Posted in ਚਰਚਾ, ਮਿਆਰ

ਕਬੱਡੀ ਦਾ ਮਾਇਆ ਜਾਲ

ਹਾਲ ਵਿੱਚ ਹੀ ੨੦੧੮ ਰਾਸ਼ਟਰਮੰਡਲ ਖੇਡਾਂ ਖਤਮ ਹੋਈਆਂ ਹਨ। ਪੰਜਾਬ ਤਗ਼ਮਿਆਂ ਦੀ ਸੂਚੀ ਵਿੱਚ ਬਹੁਤ ਹੇਠਾਂ ਹੈ। ਜਦਕਿ ਗੁਆਂਢੀ ਰਾਜ ਹਰਿਆਣਾ ਪਹਿਲੇ ਨੰਬਰ ਤੇ ਹੈ। ਕਾਸ਼ ਕਿਤੇ ਪੰਜਾਬ ਦੇ ਲੋਕ ਨਕਲੀ-ਨਸ਼ੇੜੀ-ਕਬੂਤਰਬਾਜ਼ ਕਬੱਡੀ ਦੇ ਮਾਇਆ ਜਾਲ ਵਿੱਚੋਂ ਨਿਕਲ ਕੇ ਅਸਲੀ ਖੇਡਾਂ ਵਿੱਚ ਮੁਕਾਬਲੇ ਲਈ ਉਤਰਨ। ਨਿਊਜ਼ੀਲੈਂਡ ਵਿੱਚ ਕਈ ਲੋਕ ਗਲਤਫ਼ਹਿਮੀ ਵਿੱਚ ਕਬੱਡੀ ਦੀ ਵਡਿਆਈ ਕਰਦਿਆਂ ਇਸ ਨੂੰ ਬਿਨਾਂ ਗੇਂਦ ਦੀ ਰਗਬੀ ਕਹਿੰਦੇ ਹਨ। ਇਹ ਸਰਾਸਰ ਗਲਤ ਹੈ। ਜੇਕਰ ਰਗਬੀ ਦੇ ਮੁਕਾਬਲੇ ਵਿੱਚ ਕਬੱਡੀ ਰੱਖਣੀ ਹੋਵੇ ਤਾਂ ਕਬੱਡੀ ਛੁਹਣ ਛਪਾਈ ਤੋਂ ਵੱਧ ਕੁਝ ਵੀ ਨਹੀਂ ਹੈ। ਬਸ ਇਸ ਛੁਹਣ ਛਪਾਈ ਵਿੱਚ ਜਿਹੜਾ ਤੁਹਾਨੂੰ ਛੂਹ ਲੈਂਦਾ ਹੈ ਉਸ ਨੂੰ ਲਕੀਰ ਪਾਰ ਨਹੀਂ ਜਾਣ ਦੇਣਾ। ਜਿਹੜੀ ਮਾੜੀ-ਮੋਟੀ ਸਾਹ ਦੀ ਕਲਾ ਇਸ ਖੇਡ ਵਿੱਚ ਸੀ ਉਹ ਵੀ ਮੈਨੂੰ ਕਿਸੇ ਦੱਸਿਆ ਕਿ ਖਤਮ ਕਰ ਦਿੱਤੀ ਗਈ ਹੈ।

ਮੈਨੂੰ ੧੯੭੦ਵਿਆਂ ਦਾ ਆਪਣਾ ਬਚਪਨ ਯਾਦ ਆਉਂਦਾ ਹੈ। ਉਨ੍ਹਾਂ ਦਿਨਾਂ ਵਿੱਚ ਪੰਜਾਬ ਦੇ ਹਰ ਕਸਬੇ (ਖਾਸ ਤੌਰ ਤੇ ਮਾਝੇ-ਦੁਆਬੇ) ਵਿੱਚ ਅਖਾੜੇ ਚਲਦੇ ਹੁੰਦੇ ਸਨ। ਰੋਜ਼ ਸ਼ਾਮ ਨੂੰ ਭਲਵਾਨੀਆਂ ਆਮ ਚਲਦੀਆਂ ਸਨ। ਚੰਗੀ ਜ਼ੋਰ ਵਰਜ਼ਸ਼ ਹੁੰਦੀ ਸੀ। ਅਖਾੜਿਆਂ ਦਾ ਪ੍ਰਬੰਧ ਪੁਰਾਣੇ ਭਲਵਾਨ ਕਰਦੇ ਹੁੰਦੇ ਸਨ ਤੇ ਇਲਾਕੇ ਦੇ ਕਈ ਪਤਵੰਤੇ ਸੱਜਣ ਇਨ੍ਹਾਂ ਪ੍ਰਬੰਧਕਾਂ ਦੀ ਮਾਲੀ ਮਦਦ ਵੀ ਕਰਦੇ ਸਨ ਕਿ ਭਲਵਾਨੀ ਦਾ ਸ਼ੌਕ ਰੱਖਣ ਵਾਲੇ ਕਿਸੇ ਗਰੀਬ ਭਲਵਾਨ ਦੀ ਖੁਰਾਕ ਵਿੱਚ ਕਿਤੇ ਕੋਈ ਕਮੀ ਨਾ ਰਹਿ ਜਾਵੇ। ਪੰਜਾਬ ਵਿੱਚ ਭਲਵਾਨਾਂ ਦੇ ਪਤਾ ਨਹੀਂ ਕਿੰਨੇ ਹੀ ਨਾਂ ਲੋਕਾਂ ਦੀ ਜ਼ੁਬਾਨ ਤੇ ਆਮ ਹੁੰਦੇ ਸਨ।

