Posted in ਖੋਜ, ਚਰਚਾ

ਇਤਿਹਾਸ ਦੀ ਕਦਰ

ਅੱਜ ਦੇ ਪਦਾਰਥਵਾਦੀ ਜੁਗ ਦੇ ਵਿੱਚ ਸ਼ਾਇਦ ਇਨਸਾਨ ਦੀ ਪਹਿਲੀ ਲੋੜ ਆਰਥਿਕਤਾ ਤੇ ਹੀ ਕੇਂਦਰਿਤ ਹੋ ਚੁੱਕੀ ਹੈ। ਬੀਤੇ ਕੁਝ ਦਹਾਕਿਆਂ ਤੋਂ ਪੰਜਾਬ ਜਿਸ ਦੌਰ ਵਿੱਚੋਂ ਗੁਜ਼ਰ ਰਿਹਾ ਹੈ ਉਸ ਨੂੰ ਵੇਖ ਕੇ ਲੱਗਦਾ ਹੈ ਕਿ ਪੜ੍ਹਾਈ ਤੋਂ ਵੀ ਪਹਿਲਾਂ ਰੁਜ਼ਗਾਰ ਦਾ ਫ਼ਿਕਰ ਹੋਣ ਲੱਗ ਪਿਆ ਹੈ। ਸ਼ਾਇਦ ਇਸੇ ਕਰਕੇ ਗਲੀ-ਮੁਹੱਲਿਆਂ ਦਿਆਂ ਖੂੰਜਿਆਂ ਵਿੱਚ ਖੁੱਲ੍ਹੀਆਂ ਅੰਗਰੇਜ਼ੀ ਇਮਤਿਹਾਨ ਦੀਆਂ ਦੁਕਾਨਾਂ ਲੱਖਾਂ ਦੀਆਂ ਕਮਾਈਆਂ ਕਰ ਰਹੀਆਂ ਹਨ। ਜਦ ਕਿ ਇਤਿਹਾਸ ਸਿਰਜਣਾ ਅਤੇ ਇਸ ਨੂੰ ਸਾਂਭਣਾ ਇਸ ਵਾਵਰੋਲੇ ਵਿੱਚ ਗੁਆਚ ਜਿਹਾ ਗਿਆ ਹੈ।   

ਪੰਜਾਬ ਵਿਚੋਂ ਨਵੀਆਂ ਇਤਿਹਾਸਕ ਖੋਜ ਦੀਆਂ ਕਿਤਾਬਾਂ ਬਹੁਤ ਘੱਟ ਪੜ੍ਹਨ ਨੂੰ ਮਿਲ ਰਹੀਆਂ ਹਨ। ਸ਼ਾਇਦ ਇਸ ਦਾ ਕਾਰਨ ਇਹ ਵੀ ਹੈ ਕਿ ਆਮ ਰਾਏ ਇਹੀ ਕਹਿੰਦੀ ਹੈ ਕਿ ਇਤਿਹਾਸ ਪੜ੍ਹ ਕੇ ਕੀ ਲੈਣਾ? ਉਹੀ ਰੱਟੋ ਜਿਸ ਤੋਂ ਰੁਜ਼ਗਾਰ ਮਿਲੇ। ਇਸ ਸੋਚ ਦੀਆਂ ਜੜ੍ਹਾਂ ਏਡੀਆਂ ਡੂੰਘੀਆਂ ਹੋ ਚੁੱਕੀਆਂ ਹਨ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੀਆਂ ਕਿਤਾਬਾਂ ਵਿੱਚ ਵੀ ਕਈ ਵਾਰ ਗੁਰ-ਇਤਿਹਾਸ ਬਾਰੇ ਕੀਤੀਆਂ ਬੱਜਰ ਗ਼ਲਤੀਆਂ ਬਾਰੇ ਖ਼ਬਰਾਂ ਪੜ੍ਹਣ ਨੂੰ ਮਿਲਦੀਆਂ ਹਨ।    

