ਅੱਜ ਕੌਮਾਂਤਰੀ ਪੱਧਰ ਤੇ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਜਲੰਧਰੋਂ ਛਪਣ ਵਾਲੇ ਅਜੀਤ ਅਖ਼ਬਾਰ ਦਾ ਉਹ ਵਝਕਾ ਨਹੀਂ ਰਹਿ ਗਿਆ ਜੋ ਕਿ ਕਦੇ ਪਹਿਲਾਂ ਹੁੰਦਾ ਸੀ। ਆਮ ਕਰਕੇ ਹੁਣ ਇਸ ਅਖ਼ਬਾਰ ਨੂੰ ਬਾਦਲ ਦੀ ਅਖ਼ਬਾਰ ਜਾਂ ਫਿਰ ਭੋਗ, ਪ੍ਰੈਸ ਨੋਟ, ਸਰਕਾਰੀ ਗਜ਼ਟ ਹੀ ਕਿਹਾ ਜਾਂਦਾ ਹੈ। ਅਜਿਹੇ ਮਾਹੌਲ ਵਿੱਚ ਲੋੜ ਹੈ ਕਿ ਅਜੀਤ ਮਦਹੋਸ਼ੀ ਤੋਂ ਜਾਗੇ ਅਤੇ ਆਪਣਾ ਖਖੜੀ-ਖਖੜੀ ਹੋਇਆ ਕਿਰਦਾਰ ਮੁੜ ਸੁਰਜੀਤ ਕਰੇ। ਇਹ ਕੰਮ ਪੰਜਾਬੀਅਤ ਦੀ ਸਮੁੱਚੀ ਸੇਵਾ ਦਾ ਵੀ ਹਿੱਸਾ ਹੋ ਸਕਦਾ ਹੈ।
ਪਹਿਲੇ ਕਦਮ ਤੇ ਤੌਰ ਤੇ ਅਜੀਤ ਹਰ ਸਾਲ ਦੀ 15 ਨਵੰਬਰ ਦੇ ਲਾਗੇ-ਚਾਗੇ ਇਕ ਸਲਾਨਾ ਰਸਾਲਾ ਛਾਪਣਾ ਸ਼ੁਰੂ ਕਰ ਸਕਦਾ ਹੈ। ਇਹ ਤਾਰੀਖ਼ ਪਰਵਾਸੀ ਤੇ ਪੰਜਾਬ ਯਾਤਰੂਆਂ ਦੇ ਪੱਖੋਂ ਬਹੁਤ ਜ਼ਰੂਰੀ ਹੈ। ਮੇਰੇ ਵਰਗੇ ਜਿਹੜੇ ਲੋਕ ਪੰਜਾਬ ਜਾਂਦੇ ਹਨ ਤਾਂ ਮਨ ਵਿੱਚ ਇਹ ਰੀਝ ਹੁੰਦੀ ਹੈ ਕਿ ਆਪਣੇ ਬੱਚਿਆਂ ਨੂੰ ਉਹ ਪੰਜਾਬ ਵਖਾ ਸਕੀਏ ਜਿਸ ਨੂੰ ਵੇਖ ਕੇ ਉਨ੍ਹਾਂ ਅੰਦਰ ਆਪਣੇ ਆਪ ਪੰਜਾਬ ਲਈ ਇੱਜਤ ਪੁੰਗਰੇ। ਉਹ ਇਸ ਸੋਚ ਵਿੱਚ ਨਾ ਬੱਝੇ ਰਹਿ ਜਾਣ ਕਿ ਅਸੀਂ ਤਾਂ ਪੰਜਾਬ ਸਿਰਫ ਵਿਆਹ ਵੇਖਣ ਤੇ ਰਿਸ਼ਤੇਦਾਰਾਂ ਨੂੰ ਮਿਲਣ ਆਏ ਹਾਂ।