ਜਦੋਂ ਕਿਸੇ ਨਵੇਂ ਭਲਵਾਨ ਨੇ ਕਿਸੇ ਸਥਾਪਤ ਅਖਾੜੇ ਵਿੱਚ ਦਾਖ਼ਲਾ ਹਾਸਲ ਕਰਨਾ ਹੁੰਦਾ ਸੀ ਤਾਂ ਪ੍ਰਬੰਧਕ ਉਸ ਨੂੰ “ਕੌਡੀ” ਦੀ ਰੀਤ ਰਾਹੀਂ ਲੰਘਾਉਂਦੇ ਸਨ। ਉਸ ਦਾ ਕਾਰਨ ਇਹ ਸੀ ਕਿ ਸਥਾਪਤ ਅਖਾੜੇ ਦਾ ਦਰਜਾ ਬਹੁਤ ਉੱਚਾ ਗਿਣਿਆਂ ਜਾਂਦਾ ਸੀ ਤੇ ਐਂਵੇਂ ਹੀ ਕਿਸੇ ਹਾਈਂ-ਮਾਈਂ ਨੂੰ ਅਖਾੜੇ ਦੀ ਵੱਟ ਦੇ ਲਾਗੇ ਵੀ ਨਹੀਂ ਸੀ ਢੁੱਕਣ ਦਿੱਤਾ ਜਾਂਦਾ। ਸੋ ਮੈਂ ਬਚਪਨ ਵਿੱਚ ਇਹ ਆਮ ਹੀ ਵੇਖਿਆ ਕਿ ਇਸ “ਕੌਡੀ” ਦੀ ਰੀਤ ਦੌਰਾਨ ਅਖਾੜੇ ਦੇ ਭਲਵਾਨ ਅਜਿਹੇ ਨਵੇਂ ਭਲਵਾਨ ਦਾ ਆਮ ਹੀ ਜੱਫਾ ਮਾਰ ਕੇ ਸਾਹ ਤੁੜਾ ਦਿੰਦੇ ਸਨ ਜਾਂ ਲਕੀਰ ਦੇ ਆਪਣੇ ਪਾਸੇ ਵਿੱਚ ਲਿਆ ਸੁਟਦੇ ਸਨ। ਤੇ ਪ੍ਰਬੰਧਕ ਉਸ ਨਵੇਂ ਭਲਵਾਨ ਨੂੰ ਹਾਲੇ ਹੋਰ ਜ਼ੋਰ-ਵਰਜ਼ਸ਼ ਕਰਨ ਲਈ ਕਹਿੰਦੇ। ਤੇ ਕਦੀਂ-ਕਦਾਈਂ ਜੇਕਰ ਨਵਾਂ ਭਲਵਾਨ “ਕੌਡੀ” ਵਿੱਚ ਸਥਾਪਤ ਭਲਵਾਨ ਨੂੰ ਜੱਫਾ ਪਾਉਣ ਵਿੱਚ ਕਾਮਯਾਬ ਹੋ ਜਾਂਦਾ ਤਾਂ ਅਗਲੇ ਮਿੱਥੇ ਦਿਨ ਉਸ ਨਵੇਂ ਭਲਵਾਨ ਦਾ ਸਥਾਪਤ ਅਖਾੜੇ ਵਿੱਚ ਢੋਲ ਦੀ ਡਗਾ ਉਪਰ ਦਾਖ਼ਲਾ ਹੁੰਦਾ ਤੇ ਸਾਡੇ ਵਰਗਿਆਂ ਨੂੰ ਖਾਣ ਲਈ ਚੰਗੇ ਬਰਫ਼ੀ-ਜਲੇਬ ਮਿਲਦੇ। ਨਵਾਂ ਭਲਵਾਨ ਅਖਾੜੇ ਦੀ ਵੱਟ ਤੇ ਮੱਥਾ ਟੇਕ ਕੇ ਅੱਗੇ ਵੱਧਦਾ ਤੇ ਅਖਾੜੇ ਦੀ ਮਿੱਟੀ ਛਾਤੀ-ਪਿੰਡੇ ਤੇ ਮਲ਼ ਕੇ ਬਾਂਹਾਂ ਚੁੱਕ ਢੋਲ ਦੀ ਤਾਲ ਤੇ ਥਰਥਰਾਉਣ ਲੱਗ ਪੈਂਦਾ।

