Posted in ਯਾਦਾਂ

ਜ਼ਿੰਦਗੀ ਦਾ ਨਜ਼ਰੀਆ

ਇੱਕ ਬੜੀ ਮਸ਼ਹੂਰ ਕਹਾਵਤ ਹੈ ਕਿ ਰਾਹ ਪਏ ਜਾਣੀਏ ਜਾਂ ਵਾਹ ਪਏ ਜਾਣੀਏ। ਕਈ ਵਾਰੀ ਅਸੀਂ ਆਮ ਗੱਲਾਂ ਤਾਂ ਕਰ ਜਾਂਦੇ ਹਾਂ ਪਰ ਉਹ ਗੱਲਾਂ ਜ਼ਿੰਦਗੀ ਦੀ ਅਸਲ ਸੱਚਾਈ ਤੋਂ ਬਹੁਤ ਦੂਰ ਹੁੰਦੀਆਂ ਹਨ। ਜਾਂ ਫਿਰ ਉਸ ਵਿੱਚ ਜ਼ਿੰਦਗੀ ਦਾ ਕੋਈ ਤਜ਼ਰਬਾ ਸ਼ਾਮਲ ਨਹੀਂ ਹੁੰਦਾ। ਅਚਾਨਕ ਕੋਈ ਘਟਣਾ ਤੁਹਾਡਾ ਸਾਰਾ ਨਜ਼ਰੀਆ ਬਦਲ ਕੇ ਰੱਖ ਦਿੰਦੀ ਹੈ।  

ਅੱਜ ਮੈਨੂੰ ਅਜਿਹੀ ਹੀ ਇੱਕ ਗੱਲ ਯਾਦ ਆ ਗਈ ਜੋ ਕਿ ਸੰਨ 1980ਵਿਆਂ ਦੀ ਹੈ।  ਯੂਨੀਵਰਸਿਟੀ ਵਿੱਚ ਮੇਰੇ ਇੱਕ ਦੋਸਤ ਦੀ ਭੈਣ ਦਾ ਵਿਆਹ ਕੈਨੇਡਾ ਹੋ ਗਿਆ ਅਤੇ ਉਸ ਤੋਂ ਬਾਅਦ ਛੇਤੀ ਹੀ ਉਸ ਦੇ ਮਾਤਾ ਪਿਤਾ ਵੀ ਕੈਨੇਡਾ ਪੱਕੇ ਤੌਰ ਤੇ ਪਰਵਾਸ ਕਰ ਗਏ।  

ਮੇਰੇ ਦੋਸਤ ਦੇ ਪਿਤਾ ਜੀ ਰਿਟਾਇਰਡ ਸਕੂਲ ਹੈੱਡਮਾਸਟਰ ਸਨ ਤੇ ਜ਼ਾਹਿਰ ਹੈ ਉਨ੍ਹਾਂ ਨੂੰ ਆਪਣੇ ਸੁਭਾਅ ਦੇ ਮੁਤਾਬਕ ਉੱਥੇ ਸਾਥ ਨਾ ਮਿਲਣ ਕਰਕੇ ਕੈਨੇਡਾ ਵਿੱਚ ਰਹਿਣ ਤੋਂ ਉਨ੍ਹਾਂ ਦਾ ਮਨ ਛੇਤੀ ਹੀ ਉਚਾਟ ਹੋ ਗਿਆ ਸੀ। ਉਹ ਵਾਰ ਵਾਰ ਕਹਿੰਦੇ ਸਨ ਕਿ ਮੈਂ ਵਾਪਸ ਪੰਜਾਬ ਪਰਤਣਾ ਚਾਹੁੰਦਾ ਹਾਂ ਜਿੱਥੇ ਉਹ ਆਪਣੇ ਦੋਸਤਾਂ ਮਿੱਤਰਾਂ ਦੇ ਮਿਲਾਪ ਵਿੱਚ ਰਹਿ ਕੇ ਆਪਣਾ ਰਿਟਾਇਰਡ ਜੀਵਨ ਬਿਤਾਉਣਾ ਚਾਹੁੰਦੇ ਸਨ।  

ਮੇਰੇ ਦੋਸਤ ਨੇ ਕਈ ਵਾਰ ਮੈਨੂੰ ਇਹ ਵੀ ਦੱਸਣਾ ਕਿ ਉਥੇ ਜਦੋਂ ਬਰਫ ਪੈਂਦੀ ਸੀ ਤਾਂ ਘਰੋਂ ਬਾਹਰ ਨਾ ਜਾਣ ਦਾ ਮੌਕਾ ਲੱਗਣ ਕਰਕੇ ਉਸ ਦੇ ਪਿਤਾ ਜੀ ਖਿੜਕੀ ਚੋਂ ਬਾਹਰ ਡਿੱਗਦੀ ਬਰਫ਼ ਵੇਖ ਕੇ ਅਕਸਰ ਹੀ ਅੱਥਰੂ ਕੇਰਦੇ ਰਹਿੰਦੇ ਸਨ ਅਤੇ ਭਾਵੁਕ ਹੋ ਕੇ ਇਹੀ ਕਹਿੰਦੇ ਸਨ ਕਿ ਪਤਾ ਨਹੀਂ ਜ਼ਿੰਦਗੀ ਦੇ ਵਿੱਚ ਵਾਪਸ ਪੰਜਾਬ ਜਾ ਕੇ ਰਹਿਣਾ ਨਸੀਬ ਹੋਵੇਗਾ ਕਿ ਨਹੀਂ?

Photo by Owen Woodhouse on Unsplash

ਇੱਕ ਦਿਨ ਛੁੱਟੀ ਵਾਲੇ ਦਿਨ ਜਦ ਉਹ ਆਪਣੇ ਧੀ ਜਵਾਈ ਦੇ ਨਾਲ ਮਾਲ ਦੇ ਵਿੱਚ ਸ਼ਾਪਿੰਗ ਕਰਨ ਗਏ ਹੋਏ ਸਨ ਤਾਂ ਉੱਥੇ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ। ਉਨ੍ਹਾਂ ਨੂੰ ਮਾਲ ਵਿੱਚ ਫੌਰੀ ਮੁੱਢਲੀ ਸਹਾਇਤਾ ਮਿਲੀ ਅਤੇ ਛੇਤੀ ਹੀ ਐਂਬੂਲੈਂਸ ਉਨ੍ਹਾਂ ਨੂੰ ਹਸਪਤਾਲ ਲੈ ਗਈ ਜਿੱਥੇ ਉਨ੍ਹਾਂ ਦਾ ਆਪ੍ਰੇਸ਼ਨ ਵੀ ਹੋ ਗਿਆ। ਜਿਸ ਦਿਨ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਤਾਂ ਹਸਪਤਾਲ ਵੱਲੋਂ ਉਨ੍ਹਾਂ ਨੂੰ ਫੁੱਲਾਂ ਦਾ ਗੁਲਦਸਤਾ ਦਿੱਤਾ ਗਿਆ ਅਤੇ ਨਰਸ ਉਚੇਚੇ ਤੌਰ ਤੇ ਉਨ੍ਹਾਂ ਨੂੰ ਕਾਰ ਤੱਕ ਛੱਡਣ ਆਈ। ਉਸ ਤੋਂ ਬਾਅਦ ਘਰੇ ਵੀ ਉਨ੍ਹਾਂ ਨੂੰ ਹਸਪਤਾਲੋਂ ਨੇਮ ਨਾਲ ਫੋਨ ਆਉਂਦਾ ਜਿਸ ਵਿੱਚ ਉਨ੍ਹਾਂ ਦੀ ਸਿਹਤ ਬਾਰੇ ਗੱਲ ਕੀਤੀ ਜਾਂਦੀ। 