ਜੇਕਰ ਅਸੀਂ ਇਤਿਹਾਸ ਪੜ੍ਹਾਂਗੇ ਹੀ ਨਹੀਂ ਤਾਂ ਇਤਿਹਾਸ ਲਿਖਾਂਗੇ ਕਿਵੇਂ? ਅਸੀਂ ਇਸ ਚੀਜ਼ ਦਾ ਅਹਿਸਾਸ ਹੀ ਨਹੀਂ ਕਰਦੇ ਕਿ ਸਰਦਾਰ ਕਰਮ ਸਿੰਘ ਜੋ ਕਿ ਸੰਨ 1884 ਦੇ ਵਿੱਚ ਪੈਦਾ ਹੋਏ ਸਨ, ਜੇਕਰ ਉਨ੍ਹਾਂ ਨੇ ਆਪਣੇ ਵੇਲੇ ਪੰਜਾਬ ਦੇ ਪਿੰਡ-ਪਿੰਡ ਜਾ ਕੇ ਸਿੱਖ ਇਤਿਹਾਸ ਦੇ ਸਰੋਤ ਨਾ ਇਕੱਠੇ ਕੀਤੇ ਹੁੰਦੇ ਤਾਂ ਸਾਡੇ ਕੋਲ ਜੋ ਅੱਜ ਦਾ ਸਿੱਖ ਇਤਿਹਾਸ ਲਿਖਿਆ ਪਿਆ ਹੈ ਸ਼ਾਇਦ ਉਹ ਵੀ ਨਹੀਂ ਹੋਣਾ ਸੀ।   

ਬਜ਼ੁਰਗ ਸੱਜਣਾਂ ਤੋਂ ਸਿੱਖ ਰਾਜ ਦੇ ਹਾਲ ਪੁੱਛਣ ਦੀ ਸਖ਼ਤ ਮਿਹਨਤ ਕਰ ਕੇ ਸਰਦਾਰ ਕਰਮ ਸਿੰਘ ਨੇ ਸਿਰਫ਼ ਇਹ ਕੰਮ ਸਿਰੇ ਹੀ ਨਹੀਂ ਚਾੜ੍ਹਿਆ ਸਗੋਂ ਆਪ ਬਗ਼ਦਾਦ ਵੀ ਗਏ ਤਾਂ ਕਿ ਉਥੋਂ ਗੁਰੂ ਨਾਨਕ ਸਾਹਿਬ ਜੀ ਦੀਆਂ ਪੱਛਮ ਯਾਤਰਾਵਾਂ ਦੇ ਸਿਲਸਿਲੇ ਵਿਚ ਇਤਿਹਾਸਕ ਜਾਣਕਾਰੀ ਇਕੱਠੀ ਕਰ ਸਕਣ।   

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੀਆਂ ਕਿਤਾਬਾਂ ਵਿੱਚ ਗ਼ਲਤੀਆਂ ਤਾਂ ਇੱਕ ਪਾਸੇ, ਅਜੋਕੀ ਭਾਰਤ ਸਰਕਾਰ ਸਾਰਾ ਇਤਿਹਾਸ ਹੀ ਪੁੱਠਾ ਲਿਖਣ ਤੇ ਲੱਗੀ ਹੋਈ ਹੈ। ਸਕੂਲੀ ਕਿਤਾਬਾਂ ਵਿੱਚ ਫੇਰ-ਬਦਲ ਕਰਕੇ ਇਤਿਹਾਸ ਗ਼ਲਤ-ਮਲਤ ਹੀ ਪੜ੍ਹਾਉਣਾ ਸ਼ੁਰੂ ਕਰ ਦਿੱਤਾ ਹੈ।

ਜੇਕਰ ਅਸੀਂ ਇਤਿਹਾਸ ਦੇ ਲਈ ਅਵੇਸਲੇ ਹੀ ਪਏ ਰਹੇ ਤਾਂ ਸਰਦਾਰ ਕਰਮ ਸਿੰਘ ਤੋਂ ਬਾਅਦ ਡਾ. ਗੰਡਾ ਸਿੰਘ ਦੀ ਕੀਤੀ ਅਣਥੱਕ ਮਿਹਨਤ ਨੂੰ ਕਿਤੇ ਗੁਆ ਹੀ ਨਾ ਲਈਏ। 

ਦੁਨੀਆਂ ਭਰ ਦੇ ਲੋਕ ਜਿਹੜੇ ਬਸਤੀਵਾਦ ਅਤੇ ਨਸਲਵਾਦ ਦਾ ਸ਼ਿਕਾਰ ਹੋਏ ਹਨ ਉਹ ਅੱਜ ਇਤਿਹਾਸਕ ਖੋਜਾਂ ਕਰਨ ਵਿੱਚ ਬੇਮਿਸਾਲ ਮਿਹਨਤ ਕਰ ਰਹੇ ਹਨ। ਸਿੱਖ ਅਤੇ ਪੰਜਾਬ ਇਤਿਹਾਸ ਲਈ ਵੀ ਅਜਿਹੀ ਮਿਹਨਤ ਕਰਨ ਦੀ ਲੋੜ ਹੈ।