ਜਿਹੜੇ ਲੋਕ ਹੋਰ ਮੁਲਕਾਂ ਵਿੱਚ ਗੁਰਦੁਆਰਿਆਂ ਦੇ ਮੈਦਾਨਾਂ ਅੰਦਰ ਕਬੱਡੀ ਦੇ ਸਾਂਗ ਰਚਾ ਕੇ ਇਸ ਨੂੰ ਅਖੌਤੀ “ਮਾਂ ਖੇਡ” ਦਾ ਦਰਜਾ ਦਈ ਬੈਠੇ ਹਨ ਉਨ੍ਹਾਂ ਨੂੰ ਸ਼ਾਇਦ ਇਹ ਇਤਿਹਾਸ ਬਾਰੇ ਪਤਾ ਨਹੀਂ ਕਿ ਸਿੱਖੀ ਵਿੱਚ ਪਹਿਲੀ ਖੇਡ ਗੁਰੂ ਅੰਗਦ ਸਾਹਿਬ ਜੀ ਨੇ ਆਪ ਅਖਾੜੇ ਬਣਵਾ ਕੇ ਭਲਵਾਨੀ ਦੀ ਹੀ ਸ਼ੁਰੂ ਕੀਤੀ ਸੀ। ਬਾਕੀ ਜੇਕਰ ਸਿੱਖ ਇਤਿਹਾਸ ਤੇ ਨਜ਼ਰ ਮਾਰੀਏ ਤਾਂ ਸਿੱਖਾਂ ਨੂੰ ਭਲਵਾਨੀ ਤੋਂ ਇਲਾਵਾ ਤੀਰ-ਅੰਦਾਜ਼ੀ, ਨਿਸ਼ਾਨੇਬਾਜ਼ੀ ਤੇ ਘੋੜ-ਸਵਾਰੀ ਦਾ ਵੀ ਸ਼ੌਕ ਰੱਖਣਾ ਚਾਹੀਦਾ ਹੈ। ਇਹ ਸਾਰੀਆਂ ਹੀ ਕੌਮਾਂਤਰੀ ਮੁਕਾਬਲੇ ਵਾਲੀਆਂ ਖੇਡਾਂ ਹਨ। ਤਲਵਾਰਬਾਜ਼ੀ ਵੀ ਫ਼ੈਂਸਿੰਗ ਦੇ ਰੂਪ ਵਿੱਚ ਮੁਕਾਬਲੇ ਵਾਲੀ ਖੇਡ ਹੈ। ਪਰ ਹੁਣ ਡਿਗਦੇ ਮਿਆਰਾਂ ਦਾ ਹਾਲ ਇਹ ਹੈ ਕਿ ਗਤਕੇ ਅਤੇ ਨਿਹੰਗਾਂ ਦੀ ਘੋੜ-ਸਵਾਰੀ ਨੂੰ ਵੀ ਸਰਕਸ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਜਿਸ ਤਰ੍ਹਾਂ ਸਿੱਖ, ਡੇਰੇ-ਸਾਧ-ਲਾਣਿਆਂ ਦੇ ਭਰਮਜਾਲ ਵਿੱਚ ਫਸੇ ਹੋਏ ਹਨ ਉਸੇ ਤਰ੍ਹਾਂ ਉਹ ਨਕਲੀ-ਨਸ਼ੇੜੀ-ਕਬੂਤਰਬਾਜ਼ ਕਬੱਡੀ ਦੇ ਮਾਇਆ ਜਾਲ ਵਿੱਚ ਗਲਤਾਨ ਹਨ।

Posted in ਚਰਚਾ, ਮਿਆਰ, ਸਮਾਜਕ

ਅੱਖੀਆਂ

ਬੀਤੇ ਦਿਨ ਮੈਨੂੰ ਫਿਲਮ ਜੱਟ ਐਂਡ ਜੂਲੀਅਟ 2 ਦਾ ਗੀਤ “ਅੱਖੀਆਂ” ਸੁਣਨ ਨੂੰ ਮਿਲਿਆ। ਇਹ ਗਾਣਾ ਸੁਣ ਕਿ ਇੰਞ ਮਹਿਸੂਸ ਹੁੰਦਾ ਰਿਹਾ ਕਿ ਜਿਵੇਂ ਮੈਂ ਪਿਆਰ ਦੀ ਆਬਸ਼ਾਰ ਵਿੱਚ ਭਿੱਜਿਆ ਤੁਰਿਆ ਜਾ ਰਿਹਾ ਹੋਵਾਂ ਤੇ ਰੁਕਣ ਲਈ ਮਨ ਹੀ ਨਾ ਕਰ ਰਿਹਾ ਹੋਵੇ। ਗੀਤ ਨੂੰ ਮੁੜ-ਮੁੜ ਕੇ ਸੁਣਦਾ ਰਿਹਾ ਤੇ ਮੋਹ ਦਾ ਜਾਲ ਹਾਲੇ ਵੀ ਭੰਗ ਨਹੀਂ ਹੋਇਆ। ਅੰਬਰ ਤੋਂ ਇਹ ਵੀ ਆਸ ਹੈ ਕਿ ਉਹ ਪੰਜਾਬ ਦੀ ਗੱਟਰ ਗਾਇਕੀ ਦੇ ਹੜ੍ਹ ਵਿੱਚ ਨਹੀਂ ਰੁੜੇਗਾ ਤੇ ਆਪਣੀ ਜੱਦੋ-ਜਹਿਦ ਜਾਰੀ ਰੱਖੇਗਾ।