ਮੇਰੇ ਦੋਸਤ ਨੇ ਮੈਨੂੰ ਦੱਸਿਆ ਕਿ ਇਸ ਘਟਨਾਂ ਤੋਂ ਬਾਅਦ ਉਸ ਦੇ ਪਿਤਾ ਜੀ ਦਾ ਸਾਰਾ ਨਜ਼ਰੀਆ ਹੀ ਬਦਲ ਗਿਆ। ਜਿੱਥੇ ਉਹ ਪਹਿਲਾਂ ਪੰਜਾਬ ਵਾਪਸ ਜਾਣ ਦੀ ਰਟ ਲਾਈ ਰੱਖਦੇ ਸਨ ਹੁਣ ਅਕਸਰ ਆਖ ਦਿੰਦੇ ਸਨ ਕਿ ਜੇ ਮੈਂ ਅਜਿਹੇ ਹਾਲਾਤ ਵਿੱਚ ਕਿਤੇ ਪੰਜਾਬ ਵਿੱਚ ਹੁੰਦਾ ਤਾਂ ਖੌਰੇ ਕਿਤੇ ਸੜਕ ਤੇ ਹੀ ਮਰ ਖਪ ਜਾਣਾ ਸੀ। ਉਹ ਅੱਗੇ ਕਹਿੰਦੇ ਕਿ ਚੰਗਾ ਹੋਇਆ ਕਿ ਮੈਂ ਕੈਨੇਡਾ ਵਿੱਚ ਸਾਂ ਜਿੱਥੇ ਮੇਰੀ ਸਿਹਤ ਸੰਭਾਲ ਹੋ ਗਈ ਤੇ ਮੈਂ ਅੱਜ ਵੀ ਜਿਉਂਦਾ ਵੱਸਦਾ ਹਾਂ।   ਇੱਕ ਦਿਲ ਦੇ ਦੌਰੇ ਨੇ ਮੇਰੇ ਦੋਸਤ ਦੇ ਪਿਤਾ ਜੀ ਦਾ ਸਾਰਾ ਨਜ਼ਰੀਆ ਹੀ ਬਦਲ ਕੇ ਰੱਖ ਦਿੱਤਾ।  ਜੇਕਰ ਉਨ੍ਹਾਂ ਨਾਲ ਇਸ ਤਰ੍ਹਾਂ ਨਾ ਹੋਇਆ ਹੁੰਦਾ ਤਾਂ ਪਤਾ ਨਹੀਂ ਸ਼ਾਇਦ ਉਹ ਹੋਰ ਕਿੰਨੇ ਸਾਲ ਕੈਨੇਡਾ ਵਿੱਚ ਡਿੱਗਦੀ ਬਰਫ਼ ਵੇਖ ਵੇਖ ਕੇ ਅੱਥਰੂ ਕੇਰਦੇ ਰਹਿੰਦੇ ਤੇ ਸ਼ਾਇਦ ਮਾਨਸਕ ਤੌਰ ਤੇ ਦਿਲਗੀਰੀ ਵਿੱਚ ਚਲੇ ਜਾਂਦੇ। 

Posted in ਯਾਦਾਂ

ਪਾਇਕੇਅਕਰੀਕੀ ਐਸਕਾਰਪਮੈਂਟ ਟ੍ਰੈਕ

ਚੜ੍ਹਦੇ ਨਵੇਂ ਸਾਲ 1 ਜਨਵਰੀ 2020 ਨੂੰ ਪਾਇਕੇਅਕਰੀਕੀ ਐਸਕਾਰਪਮੈਂਟ ਟ੍ਰੈਕ ਦੀ ਸੈਰ ਕਰਨ ਦਾ ਮੌਕਾ ਲੱਗਾ। ਇਹ ਪਗਡੰਡੀ ਚਾਹੇ ਤਾਂ ਤੁਸੀਂ ਪਾਇਕੇਅਕਰੀਕੀ ਵਾਲੇ ਪਾਸਿਓਂ ਸ਼ੁਰੂ ਕਰ ਲਓ ਜਾਂ ਫਿਰ ਪੁਕੇਰੂਆ ਬੇਅ ਵਾਲੇ ਪਾਸੇ ਤੋਂ। ਲੱਗਭੱਗ 10 ਕਿਲੋਮੀਟਰ ਦਾ ਇਹ ਇਕਪਾਸੜ ਰਸਤਾ ਪਗਡੰਡੀਨੁਮਾ, ਉੱਚਾ ਨੀਵਾਂ ਜਾਂਦਾ, ਬਹੁਤ ਹੀ ਮਨਮੋਹਕ ਹੈ।

ਜਿੱਥੇ ਖੜ੍ਹਵੀਂ ਚੜ੍ਹਾਈ ਹੈ ਅਤੇ ਜਿੱਥੇ ਖੜ੍ਹਵੀਂ ਉਤਰਾਈ ਹੈ ਉਥੇ ਪੌੜੀਆਂ ਬਣੀਆਂ ਹੋਈਆਂ ਹਨ। ਦੋ ਥਾਂਵਾਂ ਉੱਤੇ ਝੂਲਿਆਂ ਵਾਲੇ ਪੁਲ ਵੀ ਹਨ। ਇੱਥੋਂ ਆਉਣ ਵਾਲੇ ਨਜ਼ਾਰੇ ਬਿਆਨ ਤੋਂ ਬਾਹਰ ਹਨ। ਕਾਪਿਟੀ ਟਾਪੂ ਤੋਂ ਲੈ ਕੇ ਫੈਲੇ ਹੋਏ ਸਮੁੰਦਰ ਦੇ ਨਜ਼ਾਰੇ, ਵਗਦੀ ਸੜਕ ਤੇ ਰੇਲ ਟਰੈਕ ਦੇ ਦਿਲਕਸ਼ੀ ਨਜ਼ਾਰੇ।

ਪਿਛਲੀ ਵਾਰ ਜਦ ਮੈਂ ਇੱਥੇ ਗਿਆ ਸੀ ਤਾਂ ਉਸ ਦਿਨ ਚੰਗੀ ਧੁੱਪ ਲੱਗੀ ਹੋਈ ਸੀ ਤੇ ਹਵਾ ਬਿਲਕੁੱਲ ਨਹੀਂ ਸੀ ਚੱਲ ਰਹੀ। ਉਸ ਦਿਨ ਸਮੁੰਦਰ ਇਵੇਂ ਲੱਗਿਆ ਸੀ ਜਿਵੇਂ ਕੋਈ ਸ਼ਾਂਤ ਝੀਲ ਹੋਵੇ ਪਰ ਇਸ ਵਾਰ ਮੌਸਮ ਬੱਦਲਵਾਈਆ ਸੀ ਅਤੇ ਚੰਗੀ ਹਵਾ ਚੱਲ ਰਹੀ ਸੀ। ਸਮੁੰਦਰ ਵੀ ਅੱਥਰਿਆ ਪਿਆ ਸੀ।

ਪਾਇਕੇਅਕਰੀਕੀ ਵਾਲੇ ਪਾਸਿਓਂ ਸਵਾ ਕੁ ਗਿਆਰਾਂ ਵਜੇ ਸ਼ੁਰੂ ਕੀਤਾ ਇਹ ਸਫ਼ਰ ਅਰਾਮ ਕਰਦਿਆਂ ਤੇ ਚਾਹ-ਨਾਸ਼ਤਾ ਕਰਦਿਆਂ 2 ਘੰਟੇ 50 ਮਿੰਟਾਂ ਵਿੱਚ ਨਿੱਬੜ ਗਿਆ। ਪਰਮ ਮਿੱਤਰ ਬਲਜੀਤ ਸਿੰਘ ਦਾ ਸਾਥ ਇਸ ਪੈਂਡੇ ਨੂੰ ਯਾਦਗਾਰੀ ਬਣਾ ਗਿਆ।  

ਇਸ ਪੈਂਡੇ ਨੂੰ ਪੂਰਾ ਕਰਦਿਆਂ ਮੈਂ ਕਈ ਮਨਮੋਹਕ ਤਸਵੀਰਾਂ ਵੀ ਲਈਆਂ ਜੋ ਕਿ ਮੈਂ ਹੇਠਾਂ ਆਪਣੇ ਇੰਸਟਾਗ੍ਰਾਮ ਦੇ ਲਿੰਕ ਰਾਹੀਂ ਸਾਂਝੀ ਕਰ ਰਿਹਾ ਹਾਂ।

ਪਾਇਕੇਅਕਰੀਕੀ ਐਸਕਾਰਪਮੈਂਟ ਟ੍ਰੈਕ ਬਾਰੇ ਹੋਰ ਜਾਣਕਾਰੀ ਲੈਣ ਲਈ ਇਹ ਕੜੀ ਕਲਿਕ ਕਰੋ:
https://www.teararoa.org.nz/wellington/paekakariki-escarpment/

Posted in ਚਰਚਾ, ਯਾਦਾਂ

ਪੜ੍ਹਾਈ ਦਾ ਸ਼ੌਕ

ਇਹ ਗੱਲ ਸੰਨ 1996 ਦੀ ਹੈ। ਉਨ੍ਹਾਂ ਦਿਨਾਂ ਦੇ ਵਿੱਚ ਮੈਂ ਸ੍ਰੀਨਗਰ, ਕਸ਼ਮੀਰ ਦੇ ਵਿੱਚ ਤੈਨਾਤ ਸੀ। ਸਰਦਾਰ ਮਨੋਹਰ ਸਿੰਘ ਗਿੱਲ ਉਸੇ ਸਾਲ ਚੀਫ ਇਲੈਕਸ਼ਨ ਕਮਿਸ਼ਨਰ ਆਫ ਇੰਡੀਆ ਵਜੋਂ ਨਿਯੁਕਤ ਹੋਏ ਸਨ। ਨਿਯੁਕਤੀ ਤੋਂ ਬਾਅਦ ਉਹ ਸਾਰੇ ਭਾਰਤ ਦਾ ਦੌਰਾ ਕਰ ਰਹੇ ਸਨ ਤੇ ਕਸ਼ਮੀਰ ਵੀ ਉਨ੍ਹਾਂ ਦੇ ਪ੍ਰੋਗਰਾਮ ਵਿੱਚ ਸ਼ਾਮਿਲ ਸੀ। ਕਸ਼ਮੀਰ ਦੇ ਦੌਰੇ ਦੇ ਦੌਰਾਨ ਸਰਦਾਰ ਗਿੱਲ ਹੋਰਾਂ ਨੇ ਕਸ਼ਮੀਰ ਦੇ ਮੁੱਖ ਮੰਤਰੀ, ਨਾਗਰਿਕ ਪ੍ਰਸ਼ਾਸਨ ਅਧਿਕਾਰੀਆਂ, ਫ਼ੌਜੀ ਅਧਿਕਾਰੀਆਂ ਅਤੇ ਸੁਰੱਖਿਆ ਬਲਾਂ ਦੇ ਅਧਿਕਾਰੀਆਂ ਨਾਲ ਮਿਲਣਾ ਸੀ।  

