ਛੋਟੇ ਹੁੰਦਿਆਂ ਦੀ ਗੱਲ ਹੈ, ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੇ ਸਾਹਮਣੇ ਇੱਕ ਬਾਜ਼ਾਰ ਲੱਗਦਾ ਹੁੰਦਾ ਸੀ। ਇਸ ਬਾਜ਼ਾਰ ਨੂੰ ਲੰਡਾ ਬਾਜ਼ਾਰ ਕਹਿੰਦੇ ਹੁੰਦੇ ਸਨ ਅਤੇ ਇਹਦੇ ਵਿੱਚ ਬਹੁਤਾ ਕਰਕੇ ਬਾਹਰਲੀਆਂ ਵਸਤਾਂ ਦੀ ਵਿਕਰੀ ਹੁੰਦੀ ਸੀ। ਲੋਕਾਂ ਵਿੱਚ ਬਾਹਰਲੀਆਂ ਚੀਜ਼ਾਂ ਦੀ ਖਿੱਚ ਹੋਣ ਕਰਕੇ ਇੱਥੇ ਸਾਮਾਨ ਚੰਗਾ ਵਿਕਦਾ ਹੁੰਦਾ ਸੀ। ਪਰ ਹੌਲ਼ੀ-ਹੌਲ਼ੀ ਮਾਹੌਲ ਬਦਲ ਗਿਆ ਤੇ ਗਾਹਕੀ ਘੱਟ ਗਈ।
ਕਾਰਨ ਇਸ ਦਾ ਇਹ ਸੀ ਕਿ ਜੇ ਕਿਸੇ ਨੇ ਲੰਡੇ ਬਾਜ਼ਾਰ ਦੀ ਖਰੀਦੀ ਹੋਈ ਕੋਈ ਚੀਜ਼ ਜਾਂ ਕੱਪੜੇ ਕਿਸੇ ਦੋਸਤ ਮਿੱਤਰ ਨੂੰ ਬਾਹਰਲੇ ਦੱਸ ਕੇ ਵਖਾਉਣੇ ਤਾਂ ਝੱਟ ਹੀ ਅਗਲਿਆਂ ਟਿੱਚਰ ਕਰ ਦੇਣੀ ਕਿ ਸਮਾਨ ਲੰਡੇ ਬਾਜ਼ਾਰ ਤੋਂ ਖਰੀਦਿਆਂ ਲੱਗਦਾ ਹੈ। ਜਿਸ ਕਿਸੇ ਨੇ ਇਹ ਸ਼ੇਖੀ ਮਾਰੀ ਹੁੰਦੀ ਸੀ ਕਿ ਇਹ ਤਾਂ ਮੇਰੇ ਰਿਸ਼ਤੇਦਾਰਾਂ ਨੇ ਜਾਂ ਦੋਸਤਾਂ ਨੇ ਬਾਹਰੋਂ ਭੇਜੇ ਹਨ, ਉਹ ਅਜਿਹੀ ਟਿੱਚਰ ਸੁਣ ਕੇ ਨਿੰਮੋਝੂਣੇ ਹੋ ਜਾਂਦੇ ਸਨ।
ਪਰ ਸਦਕੇ ਜਾਈਏ ਇਸ ਲੰਡੇ ਬਾਜ਼ਾਰ ਦੇ ਦੁਕਾਨਦਾਰਾਂ ਦੀ ਸੋਚ ਤੇ ਕਿ ਉਨ੍ਹਾਂ ਨੇ ਇੱਕ ਨਵਾਂ ਨੁਸਖਾ ਕੱਢ ਲਿਆ। ਉਨ੍ਹਾਂ ਇਹ ਤਰਕੀਬ ਲਾਈ ਕਿ ਲਓ ਜੀ ਸਮਾਨ ਸਾਥੋਂ ਲੈ ਜਾਓ ਤੇ ਆਪਣਾ ਘਰ ਦਾ ਪਤਾ ਸਾਡੇ ਕੋਲ ਛੱਡ ਜਾਵੋ। ਹਫਤੇ ਤੱਕ ਤੁਹਾਨੂੰ ਬਾਹਰਲੇ ਮੁਲਕ ਤੋਂ ਕਿਸੇ ਦੋਸਤ ਦੀ ਚਿੱਠੀ ਪਹੁੰਚੇਗੀ ਕਿ ਪਿਆਰ ਨਾਲ ਤੁਹਾਨੂੰ ਮੈਂ ਤੋਹਫੇ ਦੇ ਤੌਰ ਤੇ ਸਾਮਾਨ ਭੇਜ ਰਿਹਾ ਹਾਂ ਤੇ ਉਹ ਚਿੱਠੀ ਤੁਸੀਂ ਆਪਣੇ ਦੋਸਤਾਂ ਮਿੱਤਰਾਂ ਨੂੰ ਵਿਖਾ ਕੇ ਇਹ ਰੋਹਬ ਪਾ ਸਕਦੇ ਹੋ ਕਿ ਵੇਖੋ ਮੈਨੂੰ ਬਾਹਰੋਂ ਤੋਹਫ਼ੇ ਆਏ ਹਨ।
ਇਸੇ ਤਰ੍ਹਾਂ ਪੰਜਾਬੀ ਗੀਤਕਾਰੀ ਦੀ ਦੁਨੀਆਂ ਵਿੱਚ ਜਦੋਂ ਇਹ ਪਾਜ ਉੱਘੜ ਗਿਆ ਹੈ ਕਿ ਕਈ ਗੀਤਕਾਰ ਪੈਸੇ ਖਰਚ ਕੇ ਯੂਟਿਊਬ ਦੀਆਂ “ਕਲਿੱਕਸ” ਕਰਵਾ ਰਹੇ ਹਨ ਤਾਂ ਇਹ ਨਵਾਂ ਰੁਝਾਨ ਸ਼ੁਰੂ ਹੋਇਆ ਹੈ ਕਿ ਹੁਣ ਦੋ ਚਾਰ ਬੰਦਿਆਂ ਨੂੰ ਬਿਠਾ ਕੇ ਅਤੇ ਇਹ ਦੱਸ ਕੇ ਕਿ ਉਹ ਬੜੇ ਵੱਡੇ ਪੜਚੋਲਕ ਹਨ (ਗੋਰੇ ਹਨ ਕਾਲੇ ਹਨ) ਅਤੇ ਉਨ੍ਹਾਂ ਨੂੰ ਇਹ ਗਾਣਾ ਬਹੁਤ ਵਧੀਆ ਲੱਗ ਰਿਹਾ ਹੈ। ਕਹਿਣ ਦਾ ਭਾਵ ਇਹ ਕਿ ਕਰੋੜਾਂ ਵਿਚ ਹੁੰਦੀਆਂ “ਕਲਿੱਕਸ” ਤਾਂ ਹੀ ਸੱਚੀਆਂ ਹੋ ਸਕਦੀਆਂ ਹਨ ਜੇ ਸਾਰੀ ਦੁਨੀਆਂ ਸੁਣਦੀ ਹੋਵੇ। ਲੱਗਦਾ ਹੈ ਕਿ ਪੰਜਾਬੀ ਗਾਇਕ ਆਪਣੇ ਗਾਣਿਆਂ ਦੇ ਵੀਡੀਓ ਬਣਾਉਣ ਦੇ ਨਾਲ ਨਾਲ ਇਹੋ ਜਿਹੇ ਝੂਠੇ ਪੜਚੋਲ ਕਰਨ ਦੀ ਵੀਡੀਓ ਵੀ ਨਾਲ ਦੇ ਨਾਲ ਬਣਾ ਕੇ ਯੂਟਿਊਬ ਤੇ ਪਾਉਣ ਲੱਗ ਪਏ ਹਨ। ਲੱਗਦਾ ਹੈ ਝੂਠ ਦੀ ਪੰਡ ਦਿਨ-ਬ-ਦਿਨ ਭਾਰੀ ਹੀ ਹੁੰਦੀ ਜਾ ਰਹੀ ਹੈ।