ਮੈਂ ਇਸ ਗੱਲ ਤੇ ਮਸੋਸਿਆ ਹੋਇਆ ਹਾਂ ਕਿ ਇਹ ਗਾਣਾ ਮੈਨੂੰ ਏਡੀ ਦੇਰ ਨਾਲ ਕਿਉਂ ਲੱਭਾ? ਪਹਿਲਾਂ ਤਾਂ ਮੈਨੂੰ ਯਕੀਨ ਹੀ ਨਾ ਹੋਇਆ ਕਿ ਇਹ ਗੀਤ ਇਸ ਸੜ੍ਹਕ-ਛਾਪ ਫਿਲਮ ਤੋਂ ਹੋ ਸਕਦਾ ਹੈ। ਅਸਲ ਵਿੱਚ ਸ਼ੁਰੂ ਦੀਆਂ ਹਰਭਜਨ ਮਾਨ ਦੀਆਂ ਕੁਝ ਫਿਲਮਾਂ ਤੋਂ ਬਾਅਦ ਮੈਂ ਪੰਜਾਬੀ ਫਿਲਮਾਂ ਨੂੰ ਹੁਣ ਡਰਦਾ-ਡਰਦਾ ਹੀ ਹੱਥ ਪਾਉਂਦਾ ਹਾਂ।  ਅੱਜ ਦੀਆਂ ਪੰਜਾਬੀ ਫਿਲਮਾਂ ੧੦-੧੨ ਘਟੀਆ ਜਿਹੇ ਚੁਟਕਲੇ ਜੋੜ ਕੇ ਬਣੀਆਂ ਹੁੰਦੀਆਂ ਹਨ। ਉੱਤੋਂ ਕਸਰ ਯੋ-ਯੋ ਵਰਗਿਆਂ ਦੇ ਭੰਡਪੁਣੇ ਨੇ ਕੱਢ ਦਿੱਤੀ ।  ਉਸ ਦੇ ਗੀਤਾਂ ਵਿੱਚ ਔਰਤਾਂ ਲਈ  ਅਜਿਹੇ ਭੱਦੇ ਅਲਫਾਜ਼ ਵਰਤੇ ਗਏ ਹੁੰਦੇ ਹਨ ਕਿ ਲੱਗਦਾ ਹੀ ਨਹੀਂ ਕਿ ਉਹਨੂੰ ਕਿਸੇ ਔਰਤ ਨੇ ਜਨਮ ਦਿੱਤਾ ਹੋਵੇਗਾ।

ਇਕ ਚੰਗੀ ਗੱਲ ਇਹ ਵੀ ਲੱਗੀ ਕਿ ਦਿਲਜੀਤ ਦੁਸਾਂਝ ਨੇ ਜਦ ਇਹ ਗਾਣਾ ਸੁਣਿਆ ਤਾਂ ਉਸ ਨੇ ਖੁੱਲਦਿਲੀ ਦਾ ਸਬੂਤ ਦਿੰਦਿਆਂ ਹੋਇਆਂ ਅੰਬਰ ਵਸ਼ਿਸ਼ਟ ਨੂੰ ਹੀ ਫਿਲਮ ਜੱਟ ਐਂਡ ਜੂਲੀਅਟ 2 ਲਈ “ਅੱਖੀਆਂ” ਗੀਤ ਗਾਉਣ ਦਾ ਮੌਕਾ ਦਿੱਤਾ। ਦਿਲਜੀਤ ਸੁਰੀਲੀ ਆਵਾਜ਼ ਦਾ ਮਾਲਕ ਹੈ ਪਰ ਉਸ ਨੇ ਹਾਲੇ ਤੱਕ ਬਹੁਤੇ ਸੜ੍ਹਕ-ਛਾਪ ਗਾਣੇ ਗਾ ਕੇ ਆਪਣੀ ਸੁਰੀਲੀ ਆਵਾਜ਼ ਨਾਲ ਬੇਇਨਸਾਫ਼ੀ ਹੀ ਕੀਤੀ ਹੈ।  ਆਸ ਕਰਦਾ ਹਾਂ ਕਿ ੨੦੧੪ ਵਿੱਚ ਦਿਲਜੀਤ ਦੀ ਆਵਾਜ਼ ਵਿੱਚ ਉੱਚੇ ਮਿਆਰ ਦੇ ਕੁਝ ਨਿਰੋਲ ਪੰਜਾਬੀ ਗੀਤ ਸੁਣਨ ਨੂੰ ਮਿਲਣਗੇ।