ਇਸੇ ਸਿਲਸਿਲੇ ਵਿੱਚ ਉਨ੍ਹਾਂ ਨੇ ਸ੍ਰੀਨਗਰ ਵਿੱਚ ਸੰਨਤ ਨਗਰ ਵਿਖੇ ਬਾਰਡਰ ਸਕਿਓਰਟੀ ਫੋਰਸ ਦੇ ਹੈੱਡਕੁਆਰਟਰ ਵਿੱਚ ਆ ਕੇ ਇੰਸਪੈਕਟਰ ਜਨਰਲ ਨੂੰ ਮਿਲਣਾ ਸੀ। ਮੁਲਾਕਾਤ ਵਾਲੇ ਦਿਨ ਸਵੇਰੇ ਹੀ ਇੰਸਪੈਕਟਰ ਜਨਰਲ ਨੂੰ ਕਿਤੇ ਬਾਹਰ ਜਾਣਾ ਪੈ ਗਿਆ ਤੇ ਵਾਪਸੀ ਵੇਲੇ ਉਹ ਸਰਦਾਰ ਗਿੱਲ ਨਾਲ ਬੈਠਕ ਦੇ ਵਕਤ ਤੋਂ ਖੁੰਝ ਰਹੇ ਜਾਪਦੇ ਸਨ। ਉਨ੍ਹਾਂ ਦੇ ਕਾਫਲੇ ਤੋਂ ਸੁਨੇਹਾ ਆ ਗਿਆ ਕਿ ਹੋ ਸਕਦਾ ਹੈ ਕਿ ਉਨ੍ਹਾਂ ਨੂੰ ਪਹੁੰਚਣ ਵਿੱਚ ਥੋੜ੍ਹੀ ਦੇਰ ਹੋ ਜਾਵੇ ਇਸ ਕਰਕੇ ਗੁਰਤੇਜ ਨੂੰ ਜ਼ਿੰਮੇਵਾਰੀ ਦੇ ਦਿਓ ਕਿ ਉਹ ਸਰਦਾਰ ਗਿੱਲ ਹੋਰਾਂ ਦਾ ਸਵਾਗਤ ਕਰ ਲੈਣ।  

ਮਿੱਥੇ ਹੋਏ ਵਕਤ ਸਰਦਾਰ ਗਿੱਲ ਉੱਥੇ ਪਹੁੰਚ ਗਏ ਅਤੇ ਮੈਂ ਉਨ੍ਹਾਂ ਨੂੰ ਲੈ ਕੇ ਆਓ-ਭਗਤ ਲਈ ਆਪਣੇ ਦਫ਼ਤਰ ਵਿੱਚ ਲੈ ਆਇਆ। ਉਨ੍ਹਾਂ ਨੂੰ ਇੰਸਪੈਕਟਰ ਜਨਰਲ ਦੇ ਕਾਫਲੇ ਦੇ ਪਛੜਣ ਅਤੇ ਹਾਲਾਤ ਦੀ ਵਾਕਫ਼ੀਅਤ ਕਰਾਉਣ ਤੋਂ ਬਾਅਦ ਸਾਡੀ ਰਸਮੀ ਗੱਲਬਾਤ ਫਿਰ ਛੇਤੀ ਹੀ ਖਤਮ ਹੋ ਗਈ। ਪਰ ਚੰਗੇ ਸਬੱਬ ਨੂੰ ਸਾਡੀਆਂ ਗੱਲਾਂ ਮੇਰੇ ਪਿਛੋਕੜ, ਮੇਰੀ ਪੜ੍ਹਾਈ ਆਦਿ ਵੱਲ ਮੁੜ ਪਈਆਂ ਅਤੇ ਸਾਡੀਆਂ ਗੱਲਾਂ ਯੂਨੀਵਰਸਿਟੀਆਂ, ਵਿੱਦਿਅਕ ਪੜ੍ਹਾਈਆਂ ਅਤੇ ਸਾਹਿਤਕ ਸ਼ੌਕਾਂ ਦੇ ਦੁਆਲੇ ਘੁੰਮਦੀਆਂ ਰਹੀਆਂ। ਗੱਲਾਂ-ਗੱਲਾਂ ਦੇ ਵਿੱਚ ਸਰਦਾਰ ਗਿੱਲ ਨੇ ਥੋੜ੍ਹੇ ਜਿਹੇ ਮਾਯੂਸ ਹੁੰਦਿਆਂ ਕਿਹਾ ਕਿ “ਗੁਰਤੇਜ ਹੁਣ ਪਿੰਡਾਂ ਚੋਂ ਪੜ੍ਹ ਕੇ ਮੁੰਡੇ ਅਫ਼ਸਰ ਨਹੀਂ ਬਣਦੇ ਅਤੇ ਪੜ੍ਹਾਈ ਦਾ ਸ਼ੌਕ ਦਿਨ-ਬ-ਦਿਨ ਘਟਦਾ ਹੀ ਜਾ ਰਿਹਾ ਹੈ”।

Photo by Karolina Grabowska on Pexels.com

ਇਸ ਤੋਂ ਪਹਿਲਾਂ ਕਿ ਮੈਂ ਗੱਲ ਹੋਰ ਅੱਗੇ ਜਾਰੀ ਰੱਖਦਾ ਇੰਸਪੈਕਟਰ ਜਨਰਲ ਦੀਆਂ ਗੱਡੀਆਂ ਦਾ ਕਾਫਲਾ ਆ ਕੇ ਸਾਹਮਣੇ ਖੜ੍ਹਾ ਹੋਣਾ ਸ਼ੁਰੂ ਹੋ ਗਿਆ ਤੇ ਮੈਂ ਸਰਦਾਰ ਗਿੱਲ ਨੂੰ ਲੈ ਕੇ ਉਧਰ ਨੂੰ ਤੁਰ ਪਿਆ। ਉਨ੍ਹਾਂ ਦੀ ਦਾਰਸ਼ਨਿਕ ਅਤੇ ਸਾਦਾ ਸ਼ਖ਼ਸਿਅਤ ਨੇ ਮੇਰੇ ਮਨ ਤੇ ਉਸ ਦਿਨ ਡਾਢਾ ਅਸਰ ਛੱਡਿਆ।  

ਇਹ ਯਾਦ ਮੇਰੇ ਮਨ ਥਾਣੀਂ ਹਫ਼ਤਾ ਦੋ ਹਫ਼ਤੇ ਪਹਿਲਾਂ ਇੱਕ ਵਾਰ ਫੇਰ ਘੁੰਮੀ ਤਾਂ ਮੈਂ ਸੋਚਿਆ ਕਿ ਮੈਂ ਪਿੰਡਾਂ ਦੀ ਪੜ੍ਹਾਈ ਬਾਰੇ ਥੋੜ੍ਹੀ ਬਹੁਤ ਹੋਰ ਘੋਖ ਜ਼ਰੂਰ ਕਰੂੰਗਾ। ਮੈਂ ਅਮੂਮਨ ਹਰ ਹਫ਼ਤੇ ਪੰਜਾਬ ਵਿੱਚ ਆਪਣੇ ਪਿਤਾ ਜੀ ਦੇ ਨਾਲ ਫੋਨ ਦੇ ਉੱਤੇ ਇੱਕ ਵਾਰੀ ਜ਼ਰੂਰ ਗੱਲ ਕਰਦਾ ਹਾਂ। ਪਿਛਲੇ ਹਫਤੇ ਜਦੋਂ ਉਨ੍ਹਾਂ ਨਾਲ ਫੋਨ ਤੇ ਗੱਲ ਹੋ ਰਹੀ ਸੀ ਤਾਂ ਮੈਂ ਫ਼ਤਿਹ ਬੁਲਾਉਣ ਤੋਂ ਬਾਅਦ ਸਿੱਧੀ ਗੱਲ ਪਿੰਡਾਂ ਦੀ ਪੜ੍ਹਾਈ ਵੱਲ ਲੈ ਆਇਆ ਅਤੇ ਉਨ੍ਹਾਂ ਨੂੰ ਉਚੇਚੇ ਤੌਰ ਦੇ ਪੁੱਛਿਆ ਕਿ ਉਨ੍ਹਾਂ ਦੀ ਆਪਣੀ ਮੁੱਢਲੀ ਪੜ੍ਹਾਈ ਕਿਸ ਤਰ੍ਹਾਂ ਦੇ ਹਾਲਾਤ ਵਿੱਚ ਹੋਈ ਸੀ? ਤੇ ਉਹ ਕਿਵੇਂ ਪਿੰਡ ਦੇ ਸਕੂਲ ਤੋਂ ਪੜ੍ਹਾਈ ਸ਼ੁਰੂ ਕਰਕੇ ਅਫ਼ਸਰ ਬਣੇ?