ਉਪਰੋਕਤ ਸੁਝਾਏ ਰਸਾਲੇ ਦੀ ਲੋੜ ਇਸ ਕਰਕੇ ਹੈ ਕਿ ਕੋਈ ਵੀ ਯਾਤਰੂ ਜਦ ਪੰਜਾਬ ਆਵੇ ਤਾਂ ਇਹ ਜਾਣ ਸਕੇ ਕਿ ਦਸੰਬਰ-ਜਨਵਰੀ ਵਿੱਚ ਪੰਜਾਬ ਵਿੱਚ ਨਾਟਕ ਕਿੱਥੇ ਖੇਡੇ ਜਾ ਰਹੇ ਹਨ, ਪਰਦਰਸ਼ਨੀਆਂ ਕਿੱਥੇ ਲੱਗੀਆਂ ਹਨ, ਅਜਾਇਬ ਘਰ ਕਿੱਥੇ ਹਨ ਤੇ ਕਦੋਂ ਖੁੱਲਦੇ ਹਨ। ਮੇਰੀ ਜਾਚੇ ਤਾਂ ਯੂਨੀਵਰਸਿਟੀਆਂ ਦੇ ਯੁਵਕ ਮੇਲੇ ਵੀ ਦਸੰਬਰ-ਜਨਵਰੀ ਵਿੱਚ ਹੀ ਹੋਣੇ ਚਾਹੀਦੇ ਹਨ। ਯੂਨੀਵਰਸਿਟੀਆਂ ਦੇ ਨਾਟਕ ਵਿਭਾਗ ਤਾਂ ਇਨ੍ਹਾਂ ਦਿਨਾਂ ਵਿੱਚ ਤਾਂ ਨਾਟਕਾਂ ਦੀਆਂ ਝੜੀਆਂ ਹੀ ਲਾ ਦੇਣ ਤਾਂ ਅਸ਼ਕੇ।
ਇਸ ਰਸਾਲੇ ਵਿੱਚ ਇਸ ਤੋਂ ਇਲਾਵਾ ਸਾਰੇ ਸਾਲ ਦੇ ਅਖ਼ਬਾਰ ਵਿੱਚ ਛਪੇ ਚੁਣਿੰਦਾ ਸੰਪਾਦਕੀ, ਲੇਖ, ਕਹਾਣੀਆਂ ਤੇ ਕਵਿਤਾਵਾਂ ਮੁੜ ਛਾਪੀਆਂ ਜਾ ਸਕਦੀਆਂ ਹਨ। ਇਸ ਤੋਂ ਇਲਾਵਾ ਇਹ ਰਸਾਲਾ ਇਹ ਵੀ ਦੱਸੇ ਕਿ ਮੌਜੂਦਾ ਸਾਲ ਵਿੱਚ ਪੰਜਾਬੀ ਬੋਲੀ ਦੀ ਤਰੱਕੀ ਲਈ ਕੀ ਕੰਮ ਹੋਏ ਹਨ। ਇਸ ਵਰ੍ਹੇ ਪੰਜਾਬੀ ਦੇ ਕਿੰਨੇ ਨਵੇਂ ਸ਼ਬਦ ਘੜੇ ਗਏ ਹਨ? ਪੰਜਾਬੀ ਯੂਨੀਵਰਸਿਟੀ ਅਤੇ ਭਾਸ਼ਾ ਵਿਭਾਗ ਦੇ ਕੰਮ ਕਾਜ ਦਾ ਇਸ ਸਾਲ ਕੀ ਲੇਖਾ ਜੋਖਾ ਰਿਹਾ ਹੈ? ਇਹ ਵੀ ਜਾਣਕਾਰੀ ਦਿੱਤੀ ਜਾਵੇ ਕਿ ਤਕਨਾਲੋਜੀ ਦੇ ਖੇਤਰ ਵਿੱਚ ਪੰਜਾਬੀ ਬੋਲੀ ਕੀ ਤਰੱਕੀ ਕਰ ਰਹੀ ਹੈ? ਪੰਜਾਬ ਸਰਕਾਰ ਕਿੰਨਾ ਕੁ ਕੰਮ ਪੰਜਾਬੀ ਵਿੱਚ ਕਰ ਰਹੀ ਹੈ? ਪੰਜਾਬ ਸਰਕਾਰ ਦੇ ਕਿੰਨੇ ਕੰਪਿਊਟਰ ਪੰਜਾਬੀ ਵਿੱਚ ਕੰਮ ਕਰਣ ਯੋਗ ਹਨ? ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੇ ਕਿੰਨੇ ਫੀਸਦੀ ਮੋਬਾਈਲ ਫੇਨ ਪੰਜਾਬੀ ਵਿੱਚ ਕੰਮ ਕਰਣ ਯੋਗ ਹਨ?