Posted in ਚਰਚਾ, ਮਿਆਰ

ਪੰਜਾਬੀ ਅਤੇ ਸਮਾਰਟ-ਫੋਨ

ਕੁਝ ਦਿਨ ਹੋਏ, ਮੈਂ ਫੋਨ ਤੇ ਪੰਜਾਬੀ ਯੂਨੀਵਰਸਿਟੀ ਦੇ ਪ੍ਰੋ: ਜੋਗਾ ਸਿੰਘ ਵਿਰਕ ਨਾਲ ਪੰਜਾਬੀ ਬੋਲੀ ਤੇ ਤਕਨਾਲੋਜੀ ਦੇ ਬਾਰੇ ਗੱਲ ਕਰ ਰਿਹਾ ਸੀ। ਚਰਚਾ ਅੱਜ ਦੇ ਸਮਾਰਟ-ਫੋਨ ਉੱਤੇ ਪੰਜਾਬੀ ਦੇ ਫੌਂਟ ਤੇ ਕੋਸ਼ ਆਦਿ ਮੁਹੱਈਆ ਕਰਵਾਉਣ ਬਾਰੇ ਹੋ ਰਹੀ ਸੀ। ਗੱਲਾਂ-ਗੱਲਾਂ ਵਿੱਚ ਪ੍ਰੋ: ਜੋਗਾ ਸਿੰਘ ਨੇ ਕਿਹਾ ਕਿ ਮਸਲਾ ਇਹ ਵੀ ਤਾਂ ਹੈ ਕਿ ਸਮਾਰਟ-ਫੋਨ ਰੱਖਣ ਵਾਲੇ ਪੰਜਾਬੀ ਦੀ ਵਰਤੋਂ ਨਹੀਂ ਕਰਦੇ। ਉਨ੍ਹਾਂ ਦਾ ਵਿਚਾਰ ਸੀ ਕਿ ਸਹੂਲਤ ਦੇਣੀ ਤਾਂ ਬਣਦੀ ਹੈ ਜੇਕਰ ਮੰਗ ਹੋਵੇ। ਗੱਲ ਠੀਕ ਵੀ ਹੈ ਪਰ ਇਹ ਵੀ ਤਾਂ ਹੋ ਸਕਦਾ ਹੈ ਕਿ ਜੇਕਰ ਸਹੂਲਤ ਦੇ ਦਿੱਤੀ ਜਾਵੇ ਤਾਂ ਮੰਗ ਵੀ ਵੱਧ ਜਾਵੇ। ਆਖਰ ਸਮਾਰਟ-ਫੋਨ ਕਿਸੇ ਮੰਗ ਕਰਕੇ ਤਾਂ ਹੋਂਦ ਵਿੱਚ ਨਹੀਂ ਆਏ। ਕਿਸੇ ਨੇ ਸੋਚਿਆ ਤੇ ਕਾਢ ਕੱਢ ਦਿੱਤੀ ਤੇ ਮੰਗ ਤਾਂ ਪਿੱਛੇ-ਪਿੱਛੇ ਆਪੇ ਹੀ ਪੈਦਾ ਹੋ ਗਈ।

ਫੋਨ ਤੇ ਗੱਲ ਖਤਮ ਹੋਣ ਤੋਂ ਬਾਅਦ ਮੈਨੂੰ ਇਕ ਹੱਡ-ਬੀਤੀ ਯਾਦ ਆ ਗਈ। ਦੋ ਕੁ ਸਾਲ ਪਹਿਲਾਂ ਮੈਂ ਕੈਨੇਡਾ ਘੁੰਮਣ ਗਿਆ। ਵੈਨਕੂਵਰ ਹਵਾਈ-ਅੱਡੇ ਤੋਂ ਚੁੱਕ ਕੇ ਮੇਰਾ ਦੋਸਤ ਜਸਦੀਪ ਵਾਹਲਾ ਮੈਨੂੰ ਸਿੱਧਾ ਆਪਣੇ ਕੰਮ ਵਾਲੀ ਥਾਂ ਓਮਨੀ ਟੀਵੀ ਤੇ ਲੈ ਗਿਆ। ਚਾਹ-ਪਾਣੀ ਤੋਂ ਬਾਅਦ ਉਸਨੇ ਕਿਹਾ ਕਿ ਜਦ ਤੱਕ ਮੈਂ ਕੰਮ ਤੋਂ ਵਿਹਲਾਂ ਹੁੰਦਾ ਵਾਂ ਤੁਸੀਂ ਸ਼ਹਿਰ ਦੀ ਗੇੜੀ ਕੱਢ ਲਓ।

ਓਮਨੀ ਟੀਵੀ ਦੇ ਲਾਗੇ ਹੀ ਸਕਾਈ ਟ੍ਰੇਨ ਦਾ ਸਟੇਸ਼ਨ ਸੀ। ਮੈਂ ਸੋਚਿਆ ਕਿ ਆਲੇ ਦੁਆਲੇ ਪੈਦਲ ਘੁੰਮਣ ਨਾਲੋਂ ਸਕਾਈ ਟ੍ਰੇਨ ਤੇ ਪੂਰੇ ਸ਼ਹਿਰ ਦਾ ਚੱਕਰ ਹੀ ਕਿਉਂ ਨਾ ਕੱਢ ਲਿਆ ਜਾਵੇ। ਟਿਕਟ ਮਸ਼ੀਨ ਤੇ ਪੰਜਾਬੀ ਦੀ ਸਹੂਲਤ ਸੀ ਤੇ ਮੈਂ ਪੰਜਾਬੀ ਵਾਲਾ ਬੀੜਾ ਨੱਪ ਦਿੱਤਾ। ਵੇਖਦੇ-ਵੇਖਦੇ ਸਾਰੇ ਖਾਕੇ ਤੇ ਪੰਜਾਬੀ ਉੱਭਰ ਆਈ। ਟਿਕਟ ਖਰੀਦ ਕੇ ਜਦ ਮੈਂ ਕਾਰਡ ਖਿੱਚਿਆ ਤਾਂ ਮੇਰੀਆਂ ਅੱਖਾਂ ਨਮ ਹੋ ਗਈਆਂ। ਜ਼ਿੰਦਗੀ ‘ਚ ਪਹਿਲੀ ਵਾਰ ਪੰਜਾਬੀ ਵਰਤ ਕੇ ਮਸ਼ੀਨ ਤੋਂ ਟਿਕਟ ਖਰੀਦੀ ਤੇ ਉਹ ਵੀ ਪੰਜਾਬ ਤੋਂ ਸੱਤ-ਸਮੁੰਦਰ ਦੂਰ। ਪੰਜਾਬ ਦੇ ਰੇਲਵੇ ਸਟੇਸ਼ਨਾਂ ਤੇ ਤਾਂ ਵੇਖ ਕੇ ਲੱਗਦਾ ਹੈ ਜਿਵੇਂ ਪੰਜਾਬੀ ਤੇ ਕੋਈ ਪਾਬੰਧੀ ਲੱਗੀ ਹੋਵੇ। ਜੇਕਰ ਕੈਨੇਡਾ ਵਿੱਚ ਮਸ਼ੀਨਾਂ ਪੰਜਾਬੀ ਵਿੱਚ ਟਿਕਟਾਂ ਵੇਚ ਸਕਦੀਆਂ ਹਨ ਤਾਂ ਪੰਜਾਬ ਵਿੱਚ ਕਿਉਂ ਨਹੀ?

