ਕੁਝ ਦਿਨ ਹੋਏ, ਮੈਂ ਫੋਨ ਤੇ ਪੰਜਾਬੀ ਯੂਨੀਵਰਸਿਟੀ ਦੇ ਪ੍ਰੋ: ਜੋਗਾ ਸਿੰਘ ਵਿਰਕ ਨਾਲ ਪੰਜਾਬੀ ਬੋਲੀ ਤੇ ਤਕਨਾਲੋਜੀ ਦੇ ਬਾਰੇ ਗੱਲ ਕਰ ਰਿਹਾ ਸੀ। ਚਰਚਾ ਅੱਜ ਦੇ ਸਮਾਰਟ-ਫੋਨ ਉੱਤੇ ਪੰਜਾਬੀ ਦੇ ਫੌਂਟ ਤੇ ਕੋਸ਼ ਆਦਿ ਮੁਹੱਈਆ ਕਰਵਾਉਣ ਬਾਰੇ ਹੋ ਰਹੀ ਸੀ। ਗੱਲਾਂ-ਗੱਲਾਂ ਵਿੱਚ ਪ੍ਰੋ: ਜੋਗਾ ਸਿੰਘ ਨੇ ਕਿਹਾ ਕਿ ਮਸਲਾ ਇਹ ਵੀ ਤਾਂ ਹੈ ਕਿ ਸਮਾਰਟ-ਫੋਨ ਰੱਖਣ ਵਾਲੇ ਪੰਜਾਬੀ ਦੀ ਵਰਤੋਂ ਨਹੀਂ ਕਰਦੇ। ਉਨ੍ਹਾਂ ਦਾ ਵਿਚਾਰ ਸੀ ਕਿ ਸਹੂਲਤ ਦੇਣੀ ਤਾਂ ਬਣਦੀ ਹੈ ਜੇਕਰ ਮੰਗ ਹੋਵੇ। ਗੱਲ ਠੀਕ ਵੀ ਹੈ ਪਰ ਇਹ ਵੀ ਤਾਂ ਹੋ ਸਕਦਾ ਹੈ ਕਿ ਜੇਕਰ ਸਹੂਲਤ ਦੇ ਦਿੱਤੀ ਜਾਵੇ ਤਾਂ ਮੰਗ ਵੀ ਵੱਧ ਜਾਵੇ। ਆਖਰ ਸਮਾਰਟ-ਫੋਨ ਕਿਸੇ ਮੰਗ ਕਰਕੇ ਤਾਂ ਹੋਂਦ ਵਿੱਚ ਨਹੀਂ ਆਏ। ਕਿਸੇ ਨੇ ਸੋਚਿਆ ਤੇ ਕਾਢ ਕੱਢ ਦਿੱਤੀ ਤੇ ਮੰਗ ਤਾਂ ਪਿੱਛੇ-ਪਿੱਛੇ ਆਪੇ ਹੀ ਪੈਦਾ ਹੋ ਗਈ।
ਫੋਨ ਤੇ ਗੱਲ ਖਤਮ ਹੋਣ ਤੋਂ ਬਾਅਦ ਮੈਨੂੰ ਇਕ ਹੱਡ-ਬੀਤੀ ਯਾਦ ਆ ਗਈ। ਦੋ ਕੁ ਸਾਲ ਪਹਿਲਾਂ ਮੈਂ ਕੈਨੇਡਾ ਘੁੰਮਣ ਗਿਆ। ਵੈਨਕੂਵਰ ਹਵਾਈ-ਅੱਡੇ ਤੋਂ ਚੁੱਕ ਕੇ ਮੇਰਾ ਦੋਸਤ ਜਸਦੀਪ ਵਾਹਲਾ ਮੈਨੂੰ ਸਿੱਧਾ ਆਪਣੇ ਕੰਮ ਵਾਲੀ ਥਾਂ ਓਮਨੀ ਟੀਵੀ ਤੇ ਲੈ ਗਿਆ। ਚਾਹ-ਪਾਣੀ ਤੋਂ ਬਾਅਦ ਉਸਨੇ ਕਿਹਾ ਕਿ ਜਦ ਤੱਕ ਮੈਂ ਕੰਮ ਤੋਂ ਵਿਹਲਾਂ ਹੁੰਦਾ ਵਾਂ ਤੁਸੀਂ ਸ਼ਹਿਰ ਦੀ ਗੇੜੀ ਕੱਢ ਲਓ।
