ਬੀਤੇ ਦਿਨ ਮੈਨੂੰ ਫਿਲਮ ਜੱਟ ਐਂਡ ਜੂਲੀਅਟ 2 ਦਾ ਗੀਤ “ਅੱਖੀਆਂ” ਸੁਣਨ ਨੂੰ ਮਿਲਿਆ। ਇਹ ਗਾਣਾ ਸੁਣ ਕਿ ਇੰਞ ਮਹਿਸੂਸ ਹੁੰਦਾ ਰਿਹਾ ਕਿ ਜਿਵੇਂ ਮੈਂ ਪਿਆਰ ਦੀ ਆਬਸ਼ਾਰ ਵਿੱਚ ਭਿੱਜਿਆ ਤੁਰਿਆ ਜਾ ਰਿਹਾ ਹੋਵਾਂ ਤੇ ਰੁਕਣ ਲਈ ਮਨ ਹੀ ਨਾ ਕਰ ਰਿਹਾ ਹੋਵੇ। ਗੀਤ ਨੂੰ ਮੁੜ-ਮੁੜ ਕੇ ਸੁਣਦਾ ਰਿਹਾ ਤੇ ਮੋਹ ਦਾ ਜਾਲ ਹਾਲੇ ਵੀ ਭੰਗ ਨਹੀਂ ਹੋਇਆ। ਅੰਬਰ ਤੋਂ ਇਹ ਵੀ ਆਸ ਹੈ ਕਿ ਉਹ ਪੰਜਾਬ ਦੀ ਗੱਟਰ ਗਾਇਕੀ ਦੇ ਹੜ੍ਹ ਵਿੱਚ ਨਹੀਂ ਰੁੜੇਗਾ ਤੇ ਆਪਣੀ ਜੱਦੋ-ਜਹਿਦ ਜਾਰੀ ਰੱਖੇਗਾ।
ਮੈਂ ਇਸ ਗੱਲ ਤੇ ਮਸੋਸਿਆ ਹੋਇਆ ਹਾਂ ਕਿ ਇਹ ਗਾਣਾ ਮੈਨੂੰ ਏਡੀ ਦੇਰ ਨਾਲ ਕਿਉਂ ਲੱਭਾ? ਪਹਿਲਾਂ ਤਾਂ ਮੈਨੂੰ ਯਕੀਨ ਹੀ ਨਾ ਹੋਇਆ ਕਿ ਇਹ ਗੀਤ ਇਸ ਸੜ੍ਹਕ-ਛਾਪ ਫਿਲਮ ਤੋਂ ਹੋ ਸਕਦਾ ਹੈ। ਅਸਲ ਵਿੱਚ ਸ਼ੁਰੂ ਦੀਆਂ ਹਰਭਜਨ ਮਾਨ ਦੀਆਂ ਕੁਝ ਫਿਲਮਾਂ ਤੋਂ ਬਾਅਦ ਮੈਂ ਪੰਜਾਬੀ ਫਿਲਮਾਂ ਨੂੰ ਹੁਣ ਡਰਦਾ-ਡਰਦਾ ਹੀ ਹੱਥ ਪਾਉਂਦਾ ਹਾਂ। ਅੱਜ ਦੀਆਂ ਪੰਜਾਬੀ ਫਿਲਮਾਂ ੧੦-੧੨ ਘਟੀਆ ਜਿਹੇ ਚੁਟਕਲੇ ਜੋੜ ਕੇ ਬਣੀਆਂ ਹੁੰਦੀਆਂ ਹਨ। ਉੱਤੋਂ ਕਸਰ ਯੋ-ਯੋ ਵਰਗਿਆਂ ਦੇ ਭੰਡਪੁਣੇ ਨੇ ਕੱਢ ਦਿੱਤੀ । ਉਸ ਦੇ ਗੀਤਾਂ ਵਿੱਚ ਔਰਤਾਂ ਲਈ ਅਜਿਹੇ ਭੱਦੇ ਅਲਫਾਜ਼ ਵਰਤੇ ਗਏ ਹੁੰਦੇ ਹਨ ਕਿ ਲੱਗਦਾ ਹੀ ਨਹੀਂ ਕਿ ਉਹਨੂੰ ਕਿਸੇ ਔਰਤ ਨੇ ਜਨਮ ਦਿੱਤਾ ਹੋਵੇਗਾ।
ਇਕ ਚੰਗੀ ਗੱਲ ਇਹ ਵੀ ਲੱਗੀ ਕਿ ਦਿਲਜੀਤ ਦੁਸਾਂਝ ਨੇ ਜਦ ਇਹ ਗਾਣਾ ਸੁਣਿਆ ਤਾਂ ਉਸ ਨੇ ਖੁੱਲਦਿਲੀ ਦਾ ਸਬੂਤ ਦਿੰਦਿਆਂ ਹੋਇਆਂ ਅੰਬਰ ਵਸ਼ਿਸ਼ਟ ਨੂੰ ਹੀ ਫਿਲਮ ਜੱਟ ਐਂਡ ਜੂਲੀਅਟ 2 ਲਈ “ਅੱਖੀਆਂ” ਗੀਤ ਗਾਉਣ ਦਾ ਮੌਕਾ ਦਿੱਤਾ। ਦਿਲਜੀਤ ਸੁਰੀਲੀ ਆਵਾਜ਼ ਦਾ ਮਾਲਕ ਹੈ ਪਰ ਉਸ ਨੇ ਹਾਲੇ ਤੱਕ ਬਹੁਤੇ ਸੜ੍ਹਕ-ਛਾਪ ਗਾਣੇ ਗਾ ਕੇ ਆਪਣੀ ਸੁਰੀਲੀ ਆਵਾਜ਼ ਨਾਲ ਬੇਇਨਸਾਫ਼ੀ ਹੀ ਕੀਤੀ ਹੈ। ਆਸ ਕਰਦਾ ਹਾਂ ਕਿ ੨੦੧੪ ਵਿੱਚ ਦਿਲਜੀਤ ਦੀ ਆਵਾਜ਼ ਵਿੱਚ ਉੱਚੇ ਮਿਆਰ ਦੇ ਕੁਝ ਨਿਰੋਲ ਪੰਜਾਬੀ ਗੀਤ ਸੁਣਨ ਨੂੰ ਮਿਲਣਗੇ।