇਨ੍ਹਾਂ ਦੇ ਹੱਥ ਵਿੱਚ ਆ ਜਾਣ ਕਰਕੇ ਪੰਜਾਬੀਅਤ ਨੂੰ ਇਨ੍ਹਾਂ ਨੇ ਪੂਰੀ ਤਰ੍ਹਾਂ ਪੁੱਠਾ ਲਟਕਾ ਕੇ ਰੱਖਿਆ ਹੋਇਆ ਹੈ ਅਤੇ ਉੱਤੋਂ ਗ਼ਨੀਮਤ ਇਹ ਕਿ ਹੈ ਕਿ ਅਜਿਹੇ ਲੋਕ ਹੁਣ ਸਾਨੂੰ ਊੜਾ “ਆੜਾ” ਸਿਖਾ ਰਹੇ ਹਨ।

Posted in ਵਿਚਾਰ

ਮਨ ਜੀਤੇ ਜਗੁ ਜੀਤ

ਸੰਨ 2020 ਨੇ ਇਹੋ ਜਿਹਾ ਕੌਤਕ ਕਰ ਵਿਖਾਇਆ ਜਿਹੜਾ ਜ਼ਿੰਦਗੀ ਭਰ ਦੇ ਵਿੱਚ ਕਦੀ ਅੱਗੇ ਵੇਖਣ ਨੂੰ ਨਹੀਂ ਸੀ ਮਿਲਿਆ।

ਇੱਕ ਵਾਰੀ ਤਾਂ ਇੰਞ ਲੱਗਿਆ ਜਿਵੇਂ ਸਾਰੀ ਕਾਇਨਾਤ ਹੀ ਖੜ੍ਹ ਗਈ ਹੋਵੇ ਅਤੇ ਸਾਰੀ ਭੱਜ ਨੱਠ ਥੰਮ੍ਹ ਗਈ ਹੋਵੇ। ਜ਼ਿੰਦਗੀ ਵਿੱਚ ਸਭ ਤੋਂ ਜ਼ਰੂਰੀ ਕੀ ਹੁੰਦਾ ਹੈ, ਇਸ ਨੂੰ ਸਮਝਣ ਲਈ ਇਸ ਤੋਂ ਵੱਧ ਕੇ ਕੋਈ ਹੋਰ ਮੌਕਾ ਨਹੀਂ ਸੀ ਹੋ ਸਕਦਾ।

ਇਨਸਾਨ ਨੂੰ ਜਦ ਵੀ ਵੇਖਿਆ ਇਹੀ ਲੋਚਦੇ ਵੇਖਿਆ ਕਿ ਉਹ ਕਿਸੇ ਤਰ੍ਹਾਂ ਵਕ਼ਤ ਦੇ ਚੱਕਰ ਨੂੰ ਕਾਬੂ ਕਰ ਲਵੇ। ਕੋਈ ਇਹੋ ਜਿਹਾ ਮੌਕਾ ਲੱਗੇ ਕਿਤੇ ਆਪਣੇ ਅੰਦਰ ਝਾਤੀ ਮਾਰਨ ਦਾ। ਕੋਈ ਇਕਾਂਤਵਾਸ। ਆਪਣੇ ਮਨ ਨੂੰ ਜਿੱਤਣ ਦਾ। ਮਨ ਜੀਤੇ ਜਗੁ ਜੀਤ। ਜਿਵੇਂ ਇਹ ਸਭ ਕੁਝ ਆਪ ਚੱਲ ਕੇ ਤੁਹਾਡੇ ਕੋਲ ਆ ਗਿਆ ਹੋਵੇ।

ਭੂਚਾਲ ਤੋਂ ਬਾਅਦ ਬਾਹਰ ਆਏ ਲੋਕ ਇੱਕ ਦੂਜੇ ਵੱਲ ਇਸ ਤਰ੍ਹਾਂ ਵੇਖ ਰਹੇ ਹੁੰਦੇ ਜਿਵੇਂ ਸ਼ੁਕਰਾਨਾ ਕਰ ਰਹੇ ਹੋਣ ਇਸ ਨਵੇਂ ਜੀਵਨ ਦਾ।

ਸਮਾਂ ਪਾ ਕੇ ਫਿਰ ਉਹੀ ਅੱਗਾ ਦੌੜ ਪਿੱਛਾ ਚੌੜ। ਪਰ ਬਹੁਤ ਸਾਰੇ ਇਸ ਸਾਲ ਦੇ ਨਿਵੇਕਲੇ ਤਜੁਰਬੇ ਸਦਕਾ ਇਸ ਘੁੰਮਣ-ਘੇਰੀ ਤੋਂ ਲਾਂਭੇ ਰਹਿਣਾ ਆਪਣੀ ਆਦਤ ਵਿੱਚ ਸ਼ਾਮਲ ਕਰ ਚੁੱਕੇ ਹੋਣਗੇ।

Posted in ਵਿਚਾਰ

ਮਾਹੌਲ ਦਾ ਅਸਰ

ਇਹ ਗੱਲ ਸੰਨ 1985-86 ਦੀ ਹੈ। ਉਨ੍ਹਾਂ ਦਿਨਾਂ ਦੇ ਵਿੱਚ ਭਾਰਤ ਭਰ ਤੋਂ 4 ਪ੍ਰੋਫੈਸਰਾਂ ਤੇ ਇੱਕ ਉਪ ਕੁਲਪਤੀ ਦਾ ਵਫ਼ਦ ਚੰਡੀਗੜ੍ਹ ਡੀ.ਏ.ਵੀ ਕਾਲਜ ਆਇਆ ਹੋਇਆ ਸੀ। ਉਨ੍ਹਾਂ ਦਾ ਇਹ ਦੌਰਾ ਭਾਰਤ ਦੇ ਚੋਟੀ ਦੇ ਕਾਲਜਾਂ ਦੇ ਬਾਰੇ ਫੈਸਲਾ ਕਰਨ ਲਈ ਸੀ ਅਤੇ ਡੀ.ਏ.ਵੀ ਕਾਲਜ, ਚੰਡੀਗੜ੍ਹ ਚੋਟੀ ਦੇ ਕਾਲਜਾਂ ਦੀ ਸੂਚੀ ਵਿੱਚ ਸੀ। 

ਇਸ ਵਫ਼ਦ ਨਾਲ ਮਿਲਵਾਉਣ ਲਈ ਕਾਲਜ ਨੂੰ ਪੰਜ ਛੇ ਵਿਦਿਆਰਥੀ ਵੀ ਤਿਆਰ ਕਰਨੇ ਪੈਣੇ ਸਨ। ਮੈਂ ਉਨ੍ਹਾਂ ਦਿਨਾਂ ਵਿੱਚ ਡੀ.ਏ.ਵੀ ਕਾਲਜ ਚੰਡੀਗੜ੍ਹ ਵਿਖੇ ਪੜ੍ਹਦਾ ਸੀ। ਕਾਲਜ ਦੇ ਪ੍ਰਿੰਸੀਪਲ ਨੇ ਖਾਸ ਤੌਰ ਤੇ ਇਸ ਵਫ਼ਦ ਨਾਲ ਮਿਲਣ ਲਈ ਉਨ੍ਹਾਂ ਵਿਦਿਆਰਥੀਆਂ ਨੂੰ ਚੁਣਿਆ ਜੋ ਪੜ੍ਹਾਈ ਵਿੱਚ ਤਾਂ ਚੰਗੇ ਹੈ ਹੀ ਸਨ ਨਾਲੇ ਉਹ ਵੀ ਜਿਹੜੇ ਯੁਵਕ ਅਗਵਾਈ ਵਿੱਚ ਵੀ ਕਾਫੀ ਸਰਗਰਮ ਸਨ।