ਓਮਨੀ ਟੀਵੀ ਦੇ ਲਾਗੇ ਹੀ ਸਕਾਈ ਟ੍ਰੇਨ ਦਾ ਸਟੇਸ਼ਨ ਸੀ। ਮੈਂ ਸੋਚਿਆ ਕਿ ਆਲੇ ਦੁਆਲੇ ਪੈਦਲ ਘੁੰਮਣ ਨਾਲੋਂ ਸਕਾਈ ਟ੍ਰੇਨ ਤੇ ਪੂਰੇ ਸ਼ਹਿਰ ਦਾ ਚੱਕਰ ਹੀ ਕਿਉਂ ਨਾ ਕੱਢ ਲਿਆ ਜਾਵੇ। ਟਿਕਟ ਮਸ਼ੀਨ ਤੇ ਪੰਜਾਬੀ ਦੀ ਸਹੂਲਤ ਸੀ ਤੇ ਮੈਂ ਪੰਜਾਬੀ ਵਾਲਾ ਬੀੜਾ ਨੱਪ ਦਿੱਤਾ। ਵੇਖਦੇ-ਵੇਖਦੇ ਸਾਰੇ ਖਾਕੇ ਤੇ ਪੰਜਾਬੀ ਉੱਭਰ ਆਈ। ਟਿਕਟ ਖਰੀਦ ਕੇ ਜਦ ਮੈਂ ਕਾਰਡ ਖਿੱਚਿਆ ਤਾਂ ਮੇਰੀਆਂ ਅੱਖਾਂ ਨਮ ਹੋ ਗਈਆਂ। ਜ਼ਿੰਦਗੀ ‘ਚ ਪਹਿਲੀ ਵਾਰ ਪੰਜਾਬੀ ਵਰਤ ਕੇ ਮਸ਼ੀਨ ਤੋਂ ਟਿਕਟ ਖਰੀਦੀ ਤੇ ਉਹ ਵੀ ਪੰਜਾਬ ਤੋਂ ਸੱਤ-ਸਮੁੰਦਰ ਦੂਰ। ਪੰਜਾਬ ਦੇ ਰੇਲਵੇ ਸਟੇਸ਼ਨਾਂ ਤੇ ਤਾਂ ਵੇਖ ਕੇ ਲੱਗਦਾ ਹੈ ਜਿਵੇਂ ਪੰਜਾਬੀ ਤੇ ਕੋਈ ਪਾਬੰਧੀ ਲੱਗੀ ਹੋਵੇ। ਜੇਕਰ ਕੈਨੇਡਾ ਵਿੱਚ ਮਸ਼ੀਨਾਂ ਪੰਜਾਬੀ ਵਿੱਚ ਟਿਕਟਾਂ ਵੇਚ ਸਕਦੀਆਂ ਹਨ ਤਾਂ ਪੰਜਾਬ ਵਿੱਚ ਕਿਉਂ ਨਹੀ?
ਸੋ ਵਕਤ ਦੀ ਲੋੜ ਇਹ ਹੀ ਹੈ ਕਿ ਪੰਜਾਬੀ ਯੂਨੀਵਰਸਿਟੀ ਪਹਿਲਾਂ ਸਹੂਲਤ ਦੇਵੇ ਤਾਂ ਜੋ ਮੰਗ ਵੀ ਵੱਧ ਸਕੇ।