ਕੁਝ ਦਿਨ ਪਹਿਲਾਂ ਪ੍ਰੇਮ ਮਾਨ ਹੁਰਾਂ ਦਾ ਹਮ ਹੈਂ ਹਿੰਦੁਸਤਾਨੀ! – ਭਾਗ ਦੂਜਾ ਪੜ੍ਹਿਆ। ਮੈਂ ਫਿਲਹਾਲ ਉਨ੍ਹਾਂ ਦੀ ਟਿੱਪਣੀ ੨ ਤੇ ੩ ਬਾਰੇ ਹੀ ਗੱਲ ਕਰਾਂਗਾ ਜਿਸ ਵਿੱਚ ਪਤਾ ਨਹੀ ਉਹ ਕਿਹੜੀ ਕੜ੍ਹੀ ਘੋਲਣ ਲਈ ਜੱਦੋ-ਜਹਿਦ ਕਰ ਰਹੇ ਹਨ।
ਪਿੱਛੇ ਜਿਹੇ ਮੈਂ ਵੀ ਪੰਜਾਬ ਗਿਆ ਸੀ। ਪਰ ਅੰਗਰੇਜ਼ੀ ਬੋਲਦਾ ਤਾਂ ਕੋਈ ਵੀ ਨਹੀਂ ਸੁਣਿਆ। ਕਿਸੇ ਦੁਕਾਨ ਤੇ ਚਲੇ ਜਾਓ, ਕਿਸੇ ਬੈਂਕ, ਕਿਸੇ ਦਫ਼ਤਰ, ਕੋਈ ਟਿਕਟ ਖਿੜਕੀ ਤੇ ਭਾਵੇਂ ਕੁਝ ਹੋਰ ਹਰ ਪਾਸੇ ਹਿੰਦੀ ਹੀ ਬੋਲੀ ਜਾ ਰਹੀ ਸੀ। ਜਦੋਂ ਅਗਲਾ ਜਾਂ ਅਗਲੀ ਹਿੰਦੀ ਘੋਟ ਕੇ ਹਟਦੀ ਤਾਂ ਮੈਂ ਸਨਿਮਰ ਬੇਨਤੀ ਕਰਦਾ ਕਿ ਮੇਰੇ ਨਾਲ ਜਾਂ ਤਾਂ ਪੰਜਾਬੀ ਵਿੱਚ ਗੱਲ ਕਰੋ ਜੀ ਨਹੀਂ ਤਾਂ ਅੰਗਰੇਜ਼ੀ ਵਿੱਚ। ਪਰ ਕਿਸੇ ਨੇ ਵੀ ਅੰਗਰੇਜ਼ੀ ਵਿੱਚ ਗੱਲ ਨਹੀਂ ਕੀਤੀ ਸਾਰੇ ਪੰਜਾਬੀ ਵੱਲ ਮੋੜ ਕੱਟ ਗਏ।
ਜੇਕਰ ਦੁਨੀਆਂ ਤੇ ਝਾਤ ਮਾਰੀਏ ਤੇ ਨਾਲੇ ਇਹ ਵੇਖੀਏ ਕਿ ਕਿੰਨੇ ਅੰਗਰੇਜ਼ੀ ਬੋਲੀ ਬੋਲਣ ਵਾਲੇ ਮੁਲਕ਼ ਆਪਣੇ ਦਰ ਖੋਲ੍ਹੀ ਖੜ੍ਹੇ ਹਨ ਤਾਂ ਪੰਜਾਬ ਦੇ ਪਰਵਾਸ ਨਾਲ ਪਿਆਰ ਨੂੰ ਵੇਖ ਕਿ ਇਹੀ ਲੱਗੇਗਾ ਕਿ ਅੰਗਰੇਜ਼ੀ ਬਿਨਾਂ ਗਤ ਨਹੀਂ। ਅੰਗਰੇਜ਼ੀ
ਮੁਲਕ਼ਾਂ ਵਿੱਚ ਹਾਲੇ ਵੀ ਕਈ ਨੌਕਰੀਆਂ ਖਾਲੀ ਹੀ ਪਈਆਂ ਰਹਿੰਦੀਆਂ ਹਨ ਤੇ ਪੰਜਾਬ ਤੋਂ ਕੋਈ ਵੀ ਨਹੀਂ ਆ ਕੇ ਨਹੀਂ ਭਰ ਸਕਦਾ ਕਿਉਂਕਿ ਅੰਗਰੇਜ਼ੀ ਬੋਲੀ ਦੇ ਇਮਤਿਹਾਨ ਵਿੱਚ ਲੋੜੀਂਦਾ ਦਰਜਾ ਹਾਸਲ ਨਹੀਂ ਕਰ ਸਕਦੇ। ਪੰਜਾਬ ਵਿੱਚ ਲੋਕ ਭਰਮ ਪਾਲ ਰਹੇ ਹਨ ਕਿ ਉਹ ਅੰਗਰੇਜ਼ੀ ਪੜ੍ਹ ਰਹੇ ਹਨ। ਅੰਗਰੇਜ਼ੀ ਤਾਂ ਉੱਥੇ ਸਿਰਫ਼ ਕੱਚੀ-ਪਹਿਲੀ ਵਾਲੀ ਹੀ ਹੈ। ਹਾਂ, ਹਿੰਦੀ ਦਾ ਕੋਹੜ ਪੂਰੀ ਤਰ੍ਹਾਂ ਜ਼ਰੂਰ ਫੈਲ ਚੁੱਕਾ ਹੈ। ਇਹ ਕੋਈ ਅੱਤ-ਕਥਣੀ ਨਹੀਂ ਹੈ, ਅੱਜ ਸ਼ਹਿਰੀ ਪੰਜਾਬ ਦੀ ਪਹਿਲੀ ਭਾਸ਼ਾ ਹਿੰਦੀ ਹੈ ਤੇ ਪੇਂਡੂ ਪੰਜਾਬ ਪੜ੍ਹਦਾ ਹੀ ਕੁਝ ਨ੍ਹਹੀਂ। ਬਸ ਲੈ ਦੇ ਕੇ ਪੰਜਾਬੀ ਦੇ ਨਾਂ ਤੇ ਗਵੱਈਏ-ਖ਼ੁਸਰੇ-ਭੰਡ ਬਣ ਕੇ ਨੱਚਣ ਟੱਪਣ ਜੋਗੇ ਹੀ ਰਹਿ ਗਏ ਹਨ।
ਟਿੱਪਣੀ ੩ ਵਿੱਚ ਤੁਸੀਂ ਝੰਡੇ ਦੀ ਗੱਲ ਕੀਤੀ ਹੈ ਤਾਂ ਜ਼ਰਾ ਗੌਰ ਕਰੋ। ਪੱਛਮੀ ਮੁਲਕ਼ ਝੰਡੇ ਬਾਰੇ ਲੋਕਾਂ ਵਿੱਚ ਪਿਆਰ ਹੀ ਨਹੀਂ ਪੈਦਾ ਕਰਦੇ ਸਗੋਂ ਝੰਡੇ ਨੂੰ ਰੋਜ਼ਾਨਾ ਜੀਵਨ ਦਾ ਹਿੱਸਾ ਬਨਾਉਣ ਲਈ ਪ੍ਰੇਰਦੇ ਵੀ ਹਨ। ਹਿੰਦੁਸਤਾਨੀ ਕਾਨੂੰਨ, ਝੰਡੇ ਨੂੰ ਆਮ ਨਾਗਰਿਕਾਂ ਤੋਂ ਮੀਲਾਂ ਦੂਰ ਰੱਖਦਾ ਹੈ ਤੇ ਇਹੀ ਡਰ ਲੱਗਾ ਰਹਿੰਦਾ ਹੈ ਕਿ ਝੰਡੇ ਦੀ ਸ਼ਾਨ ਵਿੱਚ ਕੋਈ ਗੁਸਤਾਖ਼ੀ ਨਾ ਹੋ ਜਾਵੇ। ੨੦ ਕੁ ਸਾਲ ਪਹਿਲਾਂ ਪੰਜਾਬ ਦੇ ਜਿੰਦਲਾਂ ਨੇ ਜਦ ਮੱਧ ਪਰਦੇਸ਼ ਦੇ ਆਦੀ ਵਾਸੀ ਇਲਾਕੇ ਵਿੱਚ ਵੱਡਾ ਕਾਰਖ਼ਾਨਾ ਲਾਇਆ ਤਾਂ ਮੀਲਾਂ ਤੱਕ ਨਜ਼ਰ ਦੁੜਾਇਆਂ ਇਹ ਕਾਰਖ਼ਾਨਾ ਇਕ ਨੁਮਾਇਸ਼ੀ ਇਮਾਰਤ ਜਿਹਾ ਦਿਸਦਾ। ਸੋਨੇ ਤੇ ਸੁਹਾਗੇ ਵਾਸਤੇ ਜਿੰਦਲਾਂ ਨੇ ਕਾਰਖ਼ਾਨੇ ਤੇ ਹੋਰ ਉੱਚਾ ਕਰਕੇ ਤਿਰੰਗਾ ਝੁਲਾ ਦਿੱਤਾ। ਬਸ ਫਿਰ ਕੀ ਹੋਣਾ ਸੀ, ਦੂਜੇ ਦਿਨ ਹੀ ਜ਼ਿਲ੍ਹੇ ਦਾ “ਡੀਸੀ” ਆਣ ਧਮਕਿਆ ਤੇ ਕਹਿਣ ਲੱਗਾ ਕਿ ਤੁਸੀਂ ਹੋ ਕੌਣ ਤਿਰੰਗਾ ਝੁਲਾਉਣ ਵਾਲੇ? “ਜ਼ਿਲ੍ਹੇ ਦਾ ਮਾਲਕ ਮੈਂ ਤੇ ਇਹ ਝੰਡਾ ਮੇਰੇ ਦਫ਼ਤਰ ਤੇ ਹੀ ਝੁਲ ਸਕਦਾ ਹੈ”। ਨਾਲੇ ਪਾ ਦਿੱਤਾ ਪੁਲਿਸ ਦਾ ਫੰਦਾ। ਸਾਰਾ ਖਹਿੜਾ ਅਦਾਲਤ ਵਿੱਚ ਛੁੱਟਾ ਤੇ ਨਾਲੇ ਪਈ “ਡੀਸੀ” ਨੂੰ ਫਟਕਾਰ। ਜਿੰਦਲ ਹੋਰੀਂ ਤਾਂ ਫੇਰ ਵੀ ਪੈਸੇ ਵਾਲੇ ਸਨ, ਹਮਾਤੜਾਂ ਨੂੰ ਕਿਹੜਾ ਪੁੱਛਦਾ?