ਸੋ ਵਕਤ ਦੀ ਲੋੜ ਇਹ ਹੀ ਹੈ ਕਿ ਪੰਜਾਬੀ ਯੂਨੀਵਰਸਿਟੀ ਪਹਿਲਾਂ ਸਹੂਲਤ ਦੇਵੇ ਤਾਂ ਜੋ ਮੰਗ ਵੀ ਵੱਧ ਸਕੇ।

Posted in ਚਰਚਾ, ਮਿਆਰ, ਸਮਾਜਕ

ਅਜੀਤ ਅਖ਼ਬਾਰ ਦੇ ਨਾਂ ਖੁੱਲੀ ਚਿੱਠੀ

ਅੱਜ ਕੌਮਾਂਤਰੀ ਪੱਧਰ ਤੇ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਜਲੰਧਰੋਂ ਛਪਣ ਵਾਲੇ ਅਜੀਤ ਅਖ਼ਬਾਰ ਦਾ ਉਹ ਵਝਕਾ ਨਹੀਂ ਰਹਿ ਗਿਆ ਜੋ ਕਿ ਕਦੇ ਪਹਿਲਾਂ ਹੁੰਦਾ ਸੀ। ਆਮ ਕਰਕੇ ਹੁਣ ਇਸ ਅਖ਼ਬਾਰ ਨੂੰ ਬਾਦਲ ਦੀ ਅਖ਼ਬਾਰ ਜਾਂ ਫਿਰ ਭੋਗ, ਪ੍ਰੈਸ ਨੋਟ, ਸਰਕਾਰੀ ਗਜ਼ਟ ਹੀ ਕਿਹਾ ਜਾਂਦਾ ਹੈ। ਅਜਿਹੇ ਮਾਹੌਲ ਵਿੱਚ ਲੋੜ ਹੈ ਕਿ ਅਜੀਤ ਮਦਹੋਸ਼ੀ ਤੋਂ ਜਾਗੇ ਅਤੇ ਆਪਣਾ ਖਖੜੀ-ਖਖੜੀ ਹੋਇਆ ਕਿਰਦਾਰ ਮੁੜ ਸੁਰਜੀਤ ਕਰੇ। ਇਹ ਕੰਮ ਪੰਜਾਬੀਅਤ ਦੀ ਸਮੁੱਚੀ ਸੇਵਾ ਦਾ ਵੀ ਹਿੱਸਾ ਹੋ ਸਕਦਾ ਹੈ।

ਪਹਿਲੇ ਕਦਮ ਤੇ ਤੌਰ ਤੇ ਅਜੀਤ ਹਰ ਸਾਲ ਦੀ 15 ਨਵੰਬਰ ਦੇ ਲਾਗੇ-ਚਾਗੇ ਇਕ ਸਲਾਨਾ ਰਸਾਲਾ ਛਾਪਣਾ ਸ਼ੁਰੂ ਕਰ ਸਕਦਾ ਹੈ। ਇਹ ਤਾਰੀਖ਼ ਪਰਵਾਸੀ ਤੇ ਪੰਜਾਬ ਯਾਤਰੂਆਂ ਦੇ ਪੱਖੋਂ ਬਹੁਤ ਜ਼ਰੂਰੀ ਹੈ। ਮੇਰੇ ਵਰਗੇ ਜਿਹੜੇ ਲੋਕ ਪੰਜਾਬ ਜਾਂਦੇ ਹਨ ਤਾਂ ਮਨ ਵਿੱਚ ਇਹ ਰੀਝ ਹੁੰਦੀ ਹੈ ਕਿ ਆਪਣੇ ਬੱਚਿਆਂ ਨੂੰ ਉਹ ਪੰਜਾਬ ਵਖਾ ਸਕੀਏ ਜਿਸ ਨੂੰ ਵੇਖ ਕੇ ਉਨ੍ਹਾਂ ਅੰਦਰ ਆਪਣੇ ਆਪ ਪੰਜਾਬ ਲਈ ਇੱਜਤ ਪੁੰਗਰੇ। ਉਹ ਇਸ ਸੋਚ ਵਿੱਚ ਨਾ ਬੱਝੇ ਰਹਿ ਜਾਣ ਕਿ ਅਸੀਂ ਤਾਂ ਪੰਜਾਬ ਸਿਰਫ ਵਿਆਹ ਵੇਖਣ ਤੇ ਰਿਸ਼ਤੇਦਾਰਾਂ ਨੂੰ ਮਿਲਣ ਆਏ ਹਾਂ।