ਪਿਤਾ ਜੀ ਨੇ ਮੈਨੂੰ ਸੰਨ 1941 ਤੋਂ ਸ਼ੁਰੂ ਕਰਕੇ ਆਪਣੀ ਮੁੱਢਲੀ ਪੜ੍ਹਾਈ ਬਾਰੇ ਚਾਨਣਾ ਪਾਇਆ। ਇਹ ਵੀ ਦੱਸਿਆ ਕਿ ਚੌਥੀ ਜਮਾਤ ਵਿੱਚੋਂ ਪਹਿਲੇ ਨੰਬਰ ਉੱਤੇ ਆਉਣ ਕਰਕੇ ਕਿਵੇਂ ਇੱਕ ਪਰਿਵਾਰਕ ਜਾਣ-ਪਛਾਣ ਵਾਲੇ ਸੱਜਣ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਉਹ ਹੁਣ ਪਿੰਡ ਜਸਰਾਊਰ ਦਾ ਸਕੂਲ ਛੱਡ ਕੇ ਸਰਕਾਰੀ ਹਾਈ ਸਕੂਲ ਅਜਨਾਲਾ ਵਿਖੇ ਦਾਖਲਾ ਲੈਣ। ਇਸਦਾ ਕਾਰਨ ਇਹ ਸੀ ਕਿ ਜੇਕਰ ਉਹ ਪਿੰਡ ਦੇ ਸਕੂਲ ਵਿੱਚ ਛੇਵੀਂ ਪੂਰੀ ਕਰਕੇ ਅਜਨਾਲੇ ਜਾਂਦੇ ਸਨ ਤਾਂ ਇੱਕ ਸਾਲ ਖਰਾਬ ਹੋਣਾ ਸੀ ਕਿਉਂਕਿ ਅਜਨਾਲਾ ਹਾਈ ਸਕੂਲ ਵਾਲਿਆਂ ਨੇ ਉਹ ਪੂਰਾ ਸਾਲ ਉਨ੍ਹਾਂ ਦੀ ਅੰਗਰੇਜ਼ੀ ਪੜ੍ਹਾਈ ਲਈ ਲਵਾਉਣਾ ਸੀ। 

ਉਨ੍ਹਾਂ ਦਿਨਾਂ ਦੇ ਵਿੱਚ ਸਾਰੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਦੋ ਹੀ ਸਰਕਾਰੀ ਹਾਈ ਸਕੂਲ ਹੁੰਦੇ ਸਨ। ਇੱਕ ਅੰਮ੍ਰਿਤਸਰ ਅਤੇ ਇਕ ਅਜਨਾਲਾ ਅਤੇ ਇਨ੍ਹਾਂ ਦੋਹਾਂ ਸਕੂਲਾਂ ਦੇ ਵਿੱਚ ਦਾਖਲਾ, ਪ੍ਰੀਖਿਆ ਦੇ ਕੇ ਹੀ ਮਿਲਦਾ ਸੀ। ਉਨ੍ਹਾਂ ਦਿਨਾਂ ਵਿੱਚ ਸਾਰੇ ਅੰਮ੍ਰਿਤਸਰ ਜ਼ਿਲੇ ਵਿੱਚ ਦੋ ਹੀ ਪੱਕੀਆਂ ਸੜਕਾਂ ਵੀ ਹੁੰਦੀਆਂ ਸਨ। ਇੱਕ ਕੌਮੀ ਸ਼ਾਹ-ਰਾਹ ਜਿਹੜੀ ਜਲੰਧਰ ਵੱਲੋਂ ਆਉਂਦੀ ਸੀ ਅਤੇ ਅੰਮ੍ਰਿਤਸਰ ਤੋਂ ਲਾਹੌਰ ਵੱਲ ਜਾਂਦੀ ਸੀ ਤੇ ਦੂਜੀ ਅੰਮ੍ਰਿਤਸਰ ਤੋਂ ਸਿਆਲਕੋਟ ਦੀ ਸੜਕ। ਇਸੇ ਸੜਕ ਉੱਪਰ ਹੀ ਅਜਨਾਲਾ ਅਬਾਦ ਸੀ।

ਅੱਗੇ ਚੱਲਦਿਆਂ ਪਿਤਾ ਜੀ ਨੇ ਵੀ ਦੱਸਿਆ ਕਿ ਸਰਕਾਰੀ ਹਾਈ ਸਕੂਲ ਅਜਨਾਲਾ ਦਾਖ਼ਲਾ ਮਿਲਣ ਤੋਂ ਬਾਅਦ ਉਨ੍ਹਾਂ ਦਾ ਇੱਕ ਤਾਂ ਪਿੰਡ ਤੋਂ ਅਜਨਾਲੇ ਤੱਕ ਦਾ ਹਰ ਰੋਜ਼ ਦਸ ਕਿਲੋਮੀਟਰ ਆਉਣ-ਜਾਣ ਦਾ ਸਫਰ ਸ਼ੁਰੂ ਹੋ ਗਿਆ ਅਤੇ ਨਾਲ ਹੀ ਨਾਲ ਅੰਗਰੇਜ਼ੀ ਵਿੱਦਿਆ ਦਾ ਵੀ। ਅੰਗਰੇਜ਼ੀ ਦੀ ਵਿੱਦਿਆ ਲਈ ਕਿਸ ਤਰ੍ਹਾਂ ਪਹੁੰਚ ਕੀਤੀ ਜਾਂਦੀ ਸੀ, ਉਸ ਦੇ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਸਾਰਾ ਮਿਆਰ ਹੀ ਗਰਾਮਰ (ਵਿਆਕਰਣ) ਦੇ ਮੁੱਢ ਨਾਲ ਬੱਝਾ ਹੋਇਆ ਸੀ ਅਤੇ ਅੰਗਰੇਜ਼ੀ ਦੀ ਪੜ੍ਹਾਈ ਦਾ ਮਿਆਰ ਵੀ ਬਹੁਤ ਉੱਚਾ ਹੁੰਦਾ ਸੀ।

ਜਗਿਆਸਾ ਵੱਸ ਮੈਂ ਉਨ੍ਹਾਂ ਕੋਲੋਂ ਇਹ ਵੀ ਪੁੱਛ ਲਿਆ ਕਿ ਉਹ ਉਨ੍ਹਾਂ ਦਾ ਪੜ੍ਹਾਈ ਦਾ ਮਾਧਿਅਮ ਕੀ ਸੀ ਤਾਂ ਉਨ੍ਹਾਂ ਨੇ ਜਵਾਬ ਦਿੱਤਾ ਕਿ ਉੱਥੇ ਪੜ੍ਹਾਈ ਦਾ ਖਾਸ ਤੌਰ ਤੇ ਵਿਗਿਆਨ ਦੀ ਪੜ੍ਹਾਈ ਦਾ ਮਾਧਿਅਮ ਅੰਗਰੇਜ਼ੀ ਹੀ ਸੀ ਅਤੇ ਹੋਰ ਜਿਹੜੀਆਂ ਭਾਸ਼ਾਵਾਂ ਉਹ ਪੜ੍ਹਦੇ ਸਨ ਉਹਦੇ ਵਿੱਚ ਜਾਂ ਤਾਂ ਤੁਸੀਂ ਉਰਦੂ ਫ਼ਾਰਸੀ ਤੇ ਜਾਂ ਫਿਰ ਉਰਦੂ ਸੰਸਕ੍ਰਿਤ ਲੈ ਸਕਦੇ ਸੀ।  ਫ਼ਾਰਸੀ ਅਤੇ ਸੰਸਕ੍ਰਿਤ ਨੂੰ ਕਲਾਸਕੀ ਭਾਸ਼ਾਵਾਂ ਦਾ ਦਰਜਾ ਹਾਸਲ ਸੀ। ਮੈਨੂੰ ਇਹ ਸੁਣ ਕੇ ਬੜੀ ਹੈਰਾਨੀ ਹੋਈ ਤੇ ਮੈਂ ਪੁੱਛਿਆ ਕਿ ਉਨ੍ਹਾਂ ਦਿਨਾਂ ਵਿੱਚ ਪੰਜਾਬੀ ਪੜ੍ਹਾਉਣ ਦਾ ਕੋਈ ਉਪਰਾਲਾ ਨਹੀਂ ਸੀ ਹੁੰਦਾ? ਇਸ ਦੇ ਜਵਾਬ ਵਿਚ ਉਨ੍ਹਾਂ ਨੇ ਕਿਹਾ ਕਿ ਪੰਜਾਬੀ ਆਮ ਤੌਰ ਤੇ ਕੁਝ ਚੋਣਵੇਂ ਖ਼ਾਲਸਾ ਸਕੂਲਾਂ ਵਿੱਚ ਹੀ ਪੜ੍ਹਾਈ ਜਾਂਦੀ ਸੀ ਤੇ ਸਰਕਾਰੀ ਸਕੂਲਾਂ ਵਿੱਚ ਨਹੀਂ। ਜਾਂ ਫਿਰ ਤੁਸੀਂ ਪੰਜਾਬੀ ਆਪਣੇ ਘਰੇ ਹੀ ਸਿੱਖਦੇ ਸੀ।  