ਸਾਰੇ ਕਾਲਜ ਵਿੱਚ ਘੁੰਮਣ ਤੋਂ ਬਾਅਦ ਤਿੰਨ ਵਜੇ ਇਸ ਡੈਲੀਗੇਸ਼ਨ ਨੇ ਚਾਹ ਪਾਣੀ ਪੀਣਾ ਸੀ। ਚਾਹ ਪਾਣੀ ਦਾ ਬੰਦੋਬਸਤ ਕਾਲਜ ਦੀ ਲਾਇਬ੍ਰੇਰੀ ਵਿੱਚ ਸੀ। ਲਾਇਬ੍ਰੇਰੀ ਦੇ ਮੇਜ਼ਾਂ ਦੇ ਉੱਤੇ ਦੁਨੀਆਂ ਭਰ ਦਾ ਖਾਣ ਪੀਣ ਦਾ ਸਾਮਾਨ ਰੱਖਿਆ ਹੋਇਆ ਸੀ। ਵਫ਼ਦ ਅਤੇ ਵਿਦਿਆਰਥੀਆਂ ਦਾ ਆਪਸ ਵਿੱਚ ਵਿਚਾਰ ਵਟਾਂਦਰਾ ਬਹੁਤ ਪ੍ਰਭਾਵਸ਼ਾਲੀ ਰਿਹਾ ਤੇ ਬਾਅਦ ਵਿੱਚ ਜਿਵੇਂ ਹੀ ਚਾਹ ਪਾਣੀ ਦਾ ਦੌਰ ਚੱਲਿਆ ਤਾਂ ਹਰ ਕੋਈ ਖਾਣ ਪੀਣ ਤੋਂ ਬਹੁਤ ਸੰਕੋਚ ਕਰ ਰਿਹਾ ਸੀ। ਭਾਵੇਂ ਕਿ ਉੱਥੇ ਸਮੋਸੇ, ਜਲੇਬੀਆਂ ਭਾਂਤ-ਭਾਂਤ ਦੀਆਂ ਮਠਿਆਈਆਂ ਤੇ ਕਈ ਕਿਸਮ ਦੇ ਨਮਕੀਨ ਅਤੇ ਕਚੌੜੀਆਂ ਵੀ ਰੱਖੀਆਂ ਹੋਈਆਂ ਸਨ। ਖਾਸ ਤੌਰ ਤੇ ਵਫ਼ਦ ਨੇ ਕਈ ਵਾਰ ਸਾਨੂੰ ਵਿਦਿਆਰਥੀਆਂ ਨੂੰ ਖਾਣ ਪੀਣ ਲਈ ਸੁਲਾਹ ਮਾਰੀ। ਪਰ ਅਸੀਂ ਸਾਰੇ ਇੱਕ ਦੂਜੇ ਦਾ ਮੂੰਹ ਵੇਖਦੇ ਤੇ ਬੜੇ ਹੀ ਸੰਕੋਚ ਨਾਲ ਇੱਕ-ਅੱਧ ਚੀਜ਼ ਪਲੇਟ ਵਿੱਚ ਧਰ ਕੇ ਪਿੱਛੇ ਹਟ ਜਾਂਦੇ।  

Photo credit: Unsplash

ਉਸੇ ਦਿਨ ਸ਼ਾਮ ਨੂੰ ਕਾਲਜ ਵਿੱਚ ਐਨ.ਐਸ.ਐਸ ਦਾ ਸਾਲਾਨਾ ਸਮਾਰੋਹ ਵੀ ਹੋ ਰਿਹਾ ਸੀ।   ਐਨ.ਐਸ.ਐਸ ਦੇ ਪ੍ਰੋਫੈਸਰ ਇੰਚਾਰਜ ਨੂੰ ਤਾਂ ਸਾਡੇ ਬਾਰੇ ਪਤਾ ਹੀ ਸੀ ਤੇ ਮਲਕੜੇ ਜਿਹੇ ਉਨ੍ਹਾਂ ਸਾਨੂੰ ਇਹ ਸੁਨੇਹਾ ਭਿਜਵਾ ਦਿੱਤਾ ਕਿ ਵਫ਼ਦ ਤੋਂ ਵਿਹਲੇ ਹੋ ਕੇ ਅਸੀਂ ਐਨ.ਐਸ.ਐਸ ਦੇ ਪ੍ਰੋਗਰਾਮ ਵਿੱਚ ਜਾ ਸ਼ਾਮਿਲ ਹੋਈਏ।

ਜਦੋਂ ਅਸੀਂ ਉੱਥੇ ਪਹੁੰਚੇ ਤਾਂ ਚੰਗੀ ਰੌਣਕ ਲੱਗੀ ਹੋਈ ਸੀ। ਇਨਾਮ ਵੰਡ ਸਮਾਰੋਹ ਹੋਇਆ ਤੇ ਬਾਅਦ ਵਿੱਚ ਉੱਥੇ ਵੀ ਖਾਣ ਪੀਣ ਦੇ ਲਈ ਮੇਜ਼ਾਂ ਸਜੀਆਂ ਹੋਈਆਂ ਸਨ। ਹਾਲਾਂਕਿ ਉੱਥੇ ਖਾਣ ਪੀਣ ਲਈ ਇੰਨੀਆਂ ਕਿਸਮ ਦੀਆਂ ਚੀਜ਼ਾਂ ਨਹੀਂ ਸਨ ਜਿਵੇਂ ਕਿ ਵਫ਼ਦ ਦੀ ਖਾਤਰਦਾਰੀ ਵਾਸਤੇ ਵਾਸਤੇ ਰੱਖੀਆਂ ਸਨ। ਜਿਵੇਂ ਹੀ ਖਾਣ ਪੀਣ ਦੀ ਸ਼ੁਰੂਆਤ ਹੋਈ ਉਥੇ ਹਰ ਕੋਈ ਇੰਞ ਵਰਤਾਅ ਕਰ ਰਿਹਾ ਸੀ ਕਿ ਬੱਸ ਜਿਵੇਂ ਸਾਰੀ ਭੁੱਖ ਅੱਜ  ਹੀ ਲੱਗੀ ਹੋਵੇ। ਅੱਖ ਦੇ ਫੋਰ ਵਿੱਚ ਖਾਣ ਵਾਲੀਆਂ ਚੀਜ਼ਾਂ ਖਤਮ ਹੋ ਗਈਆਂ। ਮੈਂ ਸੋਚਿਆ ਸੀ ਕਿ ਵੇਖੋ ਉਹੀ ਵਿਦਿਆਰਥੀ ਪਰ ਮਾਹੌਲ ਦੇ ਬਦਲ ਜਾਣ ਨਾਲ ਕਿੰਨਾ ਫਰਕ ਪੈ ਜਾਂਦਾ ਹੈ! ਵਫ਼ਦ ਦੇ ਸਾਹਮਣੇ ਅਸੀਂ ਕੁਝ ਖਾਸ ਨਹੀਂ ਖਾਧਾ ਪਰ ਇਥੇ ਐਨ.ਐਸ.ਐਸ ਦੇ ਸਾਲਾਨਾ ਸਮਾਰੋਹ ਵਿੱਚ ਅਸੀਂ ਖਾਣ-ਪੀਣ ਦੀਆਂ ਡੰਝਾਂ ਲਾਹ ਕੇ ਰੱਖ ਦਿੱਤੀਆਂ।

ਇਹੋ ਜਿਹੇ ਮਾਹੌਲ ਬਦਲ ਜਾਣ ਦੀ ਇੱਕ ਮਿਸਾਲ ਮੈਨੂੰ ਬੀਤੇ ਹਫ਼ਤੇ ਵੀ ਮਿਲੀ। ਸਾਡਾ ਕੁਝ ਪੁਰਾਣੇ ਦੋਸਤਾਂ ਦਾ ਇਕ ਐਪ ਦੇ ਉੱਤੇ ਗਰੁੱਪ ਹੈ ਜੋ ਕਿ ਕਾਫੀ ਸਾਲਾਂ ਤੋਂ ਚੱਲ ਰਿਹਾ ਹੈ। ਅਸੀਂ ਵਕਤ ਦਰ ਵਕਤ ਇੱਕ ਦੂਜੇ ਨਾਲ ਰਸਮੀ ਸੁਨੇਹੇ ਵੀ ਸਾਂਝੇ ਕਰਦੇ ਰਹਿੰਦੇ ਹਾਂ ਤੇ ਆਪਸੀ ਮਿਲਾਪ ਵੀ ਬਣਾ ਕੇ ਰੱਖਦੇ ਹਾਂ। ਪਰ ਬੀਤੇ ਹਫ਼ਤੇ ਸਾਡੇ ਵਿੱਚੋਂ ਹੀ ਇੱਕ ਨੇ ਸਲਾਹ ਦਿੱਤੀ ਕਿ ਬਹੁਤੀ ਗੱਲਬਾਤ ਨਹੀਂ ਚੱਲ ਰਹੀ ਚੱਲੋ ਅਸੀਂ ਵ੍ਹਾਟਸਐਪ ਗਰੁੱਪ ਬਣਾ ਲਈਏ ਤੇ ਵ੍ਹਾਟਸਐਪ ਗਰੁੱਪ ਬਣ ਗਿਆ।

ਗਰੁੱਪ ਬਣਨ ਦੀ ਦੇਰ ਸੀ ਕਿ ਤੜੱਕ ਦੇਣੇ ਸਵੇਰ ਤੋਂ ਸ਼ਾਮ ਤੱਕ ਚੁਟਕਲੇ, ਠਿੱਠ, ਮਸ਼ਕਰੀ ਅਤੇ ਹੋਰ ਕਈ ਕਿਸਮ ਦੇ ਵੀਡੀਓ ਚੱਲਣੇ ਸ਼ੁਰੂ ਹੋ ਗਏ ਸਮੇਤ ਟਿਕ ਟੌਕ ਦੇ ਵੀਡੀਓ ਕਲਿੱਪ ਵੀ। ਮੈਨੂੰ ਲੱਗਿਆ ਕਿ ਜਿਹੜੀ ਦੂਜੀ ਐਪ ਸੀ ਉਸ ਉੱਤੇ ਅਸੀਂ ਇਕ ਦੂਜੇ ਨਾਲ ਮਿਲਾਪ ਵਿੱਚ ਸੀ ਅਤੇ ਉਥੇ ਰਸਮੀ ਤੌਰ ਤੇ ਅਸੀਂ ਬੜੇ ਸੰਕੋਚ ਨਾਲ ਚੱਲਦੇ ਸੀ।

ਵ੍ਹਾਟਸਐਪ ਦਾ ਕਿਰਦਾਰ ਹੀ ਇਹ ਹੈ ਕਿ ਬੇਸਿਰ-ਪੈਰ ਗੱਲਾਂ ਧੜਾਧੜ ਅੱਗੇ ਤੋਂ ਅੱਗੇ ਸਾਂਝੀਆਂ ਕਰੀ ਜਾਓ। ਇਸ ਖੋਖਲੇ ਰੁਝੇਵੇਂ ਵਿੱਚੋਂ ਖੁਸ਼ੀਆਂ ਲੱਭਣ ਲਈ ਪਤਾ ਨਹੀਂ ਕਿਉਂ ਅਸੀਂ ਪੱਬਾਂ ਭਾਰ ਹੋਏ ਫਿਰਦੇ ਹਾਂ?  