ਉਪਰੋਕਤ ਸੁਝਾਏ ਰਸਾਲੇ ਦੀ ਲੋੜ ਇਸ ਕਰਕੇ ਹੈ ਕਿ ਕੋਈ ਵੀ ਯਾਤਰੂ ਜਦ ਪੰਜਾਬ ਆਵੇ ਤਾਂ ਇਹ ਜਾਣ ਸਕੇ ਕਿ ਦਸੰਬਰ-ਜਨਵਰੀ ਵਿੱਚ ਪੰਜਾਬ ਵਿੱਚ ਨਾਟਕ ਕਿੱਥੇ ਖੇਡੇ ਜਾ ਰਹੇ ਹਨ, ਪਰਦਰਸ਼ਨੀਆਂ ਕਿੱਥੇ ਲੱਗੀਆਂ ਹਨ, ਅਜਾਇਬ ਘਰ ਕਿੱਥੇ ਹਨ ਤੇ ਕਦੋਂ ਖੁੱਲਦੇ ਹਨ। ਮੇਰੀ ਜਾਚੇ ਤਾਂ ਯੂਨੀਵਰਸਿਟੀਆਂ ਦੇ ਯੁਵਕ ਮੇਲੇ ਵੀ ਦਸੰਬਰ-ਜਨਵਰੀ ਵਿੱਚ ਹੀ ਹੋਣੇ ਚਾਹੀਦੇ ਹਨ। ਯੂਨੀਵਰਸਿਟੀਆਂ ਦੇ ਨਾਟਕ ਵਿਭਾਗ ਤਾਂ ਇਨ੍ਹਾਂ ਦਿਨਾਂ ਵਿੱਚ ਤਾਂ ਨਾਟਕਾਂ ਦੀਆਂ ਝੜੀਆਂ ਹੀ ਲਾ ਦੇਣ ਤਾਂ ਅਸ਼ਕੇ।

ਇਸ ਰਸਾਲੇ ਵਿੱਚ ਇਸ ਤੋਂ ਇਲਾਵਾ ਸਾਰੇ ਸਾਲ ਦੇ ਅਖ਼ਬਾਰ ਵਿੱਚ ਛਪੇ ਚੁਣਿੰਦਾ ਸੰਪਾਦਕੀ, ਲੇਖ, ਕਹਾਣੀਆਂ ਤੇ ਕਵਿਤਾਵਾਂ ਮੁੜ ਛਾਪੀਆਂ ਜਾ ਸਕਦੀਆਂ ਹਨ। ਇਸ ਤੋਂ ਇਲਾਵਾ ਇਹ ਰਸਾਲਾ ਇਹ ਵੀ ਦੱਸੇ ਕਿ ਮੌਜੂਦਾ ਸਾਲ ਵਿੱਚ ਪੰਜਾਬੀ ਬੋਲੀ ਦੀ ਤਰੱਕੀ ਲਈ ਕੀ ਕੰਮ ਹੋਏ ਹਨ। ਇਸ ਵਰ੍ਹੇ ਪੰਜਾਬੀ ਦੇ ਕਿੰਨੇ ਨਵੇਂ ਸ਼ਬਦ ਘੜੇ ਗਏ ਹਨ? ਪੰਜਾਬੀ ਯੂਨੀਵਰਸਿਟੀ ਅਤੇ ਭਾਸ਼ਾ ਵਿਭਾਗ ਦੇ ਕੰਮ ਕਾਜ ਦਾ ਇਸ ਸਾਲ ਕੀ ਲੇਖਾ ਜੋਖਾ ਰਿਹਾ ਹੈ? ਇਹ ਵੀ ਜਾਣਕਾਰੀ ਦਿੱਤੀ ਜਾਵੇ ਕਿ ਤਕਨਾਲੋਜੀ ਦੇ ਖੇਤਰ ਵਿੱਚ ਪੰਜਾਬੀ ਬੋਲੀ ਕੀ ਤਰੱਕੀ ਕਰ ਰਹੀ ਹੈ? ਪੰਜਾਬ ਸਰਕਾਰ ਕਿੰਨਾ ਕੁ ਕੰਮ ਪੰਜਾਬੀ ਵਿੱਚ ਕਰ ਰਹੀ ਹੈ? ਪੰਜਾਬ ਸਰਕਾਰ ਦੇ ਕਿੰਨੇ ਕੰਪਿਊਟਰ ਪੰਜਾਬੀ ਵਿੱਚ ਕੰਮ ਕਰਣ ਯੋਗ ਹਨ? ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੇ ਕਿੰਨੇ ਫੀਸਦੀ ਮੋਬਾਈਲ ਫੇਨ ਪੰਜਾਬੀ ਵਿੱਚ ਕੰਮ ਕਰਣ ਯੋਗ ਹਨ?

ਜੇਕਰ ਤੁਸੀਂ (ਅਜੀਤ ਅਖ਼ਬਾਰ) ਇਸ ਕੰਮ ਨੂੰ ਨੇਪਰੇ ਨਹੀਂ ਚਾੜ੍ਹ ਸਕਦੇ ਤਾਂ ਕੁਲਦੀਪ ਨੱਈਅਰ ਦੀ ਉਹ ਗੱਲ ਮੈਨੂੰ ਸੱਚੀ ਲੱਗੇਗੀ ਕਿ ਆਂਉਂਦੇ ਪੰਜਾਹ ਕੁ ਸਾਲਾਂ ਵਿੱਚ ਪੰਜਾਬ ਵਿੱਚੋਂ ਪੰਜਾਬੀ ਹੀ ਛਪਣ ਹੋ ਜਾਵੇਗੀ।

Posted in ਮਿਆਰ

ਪੰਜਾਬੀ ਬੋਲੀ ਦਾ ਸ਼ਬਦ ਭੰਡਾਰ

 