1947 ਤੋਂ ਬਾਅਦ ਇਕ ਦਮ ਵੱਡਾ ਬਦਲਾਅ ਆਇਆ। ਉਨ੍ਹਾਂ ਮੈਨੂੰ ਦੱਸਿਆ ਕਿ 1947 ਤੋਂ ਬਾਅਦ ਉਰਦੂ ਦੀ ਥਾਂ ਪੰਜਾਬੀ ਨੇ ਲੈ ਲਈ ਅਤੇ ਇਸ ਤਰ੍ਹਾਂ ਉਨ੍ਹਾਂ ਨੇ ਸੱਤਵੀਂ ਜਮਾਤ ਤੋਂ ਉਸੇ ਸਰਕਾਰੀ ਹਾਈ ਸਕੂਲ ਦੇ ਵਿੱਚ ਪੰਜਾਬੀ ਦੀ ਪੜ੍ਹਾਈ ਸ਼ੁਰੂ ਕਰ ਲਈ। ਪੜ੍ਹਾਈ ਦੀਆਂ ਹੋਰ ਗੱਲਾਂ ਕਰਦਿਆਂ ਪਿਤਾ ਜੀ ਮੈਨੂੰ ਇਹ ਵੀ ਦੱਸਿਆ ਕਿ ਪੜ੍ਹਨ ਦੇ ਸ਼ੌਕ ਕਰਕੇ ਹੀ ਉਹ ਸਰਦੀਆਂ ਵਿੱਚ ਕਿਵੇਂ ਪਿੰਡ ਵਿੱਚ ਆਮ ਤਪਦੀਆਂ ਸ਼ਾਮ ਦੀਆਂ ਧੂਣੀਆਂ ਤੋਂ ਦੂਰ ਹੀ ਰਹਿੰਦੇ ਹੁੰਦੇ ਸਨ ਜਿੱਥੇ ਗੱਪ-ਗਪੌੜ ਦਾ ਕੁਣਕਾ ਬਹੁਤ ਖਾਧਾ ਜਾਂਦਾ ਹੁੰਦਾ ਸੀ।  

ਮੈਂ ਜਦੋਂ ਉਨ੍ਹਾਂ ਨੂੰ ਪਿੰਡਾਂ ਵਿੱਚ ਪੜ੍ਹਨ ਦੇ ਘਟਦੇ ਰੁਝਾਨ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਹਾਮੀ ਭਰਦਿਆਂ ਇਹ ਜ਼ਰੂਰ ਕਿਹਾ ਕਿ ਵਕਤ ਬਦਲਣ ਨਾਲ ਕਈ ਕੁਝ ਬਦਲਦਾ ਹੈ ਪਰ ਹਰ ਜਗ੍ਹਾ ਇਹ ਗੱਲ ਠੀਕ ਨਹੀਂ ਢੁਕਦੀ ਕਿਉਂਕਿ ਇਹ ਸਭ ਕੁਝ ਮਾਹੌਲ ਦੇ ਉੱਤੇ ਵੀ ਮੁਨੱਸਰ ਹੈ। ਜਿੱਥੇ ਉਤਸ਼ਾਹ-ਪ੍ਰੇਰਨਾ ਦਾ ਚੰਗਾ ਮਾਹੌਲ ਮਿਲ ਜਾਂਦਾ ਹੈ ਉੱਥੇ ਪੜ੍ਹਨ ਦਾ ਸ਼ੌਕ ਬਰਕਰਾਰ ਰਹਿੰਦਾ ਹੈ।  

Posted in ਯਾਦਾਂ, ਵਿਚਾਰ

ਲਹਿਰਾਉਂਦੀਆਂ ਝੰਡੀਆਂ

ਇਹ ਗੱਲ 1980ਵਿਆਂ ਦੀ ਹੈ। ਉਨ੍ਹਾਂ ਦਿਨਾਂ ਦੇ ਵਿੱਚ ਕਾਲਜ ਅਤੇ ਯੂਨੀਵਰਸਿਟੀ ਦਾ ਵਿਦਿਆਰਥੀ ਹੋਣ ਦੇ ਨਾਤੇ ਹਰ ਸਾਲ ਗਰਮੀਆਂ ਦੀਆਂ ਛੁੱਟੀਆਂ ਵਿੱਚ ਕਿਧਰੇ ਨਾ ਕਿਧਰੇ ਪਹਾੜਾਂ ਤੇ ਘੁੰਮਦਾ ਰਹਿੰਦਾ। ਪੰਜਾਬ ਸਰਕਾਰ ਅਤੇ ਯੂਨੀਵਰਸਿਟੀਆਂ ਦੇ ਯੁਵਕ ਵਿਭਾਗ ਤੁਹਾਨੂੰ ਕਿਤੇ ਨਾ ਕਿਤੇ ਗਰਮੀਆਂ ਦੀਆਂ ਛੁੱਟੀਆਂ ਵਿੱਚ ਕੈਂਪਾਂ ਤੇ ਭੇਜਣ ਦੇ ਕਈ ਪ੍ਰੋਗਰਾਮ ਉਲੀਕਦੇ ਸਨ। ਇਹ ਕੈਂਪ ਲੀਡਰਸ਼ਿਪ ਯੁਵਕ ਅਗਵਾਈ ਦੇ ਵੀ ਹੋ ਸਕਦੇ ਸਨ ਤੇ ਜਾਂ ਫਿਰ ਤੁਹਾਨੂੰ ਪਹਾੜ੍ਹੀ ਪੈਂਡਿਆਂ ਦੇ ਪਾਂਧੀ ਬਨਾਉਣ ਲਈ ਘੱਲਦੇ ਸਨ। ਇਨ੍ਹਾਂ ਪ੍ਰੋਗਰਾਮਾਂ ਦੇ ਚੱਲਦੇ ਮੈਂ ਯੁਵਕ ਅਗਵਾਈ ਤੋਂ ਇਲਾਵਾ ਉੱਤਰਾਖੰਡ ਤੋਂ ਲੈ ਕੇ ਹਿਮਾਚਲ ਅਤੇ ਕਸ਼ਮੀਰ ਦੇ ਸਾਰੇ ਮੁੱਖ ਪਹਾੜੀ ਰਸਤੇ ਪੈਦਲ ਤੇ ਗਾਹ ਹੀ ਲਏ ਸਨ, ਨਾਲ ਦੀ ਨਾਲ ਕਾਲਜ ਅਤੇ ਯੂਨੀਵਰਸਿਟੀ ਵੱਲੋਂ ਚੰਗੀ ਅਗਵਾਈ ਕਰਨ ਸਦਕਾ ਕੋਟ ਦੀ ਜੇਬ ਤੇ ਲਾਉਣ ਵਾਲੇ ਬਿੱਲੇ ਵੀ ਇਨਾਮ ਵੱਜੋਂ ਜਿੱਤ ਲਏ ਸਨ।   

