ਹਾਲ ਵਿੱਚ ਹੀ ੨੦੧੮ ਰਾਸ਼ਟਰਮੰਡਲ ਖੇਡਾਂ ਖਤਮ ਹੋਈਆਂ ਹਨ। ਪੰਜਾਬ ਤਗ਼ਮਿਆਂ ਦੀ ਸੂਚੀ ਵਿੱਚ ਬਹੁਤ ਹੇਠਾਂ ਹੈ। ਜਦਕਿ ਗੁਆਂਢੀ ਰਾਜ ਹਰਿਆਣਾ ਪਹਿਲੇ ਨੰਬਰ ਤੇ ਹੈ। ਕਾਸ਼ ਕਿਤੇ ਪੰਜਾਬ ਦੇ ਲੋਕ ਨਕਲੀ-ਨਸ਼ੇੜੀ-ਕਬੂਤਰਬਾਜ਼ ਕਬੱਡੀ ਦੇ ਮਾਇਆ ਜਾਲ ਵਿੱਚੋਂ ਨਿਕਲ ਕੇ ਅਸਲੀ ਖੇਡਾਂ ਵਿੱਚ ਮੁਕਾਬਲੇ ਲਈ ਉਤਰਨ। ਨਿਊਜ਼ੀਲੈਂਡ ਵਿੱਚ ਕਈ ਲੋਕ ਗਲਤਫ਼ਹਿਮੀ ਵਿੱਚ ਕਬੱਡੀ ਦੀ ਵਡਿਆਈ ਕਰਦਿਆਂ ਇਸ ਨੂੰ ਬਿਨਾਂ ਗੇਂਦ ਦੀ ਰਗਬੀ ਕਹਿੰਦੇ ਹਨ। ਇਹ ਸਰਾਸਰ ਗਲਤ ਹੈ। ਜੇਕਰ ਰਗਬੀ ਦੇ ਮੁਕਾਬਲੇ ਵਿੱਚ ਕਬੱਡੀ ਰੱਖਣੀ ਹੋਵੇ ਤਾਂ ਕਬੱਡੀ ਛੁਹਣ ਛਪਾਈ ਤੋਂ ਵੱਧ ਕੁਝ ਵੀ ਨਹੀਂ ਹੈ। ਬਸ ਇਸ ਛੁਹਣ ਛਪਾਈ ਵਿੱਚ ਜਿਹੜਾ ਤੁਹਾਨੂੰ ਛੂਹ ਲੈਂਦਾ ਹੈ ਉਸ ਨੂੰ ਲਕੀਰ ਪਾਰ ਨਹੀਂ ਜਾਣ ਦੇਣਾ। ਜਿਹੜੀ ਮਾੜੀ-ਮੋਟੀ ਸਾਹ ਦੀ ਕਲਾ ਇਸ ਖੇਡ ਵਿੱਚ ਸੀ ਉਹ ਵੀ ਮੈਨੂੰ ਕਿਸੇ ਦੱਸਿਆ ਕਿ ਖਤਮ ਕਰ ਦਿੱਤੀ ਗਈ ਹੈ।
ਮੈਨੂੰ ੧੯੭੦ਵਿਆਂ ਦਾ ਆਪਣਾ ਬਚਪਨ ਯਾਦ ਆਉਂਦਾ ਹੈ। ਉਨ੍ਹਾਂ ਦਿਨਾਂ ਵਿੱਚ ਪੰਜਾਬ ਦੇ ਹਰ ਕਸਬੇ (ਖਾਸ ਤੌਰ ਤੇ ਮਾਝੇ-ਦੁਆਬੇ) ਵਿੱਚ ਅਖਾੜੇ ਚਲਦੇ ਹੁੰਦੇ ਸਨ। ਰੋਜ਼ ਸ਼ਾਮ ਨੂੰ ਭਲਵਾਨੀਆਂ ਆਮ ਚਲਦੀਆਂ ਸਨ। ਚੰਗੀ ਜ਼ੋਰ ਵਰਜ਼ਸ਼ ਹੁੰਦੀ ਸੀ। ਅਖਾੜਿਆਂ ਦਾ ਪ੍ਰਬੰਧ ਪੁਰਾਣੇ ਭਲਵਾਨ ਕਰਦੇ ਹੁੰਦੇ ਸਨ ਤੇ ਇਲਾਕੇ ਦੇ ਕਈ ਪਤਵੰਤੇ ਸੱਜਣ ਇਨ੍ਹਾਂ ਪ੍ਰਬੰਧਕਾਂ ਦੀ ਮਾਲੀ ਮਦਦ ਵੀ ਕਰਦੇ ਸਨ ਕਿ ਭਲਵਾਨੀ ਦਾ ਸ਼ੌਕ ਰੱਖਣ ਵਾਲੇ ਕਿਸੇ ਗਰੀਬ ਭਲਵਾਨ ਦੀ ਖੁਰਾਕ ਵਿੱਚ ਕਿਤੇ ਕੋਈ ਕਮੀ ਨਾ ਰਹਿ ਜਾਵੇ। ਪੰਜਾਬ ਵਿੱਚ ਭਲਵਾਨਾਂ ਦੇ ਪਤਾ ਨਹੀਂ ਕਿੰਨੇ ਹੀ ਨਾਂ ਲੋਕਾਂ ਦੀ ਜ਼ੁਬਾਨ ਤੇ ਆਮ ਹੁੰਦੇ ਸਨ।
ਜਦੋਂ ਕਿਸੇ ਨਵੇਂ ਭਲਵਾਨ ਨੇ ਕਿਸੇ ਸਥਾਪਤ ਅਖਾੜੇ ਵਿੱਚ ਦਾਖ਼ਲਾ ਹਾਸਲ ਕਰਨਾ ਹੁੰਦਾ ਸੀ ਤਾਂ ਪ੍ਰਬੰਧਕ ਉਸ ਨੂੰ “ਕੌਡੀ” ਦੀ ਰੀਤ ਰਾਹੀਂ ਲੰਘਾਉਂਦੇ ਸਨ। ਉਸ ਦਾ ਕਾਰਨ ਇਹ ਸੀ ਕਿ ਸਥਾਪਤ ਅਖਾੜੇ ਦਾ ਦਰਜਾ ਬਹੁਤ ਉੱਚਾ ਗਿਣਿਆਂ ਜਾਂਦਾ ਸੀ ਤੇ ਐਂਵੇਂ ਹੀ ਕਿਸੇ ਹਾਈਂ-ਮਾਈਂ ਨੂੰ ਅਖਾੜੇ ਦੀ ਵੱਟ ਦੇ ਲਾਗੇ ਵੀ ਨਹੀਂ ਸੀ ਢੁੱਕਣ ਦਿੱਤਾ ਜਾਂਦਾ। ਸੋ ਮੈਂ ਬਚਪਨ ਵਿੱਚ ਇਹ ਆਮ ਹੀ ਵੇਖਿਆ ਕਿ ਇਸ “ਕੌਡੀ” ਦੀ ਰੀਤ ਦੌਰਾਨ ਅਖਾੜੇ ਦੇ ਭਲਵਾਨ ਅਜਿਹੇ ਨਵੇਂ ਭਲਵਾਨ ਦਾ ਆਮ ਹੀ ਜੱਫਾ ਮਾਰ ਕੇ ਸਾਹ ਤੁੜਾ ਦਿੰਦੇ ਸਨ ਜਾਂ ਲਕੀਰ ਦੇ ਆਪਣੇ ਪਾਸੇ ਵਿੱਚ ਲਿਆ ਸੁਟਦੇ ਸਨ। ਤੇ ਪ੍ਰਬੰਧਕ ਉਸ ਨਵੇਂ ਭਲਵਾਨ ਨੂੰ ਹਾਲੇ ਹੋਰ ਜ਼ੋਰ-ਵਰਜ਼ਸ਼ ਕਰਨ ਲਈ ਕਹਿੰਦੇ। ਤੇ ਕਦੀਂ-ਕਦਾਈਂ ਜੇਕਰ ਨਵਾਂ ਭਲਵਾਨ “ਕੌਡੀ” ਵਿੱਚ ਸਥਾਪਤ ਭਲਵਾਨ ਨੂੰ ਜੱਫਾ ਪਾਉਣ ਵਿੱਚ ਕਾਮਯਾਬ ਹੋ ਜਾਂਦਾ ਤਾਂ ਅਗਲੇ ਮਿੱਥੇ ਦਿਨ ਉਸ ਨਵੇਂ ਭਲਵਾਨ ਦਾ ਸਥਾਪਤ ਅਖਾੜੇ ਵਿੱਚ ਢੋਲ ਦੀ ਡਗਾ ਉਪਰ ਦਾਖ਼ਲਾ ਹੁੰਦਾ ਤੇ ਸਾਡੇ ਵਰਗਿਆਂ ਨੂੰ ਖਾਣ ਲਈ ਚੰਗੇ ਬਰਫ਼ੀ-ਜਲੇਬ ਮਿਲਦੇ। ਨਵਾਂ ਭਲਵਾਨ ਅਖਾੜੇ ਦੀ ਵੱਟ ਤੇ ਮੱਥਾ ਟੇਕ ਕੇ ਅੱਗੇ ਵੱਧਦਾ ਤੇ ਅਖਾੜੇ ਦੀ ਮਿੱਟੀ ਛਾਤੀ-ਪਿੰਡੇ ਤੇ ਮਲ਼ ਕੇ ਬਾਂਹਾਂ ਚੁੱਕ ਢੋਲ ਦੀ ਤਾਲ ਤੇ ਥਰਥਰਾਉਣ ਲੱਗ ਪੈਂਦਾ।
ਜਿਹੜੇ ਲੋਕ ਹੋਰ ਮੁਲਕਾਂ ਵਿੱਚ ਗੁਰਦੁਆਰਿਆਂ ਦੇ ਮੈਦਾਨਾਂ ਅੰਦਰ ਕਬੱਡੀ ਦੇ ਸਾਂਗ ਰਚਾ ਕੇ ਇਸ ਨੂੰ ਅਖੌਤੀ “ਮਾਂ ਖੇਡ” ਦਾ ਦਰਜਾ ਦਈ ਬੈਠੇ ਹਨ ਉਨ੍ਹਾਂ ਨੂੰ ਸ਼ਾਇਦ ਇਹ ਇਤਿਹਾਸ ਬਾਰੇ ਪਤਾ ਨਹੀਂ ਕਿ ਸਿੱਖੀ ਵਿੱਚ ਪਹਿਲੀ ਖੇਡ ਗੁਰੂ ਅੰਗਦ ਸਾਹਿਬ ਜੀ ਨੇ ਆਪ ਅਖਾੜੇ ਬਣਵਾ ਕੇ ਭਲਵਾਨੀ ਦੀ ਹੀ ਸ਼ੁਰੂ ਕੀਤੀ ਸੀ। ਬਾਕੀ ਜੇਕਰ ਸਿੱਖ ਇਤਿਹਾਸ ਤੇ ਨਜ਼ਰ ਮਾਰੀਏ ਤਾਂ ਸਿੱਖਾਂ ਨੂੰ ਭਲਵਾਨੀ ਤੋਂ ਇਲਾਵਾ ਤੀਰ-ਅੰਦਾਜ਼ੀ, ਨਿਸ਼ਾਨੇਬਾਜ਼ੀ ਤੇ ਘੋੜ-ਸਵਾਰੀ ਦਾ ਵੀ ਸ਼ੌਕ ਰੱਖਣਾ ਚਾਹੀਦਾ ਹੈ। ਇਹ ਸਾਰੀਆਂ ਹੀ ਕੌਮਾਂਤਰੀ ਮੁਕਾਬਲੇ ਵਾਲੀਆਂ ਖੇਡਾਂ ਹਨ। ਤਲਵਾਰਬਾਜ਼ੀ ਵੀ ਫ਼ੈਂਸਿੰਗ ਦੇ ਰੂਪ ਵਿੱਚ ਮੁਕਾਬਲੇ ਵਾਲੀ ਖੇਡ ਹੈ। ਪਰ ਹੁਣ ਡਿਗਦੇ ਮਿਆਰਾਂ ਦਾ ਹਾਲ ਇਹ ਹੈ ਕਿ ਗਤਕੇ ਅਤੇ ਨਿਹੰਗਾਂ ਦੀ ਘੋੜ-ਸਵਾਰੀ ਨੂੰ ਵੀ ਸਰਕਸ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਜਿਸ ਤਰ੍ਹਾਂ ਸਿੱਖ, ਡੇਰੇ-ਸਾਧ-ਲਾਣਿਆਂ ਦੇ ਭਰਮਜਾਲ ਵਿੱਚ ਫਸੇ ਹੋਏ ਹਨ ਉਸੇ ਤਰ੍ਹਾਂ ਉਹ ਨਕਲੀ-ਨਸ਼ੇੜੀ-ਕਬੂਤਰਬਾਜ਼ ਕਬੱਡੀ ਦੇ ਮਾਇਆ ਜਾਲ ਵਿੱਚ ਗਲਤਾਨ ਹਨ।