ਬੀਤੇ ਹਫ਼ਤੇ ਡਾ ਬਲਵਿੰਦਰ ਸਿੰਘ ਹੋਰਾਂ ਦੀ ਫੇਸਬੁੱਕ ਪੋਸਟ ਪੜ੍ਹ ਕੇ ਪਤਾ ਲੱਗਾ ਕਿ ਡਾ ਸ. ਸ. ਦੋਸਾਂਝ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ।
ਖ਼ਬਰ ਪੜ੍ਹ ਕੇ ਮੈਨੂੰ ਬਹੁਤ ਅਫ਼ਸੋਸ ਹੋਇਆ। ਮੈਂ ਸੰਨ 1987-89 ਦੌਰਾਨ ਪੰਜਾਬੀ ਯੂਨੀਵਰਸਿਟੀ ਦੇ ਪੱਤਰਕਾਰੀ ਅਤੇ ਜਨ-ਸੰਚਾਰ ਵਿਭਾਗ ਵਿੱਚ ਪੜ੍ਹਾਈ ਕੀਤੀ ਸੀ। ਪੜ੍ਹਾਈ ਕਰਦੇ ਦੌਰਾਨ ਮੈਨੂੰ ਡਾ ਸ. ਸ. ਦੋਸਾਂਝ ਨਾਲ ਮਿਲਣ ਦਾ ਕਈ ਵਾਰ ਮੌਕਾ ਲੱਗਾ। ਡਾ ਦੋਸਾਂਝ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪੱਤਰਕਾਰੀ ਵਿਭਾਗ ਦੇ ਮੁਖੀ ਸਨ ਤੇ ਉਨ੍ਹਾਂ ਨਾਲ ਅਕਸਰ ਕਿਸੇ ਨਾ ਕਿਸੇ ਸਮਾਗਮ ਜਾਂ ਸੈਮੀਨਾਰ ਦੇ ਵਿਚ ਮੁਲਾਕਾਤ ਹੋ ਜਾਂਦੀ ਸੀ। ਉਹ ਬਹੁਤ ਹੀ ਪ੍ਰਭਾਵੀ ਸ਼ਖ਼ਸੀਅਤ ਦੇ ਮਾਲਕ ਸਨ।
ਸੰਨ 1990 ਦੇ ਅਖੀਰ ਵਿਚ ਉਨ੍ਹਾਂ ਨਾਲ ਹੋਈ ਇੱਕ ਮੁਲਾਕਾਤ ਮੇਰੇ ਦਿਲ ਵਿੱਚ ਖ਼ਾਸ ਤੌਰ ਤੇ ਘਰ ਕਰ ਗਈ ਸੀ। ਇਹ ਮੁਲਾਕਾਤ ਉਸ ਵੇਲੇ ਹੋਈ ਜਦ ਪੰਜਾਬੀ ਯੂਨੀਵਰਸਿਟੀ ਦੇ ਪੱਤਰ ਵਿਹਾਰ ਵਿਭਾਗ ਦੀ ਪੱਤਰਕਾਰੀ ਪੜਾਉਣ ਦੀ ਅਸਾਮੀ ਦੇ ਉਮੀਦਵਾਰ ਦੀ ਇੰਟਰਵਿਊ ਵਜੋਂ ਮੈਂ ਉਨ੍ਹਾਂ ਦੇ ਸਾਹਮਣੇ ਅਤੇ ਬਾਕੀ ਦੇ ਪੈਨਲ ਸਾਹਮਣੇ ਬੈਠਾ ਹੋਇਆ ਸੀ।
ਉਨ੍ਹਾਂ ਦਿਨਾਂ ਵਿੱਚ ਭਾਰਤ ਦੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਨੇ ਨੈੱਟ ਇਮਤਿਹਾਨ ਸ਼ੁਰੂ ਕੀਤੇ ਸਨ ਜਿਹੜਾ ਕਿ ਯੂਨੀਵਰਸਿਟੀਆਂ ਵਿੱਚ ਪੜ੍ਹਾਉਣ ਦੀ ਯੋਗਤਾ ਦੀ ਪ੍ਰੀਖਿਆ ਲੈਂਦੇ ਸਨ। ਉਸ ਸਾਲ ਇਹ ਇਮਤਿਹਾਨ ਪਹਿਲੀ ਵਾਰੀ ਹੋਏ ਸਨ ਅਤੇ ਮੈਂ ਪਹਿਲੀ ਵਾਰੀ ਹੀ ਇਹ ਇਮਤਿਹਾਨ ਪਾਸ ਕਰ ਲਿਆ ਸੀ।