ਹਾਲ ਵਿਚ ਹੀ ਮੈਨੂੰ ਰਾਊਲ ਪੈੱਕ ਵੱਲੋਂ ਨਿਰਦੇਸ਼ਿਤ ਕੀਤੀ ਗਈ ਇੱਕ ਦਸਤਾਵੇਜ਼ੀ ਫ਼ਿਲਮ ਲੜੀ ਬਾਰੇ ਪੜ੍ਹਣ ਦਾ ਮੌਕਾ ਲੱਗਾ ਹੈ। ਇਸ ਲੜੀ ਦੀਆਂ ਚਾਰ ਕਿਸ਼ਤਾਂ ਵਿੱਚ ਰਾਊਲ ਪੈੱਕ ਨੇ ਬਸਤੀਵਾਦ ਦਾ ਸ਼ਿਕਾਰ ਹੋਏ ਲੋਕਾਂ ਦੇ ਨਜ਼ਰੀਏ ਤੋਂ ਇਤਿਹਾਸ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਰਾਊਲ ਪੈੱਕ ਦੇ ਇਸ ਉੱਦਮ ਬਾਰੇ ਜਾਣਕਾਰੀ ਇਸ ਲਿੰਕ ਤੋਂ ਮਿਲ ਸਕਦੀ ਹੈ। ਉਨ੍ਹਾਂ ਨਾਲ ‘ਡਿਮੋਕਰੇਸੀ ਨਾਓ’ ਪ੍ਰੋਗਰਾਮ ਵੱਲੋਂ ਵਿਸਥਾਰ ਵਿੱਚ ਕੀਤੀ ਗੱਲਬਾਤ ਯੂਟਿਊਬ ਤੇ ਵੇਖੀ ਜਾ ਸਕਦੀ ਹੈ ਜੋ ਕਿ ਮੈਂ ਹੇਠਾਂ ਪਾ ਦਿੱਤੀ ਹੈ। 

ਰਾਊਲ ਪੈੱਕ ਨੇ ਇਸ ਦਸਤਾਵੇਜ਼ੀ ਲੜੀ ਦਾ ਆਧਾਰ ਸ੍ਵੇਨ ਲਿੰਡਕ੍ਵਿਸਟ ਦੀ ਲਿਖੀ ਹੋਈ ਕਿਤਾਬ ਨੂੰ ਬਣਾਇਆ ਹੈ। ਸ੍ਵੇਨ ਲਿੰਡਕ੍ਵਿਸਟ ਲਿਖਦੇ ਹਨ ਕਿ ਕਈ ਵਾਰ ਸਾਡੇ ਕੋਲ ਜਾਣਕਾਰੀ ਤਾਂ ਜ਼ਰੂਰ ਹੁੰਦੀ ਹੈ ਪਰ ਇਸ ਗੱਲ ਦੀ ਜੁਰਅਤ ਨਹੀਂ ਹੁੰਦੀ ਕਿ ਅਸੀਂ ਜਾਣਕਾਰੀ ਨੂੰ ਚੰਗੀ ਤਰ੍ਹਾਂ ਸਮਝ ਸਕੀਏ ਅਤੇ ਆਪਣੀ ਸੋਚ ਮੁਤਾਬਕ ਇਸ ਜਾਣਕਾਰੀ ਦਾ ਨਿਚੋੜ ਕੱਢ ਸਕੀਏ ਜਾਂ ਪੇਸ਼ ਕਰ ਸਕੀਏ।

ਸੋ ਜੇ ਕਰ ਅਸੀਂ ਆਪ ਇਤਿਹਾਸ ਬਾਰੇ ਇਹ ਜੁਰਅਤ ਨਹੀਂ ਕਰਾਂਗੇ ਤਾਂ ਸਾਡੇ ਉੱਤੇ ਕੋਈ ਵੀ ਕੁਝ ਵੀ ਥੋਪ ਸਕਦਾ ਹੈ। ਕਿ ਨਹੀਂ?