Posted in ਵਿਚਾਰ

ਕੋਵਿਡ-19 ਅਤੇ ਸਾਡੀ ਮਾਨਸਿਕਤਾ

ਨਿਊਜ਼ੀਲੈਂਡ ਵਿੱਚ ਕੋਵਿਡ-19 ਤਾਲਾਬੰਦੀ ਦੋ ਹਫ਼ਤੇ ਪੂਰੀ ਕਰ ਚੁੱਕੀ ਹੈ। ਚਾਰ ਹਫ਼ਤਿਆਂ ਦੀ ਇਹ ਤਾਲਾਬੰਦੀ ਹੁਣ ਤੀਜੇ ਹਫ਼ਤੇ ਵਿੱਚ ਹੈ। ਲੋਕਾਂ ਦਾ ਘਰ ਵਿੱਚ ਇਕਾਂਤਵਾਸ ਹੋਣ ਕਰਕੇ ਮੈਂ ਇਹ ਸੋਚਿਆ ਸੀ ਕਿ ਇਸ ਵੇਲ਼ੇ ਖਾਸ ਤੌਰ ਤੇ ਸਮਾਜਿਕ ਮਾਧਿਅਮ ਜਿਸਦੇ ਵਿੱਚ ਫੇਸਬੁੱਕ ਅਤੇ ਵ੍ਹਾਟਸਐਪ ਸ਼ਾਮਿਲ ਹੈ ਇਸ ਦੇ ਉੱਪਰ ਕਾਫੀ ਲੋਕ ਆਪਣੇ ਮੌਲਿਕ ਵਿਚਾਰ ਅਤੇ ਤਾਲਾਬੰਦੀ ਦੇ ਤਜਰਬੇ ਸਾਂਝੇ ਕਰਨਗੇ ਜਾਂ ਫਿਰ ਕੋਈ ਫ਼ਨ ਜਾਂ ਕਲਾਕਾਰੀ ਦਾ ਇਜ਼ਹਾਰ ਕਰਨਗੇ। ਪਰ ਜਿਵੇਂ ਜਿਵੇਂ ਵਕਤ ਬੀਤਦਾ ਗਿਆ ਮੈਂ ਇਹ ਵੇਖਿਆ ਕਿ ਲੋਕਾਂ ਦੀ ਹਾਜ਼ਰੀ ਫੇਸਬੁੱਕ ਅਤੇ ਵ੍ਹਾਟਸਐਪ ਉੱਤੇ ਘਟਦੀ ਹੀ ਗਈ।  

ਇਹ ਸਮਾਜਿਕ ਮਾਧਿਅਮ ਆਪਸ ਵਿੱਚ ਜਾਣਕਾਰੀ ਸਾਂਝੀ ਕਰਨ ਲਈ ਜਾਂ ਵਿਚਾਰਾਂ ਦੇ ਆਦਾਨ ਪ੍ਰਦਾਨ ਅਤੇ ਸਮਾਜਿਕ ਸਾਂਝ ਬਣਾਉਣ ਲਈ ਹੀ ਬਣੇ ਦੱਸੇ ਜਾਂਦੇ ਸਨ। ਪਰ ਅੱਜ ਜਦ ਇਸ ਦੀ ਭਰਪੂਰ ਲੋੜ ਹੈ ਅਤੇ ਇਮਤਿਹਾਨ ਦੀ ਘੜ੍ਹੀ ਦਰ ਖੜਕਾ ਰਹੀ ਹੈ ਤਾਂ ਵੇਖਿਆ ਕਿ ਇਹ ਸਮਾਜਿਕ ਮਾਧਿਅਮ ਆਪਣੇ ਟੀਚੇ ਤੇ ਪੂਰੇ ਨਹੀਂ ਸਨ ਉੱਤਰ ਰਹੇ।

ਟਾਵਾਂ ਟਾਵਾਂ ਕੋਈ ਨਾ ਕੋਈ ਕੋਈ ਸੁਨੇਹਾ ਜ਼ਰੂਰ ਛੱਡ ਦਿੰਦਾ ਸੀ ਪਰ ਉਹ ਵੀ ਅਜਿਹੇ ਸੁਨੇਹੇ ਜਿਹਦੇ ਵਿੱਚ ਕੋਈ ਸਥਾਨਕ ਸਮਾਜਿਕ ਸਾਂਝ ਬਣਾਉਣ ਦਾ ਕੋਈ ਵੀ ਉਪਰਾਲਾ ਨਹੀਂ। ਜ਼ਾਹਰ ਹੈ ਕਿ ਜਦ ਅਜਿਹੇ ਤਾਲਾਬੰਦੀ ਦੇ ਹਾਲਾਤ ਬਣੇ ਹੋਣ ਤਾਂ ਲੋਕਾਂ ਦੇ ਉੱਤੇ ਮਾਨਸਿਕ ਦਬਾਅ ਵੀ ਵਧਦਾ ਹੈ। ਪਰ ਜੋ ਵੀ ਅੱਜ ਸਮਾਜਿਕ ਮਾਧਿਅਮਾਂ ਦੇ ਉੱਤੇ ਚੱਲ ਰਿਹਾ ਹੈ ਉਸ ਤੋਂ ਕਿਤੇ ਵੀ ਇਹ ਜ਼ਾਹਰ ਨਹੀਂ ਹੁੰਦਾ ਕਿ ਮਾਨਸਿਕ ਸਿਹਤ ਨੂੰ ਨਰੋਇਆ ਰੱਖਣ ਲਈ ਇਹ ਸਮਾਜਿਕ ਮਾਧਿਅਮ ਕਿਸੇ ਕਿਸਮ ਦਾ ਯੋਗਦਾਨ ਦੇ ਰਹੇ ਹੋਣ।

Photo by Dan Burton on Unsplash

ਇਸ ਤੋਂ ਸਾਨੂੰ ਇਹ ਸੋਚਣ ਲਈ ਮਜਬੂਰ ਹੋਣਾ ਪੈਂਦਾ ਹੈ ਕਿ ਜਦੋਂ ਸਭ ਕੁਝ ਖੁੱਲ੍ਹਾ ਹੁੰਦਾ ਹੈ ਤਾਂ ਸਮਾਜਿਕ ਮਾਧਿਅਮ ਉੱਤੇ ਮੱਖੀ ਤੇ ਮੱਖੀ ਮਾਰੀ ਜਾ ਰਹੀ ਹੁੰਦੀ ਹੈ। ਕੀ ਵਾਕਿਆ ਹੀ ਇਸ ਵਤੀਰੇ ਨਾਲ ਅਸੀਂ ਆਪਣੇ ਸਮਾਜ ਨੂੰ ਕੋਈ ਸੁਚਾਰੂ ਅਤੇ ਸੁਚੱਜਾ ਯੋਗਦਾਨ ਦੇ ਰਹੇ ਹੁੰਦੇ ਹਾਂ? ਇਹ ਸਾਡੀਆਂ ਮਾਨਸਿਕ ਕਿਰਿਆਵਾਂ ਨੂੰ ਜ਼ਾਹਰ ਕਰਦਾ ਹੈ ਕਿ ਅਸੀਂ ਕਿੱਥੇ ਅਤੇ ਕੀ ਸੋਚ ਰਹੇ ਹੁੰਦੇ ਹਾਂ? ਇਸੇ ਕਰਕੇ ਹਾਲ ਵਿੱਚ ਹੀ ਚੰਗੇ ਪਾਸੇ ਵੱਲੋਂ ਇਕ ਦੋ ਪੰਜਾਬੀ ਕਵਿਤਾਵਾਂ-ਗਾਣੇ ਵੀ ਆ ਗਏ ਜਿੰਨ੍ਹਾਂ ਵਿੱਚ ਇਹ ਸੁਆਲ ਖੜ੍ਹਾ ਕੀਤਾ ਗਿਆ ਹੈ ਕਿ ਹੁਣ ਵੀ ਤਾਂ ਦੁਨੀਆਂ ਖੜ੍ਹ ਹੀ ਗਈ ਹੈ – ਪਤਾ ਨਹੀਂ ਪਹਿਲਾਂ ਸਮਾਜਿਕ ਮਾਧਿਅਮ ਉੱਤੇ ਵਿਚਰਦਾ ਇਨਸਾਨ ਇਹ ਕਿਉਂ ਸੋਚਣ ਲੱਗ ਪੈਂਦਾ ਸੀ ਕਿ ਖੌਰੇ ਧਰਤੀ ਹੇਠਲਾ ਬਲਦ ਉਹ ਆਪ ਹੀ ਹੈ।