ਸਬੱਬ ਨਾਲ ਮੇਰੀ ਇੰਟਰਵਿਊ ਬਹੁਤ ਵਧੀਆ ਰਹੀ ਅਤੇ ਅਸੀਂ ਪੱਤਰਕਾਰਤਾ ਬਾਰੇ ਕਈ ਵਿਚਾਰ ਚਰਚੇ ਕੀਤੇ। ਇਸ ਇੰਟਰਵਿਊ ਪੈਨਲ ਵਿੱਚ ਉਸ ਵੇਲ਼ੇ ਦੇ ਪੰਜਾਬੀ ਯੂਨੀਵਰਸਿਟੀ ਉਪ ਕੁਲਪਤੀ ਹ.ਕ. ਮਨਮੋਹਨ ਸਿੰਘ ਵੀ ਬੈਠੇ ਹੋਏ ਸਨ। ਉਨ੍ਹਾਂ ਨੂੰ ਜਦ ਇਸ ਗੱਲ ਦਾ ਅਹਿਸਾਸ ਹੋ ਗਿਆ ਕਿ ਇਹ ਇੰਟਰਵਿਊ ਬਹੁਤ ਵਧੀਆ ਹੋਈ ਹੈ ਅਤੇ ਡਾ ਦੋਸਾਂਝ ਪੈਨਲ ਦੇ ਚੇਅਰਮੈਨ ਹੋਣ ਦੇ ਨਾਤੇ ਮੇਰੇ ਨਾਂ ਦੀ ਸਿਫ਼ਾਰਸ਼ ਕਰਨਗੇ ਤਾਂ ਉਨ੍ਹਾਂ ਨੇ ਮੈਨੂੰ ਇੱਕ ਬੜਾ ਅਜੀਬ ਸਵਾਲ ਕੀਤਾ।

ਹ.ਕ. ਮਨਮੋਹਨ ਸਿੰਘ ਨੇ ਮੈਨੂੰ ਪੁੱਛਿਆ ਕਿ ਕਾਕਾ ਤੂੰ ਸ਼੍ਰੀਵਾਸਤਵ ਦਾ ਵਿਦਿਆਰਥੀ ਹੈਂ? ਮੈਨੂੰ ਪਤਾ ਤਾਂ ਸੀ ਕਿ ਉਹ ਇਹ ਸਵਾਲ ਕਿਉਂ ਪੁੱਛ ਰਿਹਾ ਹੈ ਪਰ ਬੜੇ ਖ਼ੁਸ਼ ਮਿਜ਼ਾਜ ਹੋ ਕੇ ਮੈਂ ਇਸ ਦਾ ਜਵਾਬ ‘ਹਾਂ ਜੀ’ ਕਹਿ ਕੇ ਦਿੱਤਾ। ਇਹ ਸੁਣਦੇ ਸਾਰ ਹੀ ਹ.ਕ. ਮਨਮੋਹਨ ਸਿੰਘ ਦਾ ਮੱਥਾ ਤਣ ਗਿਆ ਤੇ ਉਸ ਨੇ ਬੜੇ ਹੀ ਢੀਠ ਜਿਹੇ ਅੰਦਾਜ਼ ਨਾਲ ਕਿਹਾ ਕਿ ਕਾਕਾ ਫੇਰ ਤਾਂ ਅਸੀਂ ਤੈਨੂੰ ਇਸ ਨੌਕਰੀ ਤੇ ਨਹੀਂ ਰੱਖਾਂਗੇ।
ਇਹ ਸੁਣਦਿਆਂ ਸਾਰੀ ਡਾ ਦੋਸਾਂਝ ਵੀ ਥੋੜ੍ਹੇ ਤੈਸ਼ ਵਿੱਚ ਆ ਗਏ ਉਨ੍ਹਾਂ ਨੇ ਕਿਹਾ ਕਿ ਡਾਕਟਰ ਸਾਹਿਬ ਆਹ ਕੀ ਕਹਿ ਰਹੇ ਹੋ? ਹ.ਕ. ਮਨਮੋਹਨ ਸਿੰਘ ਨੇ ਕਿਹਾ ਕਿ ਬਸ ਆਹੀ ਗੱਲ ਕਹਿਣੀ ਹੈ।