ਇਨ੍ਹਾਂ ਪਹਾੜੀ ਰਸਤਿਆਂ ਤੇ ਜਦੋਂ ਅਸੀਂ ਦਸ ਹਜ਼ਾਰ ਫੁੱਟ ਦੀ ਉੱਚਾਈ ਤੋਂ ਉੱਪਰ ਵਾਲੇ ਪਹਾੜਾਂ ਉੱਤੇ ਪਹੁੰਚਦੇ ਸੀ ਤਾਂ ਸਾਨੂੰ ਆਮ ਹੀ ਇੱਕ ਹੋਰ ਤਰ੍ਹਾਂ ਦਾ ਸੱਭਿਆਚਾਰ ਨਜ਼ਰ ਆਉਣ ਲੱਗ ਪੈਂਦਾ ਸੀ। ਅਜਿਹਾ ਹੀ ਇੱਕ ਸੱਭਿਆਚਾਰ ਤਿੱਬਤੀ ਬੁੱਧ ਧਰਮ ਦਾ ਸੀ। ਤਿੱਬਤੀ ਮੰਦਰ ਜਾਂ ਕਿਸੇ ਖੁੱਲੇ ਥਾਂ ਤੇ ਮਮਟੀ-ਨਮਾ ਚਬੂਤਰੇ ਆਮ ਤੌਰ ਤੇ ਨਜ਼ਰ ਆਉਂਦੇ ਸਨ। ਜਦੋਂ ਅਸੀਂ ਇਨ੍ਹਾਂ ਨੂੰ ਦੂਰ ਤੋਂ ਵੇਖਦੇ ਹੁੰਦੇ ਸਾਂ ਤਾਂ ਹਵਾ ਵਿੱਚ ਲਹਿਰਾਉਂਦੀਆਂ ਝੰਡੀਆਂ ਨਜ਼ਰ ਆਉਂਦੀਆਂ ਹੁੰਦੀਆਂ ਸਨ। ਜਿੱਥੇ ਕਿਤੇ ਮੰਦਿਰਾਂ ਦੇ ਅੰਦਰ ਜਾਣ ਦਾ ਮੌਕਾ ਮਿਲਦਾ ਤਾਂ ਉੱਥੇ ਲੱਕੜੀ ਚੱਕਰ ਘੁਮਾਉਣ ਲਈ ਨਜ਼ਰ ਆਉਂਦੇ ਸਨ। ਭਾਵੇਂ ਇਹ ਝੰਡੀਆਂ ਹੋਣ ਤੇ ਭਾਵੇਂ ਇਹ ਲੱਕੜ ਦੇ ਚੱਕਰ, ਇਨ੍ਹਾਂ ਦੇ ਉੱਤੇ ਆਮ ਤੌਰ ਤੇ ਕੁਝ ਮੰਤਰ ਲਿਖੇ ਹੁੰਦੇ ਸਨ। ਬੁੱਧ ਧਰਮ ਦੇ ਵਿੱਚ ਕਿਉਂਕਿ ਰੱਬ ਦੀ ਆਸਥਾ ਬਾਰੇ ਕੁਝ ਨਹੀਂ ਕਿਹਾ ਜਾਂਦਾ ਇਸ ਕਰਕੇ ਇਹ ਮੰਤਰ ਆਮ ਤੌਰ ਤੇ ਚੰਗਿਆਈ ਬਾਰੇ ਹੀ ਸੁਨੇਹਾ ਦਿੰਦੇ ਸਨ।  

Tibetan Prayer Flags

Tony Hodson Photography

ਜਿਸ ਚੀਜ਼ ਨੇ ਮੈਨੂੰ ਜ਼ਿਆਦਾ ਹੈਰਾਨ ਕੀਤਾ ਉਹ ਇਹ ਸੀ ਕਿ ਇਨ੍ਹਾਂ ਝੰਡੀਆਂ ਅਤੇ ਲੱਕੜੀ ਦੇ ਚੱਕਰਾਂ ਬਾਰੇ ਆਮ ਧਾਰਨਾ ਇਹ ਸੀ ਕਿ ਜਿੰਨਾ ਪੜ੍ਹਨ ਨਾਲ ਤੁਹਾਨੂੰ ਚੰਗੀ ਗੱਲ ਫੈਲਾਉਣ ਦਾ ਫਲ ਲੱਗੇਗਾ ਉਸ ਦੇ ਨਾਲੋਂ ਕਿਤੇ ਵੱਧ ਵਗਦੀ ਹੋਈ ਹਵਾ ਇਨ੍ਹਾਂ ਝੰਡੀਆਂ ਦੇ ਸੁਨੇਹਿਆਂ ਨੂੰ ਦੂਰ-ਦੂਰ ਤੱਕ ਫੈਲਾ ਦੇਵੇਗੀ ਜਾਂ ਫਿਰ ਤੁਸੀਂ ਲੱਕੜੀ ਦੇ ਚੱਕਰਾਂ ਨੂੰ ਜਿੰਨਾ ਜ਼ਿਆਦਾ ਘੁਮਾਓਗੇ ਤੁਹਾਨੂੰ ਉਨ੍ਹਾਂ ਸੁਨੇਹਿਆਂ ਦਾ ਓਨਾਂ ਹੀ ਜ਼ਿਆਦਾ ਫਲ ਲੱਗੇਗਾ। ਇਹ ਵੇਖ ਕੇ “ਮਨ ਮਹਿ ਚਿਤਵਉ ਚਿਤਵਨੀ ਉਦਮੁ ਕਰਉ ਉਠਿ ਨੀਤ (519)” ਅਕਸਰ ਹੀ ਇਹ ਤੁਕ ਮੇਰੇ ਮਨ ਅੰਦਰ ਧਿਆਨ ਚਿਤ ਹੋ ਜਾਂਦੀ ਪਰ ਮੈਂ ਇਨ੍ਹਾਂ ਝੰਡੀਆਂ ਦੇ ਲਹਿਰਾਉਣ ਅਤੇ ਲੱਕੜੀ ਦੇ ਚੱਕਰਾਂ ਬਾਰੇ ਕੋਈ ਸੁਆਲ ਨਾ ਪੁੱਛਦਾ ਕਿ ਚਲੋ – ਲੋਕਾਂ ਦੀ ਜੋ ਵੀ ਸ਼ਰਧਾ!

Photo credit: David Min

ਅੱਜ-ਕੱਲ੍ਹ ਅਜਿਹੀ ਸ਼ਰਧਾ ਵੇਖਣ ਲਈ ਤੁਹਾਨੂੰ ਕਿਤੇ ਦੂਰ ਪਹਾੜਾਂ ਦੇ ਉੱਪਰ ਨਹੀਂ ਚੜ੍ਹਨਾ ਪੈਂਦਾ। ਤੁਸੀਂ ਆਪਣੇ ਆਲੇ-ਦੁਆਲੇ ਹੀ ਝਾਤ ਮਾਰ ਕੇ ਵੇਖ ਲਵੋ, ਨੋਟਾਂ ਦੇ ਸਿਰ ਉੱਤੇ ਹਰ ਤਰ੍ਹਾਂ ਦੀ ਧਾਰਮਿਕ ਰਸਮ ਖਰੀਦੀ ਜਾ ਸਕਦੀ ਹੈ। ਜਿਹੜਾ ਪਿਉ-ਦਾਦੇ ਦਾ ਖ਼ਜ਼ਾਨਾ ਅਸੀਂ ਆਪ ਜ਼ਿੰਮੇਵਾਰ ਹੋ ਕੇ ਖੋਲ੍ਹਣਾ ਹੈ ਉਹ ਵੀ ਅਸੀਂ ਇਸ ਗੱਲ ਤੇ ਹੀ ਖੀਵੇ ਹੋਏ ਫਿਰਦੇ ਹਾਂ ਕਿ ਅਸੀਂ ਨੋਟਾਂ ਦੇ ਜ਼ੋਰ ਨਾਲ ਇਹ ਕੰਮ ਵੀ ਕਿਸੇ ਹੋਰ ਤੋਂ ਕਰਵਾ ਕੇ ਬੁੱਤਾ ਸਾਰ ਲਿਆ।   

Posted in ਯਾਦਾਂ, ਖ਼ਬਰਾਂ, NZ News

ਹਰਭਜਨ ਮਾਨ ਦਾ ਅਖਾੜਾ

ਬੀਤੀ 26 ਜੁਲਾਈ 2019 ਦੀ ਰਾਤ ਨੂੰ ਸ਼ਹਿਰ ਵੈਲਿੰਗਟਨ, ਨਿਊਜ਼ੀਲੈਂਡ ਦੇ ਸੈਕਰਡ ਹਾਰਟ ਕਾਲਜ ਲੋਅਰ ਹੱਟ ਵਿੱਚ ਹਰਭਜਨ ਮਾਨ ਦਾ ਅਖਾੜਾ ਲੱਗਿਆ। ਅਖਾੜਾ ਹਰਭਜਨ ਮਾਨ ਦਾ ਹੋਵੇ ਅਤੇ ਕਾਮਯਾਬੀ ਦਾ ਸਿਹਰਾ ਨਾ ਬੱਝੇ, ਇਹ ਕਿਵੇਂ ਹੋ ਸਕਦਾ ਹੈ? ਬਹੁਤ ਮਿਹਨਤ ਕੀਤੀ ਹੈ ਵੈਲਿੰਗਟਨ ਪੰਜਾਬੀ ਸਪੋਰਟਜ਼ ਐਂਡ ਕਲਚਲਰ ਕਲੱਬ ਵੱਲੋਂ ਬਲਵਿੰਦਰ, ਗੁਰਪ੍ਰੀਤ, ਦਲੇਰ ਅਤੇ ਹਰਜੀਤ ਨੇ ਅਤੇ ਇਨ੍ਹਾਂ ਸਾਰਿਆਂ ਨੂੰ ਵਧਾਈ ਦੇਣੀ ਬਣਦੀ ਹੈ – ਖਾਸ ਤੌਰ ਤੇ ਚੰਗੇ ਪ੍ਰਬੰਧ ਅਤੇ ਚੰਗੀ ਪੇਸ਼ਕਾਰੀ ਦੇ ਲਈ। ਗੱਲ ਇਕੱਲੀ ਅਖਾੜੇ ਤੇ ਹੀ ਨਹੀਂ ਮੁੱਕਦੀ, ਸਗੋਂ ਬੀਤੇ ਦੋ ਦਿਨਾਂ ਦੇ ਦੌਰਾਨ ਹਰਭਜਨ ਮਾਨ ਦੇ ਨਾਲ ਲੌਢੇ ਵੇਲੇ ਦਾ ਖਾਣਾ ਖਾਣ, ਨਿਊਜ਼ੀਲੈਂਡ ਪਾਰਲੀਮੈਂਟ ਵਿੱਚ ਸਨਮਾਨ ਅਤੇ ਹੋਰ ਮੁਲਾਕਾਤਾਂ ਦੌਰਾਨ ਜੋ ਵੀ ਗੱਲਬਾਤ ਕਰਨ ਦਾ ਮੌਕਾ ਲੱਗਾ ਉਸ ਨਾਲ ਬੀਤੇ ਦੋ ਦਹਾਕਿਆਂ ਦੀਆਂ ਯਾਦਾਂ ਅਤੇ ਗੱਲਾਂ ਜੁੜੀਆਂ ਹੋਈਆਂ ਸਨ।

ਬੀਤੀ ਰਾਤ ਅਖਾੜੇ ਦੌਰਾਨ, ਹਰਭਜਨ ਮਾਨ ਨੇ ਜਦ ਆਪਣੇ ਫ਼ਿਲਮੀ ਸਫ਼ਰ ਦੀ ਗੱਲ ਕੀਤੀ ਤਾਂ ਇਸ ਨੂੰ ਰੇਤ ਵਿੱਚ ਲਕੀਰ ਵਾਹੁਣ ਵਾਲਾ ਕਦਮ ਦੱਸਿਆ। ਇਹ ਗੱਲ ਸੌ ਫ਼ੀਸਦੀ ਠੀਕ ਵੀ ਹੈ। ਮੈਂ ਇੰਨਾ ਹੀ ਦੋ ਦਹਾਕਿਆਂ ਬਾਰੇ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਇਹ ਗੱਲ ਉਨ੍ਹਾਂ ਦਿਨਾਂ ਦੀ ਹੈ ਜਦ ਸੰਨ 2001 ਵਿੱਚ ਮੈਂ ਪ੍ਰਵਾਸ ਕਰਕੇ ਇੱਥੇ ਵੈਲਿੰਗਟਨ ਪਹੁੰਚਿਆ ਸੀ। ਸਭਿਆਚਾਰ ਦੇ ਨਾਂ ਉੱਤੇ ਬਹੁਤ ਘੱਟ ਹੀ ਵੇਖਣ ਨੂੰ ਮਿਲਦਾ ਸੀ। ਮਨੋਰੰਜਨ ਦਾ ਸਮਾਨ ਲੈਣ ਲਈ ਦੁਕਾਨਾਂ ਤੇ ਜਾਣਾ ਪੈਂਦਾ ਸੀ। ਇੰਟਰਨੈਟ ਉਨ੍ਹਾਂ ਦਿਨਾਂ ਵਿੱਚ ਜੂੰ ਦੀ ਚਾਲ ਚਲਦਾ ਸੀ। ਜਿਹੜੀਆਂ ਦੁਕਾਨਾਂ ਇਥੇ ਡੀਵੀਡੀ ਅਤੇ ਸੀਡੀ ਰੱਖਦੀਆਂ ਹੁੰਦੀਆਂ ਸਨ, ਡੀਵੀਡੀ ਜ਼ਿਆਦਾ ਬਾਲੀਵੁੱਡ ਦੀਆਂ ਹੁੰਦੀਆਂ ਸਨ ਅਤੇ ਪੰਜਾਬੀ ਦੀਆਂ ਸਿਰਫ ਸੀਡੀ ਜਾਂ ਵੱਧ ਤੋਂ ਵੱਧ ਕੋਈ ਵੀਸੀਡੀ ਹੀ ਹੁੰਦੀਆਂ ਸਨ। ਉਨ੍ਹਾਂ ਦਿਨਾਂ ਵਿੱਚ ਪੰਜਾਬੀ ਫ਼ਿਲਮ “ਜੀ ਆਇਆਂ ਨੂੰ” ਆਈ ਤੇ ਲੱਗਾ ਜਿਵੇਂ ਕੋਈ ਠੰਢੀ ਹਵਾ ਦਾ ਬੁੱਲਾ ਆਇਆ ਹੋਵੇ। ਵੇਖਣ ਨੂੰ ਇਹ ਫ਼ਿਲਮ ਬਹੁਤ ਵਧੀਆ ਲੱਗੀ ਅਤੇ ਉਸ ਤੋਂ ਬਾਅਦ ਦੇ ਚਾਰ-ਪੰਜ ਸਾਲਾਂ ਦੇ ਵਿੱਚ ਹਰਭਜਨ ਮਾਨ ਵੱਲੋਂ ਜੋ ਹੋਰ ਫ਼ਿਲਮਾਂ ਪੇਸ਼ ਕੀਤੀਆਂ ਗਈਆਂ, ਉਨ੍ਹਾਂ ਨੇ ਪੰਜਾਬੀ ਫ਼ਿਲਮਾਂ ਲਈ ਇੱਕ ਚੰਗੇ ਮਿਆਰ ਦਾ ਮੁੱਢ ਬੰਨ੍ਹ ਦਿੱਤਾ। ਜਿਵੇਂ ਕਿ ਸਥਾਨਕ ਰਵਾਇਤ ਹੈ, ਜਦੋਂ ਵੀ ਤੁਹਾਨੂੰ ਕੋਈ ਰਾਤ ਦੇ ਖਾਣੇ ਦੀ ਦਾਅਵਤ ਦਿੰਦਾ ਹੈ ਤਾਂ ਆਮ ਤੌਰ ਤੇ ਅੰਗੂਰੀ ਤੇ ਚਾਕਲੇਟ ਲੈ ਕੇ ਪਹੁੰਚੀਦਾ ਹੈ। ਮੈਨੂੰ ਯਾਦ ਹੈ ਉਨ੍ਹਾਂ ਦਿਨਾਂ ਦੇ ਵਿੱਚ ਮੈਂ ਉਚੇਚੇ ਤੌਰ ਤੇ ਹਰਭਜਨ ਮਾਨ ਦੀਆਂ ਫ਼ਿਲਮਾਂ ਦੀਆਂ ਵੀਸੀਡੀਜ਼ ਪੰਜਾਬ ਤੋਂ ਮੰਗਵਾ ਕੇ ਰੱਖਦਾ ਹੁੰਦਾ ਸੀ ਤਾਂ ਕਿ ਜਦੋਂ ਵੀ ਕੋਈ ਖਾਣੇ ਦੀ ਦਾਅਵਤ ਆਵੇ ਤਾਂ ਹੋਰ ਸਮਾਨ ਦੇ ਨਾਲ ਹਰਭਜਨ ਮਾਨ ਦੀਆਂ ਫ਼ਿਲਮਾਂ ਵੀ ਸੌਗ਼ਾਤ ਵੱਜੋਂ ਦਿੱਤੀਆਂ ਜਾਣ।

ਇੱਕ ਹੋਰ ਗੱਲ ਇਹ ਵੀ ਕਿ ਮੇਰੇ ਪੰਜਾਬੀ ਯੂਨੀਵਰਸਿਟੀ (1987-89) ਪਟਿਆਲਾ ਦੇ ਦਿਨਾਂ ਦੇ ਬਹੁਤ ਸਾਰੇ ਮਿੱਤਰ ਟੋਰਾਂਟੋ ਅਤੇ ਵੈਨਕੂਵਰ ਜਾ ਵੱਸੇ ਹੋਏ ਸਨ ਅਤੇ ਉਨ੍ਹਾਂ ਨਾਲ ਫੋਨ ਦੇ ਉੱਤੇ ਆਮ ਰਾਬਤਾ ਰਹਿੰਦਾ ਸੀ। ਸਾਹਿਤ ਪੜ੍ਹਦਿਆਂ ਸਬੱਬੀ ਟੋਰਾਂਟੋ ਵਾਲੇ ਇਕਬਾਲ ਰਾਮੂਵਾਲੀਆ ਹੋਣਾਂ ਨਾਲ ਵੀ ਫੋਨ ਦੇ ਉੱਤੇ ਮਿਲਾਪ ਹੋ ਗਿਆ। ਗੱਲੀਬਾਤੀਂ ਇਹ ਵੀ ਪਤਾ ਲੱਗਾ ਕਿ ਉਨ੍ਹਾਂ ਦੀ ਹਰਭਜਨ ਮਾਨ ਦੇ ਨਾਲ ਰਿਸ਼ਤੇਦਾਰੀ ਸੀ। ਪੰਜਾਬੀ ਸਿਨਮੇ ਬਾਰੇ ਗੱਲਬਾਤ ਕਰਦਿਆਂ ਇਕਬਾਲ ਹੋਣਾਂ ਕਿਹਾ ਕਿ ਇਹ ਹਰਭਜਨ ਮਾਨ ਦਾ ਮੋਬਾਈਲ ਨੰਬਰ ਤੇ ਉਸ ਨਾਲ ਸਿੱਧੀ ਗੱਲ ਕਰੋ। ਮੈਂ ਸੋਚਿਆ ਕਿ ਸਿੱਧੀ ਗੱਲਬਾਤ ਕਰਨ ਨਾਲੋਂ ਚੰਗਾ ਹੈ ਕਿ ਕੋਈ ਚੀਜ਼ ਚਰਚਾ ਦਾ ਵਿਸ਼ਾ ਬਣ ਕੇ ਹੀ ਨੇਪਰੇ ਚੜ੍ਹੇ ਇਸ ਕਰਕੇ ਹਰਭਜਨ ਮਾਨ ਨਾਲ ਕਦੀ ਸਿੱਧੀ ਗੱਲ ਦਾ ਸਬੱਬ ਨਾ ਬਣਿਆ। ਬੀਤੇ ਦੋ ਦਿਨਾਂ ਦੌਰਾਨ ਜਦ ਹਰਭਜਨ ਨਾਲ ਇਸ ਤਰ੍ਹਾਂ ਪਹਿਲੀ ਵਾਰ ਮੇਲ ਹੋਇਆ ਤਾਂ ਵਾਕਿਆ ਹੀ ਬੀਤੇ ਦੋ ਦਹਾਕਿਆਂ ਦੇ ਚੱਲ ਰਹੇ ਖ਼ਿਆਲ ਇੱਕ ਵਾਰ ਬਹੁਤ ਖੁਸ਼ਨੁਮਾ ਤੌਰ ਦੇ ਉੱਤੇ ਥੰਮ ਗਏ।