ਮਾਨਸਿਕਤਾ ਦੀ ਇੱਕ ਮਿਸਾਲ ਮੈਨੂੰ ਕੱਲ੍ਹ ਹੀ ਮਿਲੀ ਜਦ ਮੈਂ ਇੱਕ ਸੱਜਣ ਨਾਲ ਆਕਲੈਂਡ ਫ਼ੋਨ ਤੇ ਗੱਲ ਕਰ ਰਿਹਾ ਸੀ। ਚੰਗੀ ਕਿਸਮਤ ਨੂੰ ਇਹ ਸੱਜਣ ਤਾਲਾਬੰਦੀ ਦੇ ਦੌਰਾਨ ਵੀ ਕੰਮ ਤੋਂ ਬਾਹਰੇ ਕਈ ਕਿਸਮ ਦੇ ਸ਼ੌਕ ਹੋਣ ਕਰਕੇ, ਕਈ ਤਰ੍ਹਾਂ ਦੇ ਭਾਈਚਾਰਿਆਂ ਜਾਂ ਜੁੱਟਾਂ ਨਾਲ ਆਨਲਾਈਨ ਮਿਲਾਪ ਵਿੱਚ ਹਨ। ਪਰ ਇਕ ਖਾਸ ਸਲਾਹ-ਮਸ਼ਵਰਾ ਜੋ ਇਨ੍ਹਾਂ ਨੂੰ ਆਪਣੇ ਭਾਈਚਾਰੇ ਦੇ ਲੋਕ ਦੇ ਰਹੇ ਹਨ ਉਹ ਇਨ੍ਹਾਂ ਨੂੰ ਕਿਤਿਓਂ ਹੋਰੋਂ ਨਹੀਂ ਮਿਲਿਆ। ਉਹ ਇਹ ਸੀ ਕਿ ਹਾਲ-ਦੁਹਾਈ ਪਾ ਦਿਓ। ਆਪਣੇ ਮਕਾਨ ਮਾਲਕ ਨੂੰ ਕਹੋ ਕਿ ਮੇਰੇ ਕੋਲ ਕਿਰਾਇਆ ਦੇਣ ਜੋਗਾ ਕੁਝ ਵੀ ਨਹੀਂ ਹੈ ਅਤੇ ਹਰ ਹੀਲਾ ਵਸੀਲਾ ਕਰੋ ਕਿ ਸਰਕਾਰੇ-ਦਰਬਾਰੇ ਤੋਂ ਜੋ ਵੀ ਮਿਲ ਸਕਦਾ ਹੈ ਉਹ ਝਾੜੀ ਚੱਲੋ।

ਇਨ੍ਹਾਂ ਸੱਜਣ ਨੂੰ ਇਸ ਗੱਲ ਦੀ ਹੈਰਾਨੀ ਹੋਈ ਕਿ ਬੱਸ ਏਡੀ ਛੇਤੀ ਦਮ ਖੁਸ਼ਕ ਹੋ ਗਿਆ! ਉਹ ਦਿਨ ਕਿੱਥੇ ਗਏ ਜਦੋਂ ਬੜੀ ਆਕੜ ਨਾਲ ਇਹ ਗਾਣੇ ਗਾਉਂਦੇ ਤੇ ਕਾਰਾਂ ਵਿੱਚ ਵਜਾਉਂਦੇ ਸਨ ਕਿ ਪਹਿਲਾਂ ਗੋਲੀ ਮਾਰੀ ਦੀ ਹੈ ਪਿੱਛੋਂ ਨਾਂ ਪੁੱਛੀ ਦਾ ਹੈ? ਜਾਂ ਫਿਰ ਕੱਲ ਤਕ ਤਾਂ ਬੜੇ ਸੁਆਦ ਲੈ ਲੈ ਕੇ ਕਿੱਸੇ ਸੁਣਾਉਂਦੇ ਸਨ ਕਿ ਕਿਵੇਂ ਪੰਜਾਬ ਗਿਆਂ ਤੇ ਨਵੇਂ ਰਵਾਜ਼ ਮੁਤਾਬਕ ਯਾਰਾਂ ਦੋਸਤਾਂ ਨੂੰ ਆਪਣੇ ਖਰਚੇ ਤੇ ਗੋਆ ਜਾਂ ਥਾਈਲੈਂਡ ਲਿਜਾ ਕੇ ਅੱਇਆਸ਼ੀ ਕਰਵਾਈ ਸੀ।

ਕੀ ਫਲੈਟ ਦਾ ਕਰਾਇਆ ਅੱਇਆਸ਼ੀ ਤੇ ਕੀਤੇ ਖਰਚੇ ਨਾਲੋਂ ਵੀ ਵੱਧ ਹੈ?

Posted in ਯਾਦਾਂ, ਵਿਚਾਰ

ਲਹਿਰਾਉਂਦੀਆਂ ਝੰਡੀਆਂ

ਇਹ ਗੱਲ 1980ਵਿਆਂ ਦੀ ਹੈ। ਉਨ੍ਹਾਂ ਦਿਨਾਂ ਦੇ ਵਿੱਚ ਕਾਲਜ ਅਤੇ ਯੂਨੀਵਰਸਿਟੀ ਦਾ ਵਿਦਿਆਰਥੀ ਹੋਣ ਦੇ ਨਾਤੇ ਹਰ ਸਾਲ ਗਰਮੀਆਂ ਦੀਆਂ ਛੁੱਟੀਆਂ ਵਿੱਚ ਕਿਧਰੇ ਨਾ ਕਿਧਰੇ ਪਹਾੜਾਂ ਤੇ ਘੁੰਮਦਾ ਰਹਿੰਦਾ। ਪੰਜਾਬ ਸਰਕਾਰ ਅਤੇ ਯੂਨੀਵਰਸਿਟੀਆਂ ਦੇ ਯੁਵਕ ਵਿਭਾਗ ਤੁਹਾਨੂੰ ਕਿਤੇ ਨਾ ਕਿਤੇ ਗਰਮੀਆਂ ਦੀਆਂ ਛੁੱਟੀਆਂ ਵਿੱਚ ਕੈਂਪਾਂ ਤੇ ਭੇਜਣ ਦੇ ਕਈ ਪ੍ਰੋਗਰਾਮ ਉਲੀਕਦੇ ਸਨ। ਇਹ ਕੈਂਪ ਲੀਡਰਸ਼ਿਪ ਯੁਵਕ ਅਗਵਾਈ ਦੇ ਵੀ ਹੋ ਸਕਦੇ ਸਨ ਤੇ ਜਾਂ ਫਿਰ ਤੁਹਾਨੂੰ ਪਹਾੜ੍ਹੀ ਪੈਂਡਿਆਂ ਦੇ ਪਾਂਧੀ ਬਨਾਉਣ ਲਈ ਘੱਲਦੇ ਸਨ। ਇਨ੍ਹਾਂ ਪ੍ਰੋਗਰਾਮਾਂ ਦੇ ਚੱਲਦੇ ਮੈਂ ਯੁਵਕ ਅਗਵਾਈ ਤੋਂ ਇਲਾਵਾ ਉੱਤਰਾਖੰਡ ਤੋਂ ਲੈ ਕੇ ਹਿਮਾਚਲ ਅਤੇ ਕਸ਼ਮੀਰ ਦੇ ਸਾਰੇ ਮੁੱਖ ਪਹਾੜੀ ਰਸਤੇ ਪੈਦਲ ਤੇ ਗਾਹ ਹੀ ਲਏ ਸਨ, ਨਾਲ ਦੀ ਨਾਲ ਕਾਲਜ ਅਤੇ ਯੂਨੀਵਰਸਿਟੀ ਵੱਲੋਂ ਚੰਗੀ ਅਗਵਾਈ ਕਰਨ ਸਦਕਾ ਕੋਟ ਦੀ ਜੇਬ ਤੇ ਲਾਉਣ ਵਾਲੇ ਬਿੱਲੇ ਵੀ ਇਨਾਮ ਵੱਜੋਂ ਜਿੱਤ ਲਏ ਸਨ।   

ਇਨ੍ਹਾਂ ਪਹਾੜੀ ਰਸਤਿਆਂ ਤੇ ਜਦੋਂ ਅਸੀਂ ਦਸ ਹਜ਼ਾਰ ਫੁੱਟ ਦੀ ਉੱਚਾਈ ਤੋਂ ਉੱਪਰ ਵਾਲੇ ਪਹਾੜਾਂ ਉੱਤੇ ਪਹੁੰਚਦੇ ਸੀ ਤਾਂ ਸਾਨੂੰ ਆਮ ਹੀ ਇੱਕ ਹੋਰ ਤਰ੍ਹਾਂ ਦਾ ਸੱਭਿਆਚਾਰ ਨਜ਼ਰ ਆਉਣ ਲੱਗ ਪੈਂਦਾ ਸੀ। ਅਜਿਹਾ ਹੀ ਇੱਕ ਸੱਭਿਆਚਾਰ ਤਿੱਬਤੀ ਬੁੱਧ ਧਰਮ ਦਾ ਸੀ। ਤਿੱਬਤੀ ਮੰਦਰ ਜਾਂ ਕਿਸੇ ਖੁੱਲੇ ਥਾਂ ਤੇ ਮਮਟੀ-ਨਮਾ ਚਬੂਤਰੇ ਆਮ ਤੌਰ ਤੇ ਨਜ਼ਰ ਆਉਂਦੇ ਸਨ। ਜਦੋਂ ਅਸੀਂ ਇਨ੍ਹਾਂ ਨੂੰ ਦੂਰ ਤੋਂ ਵੇਖਦੇ ਹੁੰਦੇ ਸਾਂ ਤਾਂ ਹਵਾ ਵਿੱਚ ਲਹਿਰਾਉਂਦੀਆਂ ਝੰਡੀਆਂ ਨਜ਼ਰ ਆਉਂਦੀਆਂ ਹੁੰਦੀਆਂ ਸਨ। ਜਿੱਥੇ ਕਿਤੇ ਮੰਦਿਰਾਂ ਦੇ ਅੰਦਰ ਜਾਣ ਦਾ ਮੌਕਾ ਮਿਲਦਾ ਤਾਂ ਉੱਥੇ ਲੱਕੜੀ ਚੱਕਰ ਘੁਮਾਉਣ ਲਈ ਨਜ਼ਰ ਆਉਂਦੇ ਸਨ। ਭਾਵੇਂ ਇਹ ਝੰਡੀਆਂ ਹੋਣ ਤੇ ਭਾਵੇਂ ਇਹ ਲੱਕੜ ਦੇ ਚੱਕਰ, ਇਨ੍ਹਾਂ ਦੇ ਉੱਤੇ ਆਮ ਤੌਰ ਤੇ ਕੁਝ ਮੰਤਰ ਲਿਖੇ ਹੁੰਦੇ ਸਨ। ਬੁੱਧ ਧਰਮ ਦੇ ਵਿੱਚ ਕਿਉਂਕਿ ਰੱਬ ਦੀ ਆਸਥਾ ਬਾਰੇ ਕੁਝ ਨਹੀਂ ਕਿਹਾ ਜਾਂਦਾ ਇਸ ਕਰਕੇ ਇਹ ਮੰਤਰ ਆਮ ਤੌਰ ਤੇ ਚੰਗਿਆਈ ਬਾਰੇ ਹੀ ਸੁਨੇਹਾ ਦਿੰਦੇ ਸਨ।  

Tibetan Prayer Flags

Tony Hodson Photography

ਜਿਸ ਚੀਜ਼ ਨੇ ਮੈਨੂੰ ਜ਼ਿਆਦਾ ਹੈਰਾਨ ਕੀਤਾ ਉਹ ਇਹ ਸੀ ਕਿ ਇਨ੍ਹਾਂ ਝੰਡੀਆਂ ਅਤੇ ਲੱਕੜੀ ਦੇ ਚੱਕਰਾਂ ਬਾਰੇ ਆਮ ਧਾਰਨਾ ਇਹ ਸੀ ਕਿ ਜਿੰਨਾ ਪੜ੍ਹਨ ਨਾਲ ਤੁਹਾਨੂੰ ਚੰਗੀ ਗੱਲ ਫੈਲਾਉਣ ਦਾ ਫਲ ਲੱਗੇਗਾ ਉਸ ਦੇ ਨਾਲੋਂ ਕਿਤੇ ਵੱਧ ਵਗਦੀ ਹੋਈ ਹਵਾ ਇਨ੍ਹਾਂ ਝੰਡੀਆਂ ਦੇ ਸੁਨੇਹਿਆਂ ਨੂੰ ਦੂਰ-ਦੂਰ ਤੱਕ ਫੈਲਾ ਦੇਵੇਗੀ ਜਾਂ ਫਿਰ ਤੁਸੀਂ ਲੱਕੜੀ ਦੇ ਚੱਕਰਾਂ ਨੂੰ ਜਿੰਨਾ ਜ਼ਿਆਦਾ ਘੁਮਾਓਗੇ ਤੁਹਾਨੂੰ ਉਨ੍ਹਾਂ ਸੁਨੇਹਿਆਂ ਦਾ ਓਨਾਂ ਹੀ ਜ਼ਿਆਦਾ ਫਲ ਲੱਗੇਗਾ। ਇਹ ਵੇਖ ਕੇ “ਮਨ ਮਹਿ ਚਿਤਵਉ ਚਿਤਵਨੀ ਉਦਮੁ ਕਰਉ ਉਠਿ ਨੀਤ (519)” ਅਕਸਰ ਹੀ ਇਹ ਤੁਕ ਮੇਰੇ ਮਨ ਅੰਦਰ ਧਿਆਨ ਚਿਤ ਹੋ ਜਾਂਦੀ ਪਰ ਮੈਂ ਇਨ੍ਹਾਂ ਝੰਡੀਆਂ ਦੇ ਲਹਿਰਾਉਣ ਅਤੇ ਲੱਕੜੀ ਦੇ ਚੱਕਰਾਂ ਬਾਰੇ ਕੋਈ ਸੁਆਲ ਨਾ ਪੁੱਛਦਾ ਕਿ ਚਲੋ – ਲੋਕਾਂ ਦੀ ਜੋ ਵੀ ਸ਼ਰਧਾ!

Photo credit: David Min

ਅੱਜ-ਕੱਲ੍ਹ ਅਜਿਹੀ ਸ਼ਰਧਾ ਵੇਖਣ ਲਈ ਤੁਹਾਨੂੰ ਕਿਤੇ ਦੂਰ ਪਹਾੜਾਂ ਦੇ ਉੱਪਰ ਨਹੀਂ ਚੜ੍ਹਨਾ ਪੈਂਦਾ। ਤੁਸੀਂ ਆਪਣੇ ਆਲੇ-ਦੁਆਲੇ ਹੀ ਝਾਤ ਮਾਰ ਕੇ ਵੇਖ ਲਵੋ, ਨੋਟਾਂ ਦੇ ਸਿਰ ਉੱਤੇ ਹਰ ਤਰ੍ਹਾਂ ਦੀ ਧਾਰਮਿਕ ਰਸਮ ਖਰੀਦੀ ਜਾ ਸਕਦੀ ਹੈ। ਜਿਹੜਾ ਪਿਉ-ਦਾਦੇ ਦਾ ਖ਼ਜ਼ਾਨਾ ਅਸੀਂ ਆਪ ਜ਼ਿੰਮੇਵਾਰ ਹੋ ਕੇ ਖੋਲ੍ਹਣਾ ਹੈ ਉਹ ਵੀ ਅਸੀਂ ਇਸ ਗੱਲ ਤੇ ਹੀ ਖੀਵੇ ਹੋਏ ਫਿਰਦੇ ਹਾਂ ਕਿ ਅਸੀਂ ਨੋਟਾਂ ਦੇ ਜ਼ੋਰ ਨਾਲ ਇਹ ਕੰਮ ਵੀ ਕਿਸੇ ਹੋਰ ਤੋਂ ਕਰਵਾ ਕੇ ਬੁੱਤਾ ਸਾਰ ਲਿਆ।   

Posted in ਵਿਚਾਰ

ਝੂਠ ਦੀ ਪੰਡ

ਛੋਟੇ ਹੁੰਦਿਆਂ ਦੀ ਗੱਲ ਹੈ, ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੇ ਸਾਹਮਣੇ ਇੱਕ ਬਾਜ਼ਾਰ ਲੱਗਦਾ ਹੁੰਦਾ ਸੀ। ਇਸ ਬਾਜ਼ਾਰ ਨੂੰ ਲੰਡਾ ਬਾਜ਼ਾਰ ਕਹਿੰਦੇ ਹੁੰਦੇ ਸਨ ਅਤੇ ਇਹਦੇ ਵਿੱਚ ਬਹੁਤਾ ਕਰਕੇ ਬਾਹਰਲੀਆਂ ਵਸਤਾਂ ਦੀ ਵਿਕਰੀ ਹੁੰਦੀ ਸੀ। ਲੋਕਾਂ ਵਿੱਚ ਬਾਹਰਲੀਆਂ ਚੀਜ਼ਾਂ ਦੀ ਖਿੱਚ ਹੋਣ ਕਰਕੇ ਇੱਥੇ ਸਾਮਾਨ ਚੰਗਾ ਵਿਕਦਾ ਹੁੰਦਾ ਸੀ। ਪਰ ਹੌਲ਼ੀ-ਹੌਲ਼ੀ ਮਾਹੌਲ ਬਦਲ ਗਿਆ ਤੇ ਗਾਹਕੀ ਘੱਟ ਗਈ।