ਡਾ ਦੋਸਾਂਝ ਨੂੰ ਵੀ ਪੰਜਾਬੀ ਯੂਨੀਵਰਸਿਟੀ ਦੀ ਸਿਆਸਤ ਦਾ ਪੂਰਾ ਗਿਆਨ ਸੀ ਅਤੇ ਉਨ੍ਹਾਂ ਨੇ ਸਪਸ਼ਟ ਤੌਰ ਤੇ ਕਹਿ ਦਿੱਤਾ ਕਿ ਇਸ ਸਮੇਂ ਇਹ ਉਮੀਦਵਾਰ ਸਭ ਤੋਂ ਵੱਧ ਯੋਗ ਹੈ ਅਤੇ ਇਸ ਨੇ ਯੂਜੀਸੀ ਦਾ ਇਮਤਿਹਾਨ ਵੀ ਪਾਸ ਕੀਤਾ ਹੋਇਆ ਹੈ ਇਸ ਕਰਕੇ ਅਸੀਂ ਇਸੇ ਦੇ ਨਾਂ ਦੀ ਹੀ ਸਿਫ਼ਾਰਸ਼ ਕਰਾਂਗੇ। ਡਾ ਦੋਸਾਂਝ ਨੂੰ ਹ.ਕ. ਮਨਮੋਹਨ ਸਿੰਘ ਤੇ ਸ਼੍ਰੀਵਾਸਤਵ ਦੀ ਸਾਰੀ ਕਹਾਣੀ ਦਾ ਪਿਛੋਕੜ ਪਤਾ ਸੀ ਇਸ ਕਰਕੇ ਉਨ੍ਹਾਂ ਨੇ ਬੜੇ ਸਪੱਸ਼ਟ ਤਰੀਕੇ ਨਾਲ ਕਿਹਾ ਕਿ ਜੇਕਰ ਇਸ ਯੋਗ ਉਮੀਦਵਾਰ ਨੂੰ ਇਸ ਅਸਾਮੀ ਲਈ ਨਹੀਂ ਰੱਖਿਆ ਜਾਂਦਾ ਤਾਂ ਉਹ ਉੱਚ ਸਿੱਖਿਆ ਅਧਿਕਾਰੀਆਂ ਤੱਕ ਸ਼ਿਕਾਇਤ ਕਰਨ ਜਾਣਗੇ।
ਇਹ ਸੁਣ ਕੇ ਹ.ਕ. ਮਨਮੋਹਨ ਸਿੰਘ ਛਿੱਥਾ ਜਿਹਾ ਹੋ ਕੇ ਬਹਿ ਗਿਆ। ਜ਼ਾਹਿਰ ਹੈ, ਇਸ ਇੰਟਰਵਿਊ ਤੋਂ ਹਫ਼ਤੇ ਦੇ ਅੰਦਰ ਹੀ ਮੈਨੂੰ ਪੱਤਰ ਵਿਹਾਰ ਵਿਭਾਗ ਵਿੱਚ ਪੱਤਰਕਾਰੀ ਪੜ੍ਹਾਉਣ ਦਾ ਨਿਯੁਕਤੀ ਪੱਤਰ ਮਿਲ ਗਿਆ।
ਹ.ਕ. ਮਨਮੋਹਨ ਸਿੰਘ ਦੀ ਸ਼੍ਰੀਵਾਸਤਵ ਨਾਲ ਕਿਸ ਗੱਲ ਦੀ ਰੜਕ ਸੀ ਇਸਦੇ ਬਾਰੇ ਇੱਕ ਦਿਨ ਜ਼ਰੂਰ ਲਿਖਾਂਗਾ। ਇਹ ਵੀ ਇੱਕ ਲੰਮੀ ਕਹਾਣੀ ਹੈ ਜਿਸ ਦੇ ਵਿੱਚ ਹ.ਕ. ਮਨਮੋਹਨ ਸਿੰਘ ਦੇ ਪਿਆਦੇ ਨਰਿੰਦਰ ਸਿੰਘ ਕਪੂਰ ਦਾ ਵੀ ਜ਼ਿਕਰ ਹੋਏਗਾ।
ਡਾ ਸ. ਸ. ਦੋਸਾਂਝ ਨੂੰ ਮੇਰਾ ਸਿਜਦਾ।
ਉੱਪਰ ਜਿਹੜੇ ਡਾ ਬਲਵਿੰਦਰ ਸਿੰਘ ਹੋਰਾਂ ਦਾ ਮੈਂ ਜ਼ਿਕਰ ਕੀਤਾ ਹੈ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਪੱਤਰਕਾਰੀ ਪੜ੍ਹਾਉਂਦੇ ਰਹੇ ਸਨ ਅਤੇ ਬਾਅਦ ਵਿਚ ਕੈਨੇਡਾ ਚਲੇ ਗਏ ਜਿੱਥੇ ਉਹ ਅੱਜ ਕੱਲ੍ਹ ਰੇਡੀਓ ਸਰਗਮ ਚਲਾਉਂਦੇ ਹਨ।