ਜੇਕਰ ਤੁਸੀਂ (ਅਜੀਤ ਅਖ਼ਬਾਰ) ਇਸ ਕੰਮ ਨੂੰ ਨੇਪਰੇ ਨਹੀਂ ਚਾੜ੍ਹ ਸਕਦੇ ਤਾਂ ਕੁਲਦੀਪ ਨੱਈਅਰ ਦੀ ਉਹ ਗੱਲ ਮੈਨੂੰ ਸੱਚੀ ਲੱਗੇਗੀ ਕਿ ਆਂਉਂਦੇ ਪੰਜਾਹ ਕੁ ਸਾਲਾਂ ਵਿੱਚ ਪੰਜਾਬ ਵਿੱਚੋਂ ਪੰਜਾਬੀ ਹੀ ਛਪਣ ਹੋ ਜਾਵੇਗੀ।
ਭਾਜੀ ਇਹ ਕੰਮ ਅਜੀਤ ਕਰੇ ਨਾ ਕਰੇ, ਕਿਉਂ ਕਿ ਉਸਦੀਆਂ ਆਪਣੀਆਂ ਮਜਬੂ੍ਰੀਆਂ ਹੋ ਸਕਦੀਆਂ ਹਨ, ਪਰ ਇਹ ਕੰਮ ਅਸੀ ਜਰੂਰ ਕਰਨ ਦੀ ਕੌਸ਼ਿਸ਼ ਕਰ ਰਹੇ ਹਾਂ। ਜੇ ਵਕਤ ਲੱਗੇ ਤਾਂ http://www.lafzandapul.com ‘ਤੇ ਨਜ਼ਰ ਮਾਰ ਲੈਣਾ ਜੀ।
ਜਗਦੀਪ ਜੀ, ਲਫ਼ਜ਼ਾਂ ਦਾ ਪੁਲ ਵਧੀਆ ਬਲੌਗ ਹੈ। ਕਿਰਪਾ ਕਰਕੇ ਅਦਬੀ ਸਰਗਰਮੀਆਂ ਬਾਰੇ ਵੀ ਜਾਣਕਾਰੀ ਦਿਓ। ਨਾਲੇ ਪੰਜਾਬੀ ਟਾਈਪਿੰਗ ਅਗਲੇ ਪੜਾਅ ਤਕ ਕਿਵੇਂ ਪਹੁੰਚੇਗੀ ਜਦ ਲੋਕ ਡੈਸਕਟੌਪ ਤੋਂ ਸਮਾਰਟਫੋਨ ਤੇ ਪਹੁੰਚ ਜਾਣਗੇ। ਤੁਹਾਡੇ ਸੁਣੇਹੇ ਦੀ ਆਮਦ ਤਾਂ ਮੈਂ ਆਪਣੇ ਸਮਾਰਟਫੋਨ ਤੇ ਵੇਖ ਲਈ ਸੀ ਪਰ ਕੁਝ ਨਹੀਂ ਸੀ ਸਕਿਆ ਕਿਉਂਕਿ ਪੰਜਾਬੀ ਹਾਲੇ ਸਮਾਰਟਫੋਨ ਦੀ ਹਾਣੀ ਨਹੀਂ ਬਣੀ ਹੈ। ਸਿ ਇਹ ਡੈਸਕਟੌਪ ਤੋਂ ਲਿਖ ਰਿਹਾ ਹਾਂ।
ਲਫ਼ਜ਼ਾਂ ਦਾ ਪੁਲ ਲਈ ਕੋਈ ਵਧੀਆ ਫੌਂਟ ਵਰਤੋ ਜੀ। ਰਾਵੀ ਵਿੱਚ ਦਿਖ ਬਹੁਤੀ ਦਿਲਕਸ਼ ਨਹੀਂ ਹੈ। ਸ਼ੁਕਰੀਆ।