ਕਾਰਨ ਇਸ ਦਾ ਇਹ ਸੀ ਕਿ ਜੇ ਕਿਸੇ ਨੇ ਲੰਡੇ ਬਾਜ਼ਾਰ ਦੀ ਖਰੀਦੀ ਹੋਈ ਕੋਈ ਚੀਜ਼ ਜਾਂ ਕੱਪੜੇ ਕਿਸੇ ਦੋਸਤ ਮਿੱਤਰ ਨੂੰ ਬਾਹਰਲੇ ਦੱਸ ਕੇ ਵਖਾਉਣੇ ਤਾਂ ਝੱਟ ਹੀ ਅਗਲਿਆਂ ਟਿੱਚਰ ਕਰ ਦੇਣੀ ਕਿ ਸਮਾਨ ਲੰਡੇ ਬਾਜ਼ਾਰ ਤੋਂ ਖਰੀਦਿਆਂ ਲੱਗਦਾ ਹੈ। ਜਿਸ ਕਿਸੇ ਨੇ ਇਹ ਸ਼ੇਖੀ ਮਾਰੀ ਹੁੰਦੀ ਸੀ ਕਿ ਇਹ ਤਾਂ ਮੇਰੇ ਰਿਸ਼ਤੇਦਾਰਾਂ ਨੇ ਜਾਂ ਦੋਸਤਾਂ ਨੇ ਬਾਹਰੋਂ ਭੇਜੇ ਹਨ, ਉਹ ਅਜਿਹੀ ਟਿੱਚਰ ਸੁਣ ਕੇ ਨਿੰਮੋਝੂਣੇ ਹੋ ਜਾਂਦੇ ਸਨ।

ਪਰ ਸਦਕੇ ਜਾਈਏ ਇਸ ਲੰਡੇ ਬਾਜ਼ਾਰ ਦੇ ਦੁਕਾਨਦਾਰਾਂ ਦੀ ਸੋਚ ਤੇ ਕਿ ਉਨ੍ਹਾਂ ਨੇ ਇੱਕ ਨਵਾਂ ਨੁਸਖਾ ਕੱਢ ਲਿਆ। ਉਨ੍ਹਾਂ ਇਹ ਤਰਕੀਬ ਲਾਈ ਕਿ ਲਓ ਜੀ ਸਮਾਨ ਸਾਥੋਂ ਲੈ ਜਾਓ ਤੇ ਆਪਣਾ ਘਰ ਦਾ ਪਤਾ ਸਾਡੇ ਕੋਲ ਛੱਡ ਜਾਵੋ। ਹਫਤੇ ਤੱਕ ਤੁਹਾਨੂੰ ਬਾਹਰਲੇ ਮੁਲਕ ਤੋਂ ਕਿਸੇ ਦੋਸਤ ਦੀ ਚਿੱਠੀ ਪਹੁੰਚੇਗੀ ਕਿ ਪਿਆਰ ਨਾਲ ਤੁਹਾਨੂੰ ਮੈਂ ਤੋਹਫੇ ਦੇ ਤੌਰ ਤੇ ਸਾਮਾਨ ਭੇਜ ਰਿਹਾ ਹਾਂ ਤੇ ਉਹ ਚਿੱਠੀ ਤੁਸੀਂ ਆਪਣੇ ਦੋਸਤਾਂ ਮਿੱਤਰਾਂ ਨੂੰ ਵਿਖਾ ਕੇ ਇਹ ਰੋਹਬ ਪਾ ਸਕਦੇ ਹੋ ਕਿ ਵੇਖੋ ਮੈਨੂੰ ਬਾਹਰੋਂ ਤੋਹਫ਼ੇ ਆਏ ਹਨ।

ਇਸੇ ਤਰ੍ਹਾਂ ਪੰਜਾਬੀ ਗੀਤਕਾਰੀ ਦੀ ਦੁਨੀਆਂ ਵਿੱਚ ਜਦੋਂ ਇਹ ਪਾਜ ਉੱਘੜ ਗਿਆ ਹੈ ਕਿ ਕਈ ਗੀਤਕਾਰ ਪੈਸੇ ਖਰਚ ਕੇ ਯੂਟਿਊਬ ਦੀਆਂ “ਕਲਿੱਕਸ” ਕਰਵਾ ਰਹੇ ਹਨ ਤਾਂ ਇਹ ਨਵਾਂ ਰੁਝਾਨ ਸ਼ੁਰੂ ਹੋਇਆ ਹੈ ਕਿ ਹੁਣ ਦੋ ਚਾਰ ਬੰਦਿਆਂ ਨੂੰ ਬਿਠਾ ਕੇ ਅਤੇ ਇਹ ਦੱਸ ਕੇ ਕਿ ਉਹ ਬੜੇ ਵੱਡੇ ਪੜਚੋਲਕ ਹਨ (ਗੋਰੇ ਹਨ ਕਾਲੇ ਹਨ) ਅਤੇ ਉਨ੍ਹਾਂ ਨੂੰ ਇਹ ਗਾਣਾ ਬਹੁਤ ਵਧੀਆ ਲੱਗ ਰਿਹਾ ਹੈ। ਕਹਿਣ ਦਾ ਭਾਵ ਇਹ ਕਿ ਕਰੋੜਾਂ ਵਿਚ ਹੁੰਦੀਆਂ “ਕਲਿੱਕਸ” ਤਾਂ ਹੀ ਸੱਚੀਆਂ ਹੋ ਸਕਦੀਆਂ ਹਨ ਜੇ ਸਾਰੀ ਦੁਨੀਆਂ ਸੁਣਦੀ ਹੋਵੇ। ਲੱਗਦਾ ਹੈ ਕਿ ਪੰਜਾਬੀ ਗਾਇਕ ਆਪਣੇ ਗਾਣਿਆਂ ਦੇ ਵੀਡੀਓ ਬਣਾਉਣ ਦੇ ਨਾਲ ਨਾਲ ਇਹੋ ਜਿਹੇ ਝੂਠੇ ਪੜਚੋਲ ਕਰਨ ਦੀ ਵੀਡੀਓ ਵੀ ਨਾਲ ਦੇ ਨਾਲ ਬਣਾ ਕੇ ਯੂਟਿਊਬ ਤੇ ਪਾਉਣ ਲੱਗ ਪਏ ਹਨ। ਲੱਗਦਾ ਹੈ ਝੂਠ ਦੀ ਪੰਡ ਦਿਨ-ਬ-ਦਿਨ ਭਾਰੀ ਹੀ ਹੁੰਦੀ ਜਾ ਰਹੀ ਹੈ।

Posted in ਵਿਚਾਰ

ਪੰਜਾਬੀ ਗੀਤਕਾਰੀ

ਕੱਲ ਛੁੱਟੀ ਵਾਲੇ ਦਿਨ, ਯੂ ਟਿਊਬ ਫਰੋਲਦਿਆਂ ਅਚਾਨਕ ਹੀ ਮੈਨੂੰ ਨਿਊਜ਼ਨੰਬਰ ਦੇ ਪੰਜਾਬੀ ਗੀਤਕਾਰੀ ਬਾਰੇ ਵੀਡਿਓ ਲੱਭ ਪਏ। ਵੀਡਿਓ ਪੇਸ਼ਕਾਰੀ ਚੰਗੀ ਸੀ ਤੇ ਕੰਮ ਵੀ ਸਾਰਾ ਪਾਏਦਾਰ ਤੇ ਦਸਤਾਵੇਜ਼ੀ ਸੀ। ਸੋ, ਇਕ ਤੋਂ ਬਾਅਦ ਇਕ – ਚੱਲ ਸੋ ਚੱਲ – ਲਗਪਗ ਸਾਰੀ ਦਿਹਾੜੀ ਹੀ ਇਨ੍ਹਾਂ ਵੀਡਿਓਆਂ ਦੇ ਲੇਖੇ ਲਾ ਦਿੱਤੀ। ਪਰ ਫਾਇਦਾ ਇਹ ਹੋਇਆ ਕਿ ਅਜੋਕੀ ਪੰਜਾਬੀ ਗੀਤਕਾਰੀ ਦਾ ਸਾਰਾ ਕੱਚਾ-ਚਿੱਠਾ ਖੁੱਲ ਕੇ ਸਾਹਮਣੇ ਆ ਗਿਆ।