ਬੀਤੀ ਰਾਤ ਚਲਦੇ ਅਖਾੜੇ ਦੇ ਵਿੱਚ ਜਦੋਂ ਵਕ਼ਫ਼ਾ ਪਾਉਣ ਦਾ ਮੌਕਾ ਆਇਆ ਤਾਂ ਹਰਭਜਨ ਮਾਨ ਨੇ ਛੋਟੇ ਵੀਰ ਗੁਰਪ੍ਰੀਤ ਨੂੰ ਇਹ ਜ਼ਰੂਰੀ ਬੇਨਤੀ ਕੀਤੀ ਕਿ ਵਕ਼ਤ ਦੀ ਪਾਬੰਦੀ ਰੱਖਿਓ। ਪਰ ਜਿਵੇਂ ਕਿ ਆਮ ਹੁੰਦਾ ਹੀ ਹੈ, ਇਸ਼ਤਿਹਾਰ ਦੇਣ ਵਾਲੇ ਸਰਪ੍ਰਸਤਾਂ ਨੂੰ ਸਨਮਾਨ ਦਿੰਦੇ ਹੋਇਆਂ ਘੜ੍ਹੀ ਨੇ ਜ਼ਿਆਦਾ ਵਕ਼ਤ ਲੈ ਹੀ ਲਿਆ। ਅਖਾੜਾ ਮੁੜ ਸ਼ੁਰੂ ਕਰਦਿਆਂ ਹਰਭਜਨ ਮਾਨ ਨੇ ਕਿਹਾ ਕਿ ਉਹੀ ਗੱਲ ਹੋ ਜਾਂਦੀ ਹੈ ਕਿ ਗੱਡੀ ਪਹਿਲੇ ਗੇੜ ਚ ਫਿਰ ਪਾਉਣੀ ਪੈਂਦੀ ਹੈ। ਭਾਵੇਂ ਕਿ ਇਸ਼ਤਿਹਾਰ ਦੇਣ ਵਾਲੇ ਸਰਪ੍ਰਸਤਾਂ ਨੂੰ ਸਨਮਾਨ ਦੇਣਾ ਬਹੁਤ ਜ਼ਰੂਰੀ ਹੈ ਪਰ ਮੇਰੀ ਜਾਚੇ ਕਿਸੇ ਵੀ ਅਖਾੜੇ ਦੇ ਸ਼ੁਰੂ ਹੋਣ ਤੋਂ ਠੀਕ ਪੰਦਰਾਂ ਮਿੰਟ ਪਹਿਲਾਂ ਹੀ ਇਹ ਦੇ ਦੇਣਾ ਚਾਹੀਦਾ ਹੈ ਅਤੇ ਜਦੋਂ ਵਕ਼ਫ਼ਾ ਲੈਣ ਦਾ ਵਕਤ ਆਵੇ ਉਦੋਂ ਬਿਲਕੁਲ ਥੋੜ੍ਹੇ ਜਿਹੇ ਵਕ਼ਤ ਵਿੱਚ ਹੀ ਇਨ੍ਹਾਂ ਸਾਰਿਆਂ ਸਰਪ੍ਰਸਤਾਂ ਨੂੰ ਫਟਾ-ਫੱਟ ਇਕੱਠਿਆਂ ਮੰਚ ਦੇ ਉੱਤੇ ਬੁਲਾ ਕੇ ਤਸਵੀਰ ਅੰਦਾਜ਼ੀ ਕਰ ਲੈਣੀ ਚਾਹੀਦੀ ਹੈ।

ਅੱਜ ਜਦ ਮੈਂ ਇਹ ਸਤਰਾਂ ਲਿਖ ਰਿਹਾ ਹਾਂ ਤਾਂ ਹਰਭਜਨ ਮਾਨ ਹੋਰਾਂ ਦੀ ਵੈਲਿੰਗਟਨ ਤੋਂ ਆਕਲੈਂਡ ਦੇ ਲਈ ਰੁਖ਼ਸਤੀ ਹੈ ਤੇ ਪ੍ਰਬੰਧਕ ਖੁਸ਼ਨੁਮਾ ਯਾਦਾਂ ਨਾਲ ਲਬਰੇਜ਼ ਉਨ੍ਹਾਂ ਨੂੰ ਚਾਈਂ-ਚਾਈਂ ਹਵਾਈ ਅੱਡੇ ਛੱਡਣ ਜਾਣਗੇ। ਪ੍ਰਬੰਧਕ ਹਰਭਜਨ ਮਾਨ ਹੋਰਾਂ ਦੀ ਵੈਲਿੰਗਟਨ ਆਮਦ ਵੇਲੇ ਉਨ੍ਹਾਂ ਨੂੰ ਸਿੱਧਾ ਮਾਉਂਟ ਵਿਕਟੋਰੀਆ ਲੈ ਗਏ ਜਿੱਥੇ ਸਾਰੇ ਵੈਲਿੰਗਟਨ ਸ਼ਹਿਰ ਦੇ ਤਿੰਨ ਸੌ ਸੱਠ ਡਿਗਰੀ ਨਜ਼ਾਰੇ ਆਉਂਦੇ ਹਨ। ਵੈਲਿੰਗਟਨ ਨਾ ਸਿਰਫ ਨਿਊਜ਼ੀਲੈਂਡ ਦੀ ਰਾਜਧਾਨੀ ਹੈ ਸਗੋਂ ਇਹ ਨਿਊਜ਼ੀਲੈਂਡ ਦੀ ਸਭਿਆਚਾਰਕ ਰਾਜਧਾਨੀ ਵੀ ਹੈ। ਵੈਲਿੰਗਟਨ ਦਾ ਕੈਫ਼ੈ ਕਲਚਰ ਵੀ ਬਹੁਤ ਮਸ਼ਹੂਰ ਹੈ। ਅਮੂਮਨ ਅਸੀਂ ਜਦ ਆਪਣੇ ਪ੍ਰਾਹੁਣਿਆਂ ਨੂੰ ਵੈਲਿੰਗਟਨ ਹਵਾਈ ਅੱਡੇ ਜਹਾਜ਼ ਚੜ੍ਹਾਉਣ ਜਾਂਦੇ ਹਾਂ ਤਾਂ ਉਨ੍ਹਾਂ ਨੂੰ ਰਸਤੇ ਦੇ ਵਿੱਚ ਟੋਰੀ ਸਟ੍ਰੀਟ ਦੇ ਉੱਤੇ ਹਵਾਨਾ ਕੌਫ਼ੀ ਜ਼ਰੂਰ ਪਿਆ ਕਿ ਲਿਜਾਈ ਦਾ ਹੈ। ਵੇਖੋ ਹਰਭਜਨ ਮਾਨ ਨੂੰ ਇਹ ਕੌਫ਼ੀ ਨਸੀਬ ਹੁੰਦੀ ਹੈ ਕਿ ਨਹੀਂ!!

ਪਿਛਲਿਖਤ:
ਹਰਭਜਨ ਮਾਨ ਦੀ ਵੈਲਿੰਗਟਨ ਫੇਰੀ ਬਾਰੇ ਤਸਵੀਰਾਂ ਇਥੇ, ਇਥੇ ਅਤੇ ਇਥੇ ਵੇਖੀਆਂ ਜਾ ਸਕਦੀਆਂ ਹਨ।