ਅੱਜ ਸਵੇਰੇ ਕਿਤਾਬ-ਪੜਚੋਲ ਪੜ੍ਹਦਿਆਂ ਇਹ ਪੈਰਾ ਬਹੁਤ ਵਧੀਆ ਲੱਗਾ:

 

ਉਦਾਹਰਣ ਵਜੋਂ ਕੱਪੜਿਆਂ ਦੇ ਰੰਗਾਂ ਦੀ ਗੱਲ ਕਰਦਿਆਂ ਅੱਜ-ਕੱਲ੍ਹ ਕਰੀਮ, ਕੋਕਾ ਕੋਲਾ, ਪਿੰਕ ਤੇ ਔਰੈਂਜ ਕਲਰਾਂ ਦਾ ਜ਼ਿਕਰ ਆਮ ਸੁਣਨ ਵਿੱਚ ਆਉਂਦਾ ਹੈ। ਪਰ ਕੀ ਸਾਡੀ ਰੰਗਾਂ ਦੀ ਦੁਨੀਆਂ ਏਨੀ ਹੀ ਗਰੀਬ ਹੈ ਕਿ ਇਨ੍ਹਾਂ ਦਾ ਸਾਧਾਰਣ ਜ਼ਿਕਰ ਕਰਨ ਲਈ ਵੀ ਸਾਨੂੰ ਅੰਗ੍ਰੇਜ਼ੀ ਵੱਲ ਝਾਕਣਾ ਪਵੇ? ਨਹੀਂ, ਇਵੇਂ ਤਾਂ ਕਤਈ ਨਹੀਂ ਹੈ। ਸਾਡੇ ਕੋਲ ਨੀਲੇ, ਪੀਲ਼ੇ, ਲਾਲ, ਕਾਲ਼ੇ, ਚਿੱਟੇ, ਹਰੇ ਜਿਹੇ ਬੁਨਿਆਦੀ ਰੰਗਾਂ ਤੋਂ ਬਿਨਾਂ ਕੇਸਰੀ, ਕਪਾਹੀ, ਸਰਦਈ, ਅੰਗੂਰੀ, ਅੰਬਰੀ, ਕਥਈ, ਬਲੰਭਰੀ, ਦਾਲਚੀਨੀ, ਮੂੰਗੀਆ, ਕਿਰਮਚੀ, ਤੋਤਾ ਰੰਗੀ, ਅੰਡਰਈ, ਫਿਰੋਜ਼ੀ, ਬਦਾਮੀ, ਬਿਸਕੁਟੀ, ਲਾਜਵਰੀ, ਮੋਤੀਆ, ਕੱਦੂ-ਮੋਤੀਆ, ਵੱਡ-ਮੋਤੀਆ, ਪਿਆਜ਼ੀ, ਹਵਾ-ਪਿਆਜ਼ੀ, ਅਸਮਾਨੀ, ਮਹਿੰਦੀ ਰੰਗਾ, ਘੁੱਗੀ ਰੰਗਾ, ਤਰਬੂਜ਼ੀਆ, ਖੱਟਾ, ਸੁਨਹਿਰੀ, ਊਦਾ, ਗੇਰੂਆ, ਭਗਵਾ, ਗੁਲਾਨਾਰੀ, ਉਨਾਬੀ, ਜਾਮਣੀ, ਗੁਲਾਬੀ, ਸਲੇਟੀ, ਘਿਉ-ਕਪੂਰੀ, ਕਾਸਣੀ, ਜੋਗੀਆ, ਅੰਬਰਸੀਆ, ਦਾਖੀ, ਖਾਕੀ, ਚਾਂਦੀ ਵੰਨਾਂ ਤੇ ਸੁਨਿਹਰੇ ਰੰਗਾਂ ਦੀ ਬਾਤ ਪਾਉਣ ਵਾਲੇ ਬਹੁਤ ਸਾਰੇ ਸ਼ਬਦ ਮੌਜੂਦ ਹਨ। ਰੰਗਾਂ ਦੀਆਂ ਹਲਕੀਆਂ, ਗੂੜ੍ਹੀਆਂ ਤੇ ਸਫਿਆਨੀਆਂ ਭਾਹਾਂ ਦਰਸਾਉਣ ਵਾਲੇ ਅੱਡਰੇ ਸ਼ਬਦਾਂ ਤੋਂ ਬਿਨਾਂ ਬਹੁਤ ਹੀ ਗੂੜ੍ਹੇ ਰੰਗਾਂ ਦਾ ਜ਼ਿਕਰ ਕਰਨ ਲਈ ਲਾਲ-ਸੂਹਾ, ਚਿੱਟਾ-ਸਫੈਦ ਤੇ ਪੀਲਾ-ਜ਼ਰਦ ਜਿਹੇ ਦੋਹਰੇ ਸ਼ਬਦ-ਜੁੱਟ ਹਨ।

 

ਡਾ: ਸਾਧੂ ਸਿੰਘ ਦੀ ਸੱਜਰੀ ਕਿਤਾਬ ‘ਪੰਜਾਬੀ ਬੋਲੀ ਦੀ ਵਿਰਾਸਤ’ ਦੇ ਮੁਢਲੇ ਲੇਖ ‘ਪੰਜਾਬੀ ਬੋਲੀ ਦਾ ਸ਼ਬਦ ਭੰਡਾਰ’ ਵਿੱਚੋਂ।