ਮੇਰੇ ਲਈ ਸਭ ਤੋਂ ਪਹਿਲੀ ਬੁਝਾਰਤ ਵਾਰਿਸ ਭਰਾਵਾਂ ਬਾਰੇ ਸੁਲਝੀ। ਵੀਹ ਕੁ ਸਾਲ ਪਹਿਲਾਂ ਮੈਂ ਮਨਮੋਹਨ ਵਾਰਿਸ ਦੇ ਕਈ ਗੀਤ ਸੁਣੇ ਤੇ ਲੱਗਿਆ ਸੀ ਕਿ ਮੈਂ ਚੰਗੀ ਪੰਜਾਬੀ ਗਾਇਕੀ ਸੁਣ ਰਿਹਾਂ ਸਾਂ। ਪਰ ਹੌਲ਼ੀ-ਹੌਲ਼ੀ ਲੰਘਦੇ ਵਰ੍ਹਿਆਂ ਦੌਰਾਨ ਇਹ ਮਹਿਸੂਸ ਹੋਇਆ ਕੇ ਵਾਰਿਸ ਭਰਾ ਗਾਉਂਦੇ-ਗਾਉਂਦੇ ਕਿਤੇ ਗਲਤ ਮੋੜ ਕੱਟ ਗਏ ਤੇ ਸ਼ਾਹ-ਰਾਹ ਤੋਂ ਕੱਚੇ ਲਹਿ ਕੇ ਟੋਟਕੇ ਗਾਉਣ ਜੋਗੇ ਹੀ ਰਹਿ ਗਏ। ਗਾਇਕੀ ਤੋਂ ਹਟ ਕੇ ਉਹ ਮੰਚ-ਕਲਾਕਾਰੀ, ਨੱਚਣ-ਟੱਪਣ ਅਤੇ ਚਮਕੀਲੇ ਕਪੜਿਆਂ ਨੂੰ ਹੀ ਵਧੇਰੇ ਤਰਜੀਹ ਦੇਣ ਲੱਗ ਪਏ। ਸਾਰਿਆਂ ਨੂੰ ਪਤਾ ਹੈ ਕਿ ਚਮਕ-ਦਮਕ ਵੇਖ ਕੇ ਹਰ ਕੋਈ ਪਰਭਾਵਿਤ ਹੋ ਜਾਂਦਾ ਹੈ। ਪਰ ਮੇਰੇ ਲਈ ਨਿਜੀ ਤੌਰ ਤੇ ਮਨਮੋਹਨ ਵਾਰਿਸ, ਪੰਜਾਬੀ ਵਿਰਸੇ ਦੀ ਮਲਕੀਅਤ ਦੀ ਖੁਸ਼ਫਹਿਮੀ ਦਾ ਸ਼ਿਕਾਰ, ਅਰਸ਼ਾਂ ਤੋਂ ਫਰਸ਼ਾਂ ਤੇ ਡਿਗ ਪਿਆ।

ਦੇਵ ਥਰੀਕੇਵਾਲੇ ਨਾਲ ਹੋਈ ਗੱਲਬਾਤ ਨੇ ਪਹਿਲਾਂ ਤਾਂ ਇਹ ਗੁੱਥੀ ਸੁਲਝਾਈ ਕਿ ਹਰਦੇਵ ਦਿਲਗੀਰ ਕਿੱਧਰ ਗਾਇਬ ਹੋ ਗਿਆ ਸੀ। ਸਪਸ਼ਟ ਹੋ ਗਿਆ ਕਿ ਨਾਂ ਦੀ ਬਦਲੀ ਵਾਰਤਕ ਲਿਖਣ ਤੋਂ ਗੀਤ ਲਿਖਣ ਵੱਲ ਮੋੜ ਕੱਟ ਜਾਣ ਕਰਕੇ ਹੋਈ। ਗੀਤਕਾਰ ਵੱਜੋਂ ਮਸ਼ਹੂਰ ਹੋਣ ਦੇ ਬਾਵਜੂਦ ਦੇਵ ਥਰੀਕੇਵਾਲਾ ਇਸ ਗੱਲ ਤੋਂ ਮਾਯੂਸ ਸਨ ਕਿ ਉਹ ਵਾਰਤਕ ਛੱਡ ਕਿ ਕਿੱਧਰ ਗੀਤ ਲਿਖਣ ਵਾਲੇ ਪਾਸੇ ਤੁਰ ਪਏ। ਇਸ ਦਾ ਕਾਰਣ ਸਹਿਜੇ ਹੀ ਸਮਝ ਆ ਜਾਂਦਾ ਹੈ। ਜੇਕਰ ਉਹ ਅੱਜ ਗਿਣਤੀ ਦੇ ਦਸ ਕੁ ਪੰਜਾਬੀ ਗੀਤਕਾਰਾਂ ਵਿੱਚ ਕਿਤੇ ਇਕੱਠੇ ਬੈਠ ਜਾਣ ਤਾਂ ਇਕ-ਅੱਧ ਨੂੰ ਛੱਡ ਕੇ ਕਿਸੇ ਨਾਲ ਹਾਲ-ਚਾਲ ਪੁੱਛਣ ਜੋਗੀ ਵੀ ਗੱਲ ਨਹੀਂ ਕਰ ਸਕਣਗੇ ਕਿਉਂਕਿ ਗੱਲ ਕਰਨ ਤੋਂ ਪਹਿਲਾਂ ਸਾਰੇ ਮਿਆਰ ਛਿੱਕੇ ਟੰਗਣੇ ਪੈਣਗੇ।

ਕੁੰਢਾ ਸਿੰਘ ਧਾਲੀਵਾਲ ਦਾ ਨਾਂ ਮੈਂ ਪਹਿਲਾਂ ਕਦੀ ਨਹੀਂ ਸੀ ਸੁਣਿਆ। ਪਰ ਨਿਊਜ਼ਨੰਬਰ ਦੇ ਵੀਡਿਓ ਦੌਰਾਨ ਉਹ ਆਪਣੇ ਜਿਸ ਵੀ ਮਸ਼ਹੂਰ ਹੋਏ ਗੀਤ ਦੀ ਗੱਲ ਕਰਦੇ ਤਾਂ ਮੈਂ ਨਾਲ ਦੀ ਨਾਲ ਵੀਡਿਓ ਰੋਕ ਕੇ, ਦੂਜੀ ਟੈਬ ਖੋਲ ਕੇ ਯੂ ਟਿਊਬ ਤੇ ਉਹ ਗੀਤ ਸੁਣਦਾ ਰਿਹਾ ਤਾਂ ਜੋ ਸਾਰੀ ਕਹਾਣੀ ਸਮਝ ਸਕਾਂ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕੁੰਢਾ ਸਿੰਘ ਧਾਲੀਵਾਲ ਦੀ ਗੀਤਕਾਰੀ ਚੰਗੀ ਹੈ। ਪਰ ਮਸ਼ਹੂਰੀ ਖੱਟਣ ਦੀ ਇੱਛਾ ਹੋਣ ਕਰਕੇ ਉਨ੍ਹਾਂ ਦੀ ਚੰਗੀ ਗੀਤਕਾਰੀ ਉੱਤੇ ਅਲੰਕਾਰਾਂ ਦੀ ਮੈਲ ਚੜ੍ਹੀ ਹੋਈ ਹੈ।

ਦੇਬੀ ਮਖਸੂਸਪੁਰੀ ਨਾਲ ਹੋਈ ਗੱਲਬਾਤ ਵੀ ਅੱਖਾਂ ਖੋਹਲਣ ਵਾਲੀ ਸੀ। ਮੈਨੂੰ ਲੱਗਿਆ ਕਿ ਉਨ੍ਹਾਂ ਦਾ ਗੀਤਕਾਰੀ ਦਾ ਸਫ਼ਰ ਚੰਡੋਲ ਝੂਟਣ ਵਾਂਙ ਹੋ ਨਿੱਬੜਿਆ ਹੈ। ਗੱਲਬਾਤ ਕਰਦੇ ਦੇਬੀ ਕਈ ਵਾਰ ਮੈਨੂੰ ਮਾਯੂਸ ਲੱਗੇ ਪਰ ਮੈਂ ਤਾਂ ਇਹ ਉਨ੍ਹਾਂ ਸੀ ਸ਼ਾਬਾਸ਼ੀ ਕਹਾਂਗਾ ਕਿ ਉਨ੍ਹਾਂ ਨੇ ਮਿਆਰ ਦਾ ਜਿਹੜਾ ਉਪਰਲਾ ਡੰਡਾ ਫੜਿਆ ਹੋਇਆ ਹੈ ਉਹ ਕਿਸੇ ਕਿਸਮ ਦੇ ਵੀ ਦਬਾਅ ਹੇਠ ਆ ਕੇ ਛੱਡਿਆ ਨਹੀਂ। ਜਿਹੜੇ ਅੱਜ ਦੇ ਕਈ ਗੀਤਕਾਰ ਦੇਬੀ ਨੂੰ ਪਰੇਰਨਾਸ੍ਰੋਤ ਮੰਨ ਕੇ ਲਿਖ ਰਹੇ ਹਨ ਤੇ ਦੇਬੀ ਦੇ ਮਨ ਵਿੱਚ ਗੁੰਝਲਾਂ ਪੈਦਾ ਕਰ ਰਹੇ ਹਨ, ਉਸ ਬਾਰੇ ਮੈਂ ਸਿਰਫ ਦੋ ਕੁ ਹੀ ਗੱਲਾਂ ਕਰਨੀਆਂ ਚਾਹਵਾਂਗਾ। ਛੋਟੇ ਹੁੰਦੇ ਅਸੀਂ ਕਈ ਵਾਰ “ਮਿਆਰਾਂ” ਅਤੇ “ਪੈਮਾਨਿਆਂ” ਬਾਰੇ ਕਿਸੇ ਗੁੰਝਲ ਵਿੱਚ ਫਸ ਜਾਂਦੇ ਸਾਂ ਤਾਂ ਇਕ ਗੱਲ ਕੋਈ ਵੀ ਗੰਢ ਝੱਟ ਦੇਣੇ ਖੋਲ ਦਿੰਦੀ ਸੀ। ਉਹ ਇਹ ਕਿ “ਮਸ਼ਹੂਰ ਤਾਂ ਰੰਡੀ ਤੇ ਬਦਮਾਸ਼ ਵੀ ਬਹੁਤ ਹੁੰਦੇ ਹਨ” ਤੇ ਨਾਲ ਦੀ ਨਾਲ ਇਹ ਗੱਲ ਵੀ ਕਿ ਵੱਡੇ-ਵੱਡੇ ਮੱਜਮੇ ਤਾਂ ਮਦਾਰੀ ਵੀ “ਝੁਰਲੂ-ਫੁਲਤਰੂ” ਦੇ ਨਾਂ ਤੇ ਬਹੁਤ ਲਾ ਲੈਂਦੇ ਹਨ। “ਅਨਪੜ੍ਹਤਾ ਜ਼ਿੰਦਾਬਾਦ” ਕਹਿੰਦਾ ਹੋਇਆ ਕੋਈ ਵੀ ਕਾਫਲਾ ਭਾਵੇਂ ਕਿੱਡਾ ਵੀ ਵੱਡਾ ਕਿਉਂ ਨਾ ਹੋਵੇ ਉਸ ਦੇ ਮਗਰ ਤੁਰ ਪੈਣ ਦੀ ਕੋਈ ਲੋੜ ਨਹੀਂ।