Posted in ਖੋਜ, ਚਰਚਾ, ਮਿਆਰ

ਉਚੇਰੀ ਪੜ੍ਹਾਈ ਅਤੇ ਖੋਜ

ਅੱਜ ਐਵੇਂ ਬੈਠੇ ਬੈਠੇ ਖਿਆਲ ਆਇਆ ਕਿ ਕਿਉਂ ਨਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਵਿਕਟੋਰੀਆ ਯੂਨੀਵਰਸਿਟੀ ਵੈਲਿੰਗਟਨ ਦੀਆਂ ਸਾਹਿਤ ਦੀਆਂ ਮਾਸਟਰ ਡਿਗਰੀਆਂ ਦੀ ਪ੍ਰੀਖਿਆ ਪ੍ਰਣਾਲੀਆਂ ਦਾ ਆਪਸੀ ਵਿਸ਼ਲੇਸ਼ਣ ਕੀਤਾ ਜਾਵੇ।

ਵਿਕਟੋਰੀਆ ਯੂਨੀਵਰਸਿਟੀ ਵੈਲਿੰਗਟਨ ਦੀ ਐਮ. ਏ. ਅੰਗਰੇਜ਼ੀ ਦੇ ਜਿੰਨੇ ਵੀ ਪੇਪਰ ਵੇਖੇ, ਉਨ੍ਹਾਂ ਦੇ ਵਿੱਚ ਅਸਾਈਨਮੈਂਟ ਬਹੁਤੀਆਂ ਲਿਖਤੀ ਰੂਪ ਦੇ ਵਿੱਚ ਖੋਜ-ਪੱਤਰ ਅਤੇ ਨਿਬੰਧ ਆਦਿਕ ਸਨ ਤੇ ਸੱਠ ਫੀਸਦੀ ਨੰਬਰਾਂ ਤੱਕ ਦਾ ਵਜ਼ਨ ਸੀ ਅਤੇ ਆਖਰੀ ਇਮਤਿਹਾਨ ਜਿਹੜਾ ਤਿੰਨ ਘੰਟੇ ਦਾ, ਉਸ ਦਾ ਤੀਹ ਤੋਂ ਚਾਲੀ ਫੀਸਦੀ ਤੱਕ ਵਜ਼ਨ ਸੀ।

ਇਸ ਦੇ ਮੁਕਾਬਲੇ ਵਿੱਚ ਪੰਜਾਬੀ ਯੂਨੀਵਰਸਿਟੀ ਦੀ ਐਮ. ਏ. ਪੰਜਾਬੀ ਦੇ ਪਰਚਿਆਂ ਦਾ ਸਾਰਾ ਜ਼ੋਰ ਆਖਰੀ ਇਮਤਿਹਾਨ ਜਿਹੜਾ ਤਿੰਨ ਘੰਟਿਆਂ ਦਾ ਹੁੰਦਾ ਹੈ ਉਸ ਉਤੇ ਹੀ ਹੈ। ਖੋਜ-ਪੱਤਰ ਨਿਬੰਧ ਆਦਿ ਵਾਸਤੇ ਸਿਰਫ਼ ਪੰਦਰਾਂ ਫ਼ੀਸਦੀ ਤੱਕ ਹੀ ਨੰਬਰਾਂ ਦਾ ਵਜ਼ਨ ਰੱਖਿਆ ਗਿਆ ਹੈ।

ਇਸ ਤੋਂ ਇਹੀ ਜ਼ਾਹਿਰ ਹੁੰਦਾ ਹੈ ਕਿ ਪੰਜਾਬੀ ਯੂਨੀਵਰਸਿਟੀ ਵਿਖੇ ਹਾਲੇ ਵੀ ਉੱਚੇਰੀ ਪੜ੍ਹਾਈ ਦੇ ਪੱਧਰ ਤੇ ਵਿਦਿਆਰਥੀਆਂ ਦਾ ਖੋਜ ਦਾ ਕੰਮ ਨਾ ਮਾਤਰ ਹੀ ਹੈ। ਕਿਸੇ ਵੀ ਵਿਸ਼ੇ ਜਾਂ ਬੋਲੀ ਬਾਰੇ ਜਿੰਨਾ ਜ਼ਿਆਦਾ ਖੋਜਾਤਮਕ ਕੰਮ ਹੋਵੇਗਾ ਉਸ ਦਾ ਉਨਾ ਹੀ ਜ਼ਿਆਦਾ ਮਿਆਰ ਵਧੇਗਾ।