Posted in ਵਿਚਾਰ

ਵਿਚਾਰ-ਸੁਨੇਹੇ

ਹੱਥਲਾ ਲੇਖ ਪੜ੍ਹ ਕੇ ਅਤੇ ਇਸ ਵਿਚਲਾ ਵੀਡਿਓ ਵੇਖ ਕੇ ਮੈਨੂੰ ਇਕ ਗੱਲ ਯਾਦ ਆ ਗਈ। ਹੋਇਆ ਇਹ ਕਿ ਕੁਝ ਕੁ ਮਹੀਨੇ ਪਹਿਲਾਂ, ਮੈਂ ਵ੍ਹਾਟਸਐਪ ਦੀ ਵਰਤੋਂ ਬੰਦ ਕਰ ਦਿੱਤੀ। ਵ੍ਹਾਟਸਐਪ ਵਰਗੀ ਐਪ ਦੀ ਆਮ ਵਰਤੋਂ ਸੁਭਾਵਕ ਤੌਰ ਤੇ ਸੱਜਣਾਂ-ਸਨੇਹੀਆਂ ਦੇ ਆਪਸ ਵਿੱਚ ਵਿਚਾਰ-ਸੁਨੇਹੇ ਸਾਂਝੇ ਕਰਨ ਵਾਸਤੇ ਹੋਣੀ ਚਾਹੀਦੀ ਹੈ। ਪਰ ਜਦ ਮੈਂ ਵੇਖਿਆ ਕਿ ਵ੍ਹਾਟਸਐਪ ਤੇ ੯੦% ਤੋਂ ਵੀ ਵੱਧ ਸੁਨੇਹੇ ਘਟੀਆ ਟਿੱਚਰ-ਟੋਟਕੇ, ਜ਼ਨਾਨੀਆਂ ਦੇ ਮਜ਼ਾਕ ਉਡਾਉਣੇ (misogyny) ਅਤੇ ਲੂਣ-ਹਲਦੀ ਦੀਆਂ ਨਸੀਹਤਾਂ ਦੁਹਰਾਈ ਜਾਣੀਆਂ ਆਦਿ ਸਨ ਤਾਂ ਮੈਂ ਵ੍ਹਾਟਸਐਪ ਤੋਂ ਲਾਂਭੇ ਹੋਣ ਦਾ ਫੈਸਲਾ ਕਰ ਲਿਆ।

ਕੁਝ ਸੱਜਣਾਂ ਨੇ ਉਲਾਮ੍ਹਾ ਵੀ ਦਿੱਤਾ ਕਿ ਹੁਣ ਤੁਹਾਡੇ ਨਾਲ ਮਿਲਾਪ ਕਿੰਝ ਹੋਵੇਗਾ ਤਾਂ ਮੈਂ ਉਨ੍ਹਾਂ ਨੂੰ ਇਕ ਦੋ ਹੋਰ ਐਪਸ ਬਾਰੇ ਜਾਣਕਾਰੀ ਦੇ ਦਿੱਤੀ। ਪਰ ਜਦ ਕੁਝ ਦਿਨਾਂ ਤਕ ਇਨ੍ਹਾਂ ਸੱਜਣਾਂ ਵੱਲੋਂ ਕੋਈ ਨਵੇਂ ਸੁਨੇਹੇ ਆਦਿ ਨਹੀਂ ਆਏ ਤਾਂ ਮੈਂ ਉਨ੍ਹਾਂ ਨੂੰ ਫੋਨ ਦੀ ਘੰਟੀ ਮਾਰ ਦਿੱਤੀ। ਖ਼ੈਰ-ਸੁੱਖ ਸਾਂਝੀ ਕਰਨ ਤੋਂ ਬਾਅਦ ਉਨ੍ਹਾਂ ਬੜੇ ਸ਼ਿਕਾਇਤੀ ਲਹਿਜ਼ੇ ਨਾਲ ਕਿਹਾ ਕਿ ਤੁਸੀਂ ਨਵੀਆਂ ਐਪਸ ਤਾਂ ਫੋਨ ਤੇ ਪੁਆ ਦਿੱਤੀਆਂ ਪਰ ਇਹ ਚਲਦੀਆਂ ਨਹੀਂ। ਮੈਂ ਸੋਚਿਆ ਖੌਰੇ ਕੋਈ ਤਕਨੀਕੀ ਨੁਕਸ ਹੋਵੇਗਾ ਪਰ ਜਦ ਉਨ੍ਹਾਂ ਵਿਸਥਾਰ ਸਹਿਤ ਕਾਰਣ ਦੱਸਿਆ ਤਾਂ ਬੜੀ ਮੁਸ਼ਕਿਲ ਨਾਲ ਹਾਸਾ ਰੋਕਿਆ।

ਦਰਅਸਲ ਗੱਲ ਇਹ ਹੈ ਕਿ “ਵੱਧ ਤੋਂ ਵੱਧ ਸ਼ੇਅਰ ਕਰੋ” ਦੇ “ਸ਼ਾਹੀ ਫੁਰਮਾਣ” ਨੇ ਲੋਕਾਂ ਦੀ ਸੋਚ ਉੱਤੇ ਅਮਲੀਆਂ ਵਾਲੀ ਇਹੋ ਜਿਹੀ ਪੀਨਕ ਲਾ ਦਿੱਤੀ ਹੈ ਕਿ ਆਮ ਲੋਕ ਕੁਝ ਵੀ ਨਰੋਆ ਸੋਚਣ ਤੇ ਲਿਖਣ-ਪੜ੍ਹਨ ਤੋਂ ਦੂਰ ਹਟਦੇ ਜਾ ਰਹੇ ਹਨ। ਆਮ ਲੋਕ ਹੁਣ ਉਪਰ ਲਿਖੇ ੯੦% ਨੂੰ ਅੱਗੇ ਤੋਂ ਅੱਗੇ ਤੋਰੀ ਰੱਖਣ ਵਿੱਚ ਕਿਤੇ ਗੁਆਚ ਗਏ ਹਨ। ਨਰੋਏ ਵਿਚਾਰ-ਸੁਨੇਹੇ ਸਾਂਝੇ ਕਰਨਾ ਆਮ ਲੋਕਾਂ ਦੀ ਹੁਣ ਵੱਸ ਦੀ ਗੱਲ ਨਹੀਂ ਰਹੀ।

ਚੰਗਾ ਇਹੀ ਹੋਵੇਗਾ ਕਿ ਲੋਕ ਆਪ ਸੁਨੇਹੇ ਲਿਖਣ, ਕਵਿਤਾ-ਕਹਾਣੀਆਂ ਲਿਖਣ ਅਤੇ ਆਪ ਤਸਵੀਰਾਂ ਖਿੱਚਣ ਤੇ ਮੌਲਿਕ ਰੂਪ ਵਿੱਚ ਸਾਂਝੀਆਂ ਕਰਨ।

https://cdn.vox-cdn.com/thumbor/tRYwZMp1cUPWRQCWZhCddstmQLg=/0x243:2525x1565/fit-in/1200x630/cdn.vox-cdn.com/uploads/chorus_asset/file/9847501/615649324.jpg.jpg

Former Facebook exec says social media is ripping apart society

‘No civil discourse, no cooperation; misinformation, mistruth.’

https://www.theverge.com/2017/12/11/16761016/former-facebook-exec-ripping-